ਹਰਜਿੰਦਰ ਸਿੰਘ ਧਾਮੀ ਬਣੇ ਐੱਸਜੀਪੀਸੀ ਦੇ ਨਵੇਂ ਪ੍ਰਧਾਨ, ਕਿਵੇਂ ਹੋਈ ਸੀ ਸ਼੍ਰੋਮਣੀ ਕਮੇਟੀ ਦੀ ਪਹਿਲੀ ਚੋਣ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਚੋਣ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨਗੀ ਅਹੁਦੇ ਲਈ ਚੁਣਿਆ ਗਿਆ ਹੈ।

ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਇਸ ਅਹੁਦੇ 'ਤੇ ਕਾਇਮ ਸਨ। ਇਸ ਦੇ ਨਾਲ ਹੀ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਜਨਰਲ ਇਜਲਾਸ ਹੋਇਆ।

ਧਾਮੀ ਪੇਸ਼ੇ ਤੋਂ ਵਕੀਲ ਹਨ ਤੇ ਪਿਛਲੇ ਸਾਲ ਉਨ੍ਹਾਂ ਨੂੰ ਐੱਸਜੀਪੀਸੀ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ।

ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਨੇ ਭੁਲੱਥ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ ਹੈ।

ਪਾਰਟੀ ਨੇ ਮਜੀਠਾ ਤੋਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ:

ਸ਼੍ਰੋਮਣੀ ਕਮੇਟੀ ਕਿਵੇਂ ਹੋਂਦ ਵਿੱਚ ਆਈ

ਗੁਰਦੁਆਰਾ ਐਕਟ 1925 ਤਹਿਤ ਬਣੀ ਸ਼੍ਰੋਮਣੀ ਕਮੇਟੀ ਦੀ ਪਹਿਲੇ 21 ਸਾਲਾਂ ਦੀ ਕਹਾਣੀ ਬੜੀ ਰੋਚਕ ਹੈ। ਪੰਜਾਬ ਸਰਕਾਰ ਨੇ ਪਹਿਲੀ ਗੁਰਦੁਆਰਾ ਚੋਣ 18 ਜੂਨ 1926 ਨੂੰ ਕਰਵਾਈ ਸੀ।

ਚੋਣ ਸੰਗਰਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ 'ਚ ਸਰਦਾਰ ਬਹਾਦਰ ਮਹਿਤਾਬ ਸਿੰਘ ਦਾ ਧੜਾ ਨਿੱਤਰਿਆ ਸੀ। ਸਰਦਾਰ ਬਹਾਦਰ ਧੜੇ ਨੂੰ ਪੰਜਾਬ ਸਰਕਾਰ ਦੀ ਸ਼ਹਿ ਸੀ ਤੇ ਮਹਾਰਾਜਾ ਪਟਿਆਲਾ ਦੀ ਹੱਲਾਸ਼ੇਰੀ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ' ਨਾਂਅ ਦੀ ਕਿਤਾਬ ਵਿੱਚ ਇਹ ਗੱਲ ਦਰਜ ਕੀਤੀ ਗਈ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ 1926 ਨੂੰ ਨਰੇਂਦਰ ਮੰਡਲ ਦੇ ਚਾਂਸਲਰ ਬਣ ਕੇ ਵਿਫਰ ਗਏ ਸੀ।

ਚੋਣ ਸੰਗਰਾਮ ਸ਼ੁਰੂ ਹੋਇਆ। ਇੱਕ ਦੂਜੇ ਖਿਲਾਫ਼ ਧੂੰਆਧਾਰ ਪ੍ਰਚਾਰ ਹੋਇਆ ਤੇ ਵੋਟਾਂ ਪਈਆਂ।

120 ਸੀਟਾਂ ਦੇ ਨਤੀਜੇ ਨਿਕਲੇ। ਸ਼੍ਰੋਮਣੀ ਅਕਾਲੀ ਦਲ ਦੇ 85 ਮੈਂਬਰ ਕਾਮਯਾਬ ਹੋਏ। ਸਰਦਾਰ ਬਹਾਦਰ ਨੂੰ 26 ਸੀਟਾਂ ਮਿਲੀਆਂ, ਸੁਧਾਰ ਕਮੇਟੀ ਦੇ 5 ਉਮੀਦਵਾਰ ਜਿੱਤੇ ਅਤੇ 4 ਆਜ਼ਾਦ ਉਮੀਦਵਾਰ ਜਿੱਤੇ।

ਲੋਕ ਮੱਤ ਰਾਹੀ ਚੁਣੀ ਗਈ ਪਹਿਲੀ ਸ਼੍ਰੋਮਣੀ ਕਮੇਟੀ ਦੀ ਪਹਿਲੀ ਮੀਟਿੰਗ ਮਿਤੀ 4 ਨਵੰਬਰ 1926 ਨੂੰ ਟਾਊਨ ਹਾਲ ਅੰਮ੍ਰਿਤਸਰ ਵਿਖੇ ਹੋਈ ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)