ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਮੁੱਖ ਮੰਤਰੀ ਚੰਨੀ ਨੇ ਕੀਤਾ ਮੁਫ਼ਤ ਬੱਸ ਸੇਵਾ ਦਾ ਐਲਾਨ

ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਸਿੱਖ ਸੰਗਤਾਂ ਅਤੇ ਹੋਰ ਨਾਨਕ ਨਾਮ ਲੇਵਾ ਲੋਕਾਂ ਦਾ ਭਾਰਤ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ।

ਗੁਰੂ ਨਾਨਕ ਦੇਵ ਦੇ 552ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਮੰਤਰੀ ਮੰਡਲ ਨਾਲ ਅੱਜ 18 ਨਵੰਬਰ ਨੂੰ ਕਰਤਾਰਪੁਰ ਸਾਹਿਬ ਗਏ ਹਨ। ਉਨ੍ਹਾਂ ਨਾਲ ਪਰਿਵਾਰਕ ਮੈਂਬਰ ਵੀ ਸਨ।

ਚੰਨੀ ਪਹੁੰਚੇ ਕਰਤਾਰਪੁਰ ਸਾਹਿਬ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਵਫ਼ਦ ਨਾਲ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਪਹੁੰਚੇ ਹਨ। ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਨੇ ਇਸ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਦਰਸ਼ਨ ਕਰਨ ਮਗਰੋਂ ਚੰਨੀ ਨੇ ਕੀ ਕਿਹਾ

ਦਰਸ਼ਨ ਕਰਕੇ ਵਾਪਿਸ ਆਏ ਸੀਐੱਮ ਚੰਨੀ ਨੇ ਐਲਾਨ ਕੀਤਾ ਕਿ ਪੰਜਾਬ ਭਰ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਮੁਫ਼ਤ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਜਾਵੇਗੀ।

ਚਰਨਜੀਤ ਸਿੰਘ ਚੰਨੀ ਨੇ ਦੋਵਾਂ ਦੇਸਾਂ ਦੀਆ ਸਰਕਾਰਾਂ ਦਾ ਅਤੇ ਦੋਵਾਂ ਪ੍ਰਧਾਨ ਮੰਤਰੀਆਂ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਦਾ ਧੰਨਵਾਦ ਕੀਤਾ।

ਉੱਥੇ ਹੀ ਮੁਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਨਗੇ ਕਿ ਸ਼ਰਧਾਲੂਆ ਦੀਆ ਸਹੂਲਤ ਲਈ ਵੀਜ਼ਾ ਪ੍ਰਕਿਰਿਆ ਵਿੱਚ ਸੌਖ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਟਰੇਡ ਵੀ ਸ਼ੁਰੂ ਹੋਵੇ।

ਇਸ ਤੋਂ ਪਹਿਲਾਂ ਸਵੇਰੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਪਾਰਟੀ ਦੇ 21 ਮੈਂਬਰੀ ਵਫ਼ਦ ਨਾਲ ਕਰਤਾਰਪੁਰ ਸਾਹਿਬ ਗਏ ਸਨ।

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 20 ਨਵੰਬਰ ਨੂੰ ਜਾਣਾ ਹੈ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵਫ਼ਦ ਵੀ ਕਰਤਾਰਪੁਰ ਸਾਹਿਬ ਜਾ ਰਹੇ ਹਨ।

ਕਰਤਾਰਪੁਰ ਜਾਣ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਮਨਜੀਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਗੁਰੂ ਦੀ ਚਰਨ ਸ਼ੋਹ ਪ੍ਰਾਪਤ ਧਰਤੀ ਉੱਤੇ ਚਰਨ ਧੂੜ ਲੈਣ ਜਾਣਾ ਹਰ ਸਿੱਖ ਦੀ ਅਰਦਾਸ ਹੁੰਦੀ ਹੈ।

ਜਦੋਂ ਅਰਦਾਸ ਪੂਰੀ ਹੁੰਦੀ ਹੈ ਤਾਂ ਇਹ ਭਾਵਨਾਵਾਂ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਗੁਰੂ ਅਤੇ ਸਿੱਖ ਦੀ ਸਾਂਝ ਸ਼ਬਦਾਂ ਵਿਚ ਬਿਆਨ ਕਰਨ ਤੋਂ ਉੱਤੇ ਹੈ।

