ਕੋਰੋਨਾਵਾਇਰਸ: ਭਾਰਤ ਮਹਾਮਾਰੀ ਉੱਤੇ ਕਾਬੂ ਪਾਉਣ ਲਈ ਚੀਨ ਦਾ ਕਿਹੜਾ ਢੰਗ ਅਪਣਾਏ

ਇਸ ਪੰਨੇ ਰਾਹੀ ਅਸੀਂ ਕੋਰੋਨਾਵਾਇਰਸ ਨਾਲ ਜੁੜੇ ਅਹਿਮ ਘਟਨਾਕ੍ਰਮ ਤੁਹਾਡੇ ਤੱਕ ਪਹੁੰਚਾ ਰਹੇ ਹਾਂ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇੱਕ ਪ੍ਰੈਸ ਬਿਆਨ ਰਾਹੀ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੀ ਸੁਸਤੀ ਅਤੇ ਗੈਰਸਮਰੱਥਾ ਉੱਤੇ ਰੋਸ ਪ੍ਰਗਟਾਉਂਦਿਆਂ ਸਰਕਾਰ ਨੂੰ ਨੀਂਦ ਤੋਂ ਜਾਗਣ ਲਈ ਕਿਹਾ ਹੈ।

ਆਈਐਮਏ ਨੇ ਕਿਹਾ ਕਿ ਮੈਡੀਕਲ ਪ੍ਰੋਫੈਸ਼ਨਲਜ਼ ਵਲੋਂ ਮਹਾਮਾਰੀ ਦੇ ਟਾਕਰੇ ਲਈ ਸਾਂਝੀ ਚੇਤਨਤਾ ਅਤੇ ਸਰਗਰਮੀ ਨਾਲ ਸੁਝਾਵਾਂ ਦੀਆਂ ਅਪੀਲਾਂ ਦਾ ਬਹੁਤਾ ਅਸਰ ਦਿਖਾਈ ਨਹੀਂ ਦੇ ਰਿਹਾ।

ਦੋ ਪੰਨਿਆਂ ਦੇ ਪੱਤਰ ਵਿਚ ਕਿਹਾ ਗਿਆ ਹੈ ਕਿ ਆਈਐਮਏ ਨੇ 6 ਅਪ੍ਰੈਲ ਨੂੰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਸ਼ੁਰੂ ਕਰਨ ਲਈ ਕਿਹਾ ਸੀ , ਇਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 01 ਮਈ ਤੋਂ ਸ਼ੁਰੂ ਕਰਨ ਦਾ ਐਲਾਨ ਤਾਂ ਕੀਤਾ, ਪਰ ਸਿਹਤ ਮੰਤਰਾਲਾ ਇਸ ਲਈ ਲੋੜੀਂਦੇ ਪ੍ਰਬੰਧ ਨਹੀਂ ਕਰ ਸਕਿਆ।

ਆਈਐੱਮਏ ਨੇ ਜੋ ਨੁਕਤੇ ਚੁੱਕੇ

ਦੇਸ ਵਿਚ 18-45 ਸਾਲ ਤੋਂ ਗਰੁੱਪ ਦੇ ਲੋਕਾਂ ਲਈ ਮੁਲਕ ਵਿਚ ਟੀਕਾਕਰਨ ਸ਼ੁਰੂ ਨਾ ਹੋਣ ਉੱਤੇ ਆਈਐਮਏ ਨੇ ਸਵਾਲ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਹੀ ਲਾਗੂ ਹੁੰਦਾ ਤਾਂ ਹੋਰ ਕਿਸ ਨੂੰ ਦੋਸ਼ ਦਿੱਤਾ ਜਾ ਸਕਦਾ ਹੈ।

ਪੱਤਰ ਵਿਚ ਅੱਗੇ ਲਿਖਿਆ ਗਿਆ ਹੈ ਕਿ ਆਕਸੀਜਨ ਦਾ ਸੰਕਟ ਅਜੇ ਵੀ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ, ਆਕਸੀਜਨ ਦੀ ਲਗਾਤਾਰ ਘਾਟ ਕਾਰਨ ਮਰੀਜ਼ਾਂ ਤੇ ਸਿਹਤ ਪੇਸ਼ੇਵਰ ਭਾਈਚਾਰੇ ਵਿਚ ਦਸ਼ਹਿਤ ਬਣੀ ਹੋਈ ਹੈ।

ਆਈਐਮਏ ਮੁਤਾਬਕ ਭਾਰਤ ਵਿਚ ਆਕਸੀਜਨ ਦਾ ਉਤਪਾਦਨ ਹੋਣ ਦੇ ਬਾਵਜੂਦ ਵੰਡ ਪ੍ਰਣਾਲੀ ਪ੍ਰਭਾਵੀ ਤਰੀਕੇ ਨਾਲ ਲਾਗੂ ਨਹੀਂ ਹੋ ਪਾ ਸਕੀ । ਨਿੱਜੀ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਨਹੀਂ ਦਿੱਤੀ ਜਾ ਰਹੀ ਅਤੇ ਸਰਕਾਰੀ ਵਿਚ ਮਰੀਜ਼ਾਂ ਦੇ ਵੱਡੀ ਗਿਣਤੀ ਕਾਰਨ ਪ੍ਰਬੰਧ ਨਿਗੂਣੇ ਸਾਬਿਤ ਹੋ ਰਹੇ ਹਨ।

15 ਦਿਨਾਂ ਬਾਅਦ ਵੀ ਸਰਕਾਰ ਮਸਲੇ ਦੇ ਹੱਲ ਲਈ ਹਮਲਾਵਰ ਰੁਖ ਨਹੀਂ ਆਪਣਾ ਰਹੀ ਅਤੇ ਮਜਬੂਰੀਵਸ ਲੋਕਾਂ ਨੂੰ ਅਦਾਲਤਾਂ ਦਾ ਸਹਾਰਾ ਲੈਣ ਪੈ ਰਿਹਾ ਹੈ।

ਆਈਐੱਮਏ ਨੇ ਟੈਸਟਿੰਗ ਵਧਾਉਣ ਦੇ ਨਾਲ ਨਾਲ ਵਾਇਰਸ ਦੀ ਗੁਣਸੂਤਰੀ ਲੜੀ (ਜੀਨ ਸੀਕੂਐਸਿੰਗ) ਦੀ ਸ਼ਨਾਖ਼ਤ ਕਰਨ ਲਈ ਕਿਹਾ, ਇਸ ਤੋਂ ਬਿਨਾਂ ਇਹ ਸ਼ਨਾਖ਼ਤ ਨਹੀਂ ਹੋ ਸਕੇਗਾ ਕਿ ਮੁਲਕ ਵਿਚ ਵਾਇਰਸ ਦੀਆਂ ਕਿੰਨੀਆਂ ਕਿਸਮਾਂ ਹਨ। ਇਸੇ ਦੇ ਆਧਾਰ ਉੱਤੇ ਕੋਰੋਨਾ ਖ਼ਿਲਾਫ਼ ਜੰਗ ਦਾ ਰਣਨੀਤੀ ਬਣਦੀ ਹੈ।

ਆਈਐਮਏ ਨੇ ਕਿਹਾ ਹੈ ਕਿ ਕੋਰੋਨਾ ਦੇ ਪਹਿਲੀ ਲਹਿਰ ਵਿਚ 157 ਡਾਕਟਰਾਂ ਦੀ ਜਾਨ ਗਈ ਸੀ ਅਤੇ ਹੁਣ ਥੋੜੇ ਹੀ ਸਮੇਂ ਵਿਚ 146 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਨੂੰ ਚਾਹੀਦੀ ਹੈ ਕਿ ਉਹ ਕੋਵਿਡ ਕਾਰਨ ਹੋ ਰਹੀਆਂ ਮੌਤਾਂ ਦੇ ਅੰਕੜੇ ਨੂੰ ਪਾਰਦਰਸ਼ਤਾ ਨਾਲ ਰਿਪੋਰਟ ਕਰੇ। ਬਹੁਤ ਸਾਰੀਆਂ ਮੌਤਾਂ ਨੂੰ ਨੌਨ-ਕੋਵਿਡ ਦੇ ਖਾਤੇ ਵਿਚ ਜੋੜਿਆ ਜਾ ਰਿਹਾ ਹੈ।

ਇਸ ਤਰ੍ਹਾਂ ਲੋੜੀਆਂ ਦਵਾਈਆਂ ਦੀ ਉਪਲੱਬਧਤਾ ਅਤੇ ਯੋਜਨਾਬੰਦੀ ਵਿਚ ਤੇਜੀ ਲਿਆਉਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ :

ਭਾਰਤੀ ਚੀਨ ਤੋਂ ਕੀ ਸਿੱਖੇ

ਅਮਰੀਕਾ ਦੇ ਮੰਨੇ ਪ੍ਰਮੰਨੇ ਸਿਹਤ ਮਾਹਰ ਡਾ. ਐਂਥਨੀ ਫਾਊਚੀ ਨੇ ਕਿਹਾ ਹੈ ਕਿ ਭਾਰਤ 'ਚ ਕੋਵਿਡ-19 ਦੇ ਮੌਜੂਦਾ ਸੰਕਟ ਤੋਂ ਉਭਰਨ ਲਈ ਲੋਕਾਂ ਦਾ ਟੀਕਾਕਰਨ ਕੀਤੇ ਜਾਣਾ ਹੀ ਇੱਕੋ-ਇੱਕ ਹੱਲ ਹੈਉਨ੍ਹਾਂ ਨੇ ਇਸ ਮਹਾਂਮਾਰੀ ਨਾਲ ਨਜਿੱਠਣ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਕੋਵਿਡ ਵੈਕਸੀਨੇਸ਼ਨ ਦੇ ਉਤਪਾਦਨ ਨੂੰ ਵਧਾਉਣ ਤੇ ਜ਼ੋਰ ਦਿੱਤਾ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਮੁੱਖ ਮੈਡੀਕਲ ਸਲਾਹਕਾਰ ਐਂਥਨੀ ਫਾਊਚੀ ਨੇ ਏਬੀਸੀ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਆਖਿਆ, ''ਇਸ ਮਹਾਂਮਾਰੀ ਦਾ ਪੂਰੀ ਤਰ੍ਹਾਂ ਖ਼ਾਤਮਾ ਕਰਨ ਲਈ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ। ਭਾਰਤ ਦੁਨੀਆਂ ਦਾ ਸ਼ਭ ਤੋਂ ਵੱਡਾ ਟੀਕਾ ਨਿਰਮਾਤਾ ਦੇਸ਼ ਹੈ। ਉਨ੍ਹਾਂ ਨੂੰ ਆਪਣੇ ਸੰਸਾਧਨ ਨਾ ਸਿਰਫ਼ ਮੁਲਕ ਦੇ ਅੰਦਰੋਂ ਮਿਲ ਰਹੇ ਹਨ ਸਗੋਂ ਬਾਹਰੋਂ ਵੀ ਮਿਲ ਰਹੇ ਹਨ।''

ਡਾ. ਫਾਊਚੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਾਰਤ ਨੂੰ ਤੁਰੰਤ ਆਰਜ਼ੀ ਹਸਪਤਾਲ ਬਣਾਉਣ ਦੀ ਲੋੜ ਹੈ, ਜਿਸ ਤਰ੍ਹਾਂ ਕਰੀਬ 1 ਸਾਲ ਪਹਿਲਾਂ ਚੀਨ ਨੇ ਕੀਤਾ ਸੀ।

ਓਵੈਸੀ ਨੇ ਕਿਹਾ ਮੋਦੀ ਮਾਫ਼ੀ ਮੰਗਣ

ਏਆਈਐੱਮਆਈਐੱਮ ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁੱਦੀਨ ਓਵੈਸੀ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।

ਓਵੈਸੀ ਨੇ ਕਿਹਾ, "ਸਰਕਾਰ ਦੀ ਗਲਤ ਪਲਾਨਿੰਗ ਕਾਰਨ, ਅਧਿਕਾਰਤ ਤੌਰ 'ਤੇ ਹਰ ਰੋਜ਼ 4 ਹਜ਼ਾਰ ਲੋਕ ਮਰ ਰਹੇ ਹਨ। ਸਿਰਫ਼ 4 ਹਜ਼ਾਰ ਨਹੀਂ, ਮੋਦੀ ਜਾਣਦੇ ਹਨ ਕਿ ਰੋਜ਼ਾਨਾ 10 ਹਜ਼ਾਰ ਦੇ ਕਰੀਬ ਲੋਕ ਮਰ ਰਹੇ ਹਨ। ਇਹ ਸਾਰੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਦੀ ਹੈ।"

ਓਵੈਸੀ ਨੇ ਕਿਹਾ ਕਿ ਵਿਗਿਆਨੀਆਂ ਨੇ ਦੂਜੀ ਲਹਿਰ ਬਾਰੇ ਦੱਸਿਆ ਸੀ। ਪਰ ਇਹ ਲੋਕ ਸੌਂ ਰਹੇ ਸਨ। ਉਨ੍ਹਾਂ ਨੂੰ ਸਭ ਕੁਝ ਦੱਸਿਆ ਗਿਆ ਸੀ ਪਰ ਇਨ੍ਹਾਂ ਨੇ ਤਿਆਰੀ ਨਹੀਂ ਕੀਤੀ ਸੀ।

ਕਾਂਗਰਸ ਨੇ ਵਿਸ਼ੇਸ਼ ਸਦਨ ਬੁਲਾਉਣ ਦੀ ਮੰਗ ਕੀਤੀ

ਉੱਥੇ ਹੀ ਕਾਂਗਰਸ ਨੇ ਕੋਰੋਨਾ ਸਬੰਧੀ ਸੰਸਦ ਦੇ ਵਿਸ਼ੇਸ਼ ਇਜਲਾਸ ਦੀ ਮੰਗ ਕੀਤੀ ਹੈ।

ਲੋਕ ਸਭਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖ ਕੇ ਸੰਸਦ ਦੇ ਵਿਸ਼ੇਸ਼ ਇਜਲਾਸ ਦੀ ਮੰਗ ਕੀਤੀ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਸੁਧੀਰ ਰੰਜਨ ਚੌਧਰੀ ਨੇ ਲਿਖਿਆ, "ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦੇਸ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਹਾਲਾਤ ਖ਼ਰਾਬ ਹਨ।"

"ਇਸ ਨਾਜ਼ੁਕ ਹਾਲਤ ਵਿੱਚ ਮੈਂ ਤੁਹਾਨੂੰ ਸੰਸਦ ਦਾ ਵਿਸ਼ੇਸ਼ (ਕੋਵਿਡ ਸੰਕਟ) ਸੈਸ਼ਨ ਬੁਲਾਉਣ ਦੀ ਬੇਨਤੀ ਕਰਦਾ ਹਾਂ। ਭਾਰਤ ਦੇ ਕਈ ਖੇਤਰਾਂ ਦੇ ਸੰਸਦ ਮੈਂਬਰ ਆਪਣੇ ਖੇਤਰ ਦੇ ਲੋਕਾਂ ਦੀ ਸਥਿਤੀ ਬਾਰੇ ਗੱਲ ਕਰਨਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਦੀਆਂ ਮੁਸੀਬਤਾਂ ਕੁਝ ਹੱਦ ਤੱਕ ਘਟਾਈਆਂ ਜਾ ਸਕਣ।"

ਉੱਤਰ ਪ੍ਰਦੇਸ਼ ਨੇ ਸਰਹੱਦਾਂ ਉੱਤੇ ਕੀਤੀ ਸਖ਼ਤੀ

ਕੋਰੋਨਾਵਾਇਰਸ ਲਾਗ ਦੀ ਰਫ਼ਤਾਰ ਨੂੰ ਘੱਟ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ।

ਸਰਕਾਰ ਨੇ ਅੰਤਰ-ਰਾਜ ਅਤੇ ਜ਼ਿਲ੍ਹੇ ਨਾਲ ਜੁੜੀਆਂ ਸਰਹੱਦਾਂ 'ਤੇ ਨਿਯਮਾਂ ਨੂੰ ਹੋਰ ਸਖ਼ਤ ਕੀਤਾ ਹੈ। ਆਰਟੀ-ਪੀਸੀਆਰ ਟੈਸਟ ਰਿਪੋਰਟ ਤੋਂ ਬਿਨਾਂ ਕਿਸੇ ਨੂੰ ਵੀ ਯੂਪੀ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਹੱਦਾਂ 'ਤੇ ਆਉਣ ਦੀ ਇਜਾਜ਼ਤ ਨਹੀਂ ਹੈ।

ਆਗਰਾ ਅਤੇ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਰਹੱਦਾਂ 'ਤੇ, ਬਹੁਤ ਸਾਰੇ ਲੋਕ ਫਸ ਗਏ ਹਨ ਅਤੇ ਬਹੁਤ ਸਾਰੇ ਵਾਹਨ ਬਾਰਡਰ ਤੋਂ ਵਾਪਸ ਆ ਰਹੇ ਹਨ।

ਹਾਈਵੇਅ 'ਤੇ ਸਿਰਫ਼ ਖਾਣ ਪੀਣ ਦੇ ਸਾਮਾਨ ਨੂੰ ਲੈ ਕੇ ਆ ਰਹੇ ਮਾਲ ਭਾੜੇ ਦੇ ਟਰੱਕਾਂ ਅਤੇ ਫੌਜ ਦੀਆਂ ਗੱਡੀਆਂ ਦੀ ਆਵਾਜਾਈ ਹੈ।

ਬੀਬੀਸੀ ਸਹਿਯੋਗੀ ਸਮੀਰਾਤਮਜ ਮਿਸ਼ਰਾ ਨੇ ਦੱਸਿਆ ਕਿ ਆਗਰਾ ਜ਼ਿਲ੍ਹੇ ਦੇ ਭਰਤਪੁਰ ਅਤੇ ਧੌਲਪੁਰ ਜ਼ਿਲ੍ਹਿਆਂ ਦੀਆਂ ਸਰਹੱਦਾਂ 'ਤੇ ਚੈਕਿੰਗ ਕਰਕੇ ਵਾਹਨਾਂ ਨੂੰ ਰੋਕਿਆ ਜਾ ਰਿਹਾ ਹੈ। ਚੈੱਕ ਪੋਸਟ 'ਤੇ ਸਿਹਤ ਕਰਮਚਾਰੀਆਂ ਦੀ ਇਕ ਟੀਮ ਵੀ ਹੈ, ਜੋ ਆਉਣ-ਜਾਣ ਵਾਲੇ ਲੋਕਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਮੱਧ ਪ੍ਰਦੇਸ਼ ਦੀ ਸਰਹੱਦ 'ਤੇ ਸਖ਼ਤੀ ਵੀ ਵਧਾ ਦਿੱਤੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਰਾਜ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਅਨੁਸਾਰ, ਪੰਜਾਬ, ਹਰਿਆਣਾ, ਰਾਜਸਥਾਨ, ਉਤਰਾਖੰਡ ਤੋਂ ਉੱਤਰ ਪ੍ਰਦੇਸ਼ ਆਉਣ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਯੂਪੀ ਰੋਡਵੇਜ਼ ਦੀਆਂ ਅੰਤਰ-ਰਾਜੀ ਬੱਸ ਸੇਵਾਵਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਹਨ।

ਹਰਿਆਣਾ ਰੋਡਵੇਜ ਬੱਸਾਂ ਐਂਬੂਲੈਂਸ 'ਚ ਹੋ ਰਹੀਆਂ ਤਬਦੀਲ

ਹਰਿਆਣਾ ਰੋਡਵੇਜ ਦੀਆਂ ਬੱਸਾਂ ਨੂੰ ਐਂਬੂਲੈਂਸ 'ਚ ਤਬਦੀਲ ਕੀਤਾ ਜਾ ਰਿਹਾ ਹੈ।

ਬੀਬੀਸੀ ਸਹਿਯੋਗੀ ਸਤ ਸਿੰਘ ਨੇ ਦੱਸਿਆ ਕਿ ਇਕ ਬੱਸ 'ਚ ਪੰਜ ਮਰੀਜ਼ਾਂ ਲਈ ਹਰ ਤਰ੍ਹਾਂ ਦੀਆਂ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਸਿਰਸਾ 'ਚ ਪੰਜ ਬੱਸਾਂ ਰਾਹੀਂ 20 ਬੈਡਾਂ ਦੀ ਵਿਵਸਥਾ ਕੀਤੀ ਗਈ ਹੈ। ਇੰਨ੍ਹਾਂ ਬੱਸਾਂ ਵਿੱਚ ਕੋਰੋਨਾ ਮਰੀਜਾਂ ਦੇ ਇਲਾਜ ਦੀ ਵਿਵਸਥਾ ਕੀਤੀ ਗਈ ਹੈ ਤੇ ਮਰੀਜ਼ ਨੂੰ ਰੈਫ਼ਰ ਵੀ ਕੀਤਾ ਜਾ ਸਕੇਗਾ।

ਪਿਤਾ ਦੀ ਮੌਤ ਤੋਂ ਬਾਅਦ ਨਤਾਸ਼ਾ ਨਰਵਾਲ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ

ਸਾਲ 2020 ਵਿਚ, ਹਾਈ ਕੋਰਟ ਨੇ ਫਰਵਰੀ ਮਹੀਨੇ ਦਿੱਲੀ ਵਿੱਚ ਹੋਏ ਦੰਗਿਆਂ ਦੀ ਐਫਆਈਆਰ ਨੰਬਰ 50 ਤਹਿਤ ਮੁਲਜ਼ਮ ਨਤਾਸ਼ਾ ਨਰਵਾਲ ਨੂੰ ਤਿੰਨ ਹਫ਼ਤਿਆਂ ਦੀ ਜ਼ਮਾਨਤ ਦੇ ਦਿੱਤੀ ਹੈ।

ਪਿੰਜਰਾ ਤੋੜ'ਅਭਿਆਨ ਨਾਲ ਜੁੜੀ ਨਤਾਸ਼ਾ ਦੇ ਪਿਤਾ ਦੀ ਮੌਤ ਇਕ ਦਿਨ ਪਹਿਲਾਂ ਕੋਵਿਡ ਦੀ ਇਨਫੈਕਸ਼ਨ ਨਾਲ ਹੋਈ।

ਹਾਈ ਕੋਰਟ ਵਿੱਚ ਜਸਟਿਸ ਸਿਧਾਰਥ ਮ੍ਰਿਦੁਲ ਅਤੇ ਅਨੂਪ ਜੈਰਾਮ ਭਬਾਨੀ ਦੇ ਬੈਂਚ ਨੇ ਨਤਾਸ਼ਾ ਨੂੰ 50,000 ਰੁਪਏ ਦੇ ਨਿੱਜੀ ਮੁਚੱਲਕੇ 'ਤੇ ਰਿਹਾਅ ਕੀਤਾ ਅਤੇ ਨਾਲ ਹੀ ਨਤਾਸ਼ਾ ਨੂੰ ਆਪਣਾ ਮੋਬਾਈਲ ਨੰਬਰ ਪੁਲਿਸ ਨੂੰ ਦੇਣ ਅਤੇ ਉਨ੍ਹਾਂ ਨਾਲ ਸੰਪਰਕ ਕਰਨ ਲਈ ਕਿਹਾ।

ਜ਼ਮਾਨਤ ਦੇਣ ਦੇ ਨਾਲ, ਹਾਈ ਕੋਰਟ ਨੇ ਨਤਾਸ਼ਾ ਨੂੰ ਇਸ ਲੰਬਿਤ ਮਾਮਲੇ ਜਾਂ ਮੁੱਦੇ ਬਾਰੇ ਸੋਸ਼ਲ ਮੀਡੀਆ ਉੱਤੇ ਕੁਝ ਵੀ ਪੋਸਟ ਨਾ ਕਰਨ ਦਾ ਵੀ ਆਦੇਸ਼ ਦਿੱਤਾ।

ਅਦਾਲਤ ਨੇ ਨਤਾਸ਼ਾ ਨੂੰ ਸ਼ਮਸ਼ਾਨਘਾਟ ਜਾਣ ਵੇਲੇ ਪੀਪੀਈ ਕਿੱਟ ਪਹਿਨਣ ਲਈ ਕਿਹਾ ਅਤੇ ਜਦੋਂ ਉਹ ਆਤਮ-ਸਮਰਪਣ ਕਰਦੀ ਹੈ ਤਾਂ ਉਸ ਤੋਂ ਪਹਿਲਾਂ ਉਸ ਦਾ ਆਰਟੀਪੀਸੀਆਰ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ।

ਨਤਾਸ਼ਾ ਦਿੱਲੀ ਦੰਗਿਆਂ ਨਾਲ ਜੁੜੇ ਇੱਕ 'ਸਾਜਿਸ਼'ਮਾਮਲੇ ਵਿੱਚ ਯੂਏਪੀਏ ਐਕਟ ਤਹਿਤ ਜੇਲ੍ਹ ਵਿੱਚ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)