ਮੋਦੀ ਰੈਲੀ: ਗ੍ਰਹਿ ਮੰਤਰਾਲੇ ਨੇ ਕਿਹਾ ਚੰਨੀ ਸਰਕਾਰ ਮੋਦੀ ਦੀ ਸੁਰੱਖਿਆ 'ਚ ਹੋਈ ਕੁਤਾਹੀ ਦਾ ਜਵਾਬ ਦੇਵੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਰੋਜ਼ਪੁਰ ਦੀ ਰੈਲੀ ਨੂੰ ਸੰਬੋਧਨ ਕੀਤੇ ਬਿਨਾਂ ਹੀ ਵਾਪਸ ਜਾਣਾ ਪਿਆ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਵਰਤੀ ਗਈ ਜਿਸ ਕਾਰਨ ਉਨ੍ਹਾਂ ਨੂੰ ਮੁੜਨਾ ਪਿਆ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਹੈ।

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਫਿਰੋਜ਼ਪੁਰ ਤੋਂ ਕਰੀਬ 5-6 ਕਿਲੋ ਮੀਟਰ ਦੂਰ ਕਿਸਾਨਾਂ ਅਤੇ ਭਾਜਪਾ ਵਰਕਰਾਂ ਵਿਚਾਲੇ ਕਾਫੀ ਖਿੱਚਧੂਹ ਹੋਈ ਤੇ ਇੱਟਾਂ ਰੋੜੇ ਤੱਕ ਚੱਲ ਗਏ।

ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਵੱਡੀਆਂ ਖਾਮੀਆਂ: ਗ੍ਰਹਿ ਮੰਤਰਾਲਾ

ਫ਼ਿਰੋਜ਼ਪੁਰ ਵਿਖੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੀ ਸੁਰੱਖਿਆ ਵਿੱਚ ਖਾਮੀਆਂ ਹੋਣ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ।

ਬਿਆਨ ਵਿੱਚ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਸਵੇਰੇ ਬਠਿੰਡਾ ਵਿਖੇ ਪੁੱਜੇ ਜਿੱਥੇ ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਹੁਸੈਨੀਵਾਲ ਜਾਣਾ ਸੀ। ਖ਼ਰਾਬ ਮੌਸਮ ਕਰਕੇ ਪ੍ਰਧਾਨ ਮੰਤਰੀ ਸੜਕ ਰਾਹੀਂ ਉੱਥੇ ਜਾਣ ਲਈ ਤਿਆਰ ਹੋ ਗਏ। ਡੀਜੀਪੀ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਨੂੰ ਹਰੀ ਝੰਡੀ ਵੀ ਦਿੱਤੀ ਗਈ ਸੀ।

ਗ੍ਰਹਿ ਮੰਤਰਾਲੇ ਨੇ ਆਖਿਆ ਕਿ ਹੁਸੈਨੀਵਾਲਾ ਤੋਂ 30 ਕਿਲੋਮੀਟਰ ਪਹਿਲਾਂ ਫਲਾਈਓਵਰ 'ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਰੋਡ ਜਾਮ ਕੀਤਾ ਹੋਇਆ ਸੀ। ਪ੍ਰਧਾਨ ਮੰਤਰੀ 15-20 ਮਿੰਟ ਉੱਥੇ ਫਸੇ ਰਹੇ ਅਤੇ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਵੱਡੀ ਅਣਗਹਿਲੀ ਹੈ।

ਪ੍ਰੈੱਸ ਬਿਆਨ ਵਿੱਚ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਫੇਰੀ ਅਤੇ ਯਾਤਰਾ ਬਾਰੇ ਪੰਜਾਬ ਸਰਕਾਰ ਨੂੰ ਪਹਿਲਾਂ ਤੋਂ ਹੀ ਸਾਰਾ ਕੁਝ ਦੱਸਿਆ ਗਿਆ ਸੀ ਅਤੇ ਨਿਯਮਾਂ ਅਨੁਸਾਰ ਸੁਰੱਖਿਆ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਣਾ ਚਾਹੀਦਾ ਸੀ।

ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਸੜਕ ਉੱਪਰ ਸਕਿਊਰਿਟੀ ਫੋਰਸ ਨਹੀਂ ਸੀ।

ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਘਟਨਾ ਦਾ ਸੰਗਿਆਨ ਲਿਆ ਹੈ ਅਤੇ ਪੰਜਾਬ ਸਰਕਾਰ ਤੋਂ ਰਿਪੋਰਟ ਵੀ ਮੰਗੀ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਜੋ ਪੰਜਾਬ ਵਿੱਚ ਹੋਇਆ ਉਹ ਕਾਂਗਰਸ ਪਾਰਟੀ ਦੀ ਸੋਚ ਦੀ ਇੱਕ ਝਲਕ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਸਰਬਉੱਚ ਆਗੂਆਂ ਨੂੰ ਭਾਰਤ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।

