ਕੋਰੋਨਾਵਾਇਰਸ: ਇਨ੍ਹਾਂ ਲਾਪਰਵਾਹੀਆਂ ਕਰਕੇ ਮਹਾਰਾਸ਼ਟਰ ਵਿੱਚ ਬੇਲਗਾਮ ਹੋ ਰਹੀ ਹੈ ਮਹਾਂਮਾਰੀ

    • ਲੇਖਕ, ਮਯੰਕ ਭਾਗਵਤ
    • ਰੋਲ, ਬੀਬੀਸੀ ਮਰਾਠੀ

ਮੁਬੰਈ, ਪੁਣੇ ਅਤੇ ਵਿਦਰਭ ਦੇ ਕੁਝ ਜ਼ਿਲ੍ਹਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾਵਾਇਰਸ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਹੈ। ਪੇਂਡੂ ਖੇਤਰਾਂ 'ਚ ਵੱਧ ਰਹੇ ਮਾਮਲਿਆਂ ਨੇ ਸੂਬਾ ਸਰਕਾਰ ਦੀ ਚਿੰਤਾ ਵਧਾ ਦਿੱਤਾ ਹੈ।

ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਹੈ ਕਿ ਸਰਕਾਰ ਅਮਰਾਵਤੀ, ਅਕੋਲਾ ਅਤੇ ਯਵਤਮਾਲ 'ਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਲੌਕਡਾਉਨ ਲਗਾਉਣ ਦਾ ਵਿਚਾਰ ਕਰ ਰਹੀ ਹੈ।

ਵਾਸ਼ਿਮ ਅਤੇ ਵਰਧਾ ਜ਼ਿਲ੍ਹਿਆਂ 'ਚ ਪਹਿਲਾਂ ਹੀ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਮੁਬੰਈ 'ਚ 12 ਫਰਵਰੀ ਤੋਂ ਹੁਣ ਤੱਕ 4,891 ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦਾ ਮੁੱਖ ਕਾਰਨ ਕੀ ਹੈ ? ਇਸ ਬਾਰੇ ਜਾਣਨ ਲਈ ਅਸੀਂ ਕੁਝ ਮਾਹਰਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ

1. ਕੰਟੈਕਟ ਟਰੇਸਿੰਗ ਨੂੰ ਲੈ ਕੇ ਸਰਕਾਰੀ ਮਸ਼ੀਨਰੀ ਢਿੱਲ ਵਰਤ ਰਹੀ ਹੈ

ਕੋਵਿਡ-19 ਇੱਕ ਛੂਤ ਵਾਲੀ ਬਿਮਾਰੀ ਹੈ ਜੋ ਕਿ ਕਿਸੇ ਦੇ ਵੀ ਸੰਪਰਕ 'ਚ ਆਉਣ ਨਾਲ ਤੇਜ਼ੀ ਨਾਲ ਫੈਲਦੀ ਹੈ। ਇਸ ਲਈ ਕਿਸੇ ਵੀ ਕੋਵਿਡ-19 ਨਾਲ ਪੀੜਤ ਮਰੀਜ਼ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾਣੀ ਬਹੁਤ ਜ਼ਰੂਰੀ ਹੈ।

ਮਹਾਮਾਰੀ ਦੇ ਪਹਿਲੇ ਪੜਾਅ 'ਚ ਸਿਹਤ ਵਿਭਾਗ ਨੇ ਵਧੇਰੇ ਜੋਖਮ ਵਾਲੇ ਲੋਕਾਂ ਦੀ ਬਹੁਤ ਤੇਜ਼ੀ ਨਾਲ ਟਰੇਸਿੰਗ ਕੀਤੀ ਸੀ।

ਆਈਐਮਏ ਦੇ ਸਾਬਕਾ ਪ੍ਰਧਾਨ ਅਤੇ ਅਮਰਾਵਤੀ ਦੇ ਫਿਜ਼ੀਸ਼ੀਅਨ ਡਾਕਟਰ ਟੀਸੀ ਰਾਠੌੜ ਨੇ ਬੀਬੀਸੀ ਮਰਾਠੀ ਨਾਲ ਗੱਲਬਾਤ ਕਰਦਿਆਂ ਕਿਹਾ, "ਕੋਰੋਨਾ ਮਰੀਜ਼ਾਂ ਦੇ ਸੰਪਰਕ 'ਚ ਆਏ ਵਧੇਰੇ ਜੋਖਮ ਵਾਲੇ ਲੋਕਾਂ ਦੀ ਪਛਾਣ ਕੀਤੀ ਜਾਣੀ ਬਹੁਤ ਜ਼ਰੂਰੀ ਹੈ। ਪਰ ਅਮਰਾਵਤੀ 'ਚ ਸਰਕਾਰੀ ਮਸ਼ੀਨਰੀ ਇਸ ਮਾਮਲੇ 'ਚ ਬਹੁਤ ਹੀ ਢਿੱਲੀ ਹੈ। ਇਸ ਲਈ ਇੱਥੇ ਕੋਵਿਡ ਮਰੀਜ਼ਾਂ ਦੀ ਗਿਣਤੀ ਵੱਧਣ ਪਿੱਛੇ ਇਹ ਇੱਕ ਵਿਸ਼ੇਸ਼ ਕਾਰਨ ਹੈ।"

12 ਫਰਵਰੀ ਤੋਂ ਹੁਣ ਤੱਕ ਅਮਰਾਵਤੀ 'ਚ 3 ਹਜ਼ਾਰ ਨਵੇਂ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਸਿਰਫ਼ 18 ਫਰਵਰੀ ਨੂੰ ਹੀ 542 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਅਮਰਾਵਤੀ ਦੇ ਕੁਝ ਜ਼ਿਲ੍ਹੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਰਕੇ ਹੌਟਸਪੌਟ 'ਚ ਤਬਦੀਲ ਹੁੰਦੇ ਜਾ ਰਹੇ ਹਨ।

ਅਮਰਾਵਤੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਦੇ ਫੈਲਾਅ 'ਤੇ ਰੋਕ ਲਗਾਉਣ ਦੇ ਮਕਸਦ ਨਾਲ ਕਰਫਿਊ ਦਾ ਹੁਕਮ ਦਿੱਤਾ ਹੈ। ਸ਼ਨੀਵਾਰ ਸ਼ਾਮ ਤੋਂ ਸੋਮਵਾਰ ਸਵੇਰ ਤੱਕ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ।

ਡਾ. ਰਾਠੌੜ ਦਾ ਕਹਿਣਾ ਹੈ , "ਲੋਕ ਪਹਿਲਾਂ ਸੁਚੇਤ ਸਨ ਅਤੇ ਨਿਯਮਾਂ ਦੀ ਪਾਲਣਾ ਵੀ ਕਰ ਰਹੇ ਸਨ, ਪਰ ਹੁਣ ਲੋਕ ਲਾਪਰਵਾਹ ਹੋ ਗਏ ਹਨ ਅਤੇ ਨਿਯਮਾਂ ਨੂੰ ਵੀ ਸੂਲੀ ਟੰਗ ਰਹੇ ਹਨ। ਜ਼ਿਲ੍ਹੇ 'ਚ ਇਸ ਕਾਰਨ ਵੀ ਮਾਮਲੇ ਵੱਧ ਰਹੇ ਹਨ।"

2. ਵਿਆਹ ਸਮਾਗਮ ਪੂਰੇ ਧੂਮਧਾਮ ਨਾਲ ਹੋ ਰਹੇ ਹਨ

ਲੌਕਡਾਊਨ ਦੀਆਂ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਵਿਆਹ ਸਮਾਗਮ ਵੱਡੇ ਪੱਧਰ 'ਤੇ ਹੋ ਰਹੇ ਹਨ। ਹਾਲਾਂਕਿ ਅਜੇ ਵੀ ਵਿਆਹ ਸਮਾਗਮਾਂ 'ਚ ਸਿਰਫ਼ 50 ਲੋਕਾਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਹੈ ਪਰ ਇਸ ਅੰਕੜੇ ਦੀ ਹਰ ਜਗ੍ਹਾ ਹੀ ਉਲੰਘਣਾ ਹੋ ਰਹੀ ਹੈ।

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਪਿੱਛੇ ਇਹ ਵੀ ਅਹਿਮ ਕਾਰਨ ਹੋ ਸਕਦਾ ਹੈ।

ਕੋਵਿਡ-19 ਸਬੰਧੀ ਸਥਾਪਤ ਨਿਗਰਾਨੀ ਇਕਾਈ ਦੇ ਮੁਖੀ ਡਾ. ਪ੍ਰਦੀਪ ਅਵਾਤੇ ਦਾ ਕਹਿਣਾ ਹੈ , "ਮਰਾਠਾਵਾੜਾ ਅਤੇ ਵਿਦਰਭ 'ਚ ਵਿਆਹ ਸਮਾਗਮ ਬਹੁਤ ਹੀ ਧੂਮਧਾਮ ਨਾਲ ਹੋ ਰਹੇ ਹਨ। ਵੱਡੀ ਗਿਣਤੀ 'ਚ ਲੋਕਾਂ ਵੱਲੋਂ ਸ਼ਮੂਲੀਅਤ ਹੋ ਰਹੀ ਹੈ। ਅਜਿਹੀ ਸਥਿਤੀ ਤੋਂ ਬਚਣ ਦੀ ਲੋੜ ਹੈ।"

ਮੁਬੰਈ ਅਤੇ ਦੂਜੇ ਜ਼ਿਲ੍ਹਿਆਂ 'ਚ ਵਿਆਹ ਸਮਾਗਮਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਬੀਐਮਸੀ ਦੇ ਐਡੀਸ਼ਨਲ ਕਮਿਸ਼ਨਰ ਸੁਰੇਸ਼ ਕਕਾਣੀ ਨੇ ਬੀਬੀਸੀ ਮਰਾਠੀ ਨਾਲ ਗੱਲਬਾਤ ਕਰਦਿਆਂ ਕਿਹਾ, "ਸਿਰਫ 50 ਰਿਸ਼ਤੇਦਾਰਾਂ ਨੂੰ ਹੀ ਵਿਆਹ 'ਚ ਸ਼ਾਮਲ ਹੋਣ ਦੀ ਇਜਾਜ਼ਤ ਹੈ। ਜੇਕਰ ਇਸ ਤੋਂ ਵੱਧ ਲੋਕ ਵਿਆਹ ਸਮਾਗਮ 'ਚ ਵਿਖਾਈ ਦਿੰਦੇ ਹਨ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦੇ ਘੇਰੇ 'ਚ ਆਉਣਾ ਪਵੇਗਾ।"

ਯਵਤਮਾਲ ਦੇ ਬਾਲ ਰੋਗ ਮਾਹਰ ਡਾ. ਸਵਪਿਨਲ ਮੰਕਰ ਦਾ ਕਹਿਣਾ ਹੈ, "500-1000 ਲੋਕ ਵਿਆਹ ਸਮਾਗਮ 'ਚ ਸ਼ਿਰਕਤ ਕਰਦੇ ਹਨ। ਉਹ ਬਿਨ੍ਹਾਂ ਮਾਸਕ ਦੇ ਹੀ ਵਿਆਹ 'ਚ ਇੱਧਰ ਉਧਰ ਘੁੰਮਦੇ ਹਨ। ਨਿਯਮਾਂ ਦੀ ਪਾਲਣਾ ਨਹੀਂ ਹੁੰਦੀ ਹੈ। ਇਸ ਲਈ ਕੋਰੋਨਾ ਦੇ ਵੱਧ ਰਹੇ ਮਾਮਲਿਆ ਪਿੱਛੇ ਇਹ ਵੀ ਇੱਕ ਕਾਰਨ ਹੈ।"

ਇੱਕ ਡਾਕਟਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ "ਮੇਰੇ ਗੁਆਂਢੀਆਂ ਦੇ ਘਰ ਜਨਵਰੀ ਮਹੀਨੇ ਵਿਆਹ ਸੀ। ਕੁਝ ਹੀ ਦਿਨਾਂ ਬਾਅਦ ਵਹੁਟੀ ਅਤੇ ਉਸਦੇ ਪਰਿਵਾਰ ਦੇ 2-3 ਮੈਂਬਰ ਕੋਰੋਨਾ ਨਾਲ ਪੀੜਤ ਪਾਏ ਗਏ ਸਨ।"

ਬੀਐਮਸੀ ਨੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਮੈਰਿਜ ਹਾਲ 'ਤੇ ਛਾਪਾ ਮਾਰਨ ਅਤੇ ਹਾਲ ਮੈਨੇਜਰ ਤੇ ਪਰਿਵਾਰਕ ਮੈਂਬਰਾਂ 'ਤੇ ਮਾਮਲਾ ਦਰਜ ਕਰਨ।

3. ਕੀ ਪੰਚਾਇਤੀ ਚੋਣਾਂ ਵੀ ਕੋਰੋਨਾ ਦੇ ਫੈਲਾਅ ਦਾ ਕਾਰਨ ਹਨ ?

ਜਨਵਰੀ 2021 'ਚ ਤਕਰੀਬਨ 14 ਹਜ਼ਾਰ ਤੋਂ ਵੀ ਵੱਧ ਪੰਚਾਇਤਾਂ 'ਚ ਚੋਣਾਂ ਹੋਈਆਂ ਸਨ। ਪੇਂਡੂ ਖੇਤਰਾਂ 'ਚ ਜ਼ਬਰਦਸਤ ਚੋਣ ਮੁਹਿੰਮਾਂ ਚਲਾਈਆਂ ਗਈਆਂ ਸਨ। ਪਹਿਲਾਂ ਲੋਕ ਚੋਣ ਪ੍ਰਚਾਰ ਅਤੇ ਫਿਰ ਵੋਟਿੰਗ ਲਈ ਵੱਡੀ ਗਿਣਤੀ 'ਚ ਘਰੋਂ ਬਾਹਰ ਨਿਕਲੇ ਸਨ।

ਡਾ. ਪ੍ਰਦੀਪ ਅਵਾਤੇ ਪੰਚਾਇਤਾਂ ਨੂੰ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦਾ ਇੱਕ ਅਹਿਮ ਕਾਰਨ ਦੱਸਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਸ਼ਹਿਰਾਂ 'ਚ ਰਹਿਣ ਵਾਲੇ ਲੋਕ ਵੀ ਵੋਟਿੰਗ ਲਈ ਆਪੋ ਆਪਣੇ ਪਿੰਡਾਂ 'ਚ ਗਏ ਸਨ। ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵੀ ਹੋਇਆ ਸੀ। ਅਮਰਾਵਤੀ ਅਤੇ ਸਤਾਰਾ ਜ਼ਿਲ੍ਹਿਆਂ ਦੇ ਕੁਝ ਦੂਰ ਦਰਾਡੇ ਦੇ ਖੇਤਰਾਂ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ।"

ਡਾ.ਅਵਾਤੇ ਕਹਿੰਦੇ ਹਨ ਕਿ ਇਹ ਵਿਚਾਰਨ ਵਾਲੀ ਗੱਲ ਹੈ ਕਿ ਇਨ੍ਹਾਂ ਖੇਤਰਾਂ 'ਚ ਪੰਚਾਇਤ ਦੀਆਂ ਚੋਣਾਂ ਹੋਈਆਂ ਹਨ।

ਆਈਐਮਏ ਦੇ ਉਪ ਪ੍ਰਧਾਨ ਡਾ. ਅਨਿਲ ਪਾਚਨੇਕਰ ਦਾ ਕਹਿਣਾ ਹੈ, "ਅਸੀਂ ਸਿਰਫ ਲੋਕਲ ਟਰੇਨ ਨੂੰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਲਈ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਸਿਆਸੀ ਆਗੂ ਵੱਡੀਆਂ-ਵੱਡੀਆਂ ਰੈਲੀਆਂ ਅਤੇ ਹੋਰ ਪ੍ਰੋਗਰਾਮ ਕਰ ਰਹੇ ਹਨ। ਹੁਣ ਲੋਕਾਂ ਦੇ ਮਨਾਂ 'ਚੋਂ ਕੋਰੋਨਾ ਦਾ ਡਰ ਜਿਵੇਂ ਨਿਕਲ ਹੀ ਗਿਆ ਹੈ।”

“ਨਗਰਪਾਲਿਕਾ ਭੀੜ੍ਹ ਨੂੰ ਕਾਬੂ 'ਚ ਰੱਖਣ 'ਚ ਨਾਕਾਮ ਹੋ ਰਹੀ ਹੈ। ਅਜਿਹੇ ਹੋਰ ਕਈ ਕਾਰਨ ਹਨ ਜੋ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਲਈ ਜ਼ਿੰਮੇਵਾਰ ਹਨ।"

4 . ਮਾਸਕ ਪਾਉਣ 'ਚ ਲਾਪਰਵਾਹੀ

ਜਨਤਕ ਥਾਵਾਂ 'ਤੇ ਵਧੇਰੇ ਲੋਕ ਮਾਸਕ ਜਾਂ ਤਾਂ ਆਪਣੀ ਠੋਡੀ 'ਤੇ ਰੱਖ ਕੇ ਘੁੰਮਦੇ ਹਨ ਜਾਂ ਫਿਰ ਮਾਸਕ ਮੂੰਹ ਦੀ ਥਾਂ ਉਨ੍ਹਾਂ ਦੇ ਗਲੇ 'ਚ ਲਟਕ ਰਿਹਾ ਹੁੰਦਾ ਹੈ। ਕੁਝ ਤਾਂ ਆਪਣੇ ਹੱਥ 'ਚ ਲੈ ਕੇ ਘੁੰਮ ਰਹੇ ਹੁੰਦੇ ਹਨ। ਕਈ ਲੋਕ ਤਾਂ ਬਿਨ੍ਹਾਂ ਮਾਸਕ ਦੇ ਹੀ ਘਰ ਤੋਂ ਬਾਹਰ ਨਿਕਲਦੇ ਹਨ।

ਪਦਮਾਕਰ ਸੋਮਵੰਸ਼ੀ ਅਮਰਾਵਤੀ ਦੇ ਡਾਕਟਰ ਹਨ ਅਤੇ ਉਹ ਪੰਜਾਬ ਰਾਓ ਦੇਸ਼ਮੁਖ ਮੈਮੋਰੀਅਲ ਮੈਡੀਕਲ ਕਾਲਜ ਦੇ ਸਾਬਕਾ ਡੀਨ ਹਨ।

ਉਨ੍ਹਾਂ ਦਾ ਕਹਿਣਾ ਹੈ, "ਮਾਸਕ ਲੋਕਾਂ ਅਤੇ ਸਮਾਜ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਪਰ ਲੱਗਦਾ ਹੈ ਕਿ ਲੋਕ ਇਸ ਨੂੰ ਭੁੱਲ ਹੀ ਗਏ ਹਨ। ਉਹ ਮਾਸਕ ਸਿਰਫ ਪੁਲਿਸ ਦੀ ਕਾਰਵਾਈ ਤੋਂ ਬਚਣ ਲਈ ਹੀ ਪਹਿਨਦੇ ਹਨ। ਉਹ ਇਹ ਨਹੀਂ ਸਮਝਦੇ ਕਿ ਇਹ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਹੀ ਹੈ।"

ਮਾਹਰਾਂ ਦਾ ਮੰਨਣਾ ਹੈ ਕਿ ਮਾਸਕ ਨੂੰ ਲੈ ਕੇ ਲੋਕਾਂ ਦਾ ਬਦਲਦਾ ਰਵੱਈਆ ਵੀ ਕੋਰੋਨਾ ਦੇ ਮਾਮਲੇ ਵਧਾ ਰਿਹਾ ਹੈ।

ਅਮਰਾਵਤੀ 'ਚ 15 ਫਰਵਰੀ ਤੋਂ ਕਾਲਜ ਖੁੱਲ੍ਹਣ ਵਾਲੇ ਸਨ, ਪਰ ਹੁਣ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਧਿਆਨ 'ਚ ਰੱਖਦਿਆਂ ਇਸ ਫ਼ੈਸਲੇ 'ਤੇ ਫਿਲਹਾਲ ਰੋਕ ਹੀ ਲਗਾ ਦਿੱਤੀ ਗਈ ਹੈ।

ਬੀਐਮਸੀ ਨੇ ਲੋਕਲ ਟਰੇਨਾਂ 'ਚ ਬਿਨ੍ਹਾਂ ਮਾਸਕ ਦੇ ਸਫ਼ਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ 300 ਮਾਰਸ਼ਲ ਤਾਇਨਾਤ ਕੀਤੇ ਹਨ।

ਇਹ ਵੀ ਪੜ੍ਹੋ

5. ਮੌਸਮ 'ਚ ਬਦਲਾ

ਪਿਛਲੇ ਕੁਝ ਦਿਨਾਂ ਤੋਂ ਸੂਬੇ 'ਚ ਠੰਡ ਮਹਿਸੂਸ ਹੋ ਰਹੀ ਹੈ। ਉੱਤਰ ਭਾਰਤ 'ਚ ਠੰਡੀਆਂ ਹਵਾਵਾਂ ਚੱਲਣ ਦੇ ਕਾਰਨ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ।

ਡਾ. ਪ੍ਰਦੀਪ ਅਵਾਤੇ ਦਾ ਕਹਿਣਾ ਹੈ, "ਇਸ ਸਮੇਂ ਸਾਨੂੰ ਠੰਡ ਦੇ ਮੌਸਮ ਤੋਂ ਵੀ ਵੱਧ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਇਨਫੈਕਸ਼ਨ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ।"

ਮਾਹਰਾਂ ਦਾ ਕਹਿਣਾ ਹੈ ਕਿ ਸਕੂਲ-ਕਾਲਜ ਖੁੱਲ੍ਹਣ ਤੋਂ ਬਾਅਦ ਅਧਿਆਪਕਾਂ ਦੀ ਹੋਈ ਕੋਰੋਨਾ ਜਾਂਚ 'ਚ ਕੁਝ ਕੋਰੋਨਾ ਪੀੜਤ ਪਾਏ ਗਏ ਹਨ।

6. ਲੋਕ ਮਹਾਂਮਾਰੀ ਪ੍ਰਤੀ ਗੰਭੀਰ ਰਹਿਣ

ਪਿਛਲੇ ਕੁਝ ਦਿਨਾਂ 'ਚ ਯਵਤਮਾਲ ਜ਼ਿਲ੍ਹੇ 'ਚ ਕੋਰੋਨਾ ਦੇ 692 ਸਰਗਰਮ ਮਾਮਲੇ ਦਰਜ ਕੀਤੇ ਗਏ ਹਨ। 465 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਪਿਛਲੇ 24 ਘੰਟਿਆਂ 'ਚ ਯਵਤਮਾਲ 'ਚ 131 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।

ਡਾ. ਸਵਪਿਨਲ ਮੰਕਰ ਦਾ ਮੰਨਣਾ ਹੈ, "ਲੋਕਾਂ 'ਚ ਕੋਰੋਨਾ ਪ੍ਰਤੀ ਡਰ ਖ਼ਤਮ ਹੋ ਗਿਆ ਹੈ। ਸੋਸ਼ਲ ਦੂਰੀ ਦੀਆਂ ਵੀ ਧੱਜੀਆਂ ਉੱਡ ਰਹੀਆਂ ਹਨ।"

ਡਾ. ਰਾਠੌੜ ਦਾ ਕਹਿਣਾ ਹੈ, "ਪਹਿਲਾਂ ਤਾਂ ਲੋਕ ਸੁਚੇਤ ਸਨ ਅਤੇ ਨਿਯਮਾਂ ਦੀ ਪਾਲਣਾ ਵੀ ਹੋ ਰਹੀ ਸੀ, ਪਰ ਹੁਣ ਸਥਿਤੀ ਇਸ ਦੇ ਬਿਲਕੁਲ ਉਲਟ ਹੈ।"

7. ਕੋਰੋਨਾ ਦੇ ਖ਼ਤਮ ਹੋਣ ਬਾਰੇ ਗ਼ਲਤਫ਼ਹਿਮੀਆਂ

ਲੋਕਾਂ 'ਚ ਕੋਰੋਨਾ ਸਬੰਧੀ ਅਜੇ ਵੀ ਬਹੁਤ ਗਲਤ ਧਾਰਨਾਵਾਂ ਹਨ। ਸਭ ਤੋਂ ਵੱਡੀ ਗਲਤਫ਼ਹਿਮੀ ਇਹ ਹੈ ਕਿ ਅਸਲ 'ਚ ਕੋਰੋਨਾ ਵਰਗੀ ਕੋਈ ਚੀਜ਼ ਹੈ ਹੀ ਨਹੀਂ ਹੈ।

ਡਾ. ਪਦਮਾਕਰ ਸੋਮਵੰਸ਼ੀ ਦਾ ਕਹਿਣਾ ਹੈ, "ਲੋਕ ਇਸ ਪ੍ਰੋਪੇਗੰਡਾ 'ਚ ਫਸ ਜਾਂਦੇ ਹਨ ਕਿ ਕੋਰੋਨਾ ਵਰਗੀ ਕੋਈ ਚੀਜ਼ ਹੈ ਹੀ ਨਹੀਂ ਹੈ ਅਤੇ ਇਸ ਨਾਲ ਕਈ ਤਰ੍ਹਾਂ ਦੀਆਂ ਗਲਤਫ਼ਹਿਮੀਆਂ ਪੈਦਾ ਹੋ ਰਹੀਆਂ ਹਨ। ਅਨਪੜ੍ਹ ਲੋਕ ਇਸ ਦੇ ਵਧੇਰੇ ਸ਼ਿਕਾਰ ਹੋ ਰਹੇ ਹਨ।"

ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਨਿਯਮਾਂ ਦੀ ਪਾਲਣਾ ਸਹੀ ਢੰਗ ਨਾਲ ਨਹੀਂ ਕਰਨਗੇ ਤਾਂ ਇਸ 'ਤੇ ਕਾਬੂ ਪਾਉਣ ਲਈ ਲੌਕਡਾਊਨ ਤੋਂ ਇਲਾਵਾ ਹੋਰ ਕੋਈ ਦੂਜਾ ਬਦਲ ਨਹੀਂ ਹੋਵੇਗਾ।

ਮੁੱਖ ਮੰਤਰੀ ਉਧਵ ਠਾਕਰੇ ਨੇ ਦੋ ਦਿਨ ਪਹਿਲਾਂ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ 'ਚ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)