ਕੇਰਲ ਜਹਾਜ਼ ਹਾਦਸੇ ਦੇ ‘ਹੀਰੋ’: ਮੰਜ਼ਰ ਦਿਲ ਕੰਬਾਊ ਸੀ, ਅੱਗ ਦਾ ਖ਼ਤਰਾ ਸੀ, ਕੋਰੋਨਾ ਬਾਰੇ ਤਾਂ ਸੋਚਿਆ ਹੀ ਨਹੀਂ

ਪਿਛਲੇ ਹਫ਼ਤੇ ਜਦੋਂ ਭਾਰਤ ਦੇ ਕੇਰਲ ਸੂਬੇ ਵਿੱਚ ਜਦੋਂ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ ਤਾਂ ਦਰਜਨਾਂ ਸਥਾਨਕ ਵਾਸੀ ਮਦਦ ਲਈ ਅੱਗੇ ਆਏ ਸਨ।
ਦੁਬੱਈ ਤੋਂ ਆਏ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਵਿੱਚ ਕੁੱਲ 190 ਲੋਕ ਸਵਾਰ ਸਨ ਅਤੇ ਇਸ ਹਾਦਸੇ ਵਿੱਚ 2 ਪਾਇਲਟਾਂ ਸਣੇ 18 ਲੋਕ ਮਾਰੇ ਗਏ ਸਨ।
ਮਦਦ ਲਈ ਸਾਹਮਣੇ ਆਏ ਵਲੰਟੀਅਰਾਂ ਨੇ ਕਈ ਯਾਤਰੀਆਂ ਨੂੰ ਜਹਾਜ਼ ਵਿੱਚੋਂ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸੇ ਕਾਰਨ ਹੀ ਮੌਤਾਂ ਦਾ ਅੰਕੜਾ ਵੀ ਘੱਟ ਰਿਹਾ ਹੈ।
ਇਨ੍ਹਾਂ ਵਿੱਚੋਂ ਕੁਝ ਵਲੰਟੀਅਰਾਂ ਨਾਲ ਬੀਬੀਸੀ ਦੇ ਅਸ਼ਰਫ਼ ਪਾਦਾਨਾ ਨੇ ਗੱਲਬਾਤ ਵੀ ਕੀਤੀ।
ਇਹ ਵੀ ਪੜ੍ਹੋ-
ਜਜ਼ਬੇ ਨੂੰ ਸਲਾਮੀ ਦਿੱਤੀ ਗਈ
32 ਸਾਲਾ ਫਜ਼ਲ ਪੁਥਿਆਕਠ ਤੇ ਉਨ੍ਹਾਂ ਦੇ 8 ਹੋਰ ਦੋਸਤ ਕੁਆਰੰਟੀਨ ਸਨ ਅਤੇ ਅਚਾਨਕ ਇੱਕ ਨਿਜ਼ਰ ਨਾਮ ਦਾ ਪੁਲਿਸ ਅਧਿਕਾਰੀ ਉਨ੍ਹਾਂ ਕੋਲ ਆਇਆ।
ਉਸ ਨੇ ਦੂਰੋਂ ਹੀ ਖੜ੍ਹੇ ਹੋ ਕੇ ਦੱਸਿਆ ਕਿ ਉਹ ਉਨ੍ਹਾਂ ਦੀ ਬਹਾਦਰੀ ਲਈ ਸਲਾਮ ਕਰਨ ਆਏ ਹਨ।
ਨਿਜ਼ਰ ਨੇ ਸਲੂਟ ਕਰਦਿਆਂ ਕਿਹਾ, "ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਹਾਂ ਪਰ ਮੈਂ ਤੁਹਾਨੂੰ ਦੇਣ ਲਈ ਕੁਝ ਨਹੀਂ ਲੈ ਕੇ ਆਇਆ, ਬਸ ਇਹੀ ਇੱਕ ਤੋਹਫਾ ਹੈ ਜੋ ਮੈਂ ਤੁਹਾਨੂੰ ਦੇ ਸਕਦਾ ਹਾਂ।"

ਤਸਵੀਰ ਸਰੋਤ, Getty Images
ਇਨ੍ਹਾਂ ਨੇ ਲੋਕਾਂ ਨੇ ਦਰਜਨਾਂ ਲੋਕਾਂ ਨੂੰ ਬਚਾਇਆ ਅਤੇ ਮਦਦ ਦੌਰਾਨ ਲੋਕਾਂ ਦੇ ਸੰਪਰਕ ਵਿੱਚ ਆਉਣ ਕਾਰਨ ਕੋਵਿਡ-19 ਦੇ ਜੋਖ਼ਮ ਨੂੰ ਧਿਆਨ ਵਿੱਚ ਰੱਖਦਿਆਂ ਇਹ ਲੋਕ ਹੁਣ ਕੁਆਰੰਟੀਨ ਹਨ।
ਘਰ ਦਾ ਬਾਹਰ ਖੜ੍ਹੇ ਪੁਲਿਸ ਵਾਲੇ ਵੱਲੋਂ ਲੋਕਾਂ ਦੇ ਇੱਕ ਸਮੂਹ ਨੂੰ ਸਲੂਟ ਕਰਨ ਵਾਲੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਫਜ਼ਲ ਅਤੇ ਉਨ੍ਹਾਂ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਅਣਗਿਣਤ ਹੀ ਫੋਨ ਆ ਰਹੇ ਹਨ, ਇਨ੍ਹਾਂ ਜ਼ਿਆਦਾਤਰ ਮਦਦ ਕਰਨ ਵਾਲੇ ਰਿਸ਼ਤੇਦਾਰਾਂ ਵੱਲੋਂ ਧੰਨਵਾਦ ਲਈ ਹਨ।
ਏਅਰਪੋਰਟ ਤੋਂ 100 ਮੀਟਰ ਦੀ ਦੂਰੀ 'ਤੇ ਰਹਿਣ ਵਾਲੇ ਫਜ਼ਲ ਦਾ ਕਹਿਣਾ ਹੈ ਕਿ ਉਹ ਹਾਦਸੇ ਵਾਲੀ ਥਾਂ 'ਤੇ ਪਹਿਲਾਂ ਪਹੁੰਚੇ ਲੋਕਾਂ ਵਿਚੋਂ ਇੱਕ ਸਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਹਾਦਸੇ ਤੋਂ ਕੁਝ ਹੀ ਮਿੰਟਾਂ ਬਾਅਦ ਉੱਥੇ ਅਸੀਂ 6 ਲੋਕ ਹੀ ਪਹੁੰਚੇ ਸੀ। ਦਰਵਾਜ਼ੇ ਬੰਦ ਸਨ ਅਤੇ ਲੋਕ ਮਦਦ ਲਈ ਕੁਰਲਾ ਰਹੇ ਸਨ। ਸਿਕਿਓਰਿਟੀ ਲਈ ਤਾਇਨਾਤ ਲੋਕਾਂ ਨੇ ਪਹਿਲਾਂ ਦਰਵਾਜ਼ੇ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਅੱਗ ਬੁਝਾਊ ਦਸਤਾ ਜਹਾਜ਼ 'ਤੇ ਅੱਘ ਬੁਝਾਊ ਪਦਾਰਥ ਛਿੜਕਾ ਰਿਹਾ ਸੀ।"
ਪਰ ਅੱਗ ਦੇ ਵਧਣ ਦੇ ਜੋਖ਼ਮ ਕਾਰਨ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਗਿਆ ਅਤੇ ਫਜ਼ਲ ਨੇ ਦੱਸਿਆ ਕਿ ਨਜ਼ਾਰਾ ਦਿਲ ਕੰਬਾਊ ਸੀ।
ਐਂਬੁਲੈਂਸ ਘੱਟ ਗਿਣਤੀ ’ਚ ਸੀ
"ਕਈ ਯਾਤਰੀ ਬੇਹੋਸ਼ ਸਨ। ਕਈ ਆਪਣੀਆਂ ਸੀਟਾਂ ਦੇ ਹੇਠਾਂ ਫਸੇ ਹੋਏ ਸਨ। ਉਨ੍ਹਾਂ ਨੂੰ ਸੀਟ ਬੈਲਟ 'ਚੋਂ ਬਾਹਰ ਕੱਢ ਕੇ ਜਹਾਜ਼ 'ਚੋਂ ਕੱਢਣਾ ਸੀ।"
ਉਨ੍ਹਾਂ ਨੇ ਰਾਹਤ ਕਰਮੀਆਂ ਦੀ ਲੋਕਾਂ ਨੂੰ ਬਾਹਰ ਕੱਢਣ ਅਤੇ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ।
ਮੌਕੇ 'ਤੇ ਮੌਜੂਦ ਖੇਤਰੀ ਅੱਗ ਬਝਾਊ ਦਸਤੇ ਦੇ ਅਧਿਕਾਰੀ ਕੇ ਅਬਦੁੱਲ ਰਾਸ਼ੀਦ ਨੇ ਦੱਸਿਆ ਸਥਾਨਵਾਸੀਆਂ ਨੇ ਵੱਡਾ ਖ਼ਤਰਾ ਮੋਲ ਲਿਆ।
ਉਨ੍ਹਾਂ ਨੇ ਦੱਸਿਆ, "ਕਰਮੀਆਂ ਨੇ ਹਾਦਸੇ ਤੋਂ ਤੁਰੰਤ ਬਾਅਦ ਅੱਗ ਨੂੰ ਰੋਕਣ ਲਈ ਪਾਣੀ ਦਾ ਛਿੜਕਾ ਕਰਨਾ ਸ਼ੁਰੂ ਕੀਤਾ ਪਰ ਛੋਟੀ ਜਿਹੀ ਚਿੰਗਾਰੀ ਜਾਂ ਭੁੱਲ ਵੱਡੀ ਤ੍ਰਾਸਦੀ ਦਾ ਕਾਰਨ ਬਣ ਸਕਦੀ ਸੀ।"
ਇਹ ਵੀ ਪੜ੍ਹੋ-
ਇਸ ਦੌਰਾਨ ਹੀ ਹਾਦਸੇ ਦੀ ਖ਼ਬਰ ਵਟਸਐਪ ਰਾਹੀਂ ਫੈਲੀ ਸ਼ੁਰੂ ਹੋ ਗਈ ਤੇ ਦਰਜਨਾਂ ਹੀ ਹੋਰ ਲੋਕ ਮਦਦ ਲਈ ਅੱਗੇ ਆਏ।
ਇਸ ਦੌਰਾਨ ਰਾਹਤ ਕਰਮੀਆਂ ਦੇ ਯਾਤਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਅਤੇ ਉੱਥੇ ਕਈ ਨਿੱਜੀ ਗੱਡੀਆਂ ਉਨ੍ਹਾਂ ਹਸਪਤਾਲ ਪਹੁੰਚਾਉਣ ਲਈ ਆ ਗਈਆਂ ਸਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕੱਲੇ-ਇਕੱਲੇ ਨੇ ਕਈਆਂ ਦੀ ਜਾਨ ਬਚਾਈ ਕਿਉਂਕਿ ਐਂਬੂਲੈਂਸ ਬਹੁਤ ਘੱਟ ਗਿਣਤੀ ਵਿੱਚ ਸਨ।
33 ਸਾਲਾ ਟਰੱਕ ਡਰਾਈਵਰ ਫਜ਼ਲ ਕਾਰਾਲਿਲ ਵੀ ਮਦਦ ਕਰਨ ਵਾਲਿਆਂ ਵਿੱਚ ਸ਼ਾਮਲ ਸਨ, ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਸ ਵੇਲੇ ਕੋਰੋਨਾਵਾਇਰਸ ਦਾ ਚਿਤ-ਚੇਤਾ ਵੀ ਨਹੀਂ ਸੀ।
ਉਨ੍ਹਾਂ ਨੇ ਕਿਹਾ, "ਅਸੀਂ ਟਰੱਕ, ਆਟੋ-ਰਿਕਸ਼ਾ ਸਣੇ ਹਰ ਤਰ੍ਹਾਂ ਦੇ ਵਾਹਨ ਦੀ ਵਰਤੋਂ ਕੀਤੀ, ਉਦੋਂ ਇੰਤਜ਼ਾਰ ਕਰਨ ਦਾ ਸਮਾਂ ਨਹੀਂ ਸੀ।"

ਤਸਵੀਰ ਸਰੋਤ, Getty Images
ਇਸ ਵਿਚਾਲੇ ਸਥਾਨਕ ਕਿਸ਼ਤੀਆਂ ਨੇ ਪੀੜਤਾਂ ਨੂੰ ਕਰੀਬ 30 ਕਿਲੋਮੀਟਰ ਦੇ ਦਾਇਰੇ ਅੰਦਰ ਪੈਂਦੇ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ।
ਰਾਸ਼ੀਦ ਨੇ ਦੱਸਿਆ, "ਵਲੰਟੀਅਰਾਂ ਨੇ ਪੀੜਤਾਂ ਨੂੰ ਐਂਬੂਲੈਂਸ ਦਾ ਇੰਤਜ਼ਾਰ ਕੀਤੇ ਬਿਨਾਂ ਤੁਰੰਤ ਹਸਪਤਾਲ ਪਹੁੰਚਾਇਆ। ਉਨ੍ਹਾਂ ਨੇ ਆਪਣੇ ਮਾੜੀ-ਮੋਟੀ ਸੁਰੱਖਿਆ ਦਾ ਧਿਆਨ ਰੱਖਿਆ।"
ਕੋਜ਼ੀਕੋਡ ਹਸਪਤਾਲ ਵਿੱਚ ਐਮਰਜੈਂਸੀ ਮੈਡੀਸਨ ਦੇ ਡਾਇਰੈਕਟਰ ਡਾ. ਪੀਪੀ ਵੈਨੂਗੋਪਾਲਨ ਦਾ ਮੰਨਣਾ ਹੈ ਕਿ ਸਥਾਨਕ ਲੋਕਾਂ ਵੱਲੋਂ ਘੱਟੋ-ਘੱਟ 10 ਲੋਕਾਂ ਦੀ ਜਾਨ ਬਚਾਈ ਗਈ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਨੇੜਲੇ ਲੋਕਾਂ ਨੂੰ ਟਰੋਮਾ ਕੇਅਰ ਅਤੇ ਅਜਿਹੇ ਹਾਦਸਿਆਂ ਨਾਲ ਨਿਪਟਣ ਲਈ ਸਿਖਲਾਈ ਦਿੱਤੀ ਗਈ ਸੀ।"
"2012 ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਹਵਾਈ ਹਾਦਸਿਆਂ 'ਤੇ ਇੱਕ ਮੌਕ ਡ੍ਰਿਲ ਦਾ ਕੀਤੀ ਸੀ, ਜਿਸ ਵਿੱਚ 650 ਲੋਕਾਂ ਨੇ ਹਿੱਸਾ ਲਿਆ ਸੀ। ਮੈਨੂੰ ਲਗਦਾ ਹੈ ਇਸ ਨੇ ਸਭ ਤੋਂ ਵੱਡਾ ਕੰਮ ਸੀ ਜੋ ਭਾਰਤ ਵਿੱਚ ਹੋਇਆ। ਏਅਰ ਇੰਡੀਆ ਦਾ ਜਹਾਜ਼ ਠੀਕ ਉਸੇ ਹੀ ਥਾਂ ਡਿੱਗਿਆ।"
"ਟੈਕਸੀ ਡਰਾਈਵਰਾਂ ਸਣੇ ਸਥਾਨਕ ਲੋਕਾਂ ਨੂੰ ਸਿਖਲਾਈ ਦੇਣ ਵਿੱਚ ਇੱਕ ਮਹੀਨਾ ਲੱਗਿਆ। ਸਾਰਿਆਂ ਨੇ ਸਿਖਲਾਈ ਲਈ, ਮੈਨੂੰ ਲਗਦਾ ਹੈ ਕਿ ਇਸ ਕਰਕੇ ਵੀ ਮੌਤਾਂ ਦਾ ਅੰਕੜਾ ਘਟ ਰਿਹਾ।"

ਕੇਰਲਾ ਦੇ ਕੋਜ਼ੀਕੋਡ ਅਤੇ ਮੱਲਪੁਰਮ ਜ਼ਿਲ੍ਹੇ ਦੇ ਕਰੀਬ 2 ਲੱਖ ਲੋਕਾਂ ਨੇ ਟਰੋਮਾ ਕੇਅਰ ਅਤੇ ਬਚਾਅ ਲਈ ਸਿਖਲਾਈ ਲਈ।
ਡਾ. ਵੈਨੂਗੋਪਾਲਨ ਨੇ ਕਿਹਾ ਕਿ ਭਾਈਚਾਰੇ ਦੀ ਪ੍ਰਤੀਕਿਰਿਆ ਇੰਨੀ ਕੁਸ਼ਲ ਸੀ ਕਿ ਕਈਆਂ ਐਂਬੂਲੈਂਸਾਂ ਨੂੰ ਉਥੋਂ ਵਾਪਸ ਆਉਣਾ ਪਿਆ, ਵਲੰਟੀਅਰਾਂ ਨੇ ਪਹਿਲਾਂ ਹੀ ਲੋਕਾਂ ਨੂੰ ਨਿੱਜੀ ਵਾਹਨਾਂ ਰਾਹੀਂ ਯਾਤਰੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਸੀ।
ਇਸ ਦੌਰਾਨ, ਮੈਡੀਕਲ ਸੇਵਾ ਤੋਂ ਇਲਾਵਾ, ਸਥਾਨਕ ਲੋਕਾਂ ਨੇ ਯਾਤਰੀਆਂ ਦੀ ਮਦਦ ਕੀਤੀ ਦੋ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰ ਦੀਆਂ ਖ਼ਬਰਾਂ ਲਈ ਬੇਤਾਬ ਸਨ, ਜੋ ਉਡਾਣ ਵਿੱਚ ਉਨ੍ਹਾਂ ਦੇ ਨਾਲ ਸਨ।
ਫਜ਼ਲ ਦਾ ਕਹਿਣਾ ਹੈ, "ਅਸੀਂ ਤੁਰੰਤ ਰਾਹਤ ਕਰਮੀਆਂ ਦਾ ਇੱਕ ਵਟਸਐਪ ਗਰੁੱਪ ਬਣਾਇਆ ਅਤੇ ਸਾਨੂੰ ਜੋ ਵੀ ਜਾਣਕਾਰੀ ਮਿਲੀ, ਉਸ ਪੋਸਟ ਕੀਤਾ ਤਾਂ ਜੋ ਇਹ ਪਤਾ ਲਗ ਸਕੇ ਕਿ ਕੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਦੂਜੇ ਹਸਪਤਾਲਾਂ ਵਿੱਚ ਹਨ।"
ਪੂਰੇ ਹਾਦਸੇ ਤੋਂ ਬਾਅਦ ਇਨ੍ਹਾਂ ਨੂੰ ਕੁਆਰੰਟੀਨ ਵਿੱਚ ਭੇਜ ਦਿੱਤਾ। ਉਸ ਵੇਲੇ ਤੋਂ ਹੀ ਉਨ੍ਹਾਂ ਨੂੰ ਹੀਰੋ ਵਾਂਗ ਦੇਖਿਆ ਜਾ ਰਿਹਾ ਤੇ ਉਨ੍ਹਾਂ ਦੀਆਂ ਕਹਾਣੀਆਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਹੋ ਰਹੀਆਂ ਹਨ।