ਇਹ ਵੀ ਪੜ੍ਹੋ-

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਇਸ ਸਬੰਧੀ ਕਾਰਵਾਈ ਕਰਨ ਬਾਰੇ ਵੀ ਆਖਿਆ ਗਿਆ ਹੈ।

ਮੁੱਖ ਮੰਤਰੀ ਨੇ ਕੀ ਕਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ ਵਿੱਚ ਸੰਨ੍ਹ ਲੱਗਣ ਦੇ ਗ੍ਰਹਿ ਮੰਤਰਾਲੇ ਅਤੇ ਭਾਜਪਾ ਲੀਡਰਸ਼ਿਪ ਦੇ ਇਲਜ਼ਾਮਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੱਦ ਕੀਤਾ ਹੈ।

ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਚੰਨੀ ਨੇ ਕਿਹਾ, ''ਇਸ ਤਰ੍ਹਾਂ ਨਾਲ ਨਹੀਂ ਹੈ, ਮੈਂ ਰਾਤ ਖੁਦ ਤਿੰਨ ਵਜੇ ਤੱਕ ਗੱਲਬਾਤ ਕਰਕੇ ਸਾਰੇ ਰਸਤੇ ਕਲੀਅਰ ਕਰਵਾਏ ਸਨ। ਉਨ੍ਹਾਂ ਨੂੰ ਕਿਹਾ ਸੀ ਕਿ ਤੁਹਾਡੀ ਮੁਲਾਕਾਤ ਪ੍ਰਧਾਨ ਮੰਤਰੀ ਨਾਲ ਕਰਾਵਾਂਗਾ।''

ਮੁੱਖ ਮਤੰਰੀ ਨੇ ਕਿਹਾ, ''ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਬਾਈ ਏਅਰ ਸੀ, ਪਰ ਬਠਿੰਡਾ ਆਕੇ ਉਨ੍ਹਾਂ ਦਾ ਅਚਾਨਕ ਪ੍ਰੋਗਰਾਮ ਬਦਲ ਦਿੱਤਾ ਗਿਆ, ਪੰਜਾਬ ਸਰਕਾਰ ਨੂੰ ਇਸਦੀ ਜਾਣਕਾਰੀ ਨਹੀਂ ਸੀ, ਜੇਕਰ ਪਹਿਲਾਂ ਦੱਸਿਆ ਹੁੰਦਾ ਦਾ ਬਦਲਵਾ ਰੂਟ ਜਾਂ ਪ੍ਰਬੰਧ ਕੀਤਾ ਹੁੰਦਾ। ਇਹ ਕੁਦਰਤੀ ਹੀ ਹੋ ਗਿਆ, ਕਿ ਅੱਗੇ ਕਿਸੇ ਨੇ ਰਾਹ ਰੋਕ ਲਿਆ।''

ਚੰਨੀ ਨੇ ਕਿਹਾ ਕਿ ਰੈਲੀ ਵੀ ਵੱਡੀ ਰੱਖ ਲ਼ਈ ਗਈ, ਉਹ ਸਾਡੇ ਨਾਲ ਸਬੰਧਤ ਨਹੀਂ ਸੀ, ਉਹ ਭਾਜਪਾ ਦੀ ਰੈਲੀ ਰੱਖ ਲਈ। ਕੁਰਸੀਆਂ ਲਾ ਦਿੱਤੀਆਂ 70,000 ਤੇ ਬੰਦੇ ਨਹੀਂ ਪਹੁੰਚੇ 700, ਫਿਰ ਬਹਾਨਾ ਤਾਂ ਲਾਉਣਾ ਸੀ।

ਚੰਨੀ ਨੇ ਦਾਅਵਾ ਕੀਤਾ ਕਿ ਕਿਸੇ ਨੇ ਕੋਈ ਨਹੀਂ ਰੋਕਿਆ। ਮੀਂਹ ਹੋਵੇ ਜਾਂ ਕੁਝ ਹੋਰ ਜਿਸ ਨੇ ਜਾਣਾ ਹੋਵੇ ਉਹ ਤਾਂ ਪਹੁੰਚ ਹੀ ਜਾਂਦਾ ਹੈ।

