ਕੋਰੋਨਾਵਾਇਰਸ: ਕੋਵਿਡ-19 ਵੈਕਸੀਨ ਦੇ ਦੂਜੇ ਗੇੜ ਦੌਰਾਨ ਪੰਜਾਬ ਵਿਚ ਕੋਰੋਨਾ ਦਾ ਟੀਕਾ ਲਗਾਉਣਾ ਹੈ ਤਾਂ ਇਹ ਕੁਝ ਕਰਨਾ ਪਵੇਗਾ

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ

ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦਾ ਦੂਜਾ ਪੜਾਅ ਇੱਕ ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਸਿਹਤ ਮੰਤਰਾਲੇ ਨੇ ਕੋਰੋਨਾ ਵੈਕਸੀਨ ਲਈ ਹੁਣ ਨਿੱਜੀ ਹਸਪਤਾਲਾਂ ਨਾਲ ਸਾਂਝੇਦਾਰੀ ਕਰਨ ਦਾ ਫੈਸਲਾ ਕੀਤਾ ਹੈ।

ਆਯੁਸ਼ਮਾਨ ਭਾਰਤ ਤਹਿਤ 10,000 ਤੇ ਸੀਜੀਐੱਚਐੱਸ ਤਹਿਤ 687 ਹਸਪਤਾਲ ਕੋਵਿਡ ਟੀਕਾਕਰਨ ਕੇਂਦਰ ਹੋਣਗੇ।

ਨਿੱਜੀ ਹਸਪਤਾਲਾਂ 'ਚ ਕੋਰੋਨਾ ਵੈਕਸੀਨ ਦੇ ਇੱਕ ਡੋਜ਼ ਦੀ ਕੀਮਤ 250 ਰੁਪਏ ਹੋਵੇਗੀ ਜਦੋਂਕਿ ਸਰਕਾਰੀ ਹਸਪਤਾਲਾਂ ਵਿੱਚ ਇਹ ਟੀਕਾ ਮੁਫ਼ਤ ਹੀ ਮਿਲੇਗਾ।

ਇਹ ਵੀ ਪੜ੍ਹੋ:

ਕਿਹੜੇ ਲੋਕ ਲਗਵਾ ਸਕਦੇ ਹਨ ਵੈਕਸੀਨ

ਅਗਲੇ ਪੜਾਅ ਤਹਿਤ ਹੁਣ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਇੱਕ ਜਨਵਰੀ, 2022 ਨੂੰ 45 ਤੋਂ 59 ਸਾਲ ਤੱਕ ਦੀ ਉਮਰ ਵਿੱਚ ਆਉਂਦੇ ਅਜਿਹੇ ਲੋਕਾਂ ਦਾ ਟੀਕਾਕਰਨ ਹੋਏਗਾ ਜੋ ਕਿਸੇ ਲੰਬੇ ਸਮੇਂ ਤੋਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ।

ਕਿਹੜੀਆਂ ਬਿਮਾਰੀਆਂ ਵਾਲੇ ਅਜਿਹੇ ਲੋਕ ਟੀਕਾ ਲਗਵਾ ਸਕਣਗੇ, ਸਰਕਾਰ ਨੇ ਇਹ ਵੀ ਸੂਚੀ ਜਾਰੀ ਕੀਤੀ ਹੈ।

ਕਿਵੇਂ ਕਰਵਾ ਸਕਦੇ ਹੋ ਰਜਿਸਟਰੇਸ਼ਨ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵੈਕਸੀਨ ਦੇ ਪਹਿਲੇ ਪੜਾਅ ਤੋਂ ਮਿਲੀ ਫੀਡਬੈਕ ਨੂੰ ਧਿਆਨ ਵਿੱਚ ਰੱਖਦਿਆਂ ਕੋ-ਵਿਨ (Co-win) 2.0 ਮੋਬਾਈਲ ਐਪਲੀਕੇਸ਼ਨ ਲਿਆ ਰਿਹਾ ਹੈ, ਜਿੱਥੇ ਰਜਿਸਟਰ ਕਰਵਾ ਕੇ ਅਤੇ ਟੀਕਾ ਲਗਵਾਉਣ ਦੀ ਤਰੀਕ ਲੈ ਕੇ ਇਹ ਲੋਕ ਟੀਕਾ ਲਗਵਾ ਸਕਣਗੇ। ਅਰੋਗਿਆ ਸੇਤੂ ਮੋਬਈਲ ਐਪਲੀਕੇਸ਼ਨ ਜ਼ਰੀਏ ਵੀ ਰਜਿਸਟਰ ਕਰਨ ਦੀ ਤਜਵੀਜ਼ ਦਾ ਦਾਅਵਾ ਹੈ।

ਪੰਜਾਬ ਵਿੱਚ ਦੂਜੇ ਪੜਾਅ ਤਹਿਤ ਟੀਕਾ ਲਗਵਾਉਣ ਵਾਲੇ 60 ਸਾਲ ਤੋਂ ਵੱਧ ਉਮਰ ਦੇ ਜਾਂ ਕੋ-ਮੋਰਬਿਡ ਹਾਲਾਤ ਵਾਲੇ 45 ਤੋਂ 59 ਸਾਲ ਤੱਕ ਦੇ ਲੋਕਾਂ ਦੀ ਗਿਣਤੀ ਕਰੀਬ 65 ਲੱਖ ਦੱਸੀ ਜਾ ਰਹੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਜਾਰੀ ਬਿਆਨ ਮੁਤਾਬਕ, ''ਸਰਕਾਰੀ ਸਿਹਤ ਕੇਂਦਰਾਂ ਵਿੱਚ ਇਹ ਟੀਕਾ ਮੁਫ਼ਤ ਲੱਗੇਗਾ ਜਦੋਂਕਿ ਨਿੱਜੀ ਸਿਹਤ ਕੇਂਦਰਾਂ ਵਿੱਚ ਫੀਸ ਦੇਣੀ ਹੋਵੇਗੀ ਜੋ ਕਿ ਸਮੇਂ-ਸਮੇਂ 'ਤੇ ਭਾਰਤ ਸਰਕਾਰ ਵੱਲੋਂ ਤੈਅ ਹੋਏਗੀ।''

ਇਹ ਵੀ ਪੜ੍ਹੋ:

ਪੰਜਾਬ ਵਿੱਚ ਕੋਵਿਡ ਦੇ ਨੋਡਲ ਅਫ਼ਸਰ ਡਾਕਟਰ ਰਾਜੇਸ਼ ਭਾਸਕਰ ਨੇ ਦੱਸਿਆ ਕਿ ਇੱਕ ਮਾਰਚ ਤੋਂ ਦੂਜੇ ਪੜਾਅ ਲਈ ਕੋ-ਵਿਨ 2.0 ਮੋਬਾਈਲ ਐਪਲੀਕੇਸ਼ਨ ਜ਼ਰੀਏ ਰਜਿਸਟਰੇਸ਼ਨ ਸ਼ੁਰੂ ਹੋਏਗੀ।

ਜੋ ਲੋਕ ਮੋਬਾਈਲ ਐਪਲੀਕੇਸ਼ਨਜ਼ ਜ਼ਰੀਏ ਆਨਲਾਈਨ ਰਜਿਸਟਰੇਸ਼ਨ ਕਰਾਉਣ ਤੋਂ ਅਸਮਰੱਥ ਹਨ, ਉਹ ਰਜਿਸ਼ਟਰੇਸ਼ਨ ਕੇਂਦਰਾਂ 'ਤੇ ਫੋਟੋ ਪਛਾਣ ਪੱਤਰ, ਅਧਾਰ ਕਾਰਡ ਲਿਜਾ ਕੇ ਖੁਦ ਨੂੰ ਰਜਿਸਟਰ ਕਰਵਾ ਸਕਦੇ ਹਨ।

ਉਨ੍ਹਾਂ ਕਿਹਾ, "ਸਾਰੇ ਜਿਲ੍ਹਾ ਹਸਪਤਾਲਾਂ ਅਤੇ ਸਬ-ਡਵਿਜ਼ਨਾਂ ਦੇ ਸਰਕਾਰੀ ਹਸਪਤਾਲਾਂ ਵਿੱਚ ਰਜਿਸਟਰੇਸ਼ਨ ਕੇਂਦਰ ਬਣਾਏ ਜਾਣਗੇ ਅਤੇ ਸਰਕਾਰ ਸੂਬੇ ਦੇ ਸਾਰੇ ਰਜਿਸ਼ਟਰੇਸ਼ਨ ਕੇਂਦਰਾਂ ਦੀ ਸੂਚੀ ਵੀ ਜਲਦੀ ਜਾਰੀ ਕਰੇਗੀ।"

ਡਾ. ਰਾਜੇਸ਼ ਭਾਸਕਰ ਨੇ ਜਾਣਕਾਰੀ ਦਿੱਤੀ, "ਫਿਲਹਾਲ ਦੂਜੇ ਪੜਾਅ ਦੇ ਟੀਕਾਕਰਨ ਲਈ ਸੂਬੇ ਭਰ ਵਿੱਚ 250 ਸਿਹਤ ਕੇਂਦਰ ਚੁਣੇ ਗਏ ਹਨ। ਇਨ੍ਹਾਂ ਵਿੱਚ ਨਿੱਜੀ ਸਿਹਤ ਕੇਂਦਰ ਵੀ ਸ਼ਾਮਲ ਹਨ, ਬਾਅਦ ਵਿੱਚ ਗਿਣਤੀ ਹੋਰ ਵਧਾਈ ਜਾਏਗੀ।"

ਨੋਡਲ ਅਫਸਰ ਨੇ ਦਾਅਵਾ ਕੀਤਾ ਕਿ ਫਿਲਹਾਲ ਪੰਜਾਬ ਕੋਲ ਵੈਕਸੀਨ ਦੀ ਲੋੜੀਂਦੀ ਖੇਪ ਉਪਲੱਭਧ ਹੈ।

ਪੰਜਾਬ ਸਣੇ ਦੇਸ਼ ਭਰ ਵਿੱਚ 16 ਜਨਵਰੀ ਤੋਂ ਕੋਵਿਡ ਦੀ ਵੈਕਸੀਨ ਦਾ ਟੀਕਾਕਰਨ ਸ਼ੁਰੂ ਹੋਇਆ ਹੈ।

ਪਹਿਲੇ ਪੜਾਅ ਤਹਿਤ ਹੈਲਥ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਾਰੀਅਰਜ਼ ਨੂੰ ਟੀਕਾ ਲਗਾਇਆ ਜਾਣਾ ਸੀ। ਪੰਜਾਬ ਵਿੱਚ ਕੋਵਿਡ-19 ਦੇ ਨੋਡਲ ਅਫਸਰ ਡਾ.ਰਾਜੇਸ਼ ਭਾਸਕਰ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਸੂਬੇ ਵਿੱਚ ਸ਼ੀਨਵਾਰ ਤੱਕ 1,90,000 ਹੈਲਥ ਕੇਅਰ ਵਰਕਰਜ਼ ਅਤੇ ਫਰੰਟ ਲਾਈਨ ਵਾਰੀਅਰਜ਼ ਨੂੰ ਵੈਕਸੀਨ ਲੱਗ ਚੁੱਕੀ ਹੈ।

ਪਹਿਲੇ ਪੜਾਅ ਤਹਿਤ ਕਰੀਬ ਚਾਰ ਲੱਖ ਹੈਲਥ ਕੇਅਰ ਵਰਕਰਜ਼ ਅਤੇ ਫਰੰਟ ਲਾਈਨ ਵਾਰੀਅਰਜ਼ ਨੂੰ ਟੀਕਾ ਲਗਾਉਣ ਦਾ ਟੀਚਾ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)