You’re viewing a text-only version of this website that uses less data. View the main version of the website including all images and videos.
ਕੋਰੋਨਾ ਦੇ ਇਲਾਜ 'ਚ ਵਰਤੀ ਜਾ ਰਹੀ ‘ਐਂਟੀਬਾਡੀ ਕਾਕਟੇਲ’ ਦਵਾਈ ਬਾਰੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ
ਦਿੱਲੀ ਨਾਲ ਲਗਦੇ ਮੇਦਾਂਤਾ ਮੈਡੀਸਿਟੀ ਹਸਪਤਾਲ ਵਿੱਚ 84 ਸਾਲਾਂ ਦੇ ਇੱਕ ਬਜ਼ੁਰਗ ਕੋਵਿਡ-19 ਮਰੀਜ਼ ਨੂੰ ਇਲਾਜ ਦੌਰਾਨ ਐਂਟੀਬਾਡੀ ਕਾਕਟੇਲ ਦਵਾਈ ਦਿੱਤੀ ਗਈ ਅਤੇ ਉਹ ਠੀਕ ਵੀ ਹੋ ਗਏ।
ਉਸ ਤੋਂ ਬਾਅਦ ਇਹ ਦਵਾਈ ਭਾਰਤ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਭਾਰਤ ਸਰਕਾਰ ਨੇ ਇਸ ਦਵਾਈ ਨੂੰ ਕੋਵਿਡ-19 ਦੇ ਇਲਾਜ ਵਿੱਚ ਐਮਰਜੈਂਸੀ ਹਾਲਤਾਂ ਵਿੱਚ ਵਰਤੋਂ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ:
ਫਿਲਹਾਲ ਮੇਦਾਂਤਾ ਹਸਪਤਾਲ ਅਤੇ ਦੇਸ਼ ਭਰ ਦੇ ਅਪੋਲੋ ਹਸਪਤਾਲਾਂ ਵਿੱਚ ਇਹ ਦਵਾਈ ਕੋਵਿਡ-19 ਦੇ ਇਲਾਜ ਲਈ ਵਰਤੀ ਜਾ ਰਹੀ ਹੈ।
ਪਰ ਦਵਾਈ ਕੰਮ ਕਿਵੇਂ ਕਰਦੀ ਹੈ, ਕਿਸ ਨੂੰ ਦਿੱਤੀ ਜਾ ਸਕਦੀ ਹੈ, ਕਿੱਥੋਂ ਮਿਲ ਸਕਦੀ ਹੈ, ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਬੀਬੀਸੀ ਨੇ ਗੁਰੂਗਰਾਮ ਦੇ ਮੇਦਾਂਤਾ ਮੈਡੀਸਿਟੀ ਹਸਪਤਾਲ ਦੇ ਚੇਅਰਮੈਨ ਡਾਕਟਰ ਨਰੇਸ਼ ਤ੍ਰੇਹਨ ਨਾਲ ਗੱਲਬਾਤ ਕੀਤੀ।
ਐਂਟੀ-ਬਾਡੀ ਕਾਕਟੇਲ ਦਵਾਈ ਕੀ ਹੈ?
ਸਵਿਸ ਕੰਪਨੀ ਰਾਸ਼ ਨੇ ਇਹ ਦਵਾਈ ਬਣਾਈ ਹੈ। ਇਸ ਵਿੱਚ ਐਂਟੀ ਬਾਡ਼ੀਜ਼ ਦਾ ਮਿਸ਼ਰਣ ਮਸਨੂਈ ਤਰੀਕੇ ਨਾਲ ਲੈਬ ਵਿੱਚ ਤਿਆਰ ਕੀਤਾ ਗਿਆ ਹੈ। ਇਸ ਮਿਸ਼ਰਣ ਨੂੰ ਐਂਟੀਬਾਡੀ ਕਾਕਟੇਲ ਕਹਿੰਦੇ ਹਨ।
ਇਹ ਦਵਾਈਆਂ ਹਨ- ਕੈਸਿਰਿਮਾਬ (Casirivimab) ਅਤੇ ਇਮਡੇਵਿਮਾਬ(Imdevimab)।
ਕਿਵੇਂ ਕੰਮ ਕਰਦੀ ਹੈ?