ਬੀਜੇਪੀ ਦੀ ਪ੍ਰਤੀਕਿਰਿਆ

ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਪੀਐਮ ਦੀ ਰੈਲੀ ਰੱਦ ਹੋਣ ਤੋਂ ਬਾਅਦ ਅਤੇ ਉਨ੍ਹਾਂ ਦੀ ਸੁਰੱਖਿਆ ਵਿੱਚ ਸੰਨ੍ਹ ਲੱਗਣ ਦੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਬਿਆਨ ਬਾਰੇ ਗੱਲ ਕਰਦਿਆਂ ਖ਼ਬਰ ਏਜੰਸੀ ਏਐਨਆਈ ਨੂੰ ਕਿਹਾ, "ਪ੍ਰਧਾਨ ਮੰਤਰੀ ਬਠਿੰਡਾ ਹਵਾਈ ਅੱਡੇ ਤੇ ਪਹੁੰਚੇ ਪਰ ਖ਼ਰਾਬ ਮੌਸਮ ਕਾਰਨ ਉਨ੍ਹਾਂ ਨੇ ਸ਼ਹੀਦਾਂ ਦੀ ਸਮਾਧੀ 'ਤੇ ਸ਼ਰਧਾਂਜਲੀ ਦੇਣ ਲਈ ਸੜਕੀ ਰਾਸਤੇ ਨੂੰ ਚੁਣਿਆਂ ਪਰ ਪੰਜਾਬ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ ਕਿ ਅਸੀਂ ਸੁਰੱਖਿਆ ਨਹੀਂ ਦੇ ਸਕਦੇ। ਇਸ ਕਾਰਨ ਪੀਐਮ ਵਾਪਸ ਗਏ ਹਨ।"

ਉਨ੍ਹਾਂ ਨੇ ਅੱਗੇ ਕਿਹਾ "ਇਸੇ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿੱਚ ਆਮ ਨਾਗਰਿਕ ਸੁਰੱਖਿਅਤ ਨਹੀਂ ਹੈ, ਉਹ ਸਾਡੀ ਗੱਲ ਸੱਚ ਸਾਬਤ ਹੋਈ ਹੈ। ਇਸ ਤਰ੍ਹਾਂ ਦੀ ਸਰਕਾਰ ਨੂੰ ਇੱਕ ਪਲ ਵੀ ਸੱਤਾ ਵਿੱਚ ਰਹਿਣ ਦਾ ਹੱਕ ਨਹੀਂ ਹੈ।"

ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਤੋਂ ਅਸਤਫ਼ੇ ਦੀ ਮੰਗ ਕਰਦਿਆਂ ਕਿਹਾ, "ਚੰਨੀ ਵਿੱਚ ਜੇ ਜ਼ਰਾ ਜਿੰਨੀ ਵੀ ਨੈਤਿਕਤਾ ਹੈ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਸਰਕਾਰੀ ਸ਼ਹਿ ਤੇ ਬੀਜੇਪੀ ਦੀਆਂ ਬੱਸਾਂ ਨੂੰ ਰੋਕਿਆ ਗਿਆ। ਬੇਜੀਪੀ ਦੀਆਂ ਬੱਸਾਂ ਤੇ ਪਥਰਾਅ ਹੋਇਆ, ਖਾਣਾ ਲੁੱਟਿਆ ਗਿਆ, ਸ਼ੀਸ਼ੇ ਤੋੜੇ ਗਏ।"

ਉਨ੍ਹਾਂ ਨੇ ਕਿਹਾ, "ਅੱਜ ਇੱਕ ਰੈਲੀ ਨਹੀਂ ਸੀ ਪੰਜਾਬ ਵਿੱਚ ਜਿੱਥੇ ਵੀ ਸਾਨੂੰ ਰੋਕਿਆ ਗਿਆ ਉੱਥੇ ਹੀ ਰੈਲੀ ਹੋਈ ਹੈ। ਇਹ ਸਰਕਾਰ ਲਈ ਆਖ਼ਰੀ ਮੇਖ ਸਾਬਤ ਹੋਵੇਗਾ।"

ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਕੱਥੂਨੰਗਲ ਟੋਲ ਪਲਾਜ਼ਾ ਅਤੇ ਤਰਨਤਾਰਨ ਵਿੱਚ ਵੀ ਕਿਸਾਨਾਂ ਤੇ ਭਾਜਪਾ ਵਰਕਰਾਂ ਵਿਚਾਲੇ ਹਾਲਾਤ ਤਣਾਅਮਈ ਬਣਨ ਦੀ ਭਾਜਪਾ ਆਗੂ ਦਿਆਲ ਸਿੰਘ ਸੋਢੀ ਨੇ ਪੁਸ਼ਟੀ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਸੰਬੋਧਨ ਦੀਆਂ ਮੁੱਖ ਗੱਲਾਂ:

  • ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਚੁੱਕਿਆ।
  • ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੈ ਅਤੇ ਪੰਜਾਬ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਕਰਦਾ ਹੈ।
  • ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨੇ ਸਾਧਦਿਆਂ ਆਖਿਆ ਕਿ ਅਖ਼ਬਾਰਾਂ ਵਿੱਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ।
  • ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਇਹ ਕਹਿ ਕੇ ਮੈਨੂੰ ਹਟਾਇਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ ਅਤੇ ਹੁਣ ਕਾਂਗਰਸੀ ਲੋਕਾਂ ਨੂੰ ਆਖਦੇ ਹਨ ਕਿ ਪਿਛਲੇ ਸਾਢੇ ਚਾਰ ਸਾਲ ਦੀ ਰਿਪੋਰਟ ਲੈ ਕੇ ਅਸੀਂ ਲੋਕਾਂ ਵਿੱਚ ਜਾਵਾਂਗੇ।
  • ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਰਹਿਣ ਦੌਰਾਨ ਪੰਜਾਬ ਵਿੱਚ 22 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਲੱਖ ਤੋਂ ਉੱਪਰ ਸਰਕਾਰੀ ਸਨ।
  • ਮੌਜੂਦਾ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ, ਕਾਂਗਰਸ ਦੇ ਪਾਰਟੀ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਲੱਗ-ਅਲੱਗ ਗੱਲਾਂ ਕਰਦੇ ਹਨ।
  • ਰੈਲੀ ਦੌਰਾਨ ਪੈ ਰਹੇ ਮੀਂਹ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਸਲਾਂ ਲਈ ਚੰਗਾ ਹੈ ਅਤੇ ਹੌਸਲੇ ਨਾਲ ਰਹੋ।
  • ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਅਤੇ ਭਾਜਪਾ ਮਿਲ ਕੇ ਪੰਜਾਬ ਵਿੱਚ ਸਰਕਾਰ ਬਣਾਉਣਗੇ।

'ਚੰਨੀ ਕੈਬਨਿਟ ਨੂੰ ਅਸਤੀਫਾ ਦੇਣ ਚਾਹੀਦਾ ਹੈ'

  • ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਫ਼ਿਰੋਜ਼ਪੁਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ 'ਤੇ ਹਮਲੇ ਬੋਲੇ।
  • ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਨਮਨ ਕਰਨਾ ਚਾਹੁੰਦੇ ਸਨ ਪਰ ਸਰਕਾਰ ਵੱਲੋਂ ਸੁਰੱਖਿਆ ਦੇ ਮਾਮਲੇ 'ਤੇ ਹੱਥ ਖੜ੍ਹੇ ਕਰ ਦਿੱਤੇ ਗਏ। ਚੰਨੀ ਕੈਬਨਿਟ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।
  • ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਸਰਕਾਰ ਬਣਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਬਦਲਾਅ ਚਾਹੁੰਦਾ ਹੈ। ਮਾਫ਼ੀਆ ਅਤੇ ਬੇਰੁਜ਼ਗਾਰ ਤੋਂ ਮੁਕਤੀ ਚਾਹੁੰਦਾ ਹੈ।
  • ਅਸ਼ਵਨੀ ਸ਼ਰਮਾ ਨੇ ਭਾਜਪਾ ਸਮਰਥਕਾਂ ਨੂੰ ਅਪੀਲ ਕੀਤੀ ਕਿ ਰੈਲੀ ਤੋਂ ਵਾਪਸੀ ਸਮੇਂ ਵੀ ਸ਼ਾਂਤੀ ਬਣਾਏ ਰੱਖਣ।

ਭਾਵੇਂ ਕਿ ਅਧਿਕਾਰਤ ਤੌਰ ਉੱਤੇ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਪਰ ਇਸ ਸਮਾਗਮ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।

ਪੰਜਾਬ ਵਿੱਚ 2022 ਦੀਆਂ ਆਮ ਵਿਧਾਨ ਸਭਾ ਚੋਣਾਂ ਦਾ ਚੋਣ ਅਮਲ ਫਰਵਰੀ ਅਤੇ ਮਾਰਚ ਮਹੀਨੇ ਵਿੱਚ ਪੂਰਾ ਹੋਣਾ ਹੈ।

