ਹਿਰਾਸਤੀ ਮੌਤ ਬਾਰੇ ਵਾਇਰਲ ਵੀਡੀਓ ਨੂੰ ਕਿਉਂ ਹਟਾਇਆ ਗਿਆ

ਤਮਿਲਨਾਡੂ ਵਿੱਚ ਇੱਕ ਪਿਓ-ਪੁੱਤਰ ਦੀ ਹਿਰਾਸਤ ਵਿੱਚ ਹੋਈ ਮੌਤ ਬਾਰੇ ਇੰਸਟਾਗ੍ਰਾਮ ਉੱਤੇ ਪਾਈ ਵੀਡੀਓ ਨੇ ਕੌਮੀ ਪੱਧਰ ਉੱਤੇ ਧਿਆਨ ਖਿੱਚਿਆ। ਪਰ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸੁਚਿਤਰਾ ਰਮਾਦੁਰਾਈ ਨੇ ਇਹ ਵੀਡੀਓ ਹਟਾ