You’re viewing a text-only version of this website that uses less data. View the main version of the website including all images and videos.
PSEB 12 ਵੀਂ ਦਾ ਨਤੀਜਾ: ਦੋ ਜਮਾਤਣਾਂ ਨੇ ਪੰਜਾਬ ਨੂੰ ਯਾਦ ਕਰਵਾਇਆ ਰਾਮ ਸਰੂਪ ਅਣਖ਼ੀ ਤੇ ਸੁਰਜੀਤ ਬਰਨਾਲਾ ਦਾ ਪਿੰਡ ਧੌਲਾ
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬਰਨਾਲਾ ਤੋਂ ਬੀਬੀਸੀ ਪੰਜਾਬੀ ਲਈ
ਧੌਲਾ ਬਰਨਾਲਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਹੈ। ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਰਾਮ ਸਰੂਪ ਅਣਖੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਇਸੇ ਪਿੰਡ ਦੇ ਜੰਮਪਲ ਸਨ।
ਖਬਰਾਂ ਦੀਆਂ ਸੁਰਖੀਆਂ ਵਿੱਚ ਰਹਿਣ ਵਾਲਾ ਇਹ ਪਿੰਡ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਸ ਵਾਰ ਚਰਚਾ ਦਾ ਕਾਰਨ ਪਿੰਡ ਦੇ ਦੋ ਸਾਧਾਰਨ ਘਰਾਂ ਦੀਆਂ ਕੁੜੀਆਂ ਬਣੀਆਂ ਹਨ।
ਇਨ੍ਹਾਂ ਦੋਹਾਂ ਕੁੜੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਵਿੱਚੋਂ ਮੋਹਰੀ ਸਥਾਨ ਹਾਸਲ ਕੀਤੇ ਹਨ।
ਪੜ੍ਹਨ-ਸੁਣਨ ਨੂੰ ਇਹ ਆਮ ਖ਼ਬਰ ਲੱਗ ਸਕਦੀ ਹੈ ਪਰ ਜਿੰਨਾਂ ਹਾਲਤਾਂ ਵਿੱਚ ਇਨ੍ਹਾਂ ਕੁੜੀਆਂ ਨੇ ਜ਼ਿਲ੍ਹੇ 'ਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ ਉਸ ਕਰਕੇ ਇਨ੍ਹਾਂ ਦੀ ਪ੍ਰਾਪਤੀ ਬਹੁਤ ਖਾਸ ਹੋ ਜਾਂਦੀ ਹੈ।
ਇਹ ਵੀ ਪੜ੍ਹੋ-
ਇਸ ਪਿੰਡ ਦੀ ਹਰਪ੍ਰੀਤ ਕੌਰ ਨੇ 98.22% ਨੰਬਰ ਲੈ ਕੇ ਜ਼ਿਲ੍ਹੇ ਵਿੱਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ। ਦਿਲਚਸਪ ਤੱਥ ਇਹ ਹੈ ਕਿ ਇਸੇ ਪਿੰਡ ਦੀ ਸੁਖਜੀਤ ਕੌਰ ਨੇ ਵੀ 98% ਨੰਬਰ ਲੈ ਕੇ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਦੋਵੇਂ ਕੁੜੀਆਂ ਜਮਾਤਣਾਂ ਹਨ ਤੇ ਪਿੰਡ ਦੇ ਸਰਕਾਰੀ ਸਕੂਲ਼ ਦੀਆਂ ਵਿਦਿਆਰਥਣਾਂ ਹਨ।
ਇਨ੍ਹਾਂ ਕੁੜੀਆਂ ਨੂੰ ਮਿਲਣ ਲਈ ਸਭ ਤੋਂ ਪਹਿਲਾਂ ਅਸੀਂ ਹਰਪ੍ਰੀਤ ਦੇ ਘਰ ਗਏ। ਥੋੜ੍ਹੀ ਬਹੁਤ ਪੁੱਛਗਿੱਛ ਤੋਂ ਬਾਅਦ ਹਰਪ੍ਰੀਤ ਦੇ ਘਰ ਤੱਕ ਪਿੰਡ ਦਾ ਇੱਕ ਵਿਅਕਤੀ ਸਾਨੂੰ ਛੱਡਣ ਚਲਾ ਗਿਆ।
ਹਰਪ੍ਰੀਤ ਦਾ ਘਰ ਪਿੰਡ ਦੀ ਦਲਿਤ ਅਬਾਦੀ ਵਾਲੇ ਇਲਾਕੇ ਵਿੱਚ ਸਥਿਤ ਹੈ। ਘਰ ਵਿੱਚ ਹਰਪ੍ਰੀਤ ਦੀ ਮਾਂ, ਦਾਦੀ ਅਤੇ ਹੋਰ ਸਕੇ ਸਬੰਧੀ ਮੌਜੂਦ ਹਨ, ਪਿਤਾ ਕੰਮ 'ਤੇ ਗਏ ਹੋਏ ਹਨ।
ਤਿੰਨ ਕਮਰਿਆਂ ਵਾਲੇ ਇਸ ਘਰ ਦਾ ਇੱਕ ਕਮਰਾ ਨੀਵਾਂ ਹੋ ਚੁੱਕਾ ਹੈ। ਘਰ ਦੇ ਇੱਕ ਕਮਰੇ ਦੇ ਪੱਲੀਆਂ ਨਾਲ ਕੱਜੇ ਦਰਵਾਜੇ ਅਤੇ ਬਾਰੀਆਂ ਘਰ ਦੀ ਸਥਿਤੀ ਬਿਆਨ ਕਰਦੀਆਂ ਹਨ।
ਆਈਏਐੱਸ ਅਫ਼ਸਰ ਬਣਨਾ ਚਾਹੁੰਦੀ ਹੈ ਹਰਪ੍ਰੀਤ
ਅਪਾਣੀ ਇਸ ਕਾਮਯਾਬੀ ਦਾ ਹਰਪ੍ਰੀਤ ਨੂੰ ਪਹਿਲਾਂ ਤੋਂ ਹੀ ਪੂਰਾ ਭਰੋਸਾ ਸੀ। ਆਪਣੀ ਇਸ ਪ੍ਰਾਪਤੀ ਦੇ ਸਫਰ ਬਾਰੇ ਗੱਲ ਕਰਦਿਆਂ ਹਰਪ੍ਰੀਤ ਦੱਸਦੀ ਹੈ, "ਮੇਰੇ ਪਿਛਲੀਆਂ ਕਲਾਸਾਂ ਵਿੱਚ ਵੀ ਚੰਗੇ ਨੰਬਰ ਆਉਂਦੇ ਰਹੇ ਹਨ ਪਰ ਇਸ ਵਾਰ ਮੈਂ ਬਹੁਤ ਮਿਹਨਤ ਕੀਤੀ ਸੀ। ਸਵੇਰੇ ਤਿੰਨ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਅਤੇ ਸ਼ਾਮ ਨੂੰ ਵੀ ਦੋ ਤਿੰਨ ਘੰਟੇ ਮਿਹਨਤ ਕਰਦੀ ਸੀ।"
"ਮੇਰੇ ਮਾਪਿਆਂ ਨੇ ਮੇਰਾ ਪੂਰਾ ਸਾਥ ਦਿੱਤਾ। ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਮੈਨੂੰ ਕਦੇ ਘਰ ਦੇ ਕੰਮ ਕਰਨ ਲਈ ਨਹੀਂ ਕਿਹਾ, ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦਿੱਤੀ। ਕਦੇ ਟਿਊਸ਼ਨ ਨਹੀਂ ਰੱਖੀ। ਸਾਡੇ ਅਧਿਆਪਕ ਬਹੁਤ ਚੰਗੇ ਹਨ, ਚਾਹਵਾਨ ਬੱਚਿਆਂ ਲਈ ਸਕੂਲ ਵਿੱਚ ਐਕਸਟਰਾ ਕਲਾਸਾਂ ਵੀ ਲਗਾਉਂਦੇ ਰਹੇ ਹਨ। ਮੈਨੂੰ ਪੂਰੀ ਉਮੀਦ ਸੀ ਕਿ ਇਸ ਵਾਰ ਪਹਿਲਾਂ ਨਾਲੋਂ ਵੀ ਚੰਗੇ ਨੰਬਰ ਆਉਣਗੇ।"
ਹਰਪ੍ਰੀਤ ਆਈਏਐਸ ਅਫਸਰ ਬਣ ਕੇ ਕੁੜੀਆਂ ਦੀ ਸਿੱਖਿਆ ਲਈ ਕੰਮ ਕਰਨਾ ਚਾਹੁੰਦੀ ਹੈ।
ਹਰਪ੍ਰੀਤ ਦੀ ਇਸ ਪ੍ਰਾਪਤੀ ਉੱਤੇ ਉਸਦੇ ਪਰਿਵਾਰ ਦੀ ਖੁਸ਼ੀ ਸਾਂਭੀ ਨਹੀਂ ਜਾਂਦੀ।
ਹਰਪ੍ਰੀਤ ਦੀ ਮਾਤਾ ਸਰਬਜੀਤ ਕੌਰ ਆਪਣੀਆਂ ਭਾਵਨਾਵਾਂ ਵਿਅਕਤ ਕਰਦੀ ਹੈ, "ਸਾਡੇ ਦੋਹੇਂ ਬੱਚੇ ਬਹਤੁ ਲਾਇਕ ਨੇ, ਅਸੀਂ ਕੁੜੀ ਮੁੰਡੇ ਵਿੱਚ ਕਦੇ ਕੋਈ ਫਰਕ ਨਹੀਂ ਕੀਤਾ। ਦੋਵੇਂ ਬੱਚਿਆਂ ਨੂੰ ਅਸੀਂ ਕਦੇ ਵੀ ਕਿਤਾਬਾਂ ਜਾਂ ਫੀਸਾਂ ਪੱਖੋਂ ਕੋਈ ਤੰਗੀ ਨਹੀਂ ਹੋਣ ਦਿੱਤੀ। ਮੇਰੀ ਬੇਟੀ ਘਰ ਦੇ ਸਾਰੇ ਕੰਮ ਕਰ ਲੈਂਦੀ ਹੈ ਪਰ ਅਸੀਂ ਕਦੇ ਇਸ ਨੂੰ ਪੜਾਈ ਛੱਡ ਕੇ ਕੰਮ ਕਰਨ ਲਈ ਨਹੀਂ ਕਿਹਾ।"
"ਮੇਰਾ ਘਰਵਾਲਾ ਦਿਹਾੜੀਦਾਰ ਹੈ। ਕਦੇ ਦਿਹਾੜੀ ਮਿਲੀ ਕਦੇ ਨਾ ਮਿਲੀ, ਲੋਕਾਂ ਦਾ ਗੋਹਾ ਕੂੜਾ ਵੀ ਕੀਤਾ, ਮੈਂ ਆਪ ਵੀ ਦਿਹਾੜੀ ਚਲੀ ਜਾਂਦੀ ਹਾਂ। ਘਰੇ ਇੱਕ ਮੱਝ ਰੱਖੀ ਹੈ। ਕਈ ਵਾਰ ਥੋੜਾ ਬਹੁਤ ਦੁੱਧ ਵੇਚ ਕੇ ਵੀ ਇਨ੍ਹਾਂ ਦੇ ਖਰਚੇ ਪੂਰੇ ਕੀਤੇ ਪਰ ਬੱਚਿਆਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ। ਸਾਡੀ ਤਾਂ ਇਹੀ ਇੱਛਾ ਹੈ ਕਿ ਇਹ ਕੋਈ ਚੰਗੀ ਨੌਕਰੀ ਦੇ ਯੋਗ ਹੋ ਜਾਣ ਤਾਂ ਸਾਡੀ ਵੀ ਜੂਨ ਸੁਧਰ ਜਾਵੇ।"
ਪੁਲਿਸ ਅਫ਼ਸਰ ਬਣਾਨ ਚਾਹੁੰਦੀ ਹੈ ਸੁਖਜੀਤ
ਇਸ ਪਿੰਡ ਦੀ ਸੁਖਜੀਤ ਕੌਰ ਦਾ ਘਰ ਵੀ ਪਿੰਡ ਦੇ ਬਾਹਰਵਾਰ ਨਿਮਨ ਵਰਗ ਕਹੀ ਜਾਂਦੀ ਅਬਾਦੀ ਵਾਲੇ ਘਰਾਂ ਵਿੱਚ ਹੈ। ਸੁਖਜੀਤ ਕੌਰ ਨੇ 97% ਨੰਬਰ ਲੈ ਕੇ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ।
ਸੁਖਜੀਤ ਦੇ ਪਰਿਵਾਰ ਨੇ ਪੂਰੀ ਗਰਮਜੋਸ਼ੀ ਨਾਲ ਸਾਡਾ ਸਵਾਗਤ ਕੀਤਾ। ਸੁਖਜੀਤ ਦੇ ਘਰ ਦੇ ਹਾਲਾਤਾਂ ਦਾ ਵੀ ਹਰਪ੍ਰੀਤ ਦੇ ਘਰ ਨਾਲੋਂ ਬਹੁਤਾ ਫਰਕ ਨਹੀਂ ਹੈ।
ਸੁਖਜੀਤ ਦੱਸਦੀ ਹੈ, "ਮੈਨੂੰ ਚੰਗੇ ਨੰਬਰਾਂ ਦੀ ਉਮੀਦ ਸੀ ਪਰ ਇੰਨੇ ਚੰਗੇ ਨੰਬਰ ਆਉਣਗੇ, ਇਹ ਉਮੀਦ ਮੈਨੂੰ ਬਿਲਕੁਲ ਵੀ ਨਹੀਂ ਸੀ। ਇਹ ਸਭ ਮੇਰੇ ਮਾਪਿਆਂ ਦੇ ਸਹਿਯੋਗ ਅਤੇ ਸਾਡੇ ਅਧਿਆਪਕਾਂ ਦੀ ਮਿਹਨਤ ਕਰਕੇ ਹੀ ਸੰਭਵ ਹੋਇਆ ਹੈ। ਜੋ ਕੁੱਝ ਵੀ ਪੜਿਆ ਸਕੂਲ ਵਿੱਚ ਹੀ ਪੜਿਆ ਹੈ ਕੋਈ ਕੋਚਿੰਗ ਜਾਂ ਟਿਊਸ਼ਨ ਨਹੀਂ ਲਈ।"
"ਰੋਜ਼ ਸਕੂਲ ਦਾ ਕੰਮ ਘਰ ਆ ਕੇ ਕਰਨ ਕਰਕੇ ਕੋਚਿੰਗ ਦੀ ਜਰੂਰਤ ਹੀ ਨਹੀਂ ਪਈ। ਮੈਂ ਆਪਣੇ ਅਧਿਆਪਕਾਂ ਦੀ ਸਲਾਹ ਨਾਲ ਹੀ ਅਗਲੀ ਪੜਾਈ ਕਰਾਂਗੀ ਪਰ ਮੈਂ ਅੱਗੇ ਜਾ ਕੇ ਪੁਲਿਸ ਅਫਸਰ ਬਣਨਾ ਚਾਹੁੰਦੀ ਹਾਂ।"
ਸੁਖਜੀਤ ਦੇ ਪਿਤਾ ਸ਼ਾਮ ਲਾਲ ਦੱਸਦੇ ਹਨ, "ਅਸੀਂ ਆਪਣੀ ਬੇਟੀ ਦੀ ਪ੍ਰਾਪਤੀ ਉੱਤੇ ਬਹੁਤ ਖੁਸ਼ ਹਾਂ। ਮੈਂ ਤੇ ਮੇਰੀ ਪਤਨੀ ਅਸੀਂ ਮਿੱਟੀ ਦੇ ਭਾਂਡੇ ਬਣਾ ਕੇ ਵੇਚਦੇ ਹਾਂ। ਮੇਰੇ ਤਿੰਨ ਬੱਚੇ ਨੇ, ਬੱਚੇ ਤਿੰਨੋਂ ਹੀ ਪੜਾਈ ਵਿੱਚ ਹੁਸ਼ਿਆਰ ਨੇ ਪਰ ਇਨ੍ਹਾਂ ਦੀ ਪੜਾਈ ਲਿਖਾਈ ਲਈ ਸਾਨੂੰ ਰੋਜ਼ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ।"
"ਬੱਚੇ ਵੀ ਨਾਲ ਮਦਦ ਕਰਵਾਉਂਦੇ ਹਨ ਤਾਂ ਜਾ ਕੇ ਪੂਰਾ ਪੈਂਦਾ ਹੈ। ਸਾਡੀ ਇੱਛਾ ਹੈ ਕਿ ਜੇ ਇਹ ਕੋਈ ਸਰਕਾਰੀ ਨੌਕਰੀ ਦੇ ਯੋਗ ਹੋ ਜਾਵੇ ਤਾਂ ਸਾਡੀ ਮਿਹਨਤ ਸਫਲ ਹੋ ਜਾਵੇਗੀ।"
ਪਿੰਡ ਦੀ ਪੰਚਾਇਤ ਦੇ ਮੈਂਬਰ ਕੁਲਦੀਪ ਸਿੰਘ ਪਿੰਡ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਕਹਿੰਦੇ ਹਨ, "ਇਨ੍ਹਾਂ ਬੱਚੀਆਂ ਨੇ ਸਾਡੇ ਪਿੰਡ ਦਾ ਹੀ ਨਹੀਂ ਪੂਰੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਜਿਹੜੇ ਮਾਪੇ ਬੱਚੀਆਂ ਨੂੰ ਛੋਟੀ ਉਮਰੇ ਸਕੂਲੋਂ ਹਟਾ ਕੇ ਵਿਆਹ ਦਿੰਦੇ ਹਨ ਉਨ੍ਹਾਂ ਲਈ ਇਹ ਕੁੜੀਆਂ ਪ੍ਰੇਰਨਾ ਬਣਨਗੀਆਂ। ਇਸ ਨਾਲ ਇਹ ਸੁਨੇਹਾ ਜਾਵੇਗਾ ਕਿ ਕੁੜੀਆਂ ਨੂੰ ਜੇ ਬਰਾਬਰ ਮੌਕੇ ਦਿੱਤੇ ਜਾਣ ਤਾਂ ਉਹ ਵੀ ਮਾਪਿਆਂ ਦਾ ਨਾਂ ਰੌਸ਼ਨ ਕਰ ਸਕਦੀਆਂ ਹਨ।"
ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