ਪੰਜਾਬ ਵਿੱਚ ਸਿਆਸੀ ਸਰਗਰਮੀਆਂ ਜ਼ੋਰਾਂ ਉੱਤੇ ਹਨ, ਪਰ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਕਾਰਨ ਭਾਜਪਾ ਸੂਬੇ ਵਿੱਚ ਸਰਗਰਮੀਆਂ ਨਹੀਂ ਕਰ ਪਾ ਰਹੀ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਦਾ ਕਿਸਾਨ ਜਥੇਬੰਦੀਆਂ ਵਿਰੋਧ ਵੀ ਕਰ ਰਹੀਆਂ ਹਨ। ਫਿਰੋਜ਼ਪੁਰ ਵਿੱਚ ਕਈ ਥਾਈਆਂ ਮੋਦੀ ਦੇ ਪੋਸਟ ਪਾੜੇ ਗਏ ਹਨ, ਕੁਝ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਵਰਕਰਾਂ ਦੀਆਂ ਬੱਸਾਂ ਨੂੰ ਵੀ ਜਾਣ ਤੋਂ ਰੋਕਿਆ ਜਾ ਰਿਹਾ ਹੈ।

ਭਾਰੀ ਪੁਲਿਸ ਫੋਰਸ ਵੀ ਮੌਕੇ 'ਤੇ ਤਾਇਨਾਤ ਹੈ।

ਕਿਸਾਨ ਅੰਦੋਲਨ ਤੋਂ ਬਾਅਦ ਪਹਿਲਾ ਦੌਰਾ

3 ਖੇਤੀ ਕਾਨੂੰਨਾਂ ਖ਼ਿਲਾਫ਼ ਕਰੀਬ ਡੇਢ ਸਾਲ ਤੱਕ ਚੱਲੇ ਕਿਸਾਨ ਸੰਘਰਸ਼ ਦੀ ਪੰਜਾਬ ਦੇ ਕਿਸਾਨਾਂ ਨੇ ਅਗਵਾਈ ਕੀਤੀ ਹੈ।

ਇਸ ਕਾਰਨ ਭਾਜਪਾ ਨੂੰ ਪੰਜਾਬ ਵਿੱਚ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਪਹਿਲਾਂ ਪੰਜਾਬ ਦੌਰਾ ਹੈ ਅਤੇ ਭਾਜਪਾ ਦਾ ਵੱਡਾ ਸਿਆਸੀ ਪ੍ਰੋਗਰਾਮ।

ਦੂਜੇ ਪਾਸੇ ਲੱਗਦਾ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੋਂ ਬਾਅਦ ਵੀ ਪੰਜਾਬ ਵਿਚ ਕਿਸਾਨਾਂ ਦਾ ਰੋਹ ਅਜੇ ਠੰਢਾ ਨਹੀਂ ਪਿਆ।

ਐੱਮਐੱਸਪੀ ਦੀ ਲੀਗਲ ਗਾਰੰਟੀ, ਅੰਦੋਲਨ ਦੌਰਾਨ ਦਰਜ ਕੇਸ ਵਾਪਸ ਲੈਣ ਅਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੀ ਬਰਖ਼ਾਸਤਗੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਮੋਦੀ ਦੇ ਪੰਜਾਬ ਦੌਰੇ ਦਾ ਵਿਰੋਧ ਕਰ ਰਹੀਆਂ ਹਨ।

ਸੋਸ਼ਲ ਮੀਡੀਆ ਉੱਤੇ ਵੀ ਕਈ ਅਜਿਹੇ ਵੀਡੀਓ ਚੱਲ ਰਹੇ ਹਨ , ਜਿਸ ਵਿੱਚ ਕਿਸਾਨ ਵੱਖ ਵੱਖ ਥਾਵਾਂ ਉੱਤੇ ਮੋਦੀ ਰੈਲੀ ਦੇ ਪੋਸਟਰ ਲਾਉਣ ਵਾਲਿਆਂ ਨੂੰ ਰੋਕ ਰਹੇ ਹਨ।

ਟਵਿੱਟਰ ਉੱਤੇ #GoBackModi ਦਾ ਟਰੈਂਡ ਚੱਲ ਰਿਹਾ ਹੈ।

11 ਜਥੇਬੰਦੀਆਂ ਕਰ ਰਹੀਆਂ ਵਿਰੋਧ

ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ 9 ਕਿਸਾਨ ਜਥੇਬੰਦੀਆਂ ਅਤੇ ਇਨ੍ਹਾਂ ਨਾਲ ਤਾਲਮੇਲ ਕਰਕੇ ਚੱਲਣ ਵਾਲੀ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਸੂਬੇ ਭਰ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।

