ਤਰੁਣ ਤੇਜਪਾਲ: ਪੱਤਰਕਾਰ ਜਿਸ ਕਾਰਨ NDA ਸਰਕਾਰ ਮੁਸ਼ਕਲਾਂ 'ਚ ਘਿਰੀ ਤੇ ਰੱਖਿਆ ਮੰਤਰੀ ਨੂੰ ਅਸਤੀਫਾ ਦੇਣਾ ਪਿਆ

    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਗੋਆ ਦੀ ਇੱਕ ਅਦਾਲਤ ਨੇ ਪੱਤਰਕਾਰ ਅਤੇ ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਦੇ ਖ਼ਿਲਾਫ਼ ਰੇਪ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ।

ਤਰੁਣ ਤੇਜਪਾਲ ਉੱਪਰ ਆਪਣੀ ਸਹਿਕਰਮੀ ਦੇ ਨਾਲ ਬਲਾਤਕਾਰ ਦੇ ਇਲਜ਼ਾਮ ਸਨ।

ਪੀੜਤਾ ਨੇ ਉਨ੍ਹਾਂ ਉੱਪਰ ਇਹ ਇਲਜ਼ਾਮ ਲਾਇਆ ਸੀ ਕਿ ਨਵੰਬਰ 2013 ਵਿੱਚ ਤਹਿਲਕਾ ਮੈਗਜ਼ੀਨ ਵੱਲੋਂ ਰੱਖੇ ਇੱਕ ਈਵੈਂਟ ਵਿੱਚ ਉਨ੍ਹਾਂ ਦੇ ਨਾਲ ਬਦ ਸਲੂਕੀ ਕੀਤੀ ਗਈ ਸੀ।

ਇਹ ਵੀ ਪੜ੍ਹੋ

ਕੀ ਹੈ ਮਾਮਲਾ?

ਤਰੁਣ ਤੇਜਪਾਲ ਨੂੰ ਕੇਸ ਵਿੱਚ 30 ਨਵੰਬਰ 2013 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਉੱਪਰ ਆਈਪੀਸੀ ਦੀ ਧਾਰਾ 341 ਤਹਿਤ (ਗ਼ਲਤ ਤਰੀਕੇ ਨਾਲ ਕਾਬੂ ਕਰਨਾ) ਧਾਰਾ 342 ( ਗ਼ਲਤ ਤਰੀਕੇ ਨਾਲ ਬੰਦੀ ਬਣਾਉਣਾ), ਧਾਰਾ 354-ਏ ( ਕਿਸੇ ਔਰਤ ਨਾਲ ਜਿਣਸੀ ਦੁਰਵਿਹਾਰ ਅਤੇ ਕੁਆਰ ਭੰਗ ਕਰਨ ਦੀ ਕੋਸ਼ਿਸ਼),ਧਾਰਾ 376 (ਬਲਾਤਕਾਰ) ਲਾਈਆਂ ਗਈਆਂ ਸਨ।

ਗੋਆ ਕ੍ਰਾਈਮ ਬਰਾਂਚ ਦਾ ਕਹਿਣਾ ਸੀ ਕਿ ਹੋਟਲ ਦੀ ਲਿਫ਼ਟ ਦੇ ਅੰਦਰਲੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਸਨ ਪਰ ਲਿਫ਼ਟ ਦੇ ਬਾਹਰ ਲੱਗੇ ਕੈਮਰਿਆਂ ਤੋਂ ਜੁਰਮ ਦੇ ਹੋਣ ਬਾਰੇ ਪਤਾ ਲਗਦਾ ਹੈ।

ਤੇਜਪਾਲ ਉੱਪਰ ਅਪਰਾਧਿਕ ਸੋਧ ਕਾਨੂੰਨ 2013 ਦੀ ਧਾਰਾ 376 (2) (ਕੇ) ਦੇ ਅਧੀਨ ਵੀ ਇਲਜ਼ਾਮ ਲਾਇਆ ਗਿਆ ਸੀ। ਇਸ ਦਾ ਮਤਲਬ ਹੈ ਕਿ ਇੱਕ ਅਜਿਹੇ ਵਿਅਕਤੀ ਵੱਲੋਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਔਰਤ ਨੂੰ ਕਾਬੂ ਕਰ ਸਕਣ ਦੀ ਸਥਿਤੀ ਵਿੱਚ ਹੋਵੇ।

ਉਨ੍ਹਾਂ ਉੱਪਰ ਇਹ ਇਲਜ਼ਾਮ ਵੀ ਲਾਇਆ ਗਿਆ ਕਿ ਉਨ੍ਹਾਂ ਨੇ ਇੱਕ ਅਜਿਹੀ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜੋ ਉਨ੍ਹਾਂ ਨੂੰ ਆਪਣਾ ਰਾਖਾ ਮੰਨਦੀ ਸੀ।

