ਕੋਰੋਨਾਵਾਇਰਸ: ਪੰਜਾਬ ’ਚ ICU ‘ਫੁੱਲ ਹੋ ਰਹੇ’, ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਤੇ ਡਿਪਟੀ ਸਪੀਕਰ ਅਜਾਇਬ ਭੱਟੀ ਵੀ ਪੌਜ਼ਿਟਿਵ

ਪੰਜਾਬ ਵਿੱਚ ਕੋਰੋਨਾਵਾਇਰਸ ਦੇ ਵਧਦੇ ਕੇਸਾਂ ਵਿਚਾਲੇ ਹਸਪਤਾਲਾਂ ਵਿੱਚ ICU ਵਾਰਡ ਫੁੱਲ ਹੋ ਰਹੇ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੂਬੇ ਵਿੱਚ ਅਚਾਨਕ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਕਾਰਨ ਬਹੁਤੇ ICU ਫੁੱਲ ਹੋ ਗਏ ਹਨ।

ਹਸਪਤਾਲਾਂ ਦੇ ICU ਵਾਰਡ ਵਿੱਚ ਪਹੁੰਚ ਰਹੇ ਮਰੀਜ਼ਾਂ ਨੂੰ ਮੋੜਿਆ ਜਾ ਰਿਹਾ ਹੈ।

ਸੂਬੇ ਵਿੱਚ ਲੰਘੇ 15 ਦਿਨਾਂ ਵਿੱਚ ਲਗਭਗ 12 ਹਜ਼ਾਰ ਤੋਂ ਵੱਧ ਕੋਰੋਨਾਵਾਇਰਸ ਦੇ ਕੇਸ ਆਏ ਹਨ।

15 ਅਗਸਤ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਬਾਅਦ ਕੋਰੋਨਾ ਪੌਜ਼ਿਟਿਵ ਹੋਏ ਕਾਂਗੜ ਤੇ ਭੱਟੀ

ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ 74ਵੇਂ ਆਜ਼ਾਦੀ ਦਿਹਾੜੇ 'ਤੇ ਤਿਰੰਗਾ ਝੰਡਾ ਲਹਿਰਾਉਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਕੋਰੋਨਾ ਪੀੜਤ ਹੋ ਗਏ ਹਨ।

ਕਾਂਗੜ ਨੇ ਮਾਨਸਾ ਵਿੱਚ ਝੰਡਾ ਲਹਿਰਾਇਆ ਸੀ ਅਤੇ ਭੱਟੀ ਨੇ ਫ਼ਰੀਦਕੋਟ ਵਿੱਚ, ਦੋਹਾਂ ਨੇ ਹੀ ਕਈ ਵਾਰ ਮਾਸਕ ਉਤਾਰੇ ਹੋਏ ਸਨ।

ਮਾਨਸਾ ਦੇ ਡੀਸੀ ਮੋਹਿੰਦਰ ਪਾ ਨੇ ਹਿੰਦੁਸਤਾਨ ਟਾਇਮਜ਼ ਨੂੰ ਦੱਸਿਆ ਕਿ ਮੰਤਰੀ ਕਾਂਗੜ ਦਾ ਟੈਸਟ ਸ਼ਨੀਵਾਰ ਨੂੰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਕੋਰੋਨਾ ਪੌਜ਼ਿਟਿਵ ਪਾਏ ਗਏ।

ਉਧਰ ਫ਼ਰੀਦਕੋਟ ਦੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਮੁਤਾਬਕ ਅਜਾਇਬ ਸਿੰਘ ਭੱਟੀ ਦਾ ਟੈਸਟ ਐਤਵਾਰ ਨੂੰ ਬਠਿੰਡਾ ਵਿਖੇ ਕੀਤਾ ਗਿਆ ਅਤੇ ਉਹ ਕੋਰੋਨਾ ਪੌਜ਼ਿਟਿਵ ਪਾਏ ਗਏ।

ਕਾਂਗਰਸੀ ਆਗੂ ਟਾਈਟਲਰ ਨੂੰ ਜਨਮ ਦਿਨ ਦੀ ਵਧਾਈ ਦਿੰਦਾ ਬੋਰਡ ਹਟਾਇਆ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅੰਮ੍ਰਿਤਸਰ ਵਿੱਚ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਜਨਮ ਦਿਨ ਦੀ ਵਧਾਈ ਦਿੰਦੇ ਬੋਰਡ ਨੂੰ ਹਟਾਇਆ ਗਿਆ ਹੈ।

ਦਰਅਸਲ ਇਸ ਬੋਰਡ ਦਾ ਕੁਝ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਫ਼ੇਰ ਬੋਰਡ ਉੱਤੇ ਕਾਲਖ਼ ਮਲ ਕੇ ਲਾਹ ਦਿੱਤਾ ਗਿਆ।

ਸਿੱਖ ਕਾਰਕੁਨਾਂ ਨੇ ਬੋਰਡ ਲਗਾਉਣ ਵਾਲੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

300 ਕਰੋੜ ਦਾ ਘਾਟਾ ਝੱਲਦੀ ਪੰਜਾਬੀ ਯੂਨੀਵਰਸਿਟੀ ਨੂੰ ਬੇਸਿਕ ਤਨਖ਼ਾਹ ਦੇਣੀ ਵੀ ਔਖੀ ਹੋਈ

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਘੱਟੋ-ਘੱਟ 300 ਕਰੋੜ ਦੇ ਘਾਟੇ ਦਾ ਸਾਹਮਣਾ ਕਰ ਰਹੀ ਹੈ ਅਤੇ ਆਪਣੇ ਸਟਾਫ਼ ਨੂੰ ਬੇਸਿਕ ਤਨਖ਼ਾਹ ਦੇਣ ਵਿੱਚ ਸੰਘਰਸ਼ ਕਰ ਰਹੀ ਹੈ।

ਦਿ ਇੰਡੀਅਨ ਐਕਸਪ੍ਰੈੱਸ ਨਾਲ ਗੱਲ ਕਰਦਿਆਂ ਉੱਚ ਸਿੱਖਿਆ ਅਤੇ ਭਾਸ਼ਾਵਾਂ ਦੇ ਪੰਜਾਬ ਸਕੱਤਰ ਰਾਹੁਲ ਭੰਡਾਰੀ ਕਹਿੰਦੇ ਹਨ ਕਿ ਯੂਨੀਵਰਸਿਟੀ ਬਹੁਤ ਡੂੰਘੇ ਵਿੱਤੀ ਸੰਕਟ 'ਚੋਂ ਲੰਘ ਰਹੀ ਹੈ।

ਉਨ੍ਹਾਂ ਮੁਤਾਬਕ ਉਨ੍ਹਾਂ ਨੇ ਇਸ ਮਸਲੇ ਦਾ ਹੱਲ ਕੱਢਣ ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਤਿੰਨ ਮੈਂਬਰੀ ਹਾਈ ਲੈਵਲ ਕਮੇਟੀ ਦਾ ਗਠਨ ਕਰ ਦਿੱਤਾ ਹੈ।

ਰਾਹੁਲ ਭੰਡਾਰੀ ਨੇ ਕਿਹਾ, “ਮੌਜੂਦਾ ਵਿੱਤੀ ਵਰ੍ਹੇ ਲਈ ਯੂਨੀਵਰਿਸਿਟੀ ਦਾ ਖਰਚ ਕਰੀਬ 676 ਕਰੋੜ ਰੁਪਏ ਹੈ ਜਦਕਿ ਸੂਬਾ ਤੇ ਕੇਂਦਰ ਸਰਕਾਰ ਦੀਆਂ ਗ੍ਰਾਂਟਾਂ ਮਿਲਾ ਵੀ ਆਮਦਨ ਕੇਵਲ 384 ਕਰੋੜ ਰੁਪਏ ਹੈ।”

ਪ੍ਰਧਾਨ ਮੰਤਰੀ ਕੇਅਰ ਲਈ RTI ਰਾਹੀਂ ਮੰਗੀ ਜਾਣਕਾਰੀ ਤੋਂ PM ਦਫ਼ਤਰ ਨੇ ਕੀਤੀ ਨਾਂਹ

ਦਿ ਹਿੰਦੂ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ (PMO) ਨੇ ਸੂਚਨਾ ਦੇ ਅਧਿਕਾਰ (RTI) ਤਹਿਤ PM ਕੇਅਰ ਦੇ ਫੰਡਾਂ ਬਾਬਤ ਮੰਗੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਪਿੱਛੇ PMO ਵੱਲੋਂ ਦਿੱਤੇ ਜਵਾਬ ਵਿੱਚ ਆਖਿਆ ਗਿਆ ਹੈ ਕਿ ਇਸ ਨਾਲ ''ਦਫ਼ਤਰ ਦੇ ਸੰਸਾਧਨਾਂ (ਸਰੋਤਾਂ) ਨੂੰ ਗਲਤ ਤਰੀਕੇ ਨਾਲ ਦੂਜੇ ਪਾਸੇ ਲਗਾਉਣਾ ਪਵੇਗਾ।''

ਹਾਲਾਂਕਿ ਹਾਈ ਕੋਰਟ ਦੇ ਫ਼ੈਸਲੇ ਅਤੇ ਸੈਂਟਰਲ ਇੰਫੋਰਮੇਸ਼ਨ ਕਮਿਸ਼ਨ ਦੇ ਕਈ ਹੁਕਮਾਂ ਮੁਤਾਬਕ ਇਹ ਸਾਫ਼ ਹੈ ਕਿ RTI ਕਾਨੂੰਨ ਤਹਿਤ ਮੰਗੀ ਜਾਣਕਾਰੀ ਨੂੰ ਇਸ ਤਰਕ ਤਹਿਤ ਦੇਣ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ ਹੈ, ਸਿਰਫ਼ ਜਾਣਕਾਰੀ ਦਾ ਫਾਰਮੈਟ ਬਦਲਿਆ ਜਾ ਸਕਦਾ ਹੈ।

RTI ਕਾਰਕੁਨ ਲੋਕੇਸ਼ ਬਤਰਾ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਇਹ ਪੁੱਛਿਆ ਸੀ ਕਿ ਅਪ੍ਰੈਲ 2020 ਤੋਂ ਹੁਣ ਤੱਕ PMO ਨੇ ਕਿੰਨੀਆਂ RTI ਅਰਜ਼ੀਆਂ ਪ੍ਰਾਪਤ ਕੀਤੀਆਂ ਅਤੇ ਕਿੰਨੀਆਂ ਨੂੰ ਨਕਾਰ ਦਿੱਤਾ। ਇਸ ਤੋਂ ਇਲਾਵਾ ਬਤਰਾ ਨੇ ਇਨ੍ਹਾਂ ਅਰਜ਼ੀਆਂ ਦੀ ਗਿਣਤੀ, PM ਕੇਅਰ ਲਈ ਆਈਆਂ ਅਰਜ਼ੀਆਂ ਅਤੇ ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ਼ ਫੰਡ ਬਾਰੇ ਆਈਆਂ RTI ਅਰਜ਼ੀਆਂ ਬਾਰੇ ਪੁੱਛਿਆ ਸੀ।

ਆਜ਼ਾਦੀ ਦਿਹਾੜੇ ਦੀ ਸ਼ਾਮ PMO ਵੱਲੋਂ ਲੋਕੇਸ਼ ਬਤਰਾ ਨੂੰ ਕੁਲ ਮਿਲਾ ਕੇ ਸਾਰੇ ਅੰਕੜੇ ਦਿੱਤੇ ਗਏ ਪਰ ਦੋ ਫੰਡਾਂ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਲੋਕਸ਼ ਬਤਰਾ ਮੁਤਾਬਕ PMO ਦੇ ਮੁੱਖ ਲੋਕ ਸੰਪਰਕ ਅਫ਼ਸਰ (CPIO) ਨੇ ਕਿਹਾ, ''ਤੁਹਾਡੇ ਵੱਲੋਂ ਮੰਗੀ ਗਈ ਜਾਣਕਾਰੀ ਇਸ ਦਫ਼ਤਰ ਵੱਲੋਂ ਤਿਆਰ ਰੂਪ ਵਿੱਚ ਮੌਜੂਦ ਨਹੀਂ ਹੈ। ਇਸ ਜਾਣਕਾਰੀ ਨੂੰ ਲੱਭਣਾ ਅਤੇ ਇਕੱਠੇ ਕਰਨ ਨਾਲ ਦਫ਼ਤਰ ਦੇ ਸੰਸਾਧਨ ਸਾਨੂੰ ਉੱਚੇਚੇ ਤੌਰ ’ਤੇ ਲਗਾਉਣੇ ਹੋਣਗੇ ਜਿਸ ਨਾਲ ਦਫ਼ਤਰ ਦੇ ਕੰਮ ਉੱਤੇ ਅਸਰ ਪਵੇਗਾ।''

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)