ਮਾਝੇ ਤੇ ਸਰਹੱਦੀ ਜਿਲ੍ਹੇ ਵਿੱਚ ਚੰਗਾ ਦਬਦਬਾ ਰੱਖਣ ਵਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 4 ਜਨਵਰੀ ਤੋਂ ਹੀ ਮਾਰਚ ਅਤੇ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਸਨ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਪੰਜਾਬ ਵਿੱਚ ਚੋਣਾਂ ਨਾ ਲੜਨ ਵਾਲੀਆਂ 9 ਕਿਸਾਨ ਜਥੇਬੰਦੀਆਂ ਮੋਦੀ ਦੀ ਰੈਲੀ ਦਾ ਵਿਰੋਧ ਕਰ ਰਹੀਆਂ ਹਨ।

ਇਸ ਮੌਕੇ ਪੰਜਾਬ ਭਰ ਵਿੱਚ ਫਿਰੋਜ਼ਪੁਰ ਨੂੰ ਜਾਣ ਵਾਲੀਆਂ ਸੜਕਾਂ ਉੱਤੇ ਜਾਮ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣ ਦੀ ਯੋਜਨਾ ਹੈ।

ਫਿਰੋਜ਼ਪੁਰ ਖੇਤਰ ਵਿੱਚ 4 ਜਨਵਰੀ ਨੂੰ ਕਿਸਾਨਾਂ ਦੇ ਸੜਕਾਂ ਉੱਤੇ ਮਾਰਚ ਦੇਖੇ ਜਾ ਰਹੇ ਹਨ। ਭਾਵੇਂ ਕਿ ਸਰਕਾਰ ਵਲੋਂ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਕਿਰਤੀ ਕਿਸਾਨ ਯੂਨੀਅਨ ਵੱਲੋਂ ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਵਿਰੋਧ ਬਲਾਕ ਪੱਧਰ ਉਤੇ ਹੋਵੇਗਾ।

ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਜ਼ਿਲ੍ਹਾ ਪੱਧਰ ਉਤੇ ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਉਪ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਮੋਦੀ ਦੀ ਪੰਜਾਬ ਫੇਰੀ ਉਤੇ ਸੰਯੁਕਤ ਸਮਾਜ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਵਿੱਢੀ ਗਈ ਚੁੱਪ ਉੱਤੇ ਹੈਰਾਨੀ ਵੀ ਪ੍ਰਗਟਾਈ।

ਕਿਸਾਨਾਂ ਦੀਆਂ ਮੰਗਾਂ ਉੱਤੇ ਕੇਂਦਰ ਸਹਿਮਤ

ਕਿਸਾਨ ਮੁੱਖ ਤੌਰ ਉੱਤੇ ਜੋ ਮੰਗਾਂ ਕਰ ਰਹੇ ਹਨ, ਉਹ ਇਸ ਤਰ੍ਹਾਂ ਹਨ:

  • ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਅਤੇ ਉਨ੍ਹਾਂ ਦੇ ਹਿਮਾਇਤੀਆਂ ਉੱਤੇ ਦਰਜ ਪੁਲਿਸ ਕੇਸ ਰੱਦ ਹੋਣ
  • ਲਖੀਮਪੁਰ ਖੀਰੀ ਦੀ ਘਟਨਾ ਦਾ ਇਨਸਾਫ਼ ਹੋਵੇ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਹਟਾਇਆ ਜਾਵੇ।
  • ਐਮਐਸਪੀ ਕਾਨੂੰਨ ਉੱਤੇ 15 ਜਨਵਰੀ ਤੱਕ ਕਮੇਟੀ ਬਣੇ।
  • ਪ੍ਰਧਾਨ ਮੰਤਰੀ ਦੀ ਸਾਰੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਵੇ।

ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਤਿੰਨ ਵਾਰ ਬੈਠਕ ਕਰਕੇ ਕਿਸਾਨਾਂ ਦੀਆਂ ਮੰਗਾਂ ਉੱਤੇ ਲਿਖਤੀ ਸਹਿਮਤੀ ਦਿੱਤੀ।

ਇਸ ਬਾਬਤ ਇਕ ਸਰਕਾਰੀ ਚਿੱਠੀ, ਜਿਸ ਦੀ ਕਾਪੀ ਬੀਬੀਸੀ ਕੋਲ ਉਪਲੱਬਧ ਹੈ, ਅਤੇ ਕੇਂਦਰੀ ਮੰਤਰੀ ਸ਼ੇਖਾਵਤ ਦਾ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਗਿਆ ਹੈ।

