ਕੋਰੋਨਾਵਾਇਰਸ ਓਮੀਕਰੋਨ: 15 ਤੋਂ 18 ਸਾਲਾ ਬੱਚੇ ਦੇ ਟੀਕਾਕਰਨ ਲਈ ਕਿਵੇਂ ਕਰਨੀ ਹੈ ਰਜਿਸ਼ਟ੍ਰੇਸ਼ਨ

    • ਲੇਖਕ, ਰਾਘਵੇਂਦਰ ਰਾਓ
    • ਰੋਲ, ਬੀਬੀਸੀ ਪੱਤਰਕਾਰ

ਕਈ ਮਹੀਨਿਆਂ ਤੱਕ ਚੱਲੀ ਚਰਚਾ ਤੋਂ ਬਾਅਦ ਆਖਿਰਕਾਰ ਤੋਂ ਭਾਰਤ ਵਿੱਚ 3 ਜਨਵਰੀ, 2022 ਤੋਂ 15-18 ਸਾਲ ਦੇ ਬੱਚਿਆਂ ਦਾ ਕੋਵਿਡ-19 ਟੀਕਾਕਰਨ ਸ਼ੁਰੂ ਹੋ ਗਿਆ ਹੈ।

ਇਹ ਗੱਲ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਕੋਰੋਨਾਵਾਇਰਸ ਦੇ ਓਮੀਕਰੋਨ ਵੇਰੀਐਂਟ ਨੇ ਭਾਰਤ ਵਿੱਚ ਦਸਤਕ ਦੇ ਦਿੱਤੀ ਹੈ।

ਦੱਖਣੀ ਅਫ਼ਰੀਕਾ ਵਿਚ ਪਣਪਿਆ ਇਹ ਵੇਰੀਐਂਟ ਹਨ ਭਾਰਤ ਵਿੱਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ।

ਇਸ ਨਵੇਂ ਵੇਰੀਐਂਟ ਨਾਲ ਨਿਪਟਾਰੇ ਲਈ ਭਾਰਤ ਸਰਕਾਰ ਨੇ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਕਈ ਮਹੱਤਵਪੂਰਨ ਫੈਸਲੇ ਵੀ ਲਏ ਹਨ।

ਜਿੱਥੇ 15-18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋਇਆ ਹੈ, ਉੱਥੇ ਹੀ 10 ਜਨਵਰੀ, 2022 ਤੋਂ ਸਿਹਤ ਕਰਮੀ ਫਰੰਟ ਲਾਈਨ ਵਰਕਰ ਅਤੇ ਸੱਠ ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਤੀਜੀ ਬੂਸਟਰ ਖੁਰਾਕ ਦੇਣ ਦੀ ਸ਼ੁਰੂਆਤ ਹੋਵੇਗੀ।

ਇਹ ਵੀ ਪੜ੍ਹੋ:

ਭਾਰਤ ਵਿੱਚ ਹੁਣ ਤਕ ਵੈਕਸੀਨ ਦੇ 147 ਕਰੋੜ ਤੋਂ ਵੱਧ ਡੋਜ਼ ਲਗਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 84 ਕਰੋੜ ਤੋਂ ਵੱਧ ਪਹਿਲੀ ਡੋਜ਼ ਹਨ ਅਤੇ 60 ਕਰੋੜ ਤੋਂ ਵੱਧ ਦੂਜੇ ਡੋਜ਼ ਹਨ।

ਅੰਦਾਜ਼ੇ ਮੁਤਾਬਕ ਟੀਕਾਕਰਨ ਦੇ ਇਸ ਗੇੜ ਵਿੱਚ 8-9 ਕਰੋੜ ਬੱਚਿਆਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾਣਗੀਆਂ।

ਕਿਸ ਤਰ੍ਹਾਂ ਹੋਵੇਗਾ ਬੱਚਿਆਂ ਦਾ ਟੀਕਾਕਰਨ?