ਜਿਉਂ ਹੀ ਦਵਾਈ ਸਰੀਰ ਦੇ ਅੰਦਰ ਪਹੁੰਚਦੀ ਹੈ ਤਾਂ ਇਹ ਵਾਇਰਸ ਨੂੰ ਲਾਕ ਕਰ ਦਿੰਦੀ ਹੈ ਅਤੇ ਵਾਇਰਸ ਸਰੀਰ ਦੀਆਂ ਕੋਸ਼ਿਕਾਵਾਂ ਵਿੱਚ ਦਾਖ਼ਲ ਨਹੀਂ ਹੋ ਪਾਉਂਦਾ।
ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਸ ਨੂੰ ਸਰੀਰ ਵਿੱਚੋਂ ਵਧਣ-ਫੁੱਲਣ ਲਈ ਜ਼ਰੂਰੀ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ।
ਮਤਲਬ ਇਹ ਹੋਇਆ ਕਿ ਇਹ ਦੋਵੇਂ ਐਂਟੀਬਾਡੀਜ਼ ਮਿਲ ਕੇ ਸਰੀਰ ਵਿੱਚ ਵਾਇਰਸ ਦੇ ਗੁਣਜ ਬਣਨ ਤੋਂ ਰੋਕ ਦਿੰਦੇ ਹਨ। ਨਤੀਜੇ ਵਜੋਂ ਵਾਇਰਸ ਬੇਅਸਰ ਹੋ ਜਾਂਦਾ ਹੈ।
ਇਹ ਵੀ ਪੜ੍ਹੋ:
ਦੁਨੀਆਂ ਵਿੱਚ ਕਿੱਥੇ-ਕਿੱਥੇ ਵਰਤੀ ਗਈ?
ਦਾਅਵਾ ਹੈ ਕਿ ਪਿਛਲੇ ਸਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇਹ ਦਵਾਈ ਕੋਵਿਡ-19 ਬੀਮਾਰੀ ਦੇ ਇਲਾਜ ਦੌਰਾਨ ਦਿੱਤੀ ਗਈ ਸੀ। ਦਵਾਈ ਦਿੱਤੇ ਜਾਣ ਦੇ ਦੋ-ਤਿੰਨ ਦਿਨਾਂ ਦੇ ਅੰਦਰ ਹੀ ਉਹ ਆਪਣੇ ਕੰਮ 'ਤੇ ਵਾਪਸ ਆ ਗਏ ਸਨ।
ਟਰੰਪ ਦਾ ਕੋਵਿਡ ਟੈਸਟ ਜਿਵੇਂ ਹੀ ਪੌਜ਼ੀਟੀਵ ਆਇਆ ਉਨ੍ਹਾਂ ਨੂੰ ਇਹ ਦਵਾਈ ਦਿੱਤੀ ਗਈ ਅਤੇ ਸਰੀਰ ਵਿੱਚ ਵਾਇਰਸ ਦਾ ਫੈਲਾਅ ਰੋਕਣ ਵਿੱਚ ਕਾਮਯਾਬੀ ਹਾਸਲ ਹੋ ਸਕੀ।
ਕੋਵਿਡ-19 ਦੀ ਦਵਾਈ ਵਜੋਂ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਲਾਗ ਰੋਕਣ ਵਿੱਚ ਇਹ ਕਿੰਨੀ ਕਾਰਗ਼ਰ ਹੈ, ਇਸ 'ਤੇ ਵੀ ਰਿਸਰਚ ਕੀਤੀ ਗਈ ਹੈ।
ਤਿੰਨ ਪੜਾਅ ਦੇ ਨਤੀਜੇ ਵਧੀਆ ਆਏ ਹਨ। ਭਾਰਤ ਵਿੱਚ ਇਸ ਨੂੰ ਹੁਣ ਮਨਜ਼ੂਰੀ ਮਿਲੀ ਹੈ। ਰਾਸ਼ ਕੰਪਨੀ ਦੇ ਨਾਲ ਭਾਰਤ ਦੀ ਸਿਪਲਾ ਕੰਪਨੀ ਨੇ ਸਮਝੌਤਾ ਕੀਤਾ ਹੈ।
ਭਾਰਤ ਦੀਆਂ ਦੂਜੀਆਂ ਦਵਾਈ ਨਿਰਮਾਤਾ ਕੰਪਨੀਆਂ ਵੀ ਭਾਰਤ 'ਚ ਇਹ ਦਵਾਈ ਬਣਾਉਣ ਦੀ ਤਿਆਰੀ ਕਰ ਰਹੀਆਂ ਹਨ।
ਕੋਵਿਡ-19 ਦੇ ਮਰੀਜ਼ ਨੂੰ ਕਦੋਂ ਦਿੱਤੀ ਜਾਵੇ?