ਜਿਸ ਮੁਤਾਬਕ ਸਰਕਾਰ ਨੇ ਕਿਸਾਨਾਂ ਦੀਆਂ ਪੈਂਡਿੰਗ ਮੰਗਾਂ ਬਾਰੇ ਮੁੜ ਲਿਖਤੀ ਸਹਿਮਤੀ ਦਿੱਤੀ ਹੈ।

• ਸ਼ੇਖ਼ਾਵਤ ਮੁਤਾਬਕ ਐੱਮਐੱਸਪੀ ਉੱਤੇ ਬਣਨ ਵਾਲੀ ਕਮੇਟੀ ਦਾ ਮਸੌਦਾ ਤਿਆਰ ਹੋ ਰਿਹਾ ਹੈ, ਉਹ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ 15 ਜਨਵਰੀ ਤੋਂ ਪਹਿਲਾਂ ਬਣ ਜਾਵੇਗੀ।

• ਪਰਾਲੀ ਦੇ ਕਾਨੂੰਨ ਬਾਰੇ ਪਹਿਲੀ ਬਣੀ ਸਹਿਮਤੀ ਮੁਤਾਬਕ ਹੀ ਕਿਸਾਨਾਂ ਨੂੰ ਧਾਰਾ 14,15 ਤੋਂ ਬਾਹਰ ਰੱਖਿਆ ਗਿਆ ਹੈ।

• ਅੰਦੋਲਨ ਦੌਰਾਨ ਕਿਸਾਨਾਂ ਉੱਤੇ ਦਰਜ ਕੀਤੇ ਗਏ ਕੇਸਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਇਸ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ।ਕੇਂਦਰ ਵਲੋਂ ਪੈਂਡਿੰਗ ਮੰਗਾਂ ਉੱਤੇ ਸਹਿਮਤੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ, ''ਸਰਕਾਰ ਦਾ ਸਹਿਮਤੀ ਪੱਤਰ ਆ ਰਿਹਾ ਹੈ, ਜਿਹੜੀ ਮੰਗਾਂ ਉੱਤੇ ਅੰਦੋਲਨ ਮੁਲਤਵੀ ਕਰਨ ਸਮੇਂ ਸਹਿਮਤੀ ਬਣੀ ਸੀ, ਉਹ ਮੰਨਣ ਦੀ ਦੁਬਾਰਾ ਸਹਿਮਤੀ ਦਿੱਤੀ ਗਈ ਹੈ ਜਿਵੇਂ ਹੀ ਉਹ ਚਿੱਠੀ ਆ ਜਾਵੇਗੀ ਅਤੇ ਜੇਤੂ ਰੈਲੀ ਦੇ ਰੂਪ ਵਿਚ ਚਲੇ ਜਾਵਾਂਗੇ, ਵਰਨਾ ਰੈਲੀ ਵੱਲ ਮਾਰਚ ਕਰਾਂਗੇ।''

ਲਖੀਮਪੁਰ ਖੀਰੀ ਹਿੰਸਾ ਮਾਮਲੇ ਬਾਰੇ ਪੁੱਛੇ ਜਾਣ ਉੱਤੇ ਸਤਨਾਮ ਸਿੰਘ ਨੇ ਕਿਹਾ ਕਿ ਇਹ ਮਾਮਲਾ ਦਿੱਲੀ ਵਿਚ ਸਹਿਮਤੀ ਹੋਣ ਸਮੇਂ ਕਿਸਾਨਾਂ ਤੇ ਸਰਕਾਰ ਵਲੋਂ ਸਹਿਮਤੀ ਪੱਤਰ ਤੋਂ ਬਾਹਰ ਰੱਖਿਆ ਗਿਆ ਸੀ। ਇਸ ਲ਼ਈ ਇਸ ਬਾਰੇ ਅਜੇ ਕੋਈ ਸਹਿਮਤੀ ਨਹੀਂ ਹੋ ਸਕੀ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਪਣਾ ਵਿਰੋਧ ਵਾਪਸ ਲੈ ਸਕਦੀ ਹੈ, ਪਰ ਦੂਜੀਆਂ ਜਥੇਬੰਦੀਆਂ ਅਜੇ ਵੀ ਵਿਰੋਧ ਉੱਤੇ ਅੜੀਆਂ ਹੋਈਆਂ ਹਨ।

ਲੰਘੀ ਸ਼ਾਮ ਨੂੰ ਸ਼ੁਰੂ ਹੋ ਗਿਆ ਸੀ ਵਿਰੋਧ

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਇਲਾਵਾ ਕਈ ਕਿਸਾਨ ਸੰਗਠਨ ਇਸ ਗੱਲ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਸਮਾਗਮ ਦਾ ਵਿਰੋਧ ਕਰ ਰਹੇ ਹਨ ।

