ਵਿਧਾਇਕ ਕੁੱਟਮਾਰ ਮਾਮਲਾ : ਹਰਿਆਣਾ ਭਾਜਪਾ ਨੇ ਫੂਕੇ ਕੈਪਟਨ ਦੇ ਪੁਤਲੇ ਤੇ ਕਿਸਾਨਾਂ ਨੇ ਦੁਸ਼ਯੰਤ ਚੌਟਾਲਾ ਨੂੰ ਕਾਲੇ ਝੰਡੇ ਦਿਖਾਏ

ਇਸ ਪੰਨੇ ਰਾਹੀਂ ਅਸੀਂ ਅੱਜ ਦੀਆਂ ਅਹਿਮ ਖ਼ਬਰਾਂ ਬਾਰੇ ਅਪਡੇਟ ਦੇਵਾਂਗੇ।

ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਉੱਤੇ ਹੋਏ ਹਮਲੇ ਦੇ ਵਿਰੋਧ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਭਾਜਪਾ ਵੱਲੋਂ ਵਿਰੋਧ-ਪ੍ਰਦਰਸ਼ਨ ਜਾਰੀ ਹਨ।

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਤਾਂ ਹਰਿਆਣਾ ਵਿਚ ਕੈਪਟਨ ਅਮਰਿਦਰ ਦੇ ਪੁਤਲੇ ਫੂਕ ਕੇ ਭਾਜਪਾ ਵਰਕਰਾਂ ਨੇ ਕੈਪਟਨ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ।

ਸਿਰਸਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਸ਼ਹਿਰ ਦੀ ਪੁਲਿਸ ਲਾਇਨ ਵਿਚ ਸਮਾਗਮ ਲਈ ਪਹੁੰਚੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ।

ਇਹ ਵੀ ਪੜ੍ਹੋ

ਰੋਹਤਕ ਵਿਚ ਕੈਪਟਨ ਦਾ ਪੁਤਲਾ ਫੂਕਿਆ

ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਬਦਲਸਲੂਕੀ ਦੇ ਵਿਰੋਧ ਵਿੱਚ ਹਰਿਆਣਾ ਵਿੱਚ ਵੀ ਭਾਜਪਾ ਵੱਲੋਂ ਵਿਰੋਧ ਤਹਿਤ ਕਈ ਥਾਵਾਂ ਉੱਤੇ ਰੋਸ ਮੁਜ਼ਾਹਰੇ ਕੀਤੀ ਗਏ।

ਬੀਬੀਸੀ ਸਹਿਯੋਗੀ ਸਤ ਸਿੰਘ ਦੀ ਰਿਪੋਰਟ ਮੁਤਾਬਕ ਭਾਜਪਾ ਵਰਕਰਾਂ ਨੇ ਰੋਹਤਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ।

ਹਰਿਆਣਾ ਪ੍ਰਦੇਸ਼ ਮੀਡੀਆ ਪੈਨਲਿਸਟ ਸ਼ਮਸ਼ੇਰ ਗਰਗ ਨੇ ਕਿਹਾ, "ਭਾਜਪਾ ਵੱਲੋਂ ਹਰਿਆਣਾ ਵਿੱਚ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲੇ ਫੂਕੇ ਜਾ ਰਹੇ ਹਨ।"

"ਮਲੋਟ ਵਿੱਚ ਭਾਜਪਾ ਵਿਧਾਇਕ ਨਾਲ ਜੋ ਵਿਹਾਰ ਕੀਤਾ ਗਿਆ, ਕਾਨੂੰਨ ਆਪਣੇ ਹੱਥਾਂ ਵਿੱਚ ਲੈ ਕੇ ਕਾਂਗਰਸ ਦੇ ਵਰਕਰਾਂ ਨੇ ਕਿਸਾਨਾਂ ਦੇ ਨਾਂ 'ਤੇ ਇਹ ਵਿਰੋਧ ਕੀਤਾ। ਇਸ ਲਈ ਇਹ ਪੁਤਲਾ ਫੂਕਿਆ ਜਾ ਰਿਹਾ ਹੈ।"

ਉਨ੍ਹਾਂ ਕਿਹਾ, "ਸਾਡੀ ਰਾਸ਼ਟਰਪਤੀ ਤੋਂ ਮੰਗ ਹੈ ਕਿ ਕੈਪਟਨ ਨੂੰ ਇਸ ਅਹੁਦੇ 'ਤੇ ਇੱਕ ਵੀ ਮਿੰਟ ਰਹਿਣ ਅਧਿਕਾਰ ਨਹੀਂ ਹੈ। ਜਿਸ ਸੂਬੇ ਦੀ ਕਾਨੂੰਨ ਵਿਵਸਥਾ ਚੌਪਟ ਹੋ ਜਾਵੇ ਤੇ ਲੋਕ ਨੁੰਮਾਇਦੇ ਵੀ ਆਪਣੀ ਰੱਖਿਆ ਨਾ ਕਰ ਸਕਣ ਅਜਿਹੇ ਸੂਬੇ ਵਿੱਚ ਸਰਕਾਰ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।"