ਡਾਕਟਰ ਤ੍ਰੇਹਨ ਦੇ ਮੁਤਾਬਕ ਜਿਵੇਂ ਹੀ ਮਰੀਜ਼ ਦਾ ਕੋਵਿਡ-19 ਟੈਸਟ ਪੌਜ਼ੀਟਿਵ ਆਵੇ ਉਸੇ ਸਮੇਂ ਡਾਕਟਰਾਂ ਦੀ ਸਲਾਹ ਨਾਲ ਇਹ ਦਵਾਈ 48-72 ਘੰਟਿਆਂ ਦੇ ਅੰਦਰ ਦਿੱਤੀ ਜਾ ਸਕਦੀ ਹੈ। ਬੀਮਾਰੀ ਪਤਾ ਲੱਗਣ ਤੋਂ ਜਿੰਨੀ ਜਲਦੀ ਹੋ ਸਕੇ ਇਹ ਦਵਾਈ ਦਿੱਤੀ ਜਾ ਸਕੇ, ਵਧੀਆ ਹੈ।
ਇਸ ਦਾ ਕਾਰਨ ਇਹ ਹੈ ਕਿ ਵਾਇਰਸ ਸਰੀਰ ਦੇ ਅੰਦਰ ਦਾਖ਼ਲ ਹੋਣ ਤੋਂ ਬਾਅਦ ਪਹਿਲੇ ਸੱਤ ਦਿਨਾਂ ਦੇ ਅੰਦਰ ਹੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਦਾ ਹੈ।
ਜਿੰਨੀ ਛੇਤੀ ਵਾਇਰਸ ਦੀਆਂ ਕਾਪੀਆਂ ਬਣਨ ਦੀ ਰਫ਼ਤਾਰ ਨੂੰ ਠੱਲ੍ਹ ਪਾਈ ਜਾ ਸਕੇ, ਮਰੀਜ਼ ਉਨੀ ਹੀ ਛੇਤੀ ਠੀਕ ਹੋਵੇਗਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੀ ਹਰ ਮਰੀਜ਼ ਨੂੰ ਦਿੱਤੀ ਜਾ ਸਕਦੀ ਹੈ?
- ਇਹ ਦਵਾਈ ਕੋਵਿਡ-19 ਦੇ ਮਾਈਲਡ ਤੋਂ ਮਾਡਰੇਟ ਮਰੀਜ਼ਾਂ ਲਈ ਹੈ। ਹਾਲਾਂਕਿ ਡਾਕਟਰੀ ਮਸ਼ਵਰਾ ਜ਼ਰੂਰੀ ਹੈ।
- ਡਾਇਬਿਟੀਜ਼, ਬਲੱਡਪ੍ਰੈੱਸ਼ਰ,ਕੈਂਸਰ, ਕਿਡਨੀ ਅਤੇ ਲੀਵਰ ਦੀਆਂ ਹੋਰ ਬੀਮਾਰੀਆਂ ਨਾਲ ਲੜ ਰਹੇ ਮਰੀਜ਼, ਵੱਡੀ ਉਮਰ ਦੇ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਜਾਵੇ ਤਾਂ 70 ਫ਼ੀਸਦ ਮਰੀਜ਼ਾਂ ਨੂੰ ਹਸਪਤਾਲ ਜਾਣ ਤੋਂ ਬਚਾਇਆ ਜਾ ਸਕਦਾ ਹੈ।
- ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼ਾਂ ਨੂੰ ਖ਼ਤਰੇ ਨੂੰ ਦੇਖਦੇ ਹੋਏ ਹਸਪਤਾਲ ਲਿਜਾਣ ਦੀ ਲੋੜ ਪਈ ਉਨ੍ਹਾਂ ਵਿੱਚ ਵੀ 70 ਫ਼ੀਸਦੀ ਮਰੀਜ਼ਾਂ ਦੀ ਜਾਨ ਇਸ ਦਵਾਈ ਨਾਲ ਬਚਾਈ ਜਾ ਸਕੀ। ਅਜਿਹਾ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ।
- 12 ਸਾਲ ਤੋਂ ਵੱਡੀ ਉਮਰ ਦੇ ਉਹ ਬੱਚੇ ਜਿਨ੍ਹਾਂ ਦਾ ਭਾਰ 40 ਕਿੱਲੋਂ ਤੋਂ ਜ਼ਿਆਦਾ ਹੈ।
- ਜੇ ਕੋਈ ਮਰੀਜ਼ ਆਕਸੀਜਨ ਸਪੋਰਟ 'ਤੇ ਹੈ, ਹਸਪਤਾਲ ਵਿੱਚ ਭਰਤੀ ਹੈ, ਜਿਨ੍ਹਾਂ ਦਾ ਕੋਰੋਨਾ ਵਿਗੜ ਚੁੱਕਿਆ ਹੈ, ਜਿਨ੍ਹਾਂ ਦੇ ਫੇਫੜਿਆਂ ਵਿੱਚ ਵਾਇਰਸ ਘਰ ਬਣਾ ਚੁੱਕਿਆ ਹੈ, ਉਨ੍ਹਾਂ 'ਤੇ ਇਹ ਦਵਾਈ ਕਾਰਗਰ ਨਹੀਂ ਹੈ।
- ਵਾਇਰਸ ਦੇ ਸਰੀਰ ਦੇ ਅੰਦਰ ਜਾਣ ਦੇ ਸੱਤ ਤੋਂ 10 ਦਿਨਾਂ ਦੇ ਅੰਦਰ ਇਹ ਦਵਾਈ ਸਭ ਤੋਂ ਜ਼ਿਆਦਾ ਅਸਰ ਨਜ਼ਰ ਆਉਂਦਾ ਹੈ।
ਘਰੇ ਇਕਾਂਤਵਾਸ ਕਰ ਰਹੇ ਮਰੀਜ਼?