ਨਰਿੰਦਰ ਮੋਦੀ ਦੀ ਫੇਰੀ ਤੋਂ ਪਹਿਲਾਂ ਫ਼ਿਰੋਜ਼ਪੁਰ ਇਲਾਕੇ ਵਿੱਚ ਵੱਖ ਵੱਖ ਥਾਵਾਂ ਤੋਂ ਕਿਸਾਨ ਸੰਗਠਨ ਰੈਲੀ ਵਾਲੀ ਜਗ੍ਹਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਹਾਲਾਤ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਅਤੇ ਕੇਂਦਰ ਦੀਆਂ ਸੁਰੱਖਿਆ ਏਜੰਸੀ ਵੱਲੋਂ ਪ੍ਰਧਾਨ ਮੰਤਰੀ ਦੀ ਰੈਲੀ ਵਾਲੀ ਜਗ੍ਹਾ ਦੀ ਸੁਰੱਖਿਆ ਯਕੀਨੀ ਕਰਨ ਲਈ ਸਖ਼ਤ ਕਦਮ ਚੁੱਕੇ ਗਏ ਹਨ।

ਦੱਖਣੀ ਪੰਜਾਬ ਦੇ ਨਾਲ ਸਬੰਧਤ ਜ਼ਿਲ੍ਹਾ ਮੋਗਾ, ਲੁਧਿਆਣਾ ਦਿਹਾਤੀ, ਫਿਰੋਜ਼ਪੁਰ ਫਾਜ਼ਿਲਕਾ, ਬਠਿੰਡਾ, ਮਾਨਸਾ, ਸੰਗਰੂਰ ਅਤੇ ਬਰਨਾਲਾ ਨਾਲ ਸਬੰਧਤ ਪੰਜਾਬ ਪੁਲੀਸ ਨੂੰ ਚੱਪੇ-ਚੱਪੇ ਉੱਪਰ ਤੈਨਾਤ ਕਰ ਦਿੱਤਾ ਗਿਆ ਹੈ।

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਮੋਗਾ ਜਲੰਧਰ ਅਤੇ ਫ਼ਾਜ਼ਿਲਕਾ ਤੋਂ ਫਿਰੋਜ਼ਪੁਰ ਨੂੰ ਦਾਖ਼ਲ ਹੋਣ ਵਾਲੇ ਸਮੁੱਚੇ ਰਸਤਿਆਂ ਨੂੰ ਬੈਰੀਕੇਡਿੰਗ ਕਰਕੇ ਭਾਰੀ ਪੁਲੀਸ ਨਫ਼ਰੀ ਤਾਇਨਾਤ ਕਰ ਦਿੱਤੀ ਗਈ ਹੈ ।

ਖ਼ਰਾਬ ਮੌਸਮ ਬਣਿਆ ਮੁਸੀਬਤ

ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਹਲਕੀ ਤੇ ਦਰਮਿਆਨੀ ਵਰਖ਼ਾ ਹੋ ਰਹੀ ਹੈ, ਜਿਸ ਨੇ ਪ੍ਰਧਾਨ ਮਤੰਰੀ ਮੋਦੀ ਦੀ ਰੈਲੀ ਦੇ ਪ੍ਰਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ।

ਗਰਾਊਂਡ ਜ਼ੀਰੋ ਤੋਂ ਆ ਰਹੀਆਂ ਵੀਡੀਓਜ਼ ਅਤੇ ਤਸਵੀਰਾਂ ਮੁਤਾਬਕ ਸੁਰੱਖਿਆ ਅਤੇ ਦੂਜੇ ਪ੍ਰਬੰਧਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।

ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਕਈ ਥਾਵਾਂ ਉਪਰ ਪੰਜਾਬ ਪੁਲਿਸ ਨੇ ਨੇੜਲੇ ਸਰਕਾਰੀ ਸਕੂਲਾਂ ਤੋਂ ਇਲਾਵਾ ਫ਼ਾਜ਼ਿਲਕਾ ਦੀ ਆਈਟੀਆਈ ਵਿੱਚ ਵੀ ਰੋਕਿਆ ਹੋਇਆ ਹੈ।

ਭਾਰੀ ਮੀਂਹ ਕਾਰਨ ਹਾਲੇ ਇੱਕਾ ਦੁੱਕਾ ਕਿਸਾਨ ਜਥੇ ਹੀ ਨਿਕਲੇ ਹਨ ਅਤੇ ਕੁਝ ਸਮਾਂ ਬੀਤਣ 'ਤੇ ਕਿਸਾਨਾਂ ਦਾ ਵਿਰੋਧ ਖੁੱਲ੍ਹ ਕੇ ਸਾਹਮਣੇ ਆ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)