ਪੁਲਿਸ ਨੇ ਅਦਾਲਤ ਸਾਹਮਣੇ ਲਗਭਗ 3000 ਪੇਜਾਂ ਦੀ ਚਾਰਜਸ਼ੀਟ ਰੱਖੀ। ਸਰਕਾਰੀ ਪੱਖ ਨੇ ਇਸ ਤੋਂ ਇਲਾਵਾ 156 ਗਵਾਹਾਂ ਦੀ ਸੂਚੀ ਵੀ ਅਦਾਲਤ ਨੂੰ ਦਿੱਤੀ ਸੀ ਜਿਨ੍ਹਾਂ ਵਿੱਚੋਂ 70 ਦੇ ਦੋਬਾਰਾ ਬਿਆਨ ਲਏ ਗਏ ਸਨ।

ਮਾਮਲੇ ਦੀ ਸੁਣਾਵਾਈ ਇਨ-ਕੈਮਰਾ ਸੀ ਭਾਵ ਕਿ ਪੱਤਰਕਾਰ ਸੁਣਵਾਈ ਸਮੇਂ ਅਦਾਲਤ ਵਿੱਚ ਮੌਜੂਦ ਨਹੀਂ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪਿਛੋਕੜ ਵਿੱਚ ਜਾਈਏ ਤਾਂ...

ਤੇਜਪਾਲ ਨੇ ਸ਼ੁਰੂ ਵਿੱਚ ਇਲਜ਼ਾਮਾਂ ਦਾ ਖੰਡਨ ਕੀਤਾ ਪਰ ਬਾਅਦ ਵਿੱਚ ਉਨ੍ਹਾਂ ਨੇ ਅਧਿਕਾਰੀਆਂ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕਰਨ ਦੀ ਅਪੀਲ ਕੀਤੀ ਤਾਂ ਜੋ ਸਹੀ ਘਟਨਾਕ੍ਰਮ ਸਾਹਮਣੇ ਆ ਸਕੇ। 

ਤੇਜਪਾਲ ਦਾ ਇਹ ਵੀ ਕਹਿਣਾ ਸੀ ਕਿ ਇਹ ਕੇਸ ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਤਤਕਾਲੀ ਗੋਆ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਦਾਇਰ ਕੀਤਾ ਗਿਆ ਹੈ।

ਇਹ ਕੇਸ ਇਸ ਕਾਰਨ ਤੋਂ ਵੀ ਚਰਚਾ ਵਿੱਚ ਆਇਆ ਕਿਉਂਕਿ ਉਸ ਸਮੇਂ ਦਿੱਲੀ ਦੇ ਨਿਰਭਿਆ ਕਾਂਡ ਕਾਰਨ ਔਰਤਾਂ ਦੇ ਜਿਣਸੀ ਸ਼ੋਸ਼ਣ ਦੇ ਮਾਮਲੇ ਚਰਚਾ ਵਿੱਚ ਸੀ।

ਆਲੋਚਕਾਂ ਦਾ ਕਹਿਣਾ ਸੀ ਕਿ ਤਹਿਲਕਾ ਜੋ ਕਿ ਖ਼ੁਦ ਔਰਤਾਂ ਦੇ ਸ਼ੋਸ਼ਣ ਦੇ ਖ਼ਿਲਾਫ਼ ਲਿਖਦਾ ਹੈ, ਉਸਦੇ ਸੰਪਾਦਕ ਉੱਪਰ ਰੇਪ ਦੇ ਇਲਜ਼ਾਮ ਲ਼ੱਗੇ ਸਨ।

ਭਾਜਪਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇਸਤਰੀ ਵਿੰਗਾਂ ਵੱਲੋਂ ਤੇਜਪਾਲ ਦੀ ਗ੍ਰਿਫ਼ਤਾਰੀ ਲਈ ਰੋਸ ਪ੍ਰਦਰਸ਼ਨ ਕੀਤੇ ਗਏ ਸਨ।

ਬਾਅਦ ਵਿੱਚ 30 ਨਵੰਬਰ 2013 ਨੂੰ ਤੇਜਪਾਲ, ਗ੍ਰਿਫ਼ਤਾਰ ਕਰ ਲਏ ਗਏ ਅਤੇ 7 ਮਹੀਨਿਆਂ ਬਾਅਦ ਜ਼ਮਾਨਤ 'ਤੇ ਰਿਹਾ ਕਰ ਦਿੱਤੇ ਗਏ।

ਬਾਅਦ ਵਿੱਚ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਅਪੀਲ ਕਰ ਕੇ ਆਪਣੇ ਤੇ ਲੱਗੇ ਇਲਜ਼ਾਮ ਕੁਐਸ਼ ਕਰਵਾਉਣ ਦੀ ਅਸਫ਼ਲ ਕੋਸ਼ਿਸ਼ ਵੀ ਕੀਤੀ ਸੀ।

ਕੌਣ ਹਨ ਤਰੁਣ ਤੇਜਪਾਲ?

ਤਹਿਲਕਾ ਮੈਗਜ਼ੀਨ ਦੇ ਇੱਕ ਸਟਿੰਗ ਨੇ ਤਤਕਾਲੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਮੁਸ਼ਕਿਲਾਂ 'ਚ ਪਾ ਦਿੱਤਾ ਸੀ।

ਉਸ ਵੇਲੇ ਦੀ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਨੂੰ ਆਪਣੇ ਅਹੁਦੇ ਤੋਂ ਅਸਤੀਆ ਵੀ ਦੇਣਾ ਪਿਆ ਸੀ।

ਤਰੁਣ ਤੇਜਪਾਲ ਨੇ ਸਾਲ 2000 ਵਿੱਚ ਤਹਿਲਕਾ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਸੀ। ਤਹਿਲਕਾ ਨੇ ਬਹੁਤ ਘੱਟ ਸਮੇਂ ਵਿੱਚ ਖੋਜੀ ਪੱਤਰਕਾਰਤਾ ਕਰਨ ਲਈ ਬਹੁਤ ਘੱਟ ਸਮੇਂ ਵਿੱਚ ਨਾਂ ਖੱਟਿਆ।

ਸਟਿੰਗ ਆਪਰੇਸ਼ਨ ਤਹਿਲਕਾ ਦੀ ਖਾਸੀਅਤ ਸੀ। ਤਹਿਲਕਾ ਦੇ ਰਿਪੋਰਟਰ ਆਪਣੀ ਪਛਾਣ ਬਦਲ ਕੇ ਲੁਕੇ ਕੈਮਰਿਆਂ ਤੋਂ ਆਮ ਜ਼ਿੰਦਗੀ ਵਿੱਚ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਦਾ ਕੰਮ ਕਰਦੇ ਸਨ।

ਤਹਿਲਕਾ ਮੈਗਜ਼ੀਨ ਨੇ ਸਭ ਤੋਂ ਜ਼ਿਆਦਾ ਨਾਂ 2011 ਵਿੱਚ ਆਪਣੇ ਆਪਰੇਸ਼ਨ ਵੈਸਟ ਐਂਡ ਦੇ ਲਈ ਕਮਾਇਆ।

ਰਿਪੋਰਟਰਾਂ ਨੇ ਖੁਦ ਨੂੰ ਹਥਿਆਰਾਂ ਦੇ ਡੀਲਰ ਦੇ ਤੌਰ 'ਤੇ ਪੇਸ਼ ਕੀਤਾ, ਰਿਸ਼ਵਤ ਅਤੇ ਵੇਸਵਾਵਾਂ ਦੇ ਆਫਰ ਵੀ ਦਿੱਤੇ।

ਫੌਜੀ ਅਧਿਕਾਰੀਆਂ, ਨੌਕਰਸ਼ਾਹਾਂ ਅਤੇ ਇੱਥੋ ਤੱਕ ਕਿ ਸੱਤਾਧਾਰੀ ਭਾਰਤੀ ਜਨਤਾ ਦੇ ਆਗੂ ਨੂੰ ਵੀ ਹਥਿਆਰਾਂ ਦੀ ਡੀਲ ਕਰਾਉਣ ਲਈ ਰਿਸ਼ਤਵਰ ਲੈਂਦੇ ਹੋਏ ਹਿਡਨ ਕੈਮਰੇ ਵਿੱਚ ਕੈਦ ਕੀਤਾ ਸੀ।

ਉਸੇ ਸਾਲ ਏਸ਼ਿਆਵੀਕ ਮੈਗਜ਼ੀਨ ਨੇ ਤੇਜਪਾਲ ਨੂੰ ਏਸ਼ਿਆ ਦੇ 50 ਸਭ ਤੋਂ ਤਾਕਤਵਰ ਪੱਤਰਕਾਰਾਂ ਵਿੱਚੋਂ ਇੱਕ ਮੰਨਿਆ ਸੀ। ਤਹਿਲਕਾ ਮੈਗਜ਼ੀਨ ਦੇ ਸਟਿੰਗ ਦੀ ਤੁਲਨਾ ਬ੍ਰਿਟੇਨ ਦੇ ਗਾਰਡਿਅਨ ਅਖ਼ਬਾਰ ਨੇ ਅਮਰੀਕਾ ਦੇ 'ਵਾਟਰਗੇਟ' ਮਾਮਲੇ ਨਾਲ ਕੀਤੀ।

ਸਾਬਕਾ ਫੌਜੀ ਅਫ਼ਸਰ ਦੇ ਪੁੱਤਰ ਤਰੁਣ ਤੇਜਪਾਲ ਨੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਤਹਿਲਕਾ ਤੋਂ ਪਹਿਲਾਂ ਉਹ ਆਊਟਲੁੱਕ ਤੇ ਇੰਡੀਆ ਟੁਡੇ 'ਚ ਕੰਮ ਕਰ ਚੁੱਕੇ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)