ਲਾਂਘਾ ਖੁੱਲ੍ਹਣ ਦੇ ਦੂਜੇ ਦਿਨ ਪਾਕਿਸਤਾਨ ਵਾਲੇ ਪਾਸੇ ਕੀ ਸੀ ਮਾਹੌਲ- ਵੀਡੀਓ

'ਸਾਨੂੰ ਇੱਥੇ ਸਕੂਨ ਮਿਲਦਾ ਹੈ, ਸਾਰੀ ਦੁਨੀਆਂ ਭੁੱਲ ਜਾਂਦੀ ਹੈ'- ਵੀਡੀਓ

ਨਵਜੋਤ ਸਿੱਧੂ ਕਿਉਂ ਨਹੀਂ ਜਾ ਸਕੇ

ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਉਹ ਨਿਮਾਣੇ ਸਿੱਖ ਵਾਂਗ ਅਪਲਾਈ ਕਰਨਗੇ ਅਤੇ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਕਰਤਾਰਪੁਰ ਸਾਹਿਬ ਜਾਣਗੇ।

ਆਸ ਕੀਤੀ ਜਾ ਰਹੀ ਸੀ ਕਿ ਉਹ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜਾ ਰਹੇ ਮੰਤਰੀ ਮੰਡਲ ਦੇ ਵਫ਼ਦ ਦਾ ਹਿੱਸਾ ਹੋਣਗੇ, ਕਿਉਂ ਕਿ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਉਨ੍ਹਾਂ ਨਾਲ ਜਾ ਰਹੇ ਹਨ।

ਇਹ ਵੀ ਪੜ੍ਹੋ :

ਪਰ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਦਾਅਵਾ ਕੀਤਾ ਕਿ ਸਿੱਧੂ ਨੂੰ ਅਧਿਕਾਰਤ ਤੌਰ 'ਤੇ ਸੂਚਿਤ ਕੀਤਾ ਗਿਆ ਹੈ ਕਿ ਉਹ 18 ਨਵੰਬਰ ਦੀ ਬਜਾਏ 20 ਨਵੰਬਰ ਨੂੰ ਦਰਸ਼ਨ ਲਈ ਜਾ ਸਕਦੇ ਹਨ।

ਪੰਜਾਬ ਦੇ ਅਮਨ ਭਾਈਚਾਰੇ ਲਈ ਅਰਦਾਸ

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਡੇਰਾ ਬਾਬਾ ਨਾਨਕ ਵਿਚ ਪੱਤਰਕਾਰਾਂ ਗੱਲਬਾਤ ਕਰਦਿਆਂ ਲਾਂਘਾ ਮੁੜ ਖੋਲ੍ਹਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਤੇ ਰਾਸ਼ਟਰਪਤੀ ਰਾਮਨਾਥ ਕੋਵਿਦ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਨਾਲ ਹੀ ਇਹ ਸੰਭਵ ਹੋਇਆ ਹੈ ਤੇ ਗੁਰੂ ਸਾਹਿਬ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਇਹ ਸੇਵਾ ਲਈ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਤੇ ਭਾਜਪਾ ਦੇ ਦੂਜੇ ਆਗੂ ਕਰਤਾਰਪੁਰ ਸਾਹਿਬ ਜਾ ਕੇ ਗੁਰੂ ਦੇ ਦਰਬਾਰ ਵਿਚ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰੇ ਲ਼ਈ ਅਰਦਾਸ ਕਰਨਗੇ।

ਕਰਤਾਰਪੁਰ ਸਾਹਿਬ ਦੀ ਮਹੱਤਤਾ

ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ।

ਨਾਰੋਵਾਲ ਦੀ ਤਹਿਸੀਲ ਸ਼ੱਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਭਾਰਤ ਅਤੇ ਪਾਕਿਸਤਾਨ ਦੀਆਂ ਖ਼ਬਰਾਂ ਦੇ ਕੇਂਦਰ ਵਿਚ ਰਿਹਾ ਹੈ।

ਕਰਤਾਰਪੁਰ ਸਾਹਿਬ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਹੈ। ਇੱਥੇ ਉਨ੍ਹਾਂ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਗੁਜ਼ਾਰੇ ਸਨ।

ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ।

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ: ਭਾਰਤ ਤੋਂ ਪਾਕਿਸਤਾਨ ਪੁੱਜਿਆ ਜਥਾ ਕੀ ਕਹਿ ਰਿਹਾ- ਵੀਡੀਓ

ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ 'ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਨੂੰ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ 'ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ 'ਤੇ ਹੀ ਜੋਤੀ ਜੋਤ ਸਮਾਏ ਸਨ।

ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਹੈ ਅਤੇ ਦੋਵਾਂ ਮੁਲਕਾਂ ਨੇ ਨਾਨਕ ਨਾਮ ਲੇਵਾ ਦੀ ਸਹੂਲਤ ਲਈ ਭਾਰਤ ਦੇ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਵਿਚਾਲੇ ਨਵੰਬਰ 2019 ਵਿਚ ਕੋਰੀਡੋਰ ਦਾ ਉਦਘਾਟਨ ਹੋਇਆ ਸੀ।

