ਕੋਰੋਨਾਵਾਇਰਸ ਦਾ ਹੁਣ ਇੱਕ ਹੋਰ ਨਵਾਂ ਵੇਰੀਐਂਟ, ਓਮੀਕਰੋਨ ਦੇ ਲੱਛਣਾਂ ਬਾਰੇ WHO ਨੇ ਮੁੜ ਚੇਤਾਇਆ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਵਧ ਰਹੇ ਨਵੇਂ ਮਾਮਲਿਆਂ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਦੇਸ਼ਾਂ ਨੂੰ ਟੀਕਾਕਰਨ ਵਿੱਚ ਵਾਧਾ ਕਰਨ ਬਾਰੇ ਆਖਿਆ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਕੋਰੋਨਾਵਾਇਰਸ ਬਾਰੇ ਵਿਸ਼ਵ ਸਿਹਤ ਸੰਗਠਨ ਦੇ ਟੈਕਨੀਕਲ ਮੁਖੀ ਮਾਰੀਆ ਵੈਨ ਨੇ ਆਖਿਆ ਹੈ ਕਿ ਓਮੀਕਰੋਨ ਕੋਈ ਆਮ ਜ਼ੁਕਾਮ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਅੱਠ ਦਿਨਾਂ ਵਿੱਚ ਭਾਰਤ ਵਿੱਚ ਵੀ ਲਗਭਗ ਇੱਕ ਲੱਖ ਐਕਟਿਵ ਸਾਹਮਣੇ ਆਏ ਹਨ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪੰਜਾਬ ਵਿੱਚ ਨਾਈਟ ਕਰਫਿਊ ਅਤੇ ਦਿੱਲੀ ਵਿੱਚ ਸ਼ਨੀਵਾਰ-ਐਤਵਾਰ ਨੂੰ ਕਰਫਿਊ ਦਾ ਐਲਾਨ ਸੂਬਾ ਸਰਕਾਰਾਂ ਵੱਲੋਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਮਾਰੀਆ ਵੈਨ ਮੁਤਾਬਕ ਇਹ ਵੀ ਦੇਖਿਆ ਗਿਆ ਹੈ ਕਿ ਡੈਲਟਾ ਵੇਰੀਅੰਟ ਦੇ ਮੁਕਾਬਲੇ ਓਮੀਕਰੋਨ ਵੇਰੀਐਂਟ ਵਿੱਚ ਹਸਪਤਾਲ ਵਿੱਚ ਦਾਖਿਲ ਹੋਣ ਦੇ ਮਾਮਲੇ ਘੱਟ ਹਨ ਪਰ ਇਸ ਨਾਲ ਜ਼ਿਆਦਾ ਲੋਕ ਪ੍ਰਭਾਵਿਤ ਹੋ ਰਹੇ ਹਨ।

ਅਜਿਹੇ ਵਿੱਚ ਦੇਸ਼ਾਂ ਨੂੰ ਆਪਣੀ ਟੀਕਾਕਰਨ ਪ੍ਰੋਗਰਾਮ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਪਵੇਗਾ।

ਵਿਸ਼ਵ ਸਿਹਤ ਸੰਗਠਨ ਦੀ ਇਹ ਚੇਤਾਵਨੀ ਉਸ ਸਮੇਂ ਆਇਆ ਜਦੋਂ ਫਰਾਂਸ ਦੇ ਵਿਗਿਆਨਕਾਂ ਨੇ ਇਕ ਨਵੇਂ ਵੇਰੀਐਂਟ ਬਾਰੇ ਜਾਣਕਾਰੀ ਦਿੱਤੀ ਹੈ। ਇਸ ਨਵੇਂ ਵੇਰੀਐਂਟ ਦੇ ਹੁਣ ਤੱਕ 12 ਮਾਮਲੇ ਸਾਹਮਣੇ ਆਏ ਹਨ।

ਫਰਾਂਸ ਵਿੱਚ ਮੌਜੂਦ ਵਿਗਿਆਨੀਆਂ ਨੇ ਇੱਕ ਨਵੇਂ ਕੋਵਿਡ ਵੇਰੀਐਂਟ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਫਿਲਹਾਲ ਇਸ ਦਾ ਨਾਂ 'ਆਈਐੱਚਯੂ' ਰੱਖਿਆ ਹੈ।

ਦੱਖਣੀ ਫਰਾਂਸ ਵਿੱਚ 12 ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਇਸ ਨਵੇਂ ਵੇਰੀਐਂਟ ਦੇ ਲੱਛਣ ਹਨ।

ਇਸ ਦਾ ਪਹਿਲਾ ਮਰੀਜ਼ ਇੱਕ ਵਿਅਕਤੀ ਸੀ ਜੋ ਮੱਧ ਅਫ਼ਰੀਕਾ ਦੇ ਕੈਮਰੂਨ ਤੋਂ ਵਾਪਿਸ ਆਇਆ ਸੀ।

ਮਾਹਿਰਾਂ ਮੁਤਾਬਕ ਇਸ ਵੇਰੀਐਂਟ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।

ਫਰਾਂਸ ਤੋਂ ਬਿਨਾਂ ਹੋਰ ਕਿਸੇ ਦੇਸ਼ ਵਿੱਚ ਇਸ ਦੇ ਮਾਮਲੇ ਸਾਹਮਣੇ ਨਹੀਂ ਆਏ।

ਫਿਲਹਾਲ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਵੇਰੀਐਂਟ ਨੂੰ ਆਪਣੀ 'ਜਾਂਚ ਦੀ ਸੂਚੀ' ਅਧੀਨ ਨਹੀਂ ਰੱਖਿਆ ਗਿਆ।

ਇਸਦੇ ਨਾਲ ਹੀ ਭਾਰਤ ਵਿੱਚ ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਦੇ ਮੁਖੀ ਐਨ ਕੇ ਅਰੋੜਾ ਨੇ ਆਖਿਆ ਹੈ ਕਿ ਦਿੱਲੀ, ਮੁੰਬਈ ਅਤੇ ਕੋਲਕਾਤਾ ਵਿੱਚ 75 ਫ਼ੀਸਦ ਤੱਕ ਆ ਰਹੇ ਨਵੇਂ ਮਾਮਲੇ ਓਮੀਕਰੋਨ ਨਾਲ ਜੁੜੇ ਹਨ।

''ਬੁੱਲ੍ਹੀ ਬਾਈ'' ਐਪਮਾਮਲਾ- ਮੁੰਬਈ ਪੁਲਿਸ ਵੱਲੋਂ ਦੋ ਗ੍ਰਿਫ਼ਤਾਰ

ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਔਰਤਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਐਪ ਉੱਪਰ ਅਪਲੋਡ ਕਰਨ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

ਅੰਗਰੇਜ਼ੀ ਅਖ਼ਬਾਰ 'ਦਿ ਹਿੰਦੁਸਤਾਨ ਟਾਈਮਜ਼' ਦੀ ਖਬਰ ਮੁਤਾਬਕ ਇਸ ਮਾਮਲੇ ਵਿੱਚ ਬੰਗਲੁਰੂ ਤੋਂ ਇੱਕ 21 ਸਾਲਾ ਇੰਜਨੀਅਰਿੰਗ ਦੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਗ੍ਰਿਫ਼ਤਾਰੀ ਤੋਂ ਪਹਿਲਾਂ ਲਗਭਗ ਵੀਹ ਘੰਟੇ ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ। ਮੁੰਬਈ ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਬੰਗਲੁਰੂ ਤੋਂ ਮੁੰਬਈ ਲਿਆਂਦਾ ਗਿਆ ਹੈ।

ਖਬਰ ਮੁਤਾਬਕ ਅਦਾਲਤ ਨੇ ਉਸ ਨੂੰ 10 ਜਨਵਰੀ ਤੱਕ ਪੁਲਿਸ ਕਸਟਡੀ ਵਿੱਚ ਭੇਜਿਆ ਹੈ।

ਮੁੰਬਈ ਪੁਲਿਸ ਵੱਲੋਂ ਉਤਰਾਖੰਡ ਵਿੱਚ ਇੱਕ ਮਹਿਲਾ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

''ਬੁੱਲ੍ਹੀ ਬਾਈ'' ਐਪ ਰਾਹੀਂ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਔਰਤਾਂ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਸਨ। ਬਾਅਦ ਵਿੱਚ ਇਸ ਐਪ ਨੂੰ ਗਿਟਹਬ ਨੇ ਬੰਦ ਕਰ ਦਿੱਤਾ ਸੀ।

ਹਰਿਮੰਦਰ ਸਾਹਿਬ ਮਾਮਲਾ -ਐੱਸਜੀਪੀਸੀ ਨੇ ਬਣਾਈ ਜਾਂਚ ਕਮੇਟੀ

ਹਰਿਮੰਦਰ ਸਾਹਿਬ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

18 ਦਸੰਬਰ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਹਰਿਮੰਦਰ ਸਾਹਿਬ ਦੇ ਅੰਦਰ ਜੰਗਲਾ ਟੱਪ ਕੇ ਕਥਿਤ ਬੇਅਦਬੀ ਦੀ ਕੋਸ਼ਿਸ਼ ਕੀਤੀ ਸੀ। ਬਾਅਦ ਵਿੱਚ ਇਸ ਆਦਮੀ ਦੀ ਮੌਤ ਹੋ ਗਈ ਸੀ ਅਤੇ ਇਸ ਦੀ ਪਛਾਣ ਦੱਸਣ ਵਾਲੇ ਲਈ ਪੰਜ ਲੱਖ ਦੇ ਇਨਾਮ ਦਾ ਐਲਾਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸੀ।

ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈੱਸ' ਦੀ ਖਬਰ ਮੁਤਾਬਕ ਹਰਿਮੰਦਰ ਸਾਹਿਬ ਵਿੱਚ 15 ਦਸੰਬਰ ਨੂੰ ਵੀ ਬੇਅਦਬੀ ਦੀ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਆਰੋਪੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਇਸ ਘਟਨਾ ਤੋਂ ਬਾਅਦ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਸੀ ਕਿ ਇਹ ਪੰਜਾਬ ਦੇ ਅਮਨ ਚੈਨ ਉੱਪਰ ਹਮਲਾ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਸੀ।

ਖਬਰ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂਚ ਕਮੇਟੀ ਦੀ ਅੱਜ ਪਹਿਲੀ ਬੈਠਕ ਅੰਮ੍ਰਿਤਸਰ ਵਿਖੇ ਹੋਵੇਗੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)