ਹਰਿਆਣਾ ਦੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪ੍ਰਤਿਭਾ ਸੁਮਨ ਨੇ ਕਿਹਾ, "ਕਿਸਾਨ ਅੰਦਲੋਨ ਦੀ ਆੜ ਵਿੱਚ ਅਜਿਹਾ ਕੀਤਾ ਜਾ ਰਿਹਾ ਹੈ। ਸਾਡੇ ਕਿਸਾਨ ਅਜਿਹਾ ਕਰ ਹੀ ਨਹੀਂ ਸਕਦੇ। ਉਹ ਆਪਣੀਆਂ ਮੰਗਾਂ ਮਨਵਾਉਣ ਲਈ ਬੜੀ ਸ਼ਾਲੀਨਤਾ ਨਾਲ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਪਰ ਪੰਜਾਬ ਵਿੱਚ ਇੱਕ ਐੱਮਐੱਲਏ ਨਾਲ ਜੋ ਘਟਨਾ ਵਾਪਰੀ ਉਹ ਕਾਂਗਰਸੀ ਵਰਕਰਾਂ ਕਾਰਨ ਘਟੀ ਹੈ।"

ਸਿਰਸਾ ਚ ਭਾਜਪਾ ਦੇ ਬਰਾਬਰ ਕਿਸਾਨਾਂ ਦਾ ਮੁਜ਼ਾਹਰਾ

ਸਿਰਸਾ ਤੋਂ ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਦੀ ਰਿਪੋਰਟ ਮੁਤਾਬਕ ਅਬੋਹਰ ਤੋਂ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ 'ਚ ਵਾਪਰੀ ਘਟਨਾ ਦੇ ਵਿਰੋਧ ਵਿੱਚ ਭਾਜਪਾ ਕਾਰਕੁਨਾਂ ਵੱਲੋਂ ਸਿਰਸਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ।

ਭਾਜਪਾ ਕਾਰਕੁਨਾਂ ਨੇ ਇਸ ਦੌਰਾਨ ਰਾਸ਼ਟਰਪਤੀ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਤੇ ਕੈਪਟਨ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ।

ਭਾਜਪਾ ਕਾਰਕੁਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਪੁਤਲਾ ਫੂਕੇ ਜਾਣ ਸਮੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਜੋਰਦਾਰ ਵਿਰੋਧ ਕੀਤਾ।

ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਪੱਕਾ ਮੋਰਚਾ ਦੇ ਤਹਿਤ ਧਰਨਾ ਲਾ ਕੇ ਬੈਠੇ ਕਿਸਾਨਾਂ ਨੇ ਬਰਨਾਲਾ ਰੋਡ ਸਥਿਤ ਹੁੱਡਾ ਚੌਕ ਤੱਕ ਰੋਸ ਮਾਰਚ ਕੀਤਾ।

ਹੁੱਡਾ ਚੌਕ 'ਤੇ ਪੁਲੀਸ ਨੇ ਕਿਸਾਨਾਂ ਨੂੰ ਰੋਕ ਲਿਆ। ਇਸ ਦੌਰਾਨ ਕਿਸਾਨਾਂ ਦੀ ਪੁਲੀਸ ਨਾਲ ਕਾਫੀ ਦੇਰ ਤੱਕ ਧੱਕਾ ਮੁੱਕੀ ਵੀ ਹੋਈ।

ਦੂਜੇ ਪਾਸੇ ਭਾਜਪਾ ਕਾਰਕੁਨ ਤੇ ਆਗੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਲੈ ਕੇ ਪ੍ਰਦਸ਼ਰਨ ਕਰਦੇ ਹੋਏ ਹੁੱਡਾ ਚੌਕ ਵੱਲ ਵੱਧੇ ਤਾਂ ਹਾਲਾਤ ਹੋਰ ਜਿਅਦਾ ਤਣਾਅਪੂਰਨ ਬਣ ਗਏ। ਪੁਲੀਸ ਨੇ ਦੋਵਾਂ ਪਾਸਿਓ ਵਿਚ ਵਿਚਾਲਾ ਕਰਕੇ ਬਚਾਅ ਕੀਤਾ।

ਕਾਂਡਾ ਖ਼ਿਲਾਫ਼ ਕਿਸਾਨਾਂ ਦਾ ਰੋਸ ਪ੍ਰਗਟਾਵਾ

ਹਰਿਆਣਾ ਲੋਕ ਹਿੱਤ ਪਾਰਟੀ ਦੇ ਵਿਧਾਇਕ ਗੋਪਾਲ ਕਾਂਡਾ ਵੱਲੋਂ ਹਰਿਆਣਾ ਵਿਧਾਨ ਸਭਾ 'ਚ ਕਥਿਤ ਤੌਰ 'ਤੇ ਕਿਸਾਨਾਂ ਨੂੰ ''ਕਾਲੀਆਂ ਭੇਡਾਂ'' ਕਹੇ ਜਾਣ ਦੇ ਵਿਰੋਧ 'ਚ ਕਿਸਾਨਾਂ ਨੇ ਹਲੋਪਾ ਦੇ ਦਫ਼ਤਰ ਦਾ ਘੇਰਾਓ ਕਰਕੇ ਪੁਤਲਾ ਫੂਕਿਆ। ਕਿਸਾਨਾਂ ਨੇ ਕੁਝ ਸਮੇਂ ਲਈ ਹਲੋਪਾ ਦਫ਼ਤਰ ਅੱਗੇ ਧਰਨਾ ਵੀ ਦਿੱਤਾ।

ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਗੋਪਾਲ ਕਾਂਡਾ ਆਪਣੇ ਕਹੇ ਸ਼ਬਦ ਵਾਪਿਸ ਨਹੀਂ ਲੈਂਦੇ ਤੇ ਕਿਸਾਨਾਂ ਤੋਂ ਮੁਆਫ਼ੀ ਨਹੀਂ ਮੰਗਦੇ, ਉਦੋਂ ਤੱਕ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ।

ਬੀਜੇਪੀ, ਜੇਜੇਪੀ ਦੇ ਨਾਲ ਹੁਣ ਹਲੋਪਾ ਦੇ ਵਿਧਾਇਕ ਨੂੰ ਵੀ ਪਿੰਡਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ।

ਕਿਸਾਨਾਂ ਨੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਤੋਂ ਵੀ ਮੰਗ ਕੀਤੀ ਕਿ ਵਿਧਾਇਕ ਗੋਪਾਲ ਕਾਂਡਾ ਵੱਲੋਂ ਵਿਧਾਨ ਸਭਾ ਵਿੱਚ ਕਿਸਾਨਾਂ ਪ੍ਰਤੀ ਕਹੇ ਗਏ ਗੈਰ ਸੰਸਦੀ ਸ਼ਬਦਾਂ ਨੂੰ ਹਟਾਇਆ ਜਾਵੇ।

ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਸੰਯੁਕਤ ਕਿਸਾਨ ਮੋਰਚ ਦੇ ਸੱਦੇ 'ਤੇ ਜੋ ਵੀ ਐਕਸ਼ਨ ਹੋਵੇਗਾ, ਉਸ ਐਕਸ਼ਨ ਵਿੱਚ ਗੋਪਾਲ ਕਾਂਡਾ ਦਾ ਪੁਤਲਾ ਜਰੂਰ ਫੂਕਿਆ ਜਾਵੇਗਾ।

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀ ਕਿਹਾ

"ਮੇਰੇ ਤੋਂ ਜੋ ਫਿਰੋਜ਼ਪੁਰ ਵਿੱਚ ਆਤਮਘਾਤੀ ਹਮਲਾ ਹੋਇਆ ਜਾਂ ਪਾਰਟੀ ਦੇ ਹੋਰਨਾਂ ਆਗੂਆਂ 'ਤੇ ਹਮਲਾ ਹੋਇਆ, ਉਸ ਦਾ ਕੀ ਬਣਿਆ, ਕਿਹੜੇ ਦੋਸ਼ੀ ਫੜ੍ਹੇ ਗਏ। ਇਸ ਸਰਕਾਰ ਕੋਲੋਂ ਸਾਨੂੰ ਕੋਈ ਆਸ ਨਹੀਂ ਹੈ।"

ਉਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਸਰਕਾਰ ਬਰਖ਼ਾਸਤ ਹੋਣੀ ਚਾਹੀਦੀ ਹੈ, ਵਾਪਸ ਜਾਣੀ ਚਾਹੀਦੀ ਹੈ, ਅਜਿਹੀ ਹੀ ਮੰਗ ਉਨ੍ਹਾਂ ਨੇ ਗਵਰਨਰ ਕੋਲੋਂ ਕੀਤੀ ਹੈ।

ਕੀ ਹੈ ਮਾਮਲਾ

ਦਰਅਸਲ 9 ਫਰਵਰੀ ਨੂੰ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਫਿਰੋਜ਼ਪੁਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ।

ਇਸੇ ਦੌਰਾਨ ਕਿਸਾਨਾਂ ਨੇ ਅਸ਼ਵਨੀ ਸ਼ਰਮਾ ਦੀ ਗੱਡੀ ਉੱਪਰ ਹਮਲਾ ਕੀਤਾ ਅਤੇ ਪਿਛਲਾ ਸ਼ੀਸ਼ਾ ਤੋੜ ਦਿੱਤਾ ਸੀ। ਪੁਲਿਸ ਵੱਲੋਂ ਗੱਲ ਵਿਗੜਦੀ ਦੇਖ ਕੇ ਕਿਸਾਨਾਂ ਉੱਪਰ ਹਲਕੇ ਲਾਠੀਚਾਰਜ ਦਾ ਸਹਾਰਾ ਲਿਆ ਗਿਆ ਸੀ।

ਇਸ ਤੋਂ ਇਲਾਵਾ 27 ਮਾਰਚ ਨੂੰ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ ਵਿੱਚ ਕੁੱਟਮਾਰ ਹੋਈ ਹੈ।

ਕਿਸਾਨਾਂ ਨੇ ਨਾਰੰਗ ਦਾ ਘਿਰਾਓ ਕੀਤਾ ਅਤੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ।

'ਜਦੋਂ ਤੱਕ ਦੋਸ਼ੀ ਫੜ੍ਹੇ ਨਹੀਂ ਜਾਂਦੇ ਪ੍ਰਦਰਸ਼ਨ ਚੱਲਦੇ ਰਹਿਣਗੇ'

ਉਨ੍ਹਾਂ ਨੇ ਕਿਹਾ, "ਭਾਜਪਾ ਦੀ ਆਵਾਜ਼ ਨਾ ਐਮਰਜੈਂਸੀ ਦਬਾ ਸਕੀ ਨਾ ਅੱਤਵਾਦ, ਉਦੋਂ ਵੀ ਹਿੰਦੂ-ਸਿੱਖ ਭਾਈਚਾਰੇ ਲਈ ਭਾਜਪਾ ਨੇ ਬਲੀਦਾਨ ਵੀ ਦਿੱਤੇ ਪਰ ਉਨ੍ਹਾਂ ਪ੍ਰੋਗਰਾਮ ਚੱਲਦੇ ਰਹੇ।"

"ਇਹ ਜੋ ਸਾਡੇ ਵਿਧਾਇਕ ਨਾਲ ਹੋਇਆ ਹੈ, ਭਾਰਤੀ ਜਨਤਾ ਪਾਰਟੀ ਇਸ ਨੂੰ ਵਿਧਾਇਕ 'ਤੇ ਨਹੀਂ ਬਲਕਿ ਪਾਰਟੀ 'ਤੇ ਹਮਲਾ ਮੰਨਦੀ ਹੈ। ਜਦੋਂ ਤੱਕ ਦੋਸ਼ੀ ਫੜ੍ਹੇ ਨਹੀਂ ਜਾਂਦੇ ਪਾਰਟੀ ਲਗਾਤਾਰ ਪ੍ਰਦਰਸ਼ਨ ਕਰਦੀ ਰਹੇਗੀ।"

"ਸਾਡੇ ਐੱਮਐੱਲਏ ਦਾ ਸਵਾਲ ਨਹੀਂ, ਸਵਾਲ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਵਿਗੜਨ ਦਾ ਹੈ, ਇੱਥੇ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦੇ ਅਧਿਕਾਰ ਤੋਂ ਰੋਕਿਆ ਜਾ ਰਿਹਾ ਹੈ, ਉਸ ਦੀ ਬਹਾਲੀ ਕਰਵਾਉਣਾ, ਪੰਜਾਬ ਅੰਦਰ ਕਾਨੂੰਨ ਦਾ ਰਾਜ ਹੋਵੇ, ਪੰਜਾਬ ਅੰਦਰ ਅਮਨ-ਸ਼ਾਂਤੀ ਰਹੇ, ਪੰਜਾਬ ਅੰਦਰ ਹਿੰਦੂ-ਸਿੱਖ ਏਕਤਾ ਨੂੰ ਜੋ ਲੋਕ ਸੱਟ ਮਾਰਨਾ ਚਾਹੁੰਦੇ ਹਨ, ਉਨ੍ਹਾਂ ਖ਼ਿਲਾਫ਼ ਭਾਜਪਾ ਲੜਾਈ ਲੜਦੀ ਰਹੇਗੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)