ਹਰਿਆਣਾ ਦੇ ਇਸ ਭਾਜਪਾ ਆਗੂ ਨੇ 'ਕਿਸਾਨਾਂ ਦੀ ਹਿਮਾਇਤ' 'ਚ ਛੱਡੀ ਪਾਰਟੀ

    • ਲੇਖਕ, ਪ੍ਰਭੂ ਦਿਆਲ
    • ਰੋਲ, ਬੀਬੀਸੀ ਪੰਜਾਬੀ ਲਈ

ਦੋ ਵਾਰ ਹਰਿਆਣਾ ਦੇ ਐਲਨਾਬਾਦ ਹਲਕੇ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਣ ਵਾਲੇ ਭਾਜਪਾ ਆਗੂ ਪਵਨ ਬੈਨੀਵਾਲ ਨੇ ਕਿਸਾਨਾਂ ਦੀ ਹਮਾਇਤ 'ਚ ਭਾਜਪਾ ਨੂੰ ਛੱਡਣ ਦਾ ਐਲਾਨ ਕੀਤਾ ਹੈ।

ਚੋਣਾਂ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਵਨ ਬੈਨੀਵਾਲ ਦੇ ਹੱਕ 'ਚ ਚੋਣ ਰੈਲੀਆਂ ਕੀਤੀਆਂ ਸਨ।

ਪਵਨ ਬੈਨੀਵਾਲ ਸਾਲ 2014 ਦੀਆਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਰਾਜਨੀਤੀ 'ਚ ਸਰਗਰਮ ਹੋਏ ਸਨ। ਪਵਨ ਬੈਨੀਵਾਲ ਨੂੰ ਭਾਜਪਾ ਨੇ ਜ਼ਿਲ੍ਹਾ ਸਿਰਸਾ ਦੇ ਐਲਨਾਬਾਦ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਸੀ।

ਇਹ ਵੀ ਪੜ੍ਹੋ

ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਇੰਡੀਅਨ ਨੈਸ਼ਨਲ ਲੋਕਦਲ ਦੇ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਦੇ ਹਮਾਇਤੀ ਸਨ ਪਰ ਰਾਜਨੀਤੀ ਵਿੱਚ ਜ਼ਿਆਦਾ ਸਰਗਰਮ ਨਹੀਂ ਸਨ।

ਅਭੈ ਚੌਟਾਲਾ ਤੋਂ ਹਾਰੇ ਸਨ ਚੋਣ

ਭਾਜਪਾ ਦੀ ਟਿਕਟ 'ਤੇ ਪਵਨ ਬੈਨੀਵਾਲ ਦਾ ਮੁਕਾਬਲਾ ਇਨੈਲੋ ਦੇ ਅਭੈ ਸਿੰਘ ਚੌਟਾਲਾ ਨਾਲ ਹੀ ਹੋਇਆ ਪਰ ਉਹ 11 ਹਜਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਗਏ ਸੀ।

ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਫਿਰ ਪਵਨ ਬੈਨੀਵਾਲ ਨੂੰ ਟਿਕਟ ਦਿੱਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਪਵਨ ਬੈਨੀਵਾਲ ਦੇ ਹੱਕ 'ਚ ਪਿੰਡ ਮੱਲੇਕਾਂ 'ਚ ਰੈਲੀ ਕੀਤੀ ਤੇ ਪਵਨ ਬੈਨੀਵਾਲ ਨੂੰ ਜਿੱਤਾਉਣ ਦੀ ਅਪੀਲ ਕੀਤੀ ਪਰ ਇਸ ਵਾਰ ਵੀ ਪਵਨ ਬੈਨੀਵਾਲ ਅਭੈ ਸਿੰਘ ਚੌਟਾਲਾ ਤੋਂ ਹਾਰ ਗਏ।

ਹੁਣ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤਾਂ ਕਿਸਾਨਾਂ ਨੇ ਭਾਜਪਾ ਤੇ ਜਜਪਾ ਦੇ ਆਗੂਆਂ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੋਇਆ ਹੈ।

ਭਾਜਪਾ ਦੀ ਟਿਕਟ 'ਤੇ ਦੋ ਵਾਰ ਚੋਣ ਲੜ ਚੁੱਕੇ ਤੇ ਮਨੋਹਰ ਲਾਲ ਖੱਟਰ ਦੇ ਪਹਿਲੇ ਗੇੜੇ ਦੇ ਮੁੱਖ ਮੰਤਰੀ ਹੁੰਦਿਆਂ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਰਹਿ ਚੁੱਕੇ ਪਵਨ ਬੈਨੀਵਾਲ ਨੇ ਅੱਜ ਪੱਕਾ ਮੋਰਚਾ 'ਚ ਆ ਕੇ ਕਿਸਾਨਾਂ ਦੀ ਹਮਾਇਤ ਕਰਦਿਆਂ ਭਾਜਪਾ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਅਚਨਚੇਤ ਭਾਜਪਾ ਆਗੂ ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ ਆਉਣ ਨਾਲ ਇਸ ਖੇਤਰ ਵਿੱਚ ਸਿਆਸੀ ਸਰਗਰਮੀਆਂ ਫਿਰ ਵੱਧ ਗਈਆਂ ਹਨ।

ਅਜਿਹਾ ਇਸ ਲਈ ਹੈ ਕਿਉਂਕਿ ਇਸ ਤੋਂ ਪਹਿਲਾਂ ਐਲਨਾਬਾਦ ਹਲਕੇ ਤੋਂ ਵਿਧਾਇਕ ਚੁਣੇ ਗਏ ਇਨੈਲੋ ਦੇ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਵੀ ਕਿਸਾਨਾਂ ਦੀ ਹਮਾਇਤ ਵਿੱਚ ਆਪਣੇ ਵਿਧਾਇਕ ਪਦ ਤੋਂ ਅਸਤੀਫ਼ਾ ਦੇ ਚੁੱਕੇ ਹਨ, ਜੋ ਸਪੀਕਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)