ਇਸ ਦਵਾਈ ਨੂੰ ਡਾਕਟਰਾਂ ਦੀ ਦੇਖਭਾਲ ਵਿੱਚ ਹੀ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਤੁਹਾਨੂੰ ਡਾਕਟਰ ਕੋਲ ਜਾ ਕੇ ਓਪੀਡੀ ਵਿੱਚ ਟੀਕਾ ਲਗਵਾਉਣਾ ਪਵੇਗਾ।
ਟੀਕੇ ਤੋਂ ਬਾਅਦ ਇੱਕ ਘੰਟੇ ਤੱਕ ਮਰੀਜ਼ ਨੂੰ ਡਾਕਟਰੀ ਨਿਗਰਾਨੀ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਕਿਸੇ ਬੁਰੇ ਅਸਰ ਦੀ ਸੂਰਤ ਵਿੱਚ ਤੁਰੰਤ ਡਾਕਟਰੀ ਮਦਦ ਮਿਲ ਸਕੇ।
ਫਿਲਹਾਲ ਕੁਝ ਚੋਣਵੇਂ ਹਸਪਤਾਲਾਂ ਵਿੱਚ ਇਸ ਦਵਾਈ ਬਾਰੇ ਸਟਾਫ਼ ਨੂੰ ਸਿਖਲਾਈ ਦਿੱਤੀ ਗਈ ਹੈ। ਜਿਨ੍ਹਾਂ ਵਿੱਚ ਮੇਦਾਂਤਾ ਅਤੇ ਅਪੋਲੋ ਹਸਪਤਾਲ ਸ਼ਾਮਲ ਹਨ। ਫਿਲਹਾਲ ਆਮ ਆਦਮੀ ਇਸ ਨੂੰ ਬਜ਼ਾਰ ਵਿੱਚੋਂ ਨਹੀਂ ਖ਼ਰੀਦ ਸਕਦਾ।
ਕਿੰਨੀ ਖ਼ੁਰਾਕ?
ਇਸ ਐਂਟੀਬਾਡੀ ਕਾਕਟੇਲ ਦੀ 1200 ਮਿਲੀਗ੍ਰਾਮ (ਕੈਸਿਰਿਵਿਮਾਬ 600 ਅਤੇ ਅਮਡੇਵਿਮਾਬ 600) ਦੀ ਇੱਕ ਖ਼ੁਰਾਕ ਦਿੱਤੀ ਜਾਣੀ ਚਾਹੀਦੀ ਹੈ।
ਇੱਕ ਡੋਜ਼ ਦੀ ਕੀਮਤ 59 ਹਜ਼ਾਰ 750 ਰੁਪਏ ਹੈ। ਇਸ ਦਵਾਈ ਦੇ ਇੱਕ ਪੈਕਟ ਨਾਲ ਦੋ ਮਰੀਜ਼ਾਂ ਦਾਂ ਇਲਾਜ ਕੀਤਾ ਜਾ ਸਕਦਾ ਹੈ।
ਇਸ ਨੂੰ ਦੋ ਤੋਂ ਅੱਠ ਡਿਗਰੀ ਤਾਪਮਾਨ 'ਤੇ ਸਧਾਰਣ ਫਰਿਜ ਵਿੱਚ ਰੱਖਿਆ ਜਾ ਸਕਦਾ ਹੈ।
ਅਪੋਲੋ ਹਸਪਤਾਲ ਵੱਲੋਂ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਖੇਪ ਵਿੱਚ ਭਾਰਤ ਨੂੰ ਦਵਾਈ ਦੇ ਇੱਕ ਲੱਖ ਪੈਕਟ ਮਿਲੇ ਸਨ।
ਐਂਟੀਬਾਡੀ ਕਾਕਟੇਲ ਦੇ ਬੁਰੇ ਅਸਰ?