ਪਰ ਮਾਰਚ 2020 ਵਿਚ ਕੋਰਨਾ ਮਹਾਮਾਰੀ ਫ਼ੈਲਣ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਗਿਆ ਸੀ।

ਕਰਤਾਰਪੁਰ ਜਾਣ ਦੀ ਪ੍ਰਕਿਰਿਆ

ਅਜੇ ਤੱਕ ਇਸ ਪ੍ਰਕਿਰਿਆ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਸਦੇ ਲਈ ਪਹਿਲਾਂ ਵਾਲੀ ਪ੍ਰਕਿਰਿਆ ਹੀ ਅਪਨਾਉਣੀ ਪਏਗੀ:

  • ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਸਭ ਤੋਂ ਪਹਿਲਾਂ ਭਾਰਤ ਸਰਕਾਰ ਦੇ ਪੋਰਟਲ https://prakashpurb550.mha.gov.in/kpr/ ਉੱਤੇ ਰਜਿਸਟਰ ਕਰਨਾ ਹੋਵੇਗਾ।
  • ਯਾਤਰਾ ਤੋਂ ਚਾਰ ਦਿਨ ਪਹਿਲਾਂ ਯਾਤਰੀਆਂ ਨੂੰ ਯਾਤਰਾ ਦੀ ਸੂਚਨਾ ਮਿਲੇਗੀ।
  • ਯਾਤਰਾ ਬਿਨਾ ਵੀਜੇ ਦੀ ਹੋਵੇਗੀ ਪਰ ਇਸ ਦੇ ਲਈ ਇਸ ਆਨ ਲਾਈਨ ਪੋਰਟਲ ਤੋਂ ਯਾਤਰਾ ਦਾ ਪਰਮਿਟ ਲੈਣਾ ਜ਼ਰੂਰੀ ਹੋਵੇਗਾ।
  • ਯਾਤਰਾ ਦੇ ਆਨਲਾਈਨ ਬਿਨੈ-ਪੱਤਰ ਜਮ੍ਹਾਂ ਕਰਾਉਣ ਲਈ ਮੋਬਾਈਲ ਨੰਬਰ ਜ਼ਰੂਰੀ ਹੈ। ਯਾਤਰਾ ਦੇ ਆਨਲਾਈਨ ਬਿਨੈ-ਪੱਤਰ ਜਮ੍ਹਾਂ ਕਰਾਉਣ ਲਈ ਈ-ਮੇਲ ਆਈ.ਡੀ ਜ਼ਰੂਰੀ ਨਹੀਂ ਹੈ।
  • ਹਾਲਾਂਕਿ ਜੇ ਆਨਲਾਈਨ ਵੇਰਵੇ ਜਮ੍ਹਾਂ ਕਰਦੇ ਸਮੇਂ ਈ-ਮੇਲ ਆਈ.ਡੀ ਮੁਹੱਈਆ ਕਰੋਗੇ ਤਾਂ ਇਲੈਕਟਰਾਨਿਕ ਟਰੈਵਲ ਆਥੋਰਾਈਜੇਸ਼ਨ (ਈਟੀਏ) ਨੂੰ ਈ-ਮੇਲ ਵਿੱਚ ਅਟੈਚਮੈਂਟ ਦੇ ਤੌਰ 'ਤੇ ਹਾਸਿਲ ਕੀਤਾ ਜਾ ਸਕਦਾ ਹੈ।
  • ਬਦਲ ਦੇ ਤੌਰ 'ਤੇ ਮੋਬਾਇਲ ਸੰਦੇਸ਼ ਵਿਚ ਦਿੱਤੇ ਲਿੰਕ ਤੋਂ ਈਟੀਏ ਡਾਊਨਲੋਡ ਕੀਤਾ ਜਾ ਸਕਦਾ ਹੈ।
  • ਭਾਰਤ ਵਲੋਂ ਇਹ ਯਾਤਰਾ ਮੁਫ਼ਤ ਹੈ ਪਰ ਪਾਕਿਸਤਨ ਵਲੋਂ ਪ੍ਰਤੀ ਯਾਤਰੀ 20 ਡਾਲਰ ਦੀ ਫ਼ੀਸ ਲਈ ਜਾਵੇਗੀ ਜੋ ਕਿ ਭਾਰਤੀ ਕਰੰਸੀ ਮੁਤਾਬਕ ਤਕਰੀਬਨ 1400 ਰੁਪਏ ਹੋਵੇਗੀ। ਇਹ ਫੀਸ ਸ਼ੁਰੂਆਤੀ ਦਿਨਾਂ ਵਿੱਚ ਨਹੀਂ ਲੱਗੇਗੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)