ਕੰਪਿਊਟਰ ਲਈ ਸੰਸਕ੍ਰਿਤ ਨੂੰ ਸਭ ਤੋਂ ਵਧੀਆ ਭਾਸ਼ਾ ਕਰਾਰ ਦੇਣ ਦਾ ਦਾਅਵਾ ਕਿੰਨਾ ਸਹੀ

    • ਲੇਖਕ, ਵਿਗਨੇਸ਼ ਏ
    • ਰੋਲ, ਬੀਬੀਸੀ ਤਾਮਿਲ

ਫ਼ੋਨ ਅਤੇ ਇੰਟਰਨੈੱਟ ਦੀ ਲੋਕਾਂ ਤੱਕ ਪਹੁੰਚ ਵੱਧਣ ਨਾਲ ਫ਼ੇਕ ਨਿਊਜ਼ ਦਾ ਕਾਰੋਬਾਰ ਵੀ ਬਹੁਤ ਵੱਧ ਗਿਆ ਹੈ।

ਇੰਟਰਨੈਟ 'ਤੇ ਕਈ ਮਨਘੜਤ ਅਤੇ ਪੁਸ਼ਟੀ ਤੋਂ ਬਿਨ੍ਹਾਂ ਖ਼ਬਰਾਂ ਚਲਾਈਆਂ ਜਾਂਦੀਆਂ ਹਨ, ਲੋਕ ਬਿਨ੍ਹਾਂ ਜਾਂਚੇ ਪਰਖ਼ੇ ਉਨ੍ਹਾਂ 'ਤੇ ਭਰੋਸਾ ਵੀ ਕਰ ਲੈਂਦੇ ਹਨ।

ਅਜਿਹੀ ਹੀ ਇੱਕ ਫ਼ੇਕ ਨਿਊਜ਼ ਅੱਜ ਕਲ੍ਹ ਚਲ ਰਹੀ ਹੈ ਕਿ 'ਸੰਸਕ੍ਰਿਤ ਕੰਪਿਊਟਰ ਲਈ ਸਭ ਤੋਂ ਵੱਧ ਉਚਿਤ ਭਾਸ਼ਾ ਹੈ'। ਹੋ ਸਕਦਾ ਹੈ ਤੁਸੀਂ ਵੀ ਇਹ ਖ਼ਬਰ ਕਈ ਵਾਰ ਦੇਖੀ ਹੋਵੇ।

ਇਹ ਵੀ ਪੜ੍ਹੋ

ਪਰ, ਕੰਪਿਊਟਰ ਵਿੱਚ ਸੰਸਕ੍ਰਿਤ ਦੇ ਇਸਤੇਮਾਲ ਦਾ ਸਬੂਤ ਦੇਣਾ ਤਾਂ ਦੂਰ ਦੀ ਗੱਲ ਇਸ ਫ਼ੇਕ ਨਿਊਜ਼ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਕਿ ਕੰਪਿਊਟਰ ਕੋਡਿੰਗ ਜਾਂ ਪ੍ਰੋਗਰਾਮਿੰਗ ਵਿੱਚ ਸੰਸਕ੍ਰਿਤ ਕਿਵੇਂ ਉਚਿਤ ਹੈ।

ਐਪਲੀਕੇਸ਼ਨ ਸਾਫ਼ਟਵੇਅਰ ਬਣਾਉਣ ਲਈ ਕੰਪਿਊਟਰ ਦੀ ਭਾਸ਼ਾ ਵਿੱਚ ਕੋਡਿੰਗ ਦਾ ਇਸਤੇਮਾਲ ਕੀਤਾ ਜਾਂਦਾ ਹੈ, ਇਸੇ ਕਰਕੇ ਸੋਸ਼ਲ ਮੀਡੀਆ ਅਤੇ ਇੰਟਰਨੈਟ 'ਤੇ ਬਿਨ੍ਹਾਂ ਪੁਸ਼ਟੀ ਦੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਸਕ੍ਰਿਤ ਕੋਡਿਗ ਲਈ ਜਾਂ ਕੰਪਿਊਟਰ ਨੂੰ ਕਮਾਂਡ ਦੇਣ ਲਈ ਸਭ ਤੋਂ ਉਚਿਤ ਭਾਸ਼ਾ ਹੈ।

ਇਸ ਵਿੱਚ ਨਾ ਤਾਂ ਇਹ ਦੱਸਿਆ ਗਿਆ ਹੈ ਕਿ ਸੰਸਕ੍ਰਿਤ ਦਾ ਇਸਤੇਮਾਲ ਕੋਡਿੰਗ ਵਿੱਚ ਕਿਵੇਂ ਕਰੀਏ ਅਤੇ ਨਾ ਹੀ ਕਿਸੇ ਅਜਿਹੇ ਸਾਫ਼ਟਵੇਅਰ ਦੀ ਜਾਣਕਾਰੀ ਦਿੱਤੀ ਗਈ ਹੈ ਜੋ ਸੰਸਕ੍ਰਿਤ ਤੋਂ ਕੋਡਿੰਗ ਬਣਾਉਂਦਾ ਹੋਵੇ।

ਇਸਦਾ ਕਾਰਨ ਬਹੁਤ ਸਾਫ਼ ਹੈ। ਕੋਡਿੰਗ ਸਿਰਫ਼ ਉਨ੍ਹਾਂ ਭਾਸ਼ਾਵਾਂ ਵਿੱਚ ਕੀਤੀ ਜਾ ਸਕਦੀ ਹੈ ਜਿੰਨਾਂ ਨੂੰ ਕੰਪਿਊਟਰ ਸਿਸਟਮ ਵਿੱਚ ਕਮਾਂਡ ਪੂਰੀ ਕਰ ਤੋਂ ਪਹਿਲਾਂ ਮਸ਼ੀਨ ਦੀ ਭਾਸ਼ਾ ਵਿੱਚ ਬਦਲਿਆ ਜਾ ਸਕੇ।

ਇਹ ਫ਼ੇਕ ਨਿਊਜ਼ ਆਈ ਕਿਥੋਂ?

ਇਸ ਫ਼ੇਕ ਨਿਊਜ਼ ਦੀ ਸ਼ੁਰੂਆਤ ਵਰਲਡ ਵਾਈਡ ਵੈਬ ਦੀ ਖੋਜ ਤੋਂ ਵੀ ਪਹਿਲਾਂ ਹੀ ਹੋ ਗਈ ਸੀ। ਵਰਲਡ ਵਾਈਡ ਵੈਬ ਨੇ ਇੰਟਰਨੈਟ ਦੀ ਵਰਤੋਂ ਵਿੱਚ ਤੇਜ਼ੀ ਲਿਆਂਦੀ।

1985 ਵਿੱਚ ਨਾਸਾ ਦੇ ਇੱਕ ਖੋਜਕਾਰ ਰਿਕ ਬ੍ਰਿਗਸ ਨੇ ਏਆਈ ਮੈਗ਼ਜ਼ੀਨ ਵਿੱਚ ਇਕ ਖੋਜ ਪੱਤਰ ਪ੍ਰਕਾਸ਼ਿਤ ਕੀਤਾ ਸੀ।

ਇਸ ਖੋਜ ਪੱਤਰ ਦਾ ਸਿਰਲੇਖ ਸੀ, ਨਾਲੇਜ ਰਿਪ੍ਰੀਜੈਂਟੇਸ਼ਨ ਇੰਨ ਸੰਸਕ੍ਰਿਤ ਐਂਡ ਆਰਟੀਫ਼ੀਸ਼ੀਅਲ ਲੈਂਗੁਏਜ" ਯਾਨੀ ਸੰਸਕ੍ਰਿਤ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਿੱਚ ਗਿਆਨ ਦੀ ਨੁਮਾਇੰਦਗੀ।

ਇਹ ਖੋਜ ਪੱਤਰ ਕੰਪਿਊਟਰ ਨਾਲ ਗੱਲ ਕਰਨ ਲਈ ਕੁਦਰਤੀ ਭਾਸ਼ਾਵਾਂ ਦੇ ਇਸਤੇਮਾਲ 'ਤੇ ਅਧਾਰਿਤ ਸੀ। ਉਨ੍ਹਾਂ ਨੇ ਇਸ ਖੋਜ ਪੱਤਰ ਵਿੱਚ ਜੋ ਜਾਣਕਾਰੀ ਦਿੱਤੀ ਸੀ ਉਸਦੇ ਗ਼ਲਤ ਅਰਥ ਕੱਢੇ ਗਏ ਅਤੇ ਇਸ ਫ਼ੇਕ ਨਿਊਜ਼ ਦੀ ਸ਼ੁਰੂਆਤ ਹੋਈ ਕਿ ਸੰਸਕ੍ਰਿਤ ਕੰਪਿਊਟਰ ਲਈ ਸਭ ਤੋਂ ਵੱਧ ਉਚਿਤ ਭਾਸ਼ਾ ਹੈ।

ਬ੍ਰਿਗਸ ਦਾ ਕਹਿਣਾ ਸੀ, "ਵੱਡੇ ਪੱਧਰ 'ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਕੁਦਰਤੀ ਬੋਲੀ ਕਈ ਵਿਚਾਰਾਂ ਨੂੰ ਵਿਅਕਤ ਕਰਨ ਲਈ ਠੀਕ ਨਹੀਂ ਹੈ ਜਦਕਿ ਆਰਟੀਫ਼ੀਸ਼ੀਅਲ ਲੈਂਗੁਏਜ ਇਹ ਕੰਮ ਬਹੁਤ ਪਰਪੱਕ ਤਰੀਕੇ ਨਾਲ ਕਰ ਸਕਦੀ ਹੈ। ਪਰ ਅਜਿਹਾ ਨਹੀਂ ਹੈ। ਘੱਟੋ ਘੱਟ ਸੰਸਕ੍ਰਿਤ ਇੱਕ ਅਜਿਹੀ ਭਾਸ਼ਾ ਹੈ ਜੋ 1000 ਸਾਲਾਂ ਤੱਕ ਆਮ ਬੋਲੀ ਜਾਣ ਵਾਲੀ ਭਾਸ਼ਾ ਰਹੀ ਹੈ ਅਤੇ ਜਿਸਦਾ ਆਪਣਾ ਵਿਸ਼ਾਲ ਸਾਹਿਤ ਹੈ।"

ਰਿਕ ਬ੍ਰਿਗਸ ਨੇ ਸੰਸਕ੍ਰਿਤ ਦੀ ਲਗਾਤਾਰਤਾ ਅਤੇ ਵਿਸ਼ਾਲ ਸਾਹਿਤ ਬਾਰੇ ਵਿਆਖਿਆਨ ਕੀਤਾ ਸੀ।

ਸਰਚ ਇੰਜਣ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੋਂ ਪਹਿਲਾਂ

ਕੰਪਿਊਟਰ ਵਿੱਚ ਇੰਨਪੁਟ ਦੇਣ ਲਈ ਕੁਦਰਤੀ ਭਾਸ਼ਾ ਦੀ ਵਰਤੋਂ ਦੀ ਸੰਭਾਵਨਾ ਦੀ ਗੱਲ ਕਰਨ ਵਾਲੇ ਇਸ ਲੇਖ ਨੂੰ ਸਰਚ ਇੰਜਨ ਦੀ ਖੋਜ ਤੋਂ ਪਹਿਲਾਂ ਲਿਖਿਆ ਗਿਆ ਸੀ।

ਉਦਾਹਰਣ ਵਜੋਂ, ਜੇ ਉਪਭੋਗਤਾ (ਯੂਜਰ) ਕੁਦਰਤੀ ਭਾਸ਼ਾ ਵਿੱਚ ਟਾਈਪ ਕਰਦਾ ਹੈ ਕਿ 'ਭਾਰਤੀ ਪ੍ਰਧਾਨ ਮੰਤਰੀ ਦਾ ਨਾਮ ਕੀ ਹੈ?', ਤਾਂ ਕੰਪਿਊਟਰ ਇਸ ਇੰਨਪੁਟ ਨੂੰ ਸਮਝਣ ਅਤੇ ਉਸਦਾ ਜੁਆਬ ਦੇਣ ਦੇ ਸਮਰਥ ਹੁੰਦਾ ਹੈ।

ਮੌਜੂਦ ਸਿਸਟਮ ਵਿੱਚ ਮਸ਼ੀਨ ਭਾਸ਼ਾ ਵਿੱਚ ਬਣਾਏ ਗਏ ਕੋਡ ਕੰਪਿਊਟਰ ਨੂੰ ਦੱਸਦੇ ਹਨ ਕਿ ਉਪਭੋਗਤਾ ਉਸ ਨੂੰ ਕੀ ਕਰਨ ਲਈ ਕਹਿਣਾ ਚਾਹੁੰਦਾ ਹੈ। ਇਹ ਕੋਡ ਕੰਪਿਊਟਰ ਦੀ ਭਾਸ਼ਾ ਦੀ ਵਾਕ ਬਣਤਰ ਦੇ ਅਨੁਸਾਰ ਤਹਿ ਕੀਤੇ ਜਾਂਦੇ ਹਨ।

ਖੋਜ ਪੱਤਰ ਵਿੱਚ ਵੀ ਬ੍ਰਿਗਸ ਨੇ ਸੰਸਕ੍ਰਿਤ ਦੇ ਸੰਬੰਧ ਵਿੱਚ ਕਿਹਾ ਸੀ ਕਿ ਇਹ 'ਘੱਟੋ ਘੱਟ ਇੱਕ ਅਜਿਹੀ ਭਾਸ਼ਾ' ਹੈ ਜਿਸ ਵਿੱਚ ਲਗਾਤਾਰਤਾ ਅਤੇ ਵਿਸ਼ਾਲ ਸਾਹਿਤ ਹੈ। ਇਹ ਨਹੀਂ ਕਿਹਾ ਗਿਆ ਸੀ ਕਿ ਇੰਨਾਂ ਵਿਸ਼ੇਤਾਵਾਂ ਵਾਲੀ 'ਮਹਿਜ਼ ਇਹ ਹੀ ਇੱਕ ਭਾਸ਼ਾ' ਹੈ।

ਪਰ ਇਸ ਖੋਜ ਪੱਤਰ ਨੂੰ ਫ਼ੇਕ ਨਿਊਜ਼ ਅਤੇ ਬਗ਼ੈਰ ਪੁਸ਼ਟੀ ਦੇ ਦਾਅਵਿਆਂ ਲਈ ਗ਼ਲਤ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ।

ਇਹ ਲੇਖ ਉਸ ਸਮੇਂ ਲਿਖਿਆ ਗਿਆ ਸੀ ਜਦੋਂ ਮਨੁੱਖ ਨੇ ਕੁਦਰਤੀ ਭਾਸ਼ਾ ਵਿੱਚ ਗੱਲ ਕਰਨ ਵਾਲੀ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਾਲੇ ਰੋਬੋਟ ਹਾਲੇ ਬਣਾਏ ਨਹੀਂ ਸਨ।

ਨਾਲ ਹੀ ਕਿਸੇ ਵੀ ਮਨੁੱਖੀ ਭਾਸ਼ਾ ਵਿੱਚ ਇੰਨਪੁਟ ਲੈ ਕੇ ਆਉਟਪੁਟ ਦੇਣ ਵਾਲੇ ਰਿਸਰਚ ਇੰਜਣਾਂ ਦੀ ਖੋਜ ਵੀ ਨਹੀਂ ਕੀਤੀ ਗਈ ਸੀ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਕੁਦਰਤੀ ਭਾਸ਼ਾ ਵਿੱਚ ਕੋਡਿੰਗ

ਕੰਪਿਊਟਰ ਕਮਾਂਡ ਪੂਰੀ ਕਰਨ ਤੋਂ ਪਹਿਲਾਂ ਕੋਡਿੰਗ ਨੂੰ ਮਸ਼ੀਨ ਦੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ। ਹੁਣ ਅੰਗਰੇਜ਼ੀ ਤੋਂ ਇਲਾਵਾ ਵੀ ਕਈ ਦੂਸਰੀਆਂ ਕੰਪਿਊਟਰ ਭਾਸ਼ਾਵਾਂ ਵਿਕਸਿਤ ਕਰ ਲਈਆਂ ਗਈਆਂ ਹਨ।

ਉਦਾਹਰਣ ਦੇ ਤੌਰ 'ਤੇ ਤਾਮਿਲ ਵਿੱਚ 'ਯੋਲਿਲ' ਇੱਕ ਪ੍ਰੋਗਰਾਮਿੰਗ ਲੈਂਗੂਏਜ ਹੈ ਜਿਸ ਦੇ ਸਾਰੇ ਕੀਵਰਡ ਤਾਮਿਲ ਵਿੱਚ ਹਨ। ਇਸ ਭਾਸ਼ਾ ਵਿੱਚ ਬਣਾਏ ਗਏ ਕੋਡ ਵੀ ਤਾਮਿਲ ਕੀਵਰਡਜ਼ ਵਿੱਚ ਹੀ ਹੋਣਗੇ, ਜਿਵੇਂ ਅੰਗਰੇਜ਼ੀ ਵਿੱਚ C, C++ ਹੈ। ਕਈ ਭਾਰਤੀ ਅਤੇ ਅੰਤਰਰਾਸ਼ਟਰੀ ਭਾਸ਼ਾਵਾਂ ਦੀ ਆਪਣੀ ਪ੍ਰੋਗਰਾਮਿੰਗ ਲੈਂਗੁਏਜ ਹੈ ਪਰ ਇਹ ਬਹੁਤ ਜ਼ਿਆਦਾ ਇਸਤੇਮਾਲ ਨਹੀਂ ਹੁੰਦੀ।

ਇਸੇ ਤਰ੍ਹਾਂ ਸੰਸਕ੍ਰਿਤ ਵਿੱਚ ਕੀ-ਵਰਡਜ਼ ਦੇ ਜ਼ਰੀਏ ਵੀ ਇੱਕ ਪ੍ਰੋਗਰਾਮਿੰਗ ਲੈਂਗੁਏਜ ਬਣਾਈ ਜਾ ਸਕਦੀ ਹੈ। ਹਾਲਾਂਕਿ ਸੰਸਕ੍ਰਿਤ ਜਾਂ ਕੋਈ ਹੋਰ ਭਾਸ਼ਾ ਕੰਪਿਊਟਰ ਜਾਂ ਕੋਡਿੰਗ ਲਈ ਸਭ ਤੋਂ ਵੱਧ ਉਚਿਤ ਭਾਸ਼ਾ ਸਾਬਤ ਨਹੀਂ ਹੋਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)