15-18 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਨ ਵਾਸਤੇ ਸਿਰਫ਼ ਭਾਰਤ ਬਾਇਓਟੈੱਕ ਦੀ 'ਕੋਵੈਕਸੀਨ' ਹੀ ਲਗਾਈ ਜਾਵੇਗੀ।

ਟੀਕਾਕਰਨ ਲਈ ਸਮਾਂ ਬੁੱਕ ਕਰਨ ਲਈ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ Co-WIN ਵੈੱਬਸਾਈਟ 'ਤੇ ਰਜਿਸਟਰ ਕਰਨਾ ਪਵੇਗਾ।

ਜਿਨ੍ਹਾਂ ਦਾ ਜਨਮ 2007 ਤੋਂ ਪਹਿਲਾਂ ਹੋਇਆ ਹੈ, ਉਹ ਇਸ ਵੈੱਬਸਾਈਟ 'ਤੇ ਰਜਿਸਟਰ ਕਰ ਸਕਦੇ ਹਨ।

ਟੀਕਾ ਲਗਵਾਉਣ ਦੇ ਇੱਛੁਕ ਲੋਕ ਜਾਂ ਤਾਂ Co-WIN ਵੈੱਬਸਾਈਟ 'ਤੇ ਨਵਾਂ ਖਾਤਾ ਬਣਾ ਸਕਦੇ ਹਨ ਜਾਂ ਪਹਿਲਾਂ ਤੋਂ ਹੀ ਬਣੇ ਹੋਏ ਖਾਤੇ ਦਾ ਇਸਤੇਮਾਲ ਕਰ ਸਕਦੇ ਹਨ।

ਇਸ ਦਾ ਮਤਲਬ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਜਿਨ੍ਹਾਂ ਲੋਕਾਂ ਦਾ ਪਹਿਲਾਂ ਹੀ ਅਕਾਊਂਟ ਹੈ, ਉਹ ਆਪਣੇ ਪਰਿਵਾਰ ਦੇ 15-18 ਸਾਲ ਦੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰ ਸਕਦੇ ਹਨ।

15-18 ਸਾਲ ਦੀ ਉਮਰ ਵਰਗ ਦੇ ਲੋਕ ਸਿੱਧੇ ਟੀਕਾਕਰਨ ਕੇਂਦਰ ਜਾ ਕੇ ਵੀ ਰਜਿਸਟ੍ਰੇਸ਼ਨ ਕਰਾ ਸਕਦੇ ਹਨ।

ਸਿੱਧਾ ਲਗਵਾਉਣ ਦਾ ਦਿਨ ਅਤੇ ਸਮਾਂ ਜਾਂ ਤਾਂ ਪਹਿਲਾਂ Co-WIN ਵੈੱਬਸਾਈਟ 'ਤੇ ਬੁੱਕ ਕੀਤਾ ਜਾ ਸਕੇਗਾ ਜਾਂ ਸਿੱਧਾ ਟੀਕਾਕਰਨ ਕੇਂਦਰ ਵਿੱਚ।

ਡਾ ਸੁਨੀਤਾ ਗਰਗ ਇੰਡੀਅਨ ਐਸੋਸੀਏਸ਼ਨ ਆਫ ਪ੍ਰੀਵੈਂਟਿਵ ਐਂਡ ਸੋਸ਼ਲ ਮੈਡੀਸਨ ਦੇ ਕੌਮੀ ਮੁਖੀ ਹਨ ਅਤੇ ਲੈਂਸੈੱਟ ਕੋਵਿਡ-19 ਕਮਿਸ਼ਨ ਭਾਰਤ ਟਾਸਕ ਫੋਰਸ ਦਾ ਹਿੱਸਾ ਹਨ।