ਦੁਨੀਆਂ ਭਰ ਵਿੱਚ ਹਜ਼ਾਰਾਂ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਜਾ ਚੁੱਕੀ ਹੈ ਪਰ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਹੁਣ ਤੱਕ ਇਸ ਦਾ ਕੋਈ ਬੁਰਾ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ। ਨਿੱਕੇ ਮੋਟੇ ਤੌਰ 'ਤੇ ਅਲਰਜੀ ਜਾਂ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਜ਼ਰੂਰ ਆਏ ਹਨ।
ਕਿਉਂਕਿ ਇਸ ਦਵਾਈ ਨੂੰ ਭਾਰਤ ਵਿੱਚ ਹਾਲ ਹੀ ਵਿੱਚ ਐਮਰਜੈਂਸੀ ਹਾਲਤਾਂ ਵਿੱਚ ਵਰਤੋਂ ਦੀ ਪ੍ਰਵਾਨਗੀ ਮਿਲੀ ਹੈ। ਇਸ ਲਈ ਸਿਖਲਾਈ ਯਾਫ਼ਤਾ ਡਾਕਟਰਾਂ ਅਤੇ ਹਸਪਤਾਲ ਵਿੱਚ ਹੀ ਲਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਕਿ ਮਰੀਜ਼ਾਂ ਦਾ ਟੀਕਾ ਲਾਉਣ ਤੋਂ ਬਾਅਦ ਖ਼ਿਆਲ ਰੱਖਿਆ ਜਾ ਸਕੇ।
ਕੋਵਿਡ-19 ਹੋਣ ਤੋਂ ਪਹਿਲਾਂ ਸਾਵਧਾਨੀ ਵਜੋਂ ਲਈ ਜਾ ਸਕਦੀ ਹੈ?
ਡਾਕਟਰ ਸਾਵਧਾਨੀ ਵਜੋਂ ਇਹ ਦਵਾਈ ਲੈਣ ਦੀ ਸਲਾਹ ਨਹੀਂ ਦਿੰਦੇ ਹਨ। ਸਰੀਰ ਵਿੱਚ ਇਸ ਦਾ ਅਸਰ 3-4 ਹਫ਼ਤਿਆਂ ਤੱਕ ਹੀ ਰਹਿੰਦਾ ਹੈ। ਜਦੋਂ ਤੱਕ ਕੋਵਿਡ-19 ਦੀ ਆਰਟੀਪੀਸੀਆਰ ਟੈਸਟ ਰਿਪੋਰਟ ਪੌਜ਼ੀਟਿਵ ਨਾ ਆਵੇ ਇਹ ਦਵਾਈ ਲੈਣ ਦੀ ਸਲਾਹ ਨਹੀਂ ਦਿੱਤੀ ਜਾ ਰਹੀ।
ਹਾਲਾਂਕਿ ਜੇ ਕੋਰੋਨਾਵਾਇਰਸ ਵੈਕਸੀਨ ਲੱਗਣ ਤੋਂ ਬਾਅਦ ਤੁਹਾਨੂੰ ਲਾਗ ਹੁੰਦੀ ਹੈ ਤਾਂ ਇਹ ਦਵਾਈ ਲਈ ਜਾ ਸਕਦੀ ਹੈ।
ਕੋਵਿਡ-19 ਦੇ ਵੇਰੀਐਂਟ ’ਤੇ ਕਾਰਗਰ?
ਡਾਕਟਰ ਤ੍ਰੇਹਨ ਦਾ ਦਾਅਵਾ ਹੈ ਕਿ ਕਿਉਂਕਿ ਐਂਟੀਬਾਡੀ ਮਸਨੂਈ ਤਰੀਕੇ ਨਾਲ ਲੈਬ ਵਿੱਚ ਬਣਾਈ ਗਈ ਹੈ, ਨਵਾਂ ਵੇਰੀਐਂਟ ਆਉਣ ਨਾਲ ਵੀ ਇਹ ਬੇਅਸਰ ਨਹੀਂ ਹੋਵੇਗੀ।
ਕੁਝ ਬਦਲਾਵਾਂ ਨਾਲ ਕੋਵਿਡ-19 ਦੇ ਨਵੇਂ ਵੇਰੀਐਂਟ ਦੇ ਖ਼ਿਲਾਫ਼ ਇਸ ਨੂੰ ਸਹਿਜੇ ਹੀ ਕਾਰਗਰ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: