ਸੁਮੇਧ ਸੈਣੀ : ਮੁਲਤਾਨੀ ਮਾਮਲੇ 'ਚ ਵਾਅਦਾ ਮੁਆਫ਼ ਗਵਾਹ ਬਣੇ ਸੈਣੀ ਦੇ ਸਾਥੀ ਨੇ ਕੀ ਕੀ ਪਰਤਾਂ ਖੋਲ੍ਹੀਆਂ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਚੰਡੀਗੜ੍ਹ ਦੇ ਸਾਬਕਾ ਇੰਸਪੈਕਟਰ ਜਗੀਰ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੱਤਾ ਹੈ ਕਿ ਉਸ ਵੇਲੇ ਦੇ ਐੱਸਐੱਸਪੀ (ਜੋ ਕਿ ਬਾਅਦ ਵਿੱਚ ਪੰਜਾਬ ਦੇ ਪੁਲਿਸ ਮੁਖੀ ਰਹੇ) ਸੁਮੇਧ ਸਿੰਘ ਸੈਣੀ ਨੇ ਉਨ੍ਹਾਂ ਨੂੰ ਖੁਦ ਦੱਸਿਆ ਸੀ ਕਿ ਬਲਵੰਤ ਸਿੰਘ ਮੁਲਤਾਨੀ ਦੀ ਮੌਤ ਹੋ ਚੁੱਕੀ ਹੈ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸੈਣੀ ਨੇ ਉਨ੍ਹਾਂ ਦੀ ਮੌਜੂਦਗੀ ਵਿੱਚ ਇੱਕ ਹੋਰ ਇੰਸਪੈਕਟਰ ਨੂੰ ਮੁਲਤਾਨੀ ਨੂੰ ਟਾਰਚਰ ਕਰਨ ਲਈ ਕਿਹਾ ਸੀ।

ਬੀਬੀਸੀ ਪੰਜਾਬੀ ਕੋਲ ਜਗੀਰ ਸਿੰਘ ਦੇ ਬਿਆਨ ਦੀ ਕਾਪੀ ਮੌਜੂਦ ਹੈ, ਜਿਸ ਵਿੱਚ ਕਥਿਤ ਤੌਰ 'ਤੇ ਕੀਤੇ ਗਏ ਤਸ਼ਦੱਦ ਦਾ ਵੇਰਵਾ ਵੀ ਦਿੱਤਾ ਗਿਆ ਹੈ।

ਬਲਵੰਤ ਸਿੰਘ ਮੁਲਤਾਨੀ ਇੱਕ ਆਈਏਐੱਸ ਅਫ਼ਸਰ ਦਾ ਪੁੱਤਰ ਸੀ ਅਤੇ ਉਸ ਦੇ ਪਰਿਵਾਰ ਮੁਤਾਬਕ ਦਸੰਬਰ 1991 ਵਿਚ ਪੁਲਿਸ ਨੇ ਉਸ ਨੂੰ ਗੈਰ ਕਾਨੰਨੀ ਹਿਰਾਸਤ ਲੈ ਕੇ ਖਪਾ ਦਿੱਤਾ।

ਸੁਮੇਧ ਸੈਣੀ ਆਪਣੇ ਉੱਤੇ ਲੱਗੇ ਸਾਰੇ ਹੀ ਇਲਜ਼ਾਮਾਂ ਨੂੰ ਅਦਾਲਤ ਵਿਚ ਕੇਸਾਂ ਦੀ ਸੁਣਵਾਈ ਦੌਰਾਨ ਰੱਦ ਕਰਦੇ ਰਹੇ ਹਨ।

ਧਾਰਾ 302 ਜੋੜਨ ਦੀ ਤਿਆਰੀ

ਸਰਕਾਰੀ ਵਕੀਲ ਨੇ ਕਿਹਾ ਕਿ ਇਸ ਦੇ ਨਾਲ ਹੀ ਉਹ ਸਾਬਕਾ ਡੀਜੀਪੀ ਸੈਣੀ ਦੇ ਖ਼ਿਲਾਫ਼ ਦਰਜ ਕੀਤੀ ਗਈ ਐੱਫ਼ਆਈਆਰ ਵਿੱਚ ਆਈਪੀਸੀ ਦੀ ਧਾਰਾ302 ਸ਼ਾਮਲ ਕਰਨ ਲਈ ਤਿਆਰ ਹਨ।

ਇੰਸਪੈਕਟਰ ਜਗੀਰ ਸਿੰਘ ਨੇ ਬਿਆਨ ਵਿੱਚ ਕਿਹਾ, "ਉਹ ਉਸ ਵੇਲੇ ਯਾਨਿ ਕਿ ਦਸੰਬਰ 1991 ਵਿੱਚ ਚੰਡੀਗੜ੍ਹ ਦੇ ਸੈਕਟਰ 22 ਦੀ ਪੁਲਿਸ ਚੌਕੀ ਦੇ ਇੰਚਾਰਜ ਸਨ ਤੇ ਮੁਲਤਾਨੀ ਸੈਕਟਰ 17 ਥਾਣੇ ਵਿੱਚ ਬੰਦ ਸੀ। ਇਹ ਚੌਕੀ ਵੀ ਇਸੇ ਥਾਣੇ ਦੇ ਅਧੀਨ ਆਉਂਦੀ ਹੈ।"

ਜਦੋਂ ਜਗੀਰ ਸਿੰਘ ਨੂੰ ਥਾਣੇ ਸੱਦਿਆ ਗਿਆ ਤਾਂ ਸੁਮੇਧ ਸੈਣੀ ਕਈ ਹੋਰ ਪੁਲਿਸ ਅਫ਼ਸਰਾਂ ਨਾਲ ਕਥਿਤ ਤੌਰ 'ਤੇ ਥਾਣੇ ਵਿਚ ਹੀ ਮੌਜੂਦ ਸੀ ਤੇ ਉਹ ਸਾਰੇ ਮੁਲਤਾਨੀ ਦੀ ਪੁੱਛਗਿੱਛ ਕਰ ਰਹੇ ਸੀ।

ਇਹ ਵੀ ਪੜ੍ਹੋ:

ਜਗੀਰ ਸਿੰਘ ਦੇ ਬਿਆਨ ਮੁਤਾਬਕ ਇਲਜ਼ਾਮ ਹੈ ਕਿ ਉਸ ਤੋਂ ਬਾਅਦ ਸੈਣੀ ਨੇ ਮੁਲਤਾਨੀ ਨੂੰ ਟਾਰਚਰ ਕਰਨ ਲਈ ਕਿਹਾ। ਜਿਸ ਵਿਚ ਉਹ ਕਥਿਤ ਤੌਰ 'ਤੇ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਿਆ ਤੇ ਥੱਲੇ ਡਿਗ ਪਿਆ।

ਉਨ੍ਹਾਂ ਨੇ ਕਿਹਾ, "ਦੋ ਤਿੰਨ ਦਿਨ ਬਾਅਦ ਸੁਮੇਧ ਸਿੰਘ ਸੈਣੀ ਨੇ ਮੈਨੂੰ ਥਾਣੇ ਬੁਲਾਇਆ ਤੇ ਦੱਸਿਆ ਕਿ ਮੁਲਤਾਨੀ ਦੀ ਮੌਤ ਹੋ ਗਈ ਹੈ।"

ਜਗੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਮੁਲਤਾਨੀ ਦੀ ਫਾਈਲ ਪੂਰੀ ਕਰਨ 'ਤੇ ਲਾਈ ਗਈ ਤੇ ਉਨ੍ਹਾਂ ਨੇ ਕਾਦੀਆਂ (ਜ਼ਿਲ੍ਹਾ ਬਟਾਲਾ ਵਿਖੇ) ਜਾ ਕੇ ਮੁਲਤਾਨੀ ਦੇ ਪੁਲਿਸ ਹਿਰਾਸਤ ਤੋਂ ਭੱਜ ਜਾਣ ਦੀ ਰਿਪੋਰਟ ਦਰਜ ਕਰਵਾਈ।

ਕੀ ਮਤਲਬ ਹੈ ਇਸ ਦਾ?

ਇਸ ਨਾਲ ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਅਤੇ ਕਸਟੱਡੀ ਟਾਰਚਰ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ।

ਇਹ ਬਿਆਨ ਜਗੀਰ ਸਿੰਘ ਸਮੇਤ ਦੋ ਮੁਲਜ਼ਮ ਥਾਣੇਦਾਰਾਂ ਵੱਲੋਂ ਵਾਅਦਾ ਮੁਆਫ਼ ਗਵਾਹ ਬਣਨ ਵਾਲੀ ਅਰਜ਼ੀ ਦਾ ਹਿੱਸਾ ਹੈ।

ਅਦਾਲਤ ਨੇ ਇਸ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ ਅਤੇ ਹੁਣ ਇਹ ਥਾਣੇਦਾਰ ਸੈਣੀ ਦੇ ਖ਼ਿਲਾਫ਼ ਸਰਕਾਰੀ ਗਵਾਹ ਬਣ ਸਕਦੇ ਹਨ।

1991 ਵਿੱਚ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਦੇ ਐੱਸਐੱਸਪੀ ਸਨ। ਸੈਣੀ 'ਤੇ ਉਸ ਵੇਲੇ ਹਮਲਾ ਹੋਇਆ ਸੀ ਜਿਸ ਵਿੱਚ ਸੁਮੇਧ ਸੈਣੀ ਦੇ ਤਿੰਨ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ ਪਰ ਸੈਣੀ ਬਚ ਗਏ ਸਨ।

ਕੀ ਹੈ ਪੂਰਾ ਮਾਮਲਾ

ਇਲਜ਼ਾਮ ਹੈ ਕੀ ਸੁਮੇਧ ਸਿੰਘ ਸੈਣੀ ਦੇ ਇਸ਼ਾਰੇ 'ਤੇ ਸਾਬਕਾ IAS ਅਫ਼ਸਰ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਘਰ ਤੋਂ ਚੁੱਕਿਆ ਗਿਆ ਸੀ।

ਉਨ੍ਹਾਂ ਨੂੰ ਇਸ ਕਰ ਕੇ ਚੁੱਕਿਆ ਗਿਆ ਸੀ ਕਿਉਂਕਿ ਪੁਲਿਸ ਸੁਮੇਧ ਸਿੰਘ ਸੈਣੀ ਦੇ ਹਮਲਾਵਰਾਂ ਦੀ ਤਲਾਸ਼ ਕਰ ਰਹੀ ਸੀ। ਇਸ ਤੋਂ ਬਾਅਦ ਕਿਹਾ ਗਿਆ ਸੀ ਕਿ ਬਲਵੰਤ ਸਿੰਘ ਮੁਲਤਾਨੀ ਪੁਲਿਸ ਹਿਰਾਸਤ 'ਚੋਂ ਭੱਜ ਗਿਆ ਹੈ।

ਇਸ ਸਾਲ ਮਈ ਵਿੱਚ ਮੁਲਤਾਨੀ ਦੇ ਪਰਿਵਾਰ ਵੱਲੋਂ ਸੈਣੀ ਦੇ ਖ਼ਿਲਾਫ਼ ਮੋਹਾਲੀ ਵਿੱਚ ਐੱਫ਼ਆਈਆਰ ਦਰਜ ਕਰਵਾਈ ਗਈ ਹੈ। ਸੁਮੇਧ ਸੈਣੀ ਫ਼ਿਲਹਾਲ ਜ਼ਮਾਨਤ 'ਤੇ ਬਾਹਰ ਹਨ।

ਇਹ ਵੀ ਪੜ੍ਹੋ:

ਕਾਨੂੰਨੀ ਜਾਣਕਾਰਾਂ ਮੁਤਾਬਕ ਇਨ੍ਹਾਂ ਬਿਆਨਾਂ ਤੋਂ ਬਾਅਦ ਜੇ ਸੈਣੀ ਖ਼ਿਲਾਫ਼ 302 ਯਾਨਿ ਕਿ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।

ਅਦਾਲਤ ਦੇ ਹੁਕਮਾਂ ਮੁਤਾਬਕ ਸੈਣੀ ਖ਼ਿਲਾਫ਼ ਐੱਫ਼ਆਈਆਰ ਕਰਨ ਲਈ ਉਨ੍ਹਾਂ ਨੂੰ ਤਿੰਨ ਦਿਨ ਦਾ ਸਮਾਂ ਦੇਣਾ ਲਾਜ਼ਮੀ ਹੈ।

ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, "ਸਾਡੇ ਕੋਲ ਹੁਣ ਗਵਾਹ ਤੇ ਸਬੂਤ ਮੌਜੂਦ ਹਨ ਤੇ ਅਸੀਂ ਧਾਰਾ 302 (ਕਤਲ ਦੀ ਧਾਰਾ) ਤਹਿਤ ਮਾਮਲਾ ਦਰਜ ਕਰਵਾਵਾਂਗੇ। ਉਸ ਤੋਂ ਬਾਅਦ ਸੁਮੇਧ ਸੈਣੀ ਨੂੰ ਨੋਟਿਸ ਦੇਵਾਂਗੇ ਕਿ ਜੇ ਤੁਸੀਂ ਜ਼ਮਾਨਤ ਲੈਣੀ ਹੈ ਤਾਂ ਅਦਾਲਤ ਜਾਓ ਨਹੀਂ ਤਾਂ ਅਸੀਂ ਸੁਮੇਧ ਸੈਣੀ ਦੀ ਗ੍ਰਿਫਤਾਰੀ ਕਰਾਂਗੇ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)