ਡਾ ਗਰਗ ਮੁਤਾਬਕ ਬੱਚਿਆਂ ਦੇ ਟੀਕਾਕਰਨ ਦਾ ਫ਼ੈਸਲਾ ਇਕ ਮਹੱਤਵਪੂਰਨ ਕਦਮ ਹੈ। ਪੰਦਰਾਂ, ਸੋਲ਼ਾਂ ਅਤੇ ਸਤਾਰਾਂ ਸਾਲ ਦੇ ਬੱਚੇ ਬਾਲਗ਼ ਹੋਣ ਦੇ ਕਰੀਬ ਹੁੰਦੇ ਹਨ।

ਉਨ੍ਹਾਂ ਨੇ ਦੱਸਿਆ ,"ਇਹੀ ਕਾਰਨ ਹੈ ਕਿ ਇਸ ਉਮਰ ਦੇ ਵਿਅਕਤੀਆਂ ਨੂੰ ਉਸ ਹੀ ਮਾਤਰਾ ਵਿੱਚ ਟੀਕੇ ਡੋਜ਼ ਦਿੱਤੀ ਜਾਵੇਗੀ ਜਿੰਨੀ 18 ਸਾਲ ਅਤੇ ਇਸ ਤੋਂ ਵੱਧ ਦੇ ਲੋਕਾਂ ਨੂੰ ਦਿੱਤੀ ਗਈ ਹੈ। 15-18 ਸਾਲ ਦੇ ਬੱਚਿਆਂ ਨੂੰ ਦੋ ਡੋਜ਼ ਦਿੱਤੇ ਜਾਣਗੇ ਜਿਸ ਵਿਚ ਛੇ ਹਫ਼ਤਿਆਂ ਦਾ ਵਕਫ਼ਾ ਹੋਵੇਗਾ।"

ਬੱਚਿਆਂ ਨੂੰ ਸਿਰਫ਼ ਕੋਵੈਕਸੀਨ ਹੀ ਕਿਉਂ ਦਿੱਤੀ ਜਾ ਰਹੀ ਹੈ?

'ਕੋਵੈਕਸੀਨ' ਦੇ ਨਿਰਮਾਤਾ ਭਾਰਤ ਬਾਇਓਟੈਕ ਨੇ ਆਖਿਆ ਹੈ ਕਿ ਦੂਜੇ ਅਤੇ ਤੀਜੇ ਗੇੜ ਦੇ ਅਧਿਐਨ ਵਿੱਚ ਇਸ ਨੂੰ ਬੱਚਿਆਂ ਲਈ ਜ਼ਿਆਦਾ ਸੁਰੱਖਿਅਤ ਅਤੇ ਅਸਰਦਾਰ ਪਾਇਆ ਗਿਆ ਹੈ।

ਭਾਰਤ ਬਾਇਓਟੈਕ ਦੀ ਕੋਵੈਕਸੀਨ ਦਾ ਟ੍ਰਾਇਲ ਕੋਡ 525 ਬੱਚਿਆਂ ਉਪਰ ਜੂਨ 2021 ਅਤੇ ਸਤੰਬਰ 2021 ਦੌਰਾਨ ਕੀਤਾ ਗਿਆ ਸੀ।

ਇਸ ਟਰਾਇਲ ਨੂੰ ਤਿੰਨ ਉਮਰ ਵਰਗਾਂ ਵਿੱਚ ਵੰਡਿਆ ਗਿਆ ਸੀ।ਪਹਿਲੇ ਵਰਗ ਵਿੱਚ 12-18 ਸਾਲ, ਦੂਜੇ ਵਰਗ ਵਿੱਚ 6-12 ਸਾਲ ਅਤੇ ਤੀਜੇ ਵਰਗ ਵਿੱਚ 2-6 ਸਾਲ ਦੇ ਬੱਚੇ ਸ਼ਾਮਿਲ ਸਨ।

ਇਨ੍ਹਾਂ ਟਰਾਇਲਾਂ ਤੋਂ ਮਿਲੀਆਂ ਜਾਣਕਾਰੀਆਂ ਨੂੰ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੂੰ ਅਕਤੂਬਰ ਵਿੱਚ ਸੌਂਪ ਦਿੱਤਾ ਗਿਆ ਸੀ।

ਹਾਲ ਹੀ ਵਿਚ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਇਸ ਵੈਕਸੀਨ ਨੂੰ 12-18 ਸਾਲ ਦੇ ਉਮਰ ਵਰਗ ਲਈ ਵਰਤੋਂ ਕਰਨ ਦੀ ਮਨਜ਼ੂਰੀ ਦੇ ਦਿੱਤੀ।

ਭਾਰਤ ਬਾਇਓਟੈਕ ਮੁਤਾਬਕ ਇਸ ਟਰਾਇਲ ਵਿੱਚ ਕੋਈ ਅਣਹੋਣੀ ਘਟਨਾ ਨਹੀਂ ਵੇਖੀ ਗਈ।

ਕੰਪਨੀ ਮੁਤਾਬਕ 374 ਬੱਚਿਆਂ ਨੇ ਹਲਕੇ ਤੇ ਥੋੜ੍ਹੇ ਗੰਭੀਰ ਲੱਛਣਾਂ ਦੀ ਸੂਚਨਾ ਦਿੱਤੀ, ਜਿਸ ਵਿੱਚੋਂ 78.6 ਫੀਸਦ ਮਾਮਲੇ ਇੱਕ ਦਿਨ ਵਿੱਚ ਹੀ ਹੱਲ ਹੋ ਗਏ ਸਨ। ਟੀਕੇ ਵਾਲੀ ਜਗ੍ਹਾ ਉਪਰ ਦਰਦ ਦੀ ਗੱਲ ਜ਼ਿਆਦਾਤਰ ਬੱਚਿਆਂ ਨੇ ਆਖੀ।

ਭਾਰਤ ਬਾਇਓਟੈਕ ਦਾ ਕਹਿਣਾ ਹੈ ਕਿ 'ਕੋਵੈਕਸੀਨ' ਨੂੰ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਹੈ ਤਾਂ ਕਿ ਬਾਲਗਾਂ ਅਤੇ ਬੱਚਿਆਂ ਨੂੰ ਬਰਾਬਰ ਖੁਰਾਕ ਦਿੱਤੀ ਜਾ ਸਕੇ।

ਕੀ ਓਮੀਕਰੋਨ ਦੇ ਖਤਰੇ ਕਰਕੇ ਲਿਆ ਗਿਆ ਇਹ ਫ਼ੈਸਲਾ?

ਜਨ ਸਿਹਤ ਮਾਹਿਰ ਡਾ ਚੰਦਰਕਾਂਤ ਲਹਿਰੀਆ ਦਾ ਕਹਿਣਾ ਹੈ ਕਿ ਓਮੀਕਰੋਨ ਦੇ ਕਾਰਨ ਬੱਚਿਆਂ ਲਈ ਕੋਈ ਜ਼ਿਆਦਾ ਖ਼ਤਰਾ ਨਹੀਂ ਵਧਿਆ ਹੈ।

"ਜਿੰਨਾ ਖਤਰਾ ਬੱਚਿਆਂ ਨੂੰ ਪਹਿਲਾਂ ਸੀ ਓਨਾ ਹੀ ਖ਼ਤਰਾ ਹੁਣ ਵੀ ਹੈ। ਇਸ ਫ਼ੈਸਲੇ ਨੂੰ ਓਮੀਕਰੋਨ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ।"

ਡਾ ਲਹਿਰੀਆ ਆਖਦੇ ਹਨ ਕਿ ਬੱਚਿਆਂ ਵਿੱਚ ਗੰਭੀਰ ਬਿਮਾਰੀ ਹੁੰਦੀ ਹੀ ਘੱਟ ਹੈ। ਬੱਚਿਆਂ ਨੂੰ ਦੂਸਰਿਆਂ ਤੋਂ ਹੋਣ ਵਾਲੀ ਬੀਮਾਰੀ ਤੋਂ ਸੁਰੱਖਿਆ ਦੇਣੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਨੇ ਕਿਹਾ,"ਬੱਚਿਆਂ ਨੂੰ ਟੀਕਾ ਲਗਾਉਣ ਬਾਰੇ ਪੂਰੀ ਤਰ੍ਹਾਂ ਸਹਿਮਤੀ ਨਹੀਂ ਸੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਕਦੇ ਟੀਕੇ ਨਹੀਂ ਲੱਗਣਗੇ।ਸਵਾਲ ਸਿਰਫ਼ ਇਹ ਸੀ ਕਿ ਕਿਸ ਉਮਰ ਦੇ ਬੱਚਿਆਂ ਨੂੰ ਪਹਿਲਾਂ ਟੀਕੇ ਲਗਾਏ ਜਾਣ।"

ਡਾ ਲਹਿਰੀਆ ਮੁਤਾਬਕ ਮਾਹਿਰਾਂ ਦਾ ਕੀ ਕਹਿਣਾ ਹੈ ਕਿ 12-17 ਸਾਲ ਦੇ ਬੱਚਿਆਂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਕਿਉਂਕਿ ਉਹ ਹਾਈ ਰਿਸਕ ਸ਼੍ਰੇਣੀ ਵਿੱਚ ਆਉਂਦੇ ਹਨ।

ਡਾ ਸੁਨੀਤਾ ਗਰਗ ਦਾ ਮੰਨਣਾ ਹੈ ਕਿ ਜਦੋਂ ਤੋਂ ਨਵਾਂ ਵੇਰੀਐਂਟ ਆਇਆ ਹੈ ਤਾਂ ਪੂਰਾ ਮਾਮਲਾ ਉਲਝ ਗਿਆ ਹੈ।

ਉਨ੍ਹਾਂ ਨੇ ਕਿਹਾ,"ਲੋਕਾਂ ਨੇ ਰੌਲਾ ਤਾਂ ਬਹੁਤ ਪਾਇਆ ਕਿ ਬੱਚਿਆਂ ਨੂੰ ਟੀਕੇ ਲੱਗਣੇ ਚਾਹੀਦੇ ਹਨ ਪਰ ਜਦੋਂ ਹੁਣ ਲੱਗ ਰਹੇ ਹਨ ਤਾਂ ਲੋਕਾਂ ਵਿਚ ਝਿਜਕ ਹੈ। ਉਹ ਬਿਲਕੁਲ ਅੱਸੀ ਦੇ ਦਹਾਕੇ ਵਰਗਾ ਹੈ ਜਦੋਂ ਟੀਕਾਕਰਨ ਦੀ ਸ਼ੁਰੂਆਤ ਹੋਈ ਸੀ ਤਾਂ ਲੋਕਾਂ ਨੇ ਆਪਣੇ ਬੱਚਿਆਂ ਨੂੰ ਟੀਕੇ ਲਗਵਾਉਣ ਵਿੱਚ ਕਾਫੀ ਝਿਜਕ ਦਿਖਾਈ ਸੀ।

ਉਨ੍ਹਾਂ ਨੇ ਇਸ ਦੇ ਨਾਲ ਹੀ ਆਖਿਆ ਕਿ ਜੇ ਬੱਚੇ ਪਹਿਲਾਂ ਤੋਂ ਹੀ ਕਿਸੇ ਰੋਗ ਨਾਲ ਪੀੜਿਤ ਹਨ ਤਾਂ ਉਨ੍ਹਾਂ ਲਈ ਟੀਕਾਕਰਨ ਫ਼ਾਇਦੇਮੰਦ ਹੋ ਸਕਦਾ ਹੈ।

ਉਹ ਆਖਦੇ ਹਨ,"ਜੋ ਨੈਸ਼ਨਲ ਨਿਊਟ੍ਰੀਸ਼ਨ ਸਰਵੇ ਦੇ ਅੰਕੜੇ ਸਾਹਮਣੇ ਆਏ ਹਨ ਉਹ ਦੱਸਦੇ ਹਨ ਕਿ ਬੱਚਿਆਂ ਚ' ਮੋਟਾਪੇ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। 100 ਵਿੱਚੋਂ ਚਾਰ ਬੱਚੇ ਮੋਟਾਪੇ ਦਾ ਸ਼ਿਕਾਰ ਹਨ ਅਤੇ ਛੋਟਿਆਂ ਬੱਚਿਆਂ ਵਿਚ ਇਹ ਸਮੱਸਿਆ ਵੱਡੇ ਬੱਚਿਆਂ ਨਾਲੋਂ ਜ਼ਿਆਦਾ ਹੈ।"

ਅੱਗੇ ਕੀ ਹੋਵੇਗਾ?

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਦਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਦੀ ਵੀ ਸੰਭਾਵਨਾ ਹੈ।

ਡਾ ਸੁਨੀਤਾ ਗਰਗ ਮੁਤਾਬਕ ਸਮੇਂ ਦੇ ਨਾਲ ਪੰਦਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਵੀ ਸੋਚਣਾ ਪਵੇਗਾ। ਉਹ ਆਖਦੇ ਹਨ,"12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਵੈਕਸੀਨ ਦਿੱਤੀ ਜਾ ਸਕਦੀ ਹੈ।"

ਡਾ ਚੰਦਰਕਾਂਤ ਲਹਿਰੀ ਆਖਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਨੇਜ਼ਲ ਵੈਕਸੀਨ ਆ ਜਾਵੇਗੀ ਜੋ ਬੱਚਿਆਂ ਨੂੰ ਬੀਮਾਰੀ ਤੋਂ ਵੀ ਬਚਾਵੇਗੀ ਅਤੇ ਇਸਦੇ ਨਾਲ ਹੀ ਲਾਗ ਨੂੰ ਵੀ ਘੱਟ ਕਰੇਗੀ।

ਉਹ ਆਖਦੇ ਹਨ,"ਕੁਝ ਚੋਣਵੇਂ ਦੇਸ਼ਾਂ ਨੇ ਬਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੈਕਸੀਨ ਲਗਾਉਣੀ ਸ਼ੁਰੂ ਕੀਤੀ ਹੈ। ਜ਼ਿਆਦਾਤਰ ਦੇਸ਼ਾਂ ਵਿੱਚ ਬੱਚਿਆਂ ਦਾ ਟੀਕਾਕਰਨ ਸ਼ੁਰੂ ਨਹੀਂ ਹੋਇਆ।

ਜਿਨ੍ਹਾਂ ਦੇਸ਼ਾਂ ਵਿਚ ਇਹ ਸ਼ੁਰੂ ਹੋਇਆ ਵੀ ਹੈ ਉੱਥੇ ਜ਼ਿਆਦਾਤਰ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਉੱਪਰ ਹੀ ਫੋਕਸ ਕੀਤਾ ਜਾ ਰਿਹਾ ਹੈ। ਵੱਖ ਵੱਖ ਦੇਸ਼ਾਂ ਦੇ ਵੱਖਰੇ ਵੱਖਰੇ ਹਾਲਾਤ ਹਨ ਇਸ ਲਈ ਹਰ ਦੇਸ਼ ਦੇ ਫ਼ੈਸਲੇ ਵੀ ਵੱਖਰੇ ਹੁੰਦੇ ਹਨ।"

ਡਾ ਸੁਨੀਤਾ ਗਰਗ ਮੁਤਾਬਕ ਜ਼ਾਈਕੋਵ-ਡੀ,ਕੋਬਰੇਵੇਕਸ ਅਤੇ ਨੇਜ਼ਲ ਵੈਕਸੀਨ ਦੇ ਆਉਣ ਤੋਂ ਬਾਅਦ ਪੰਦਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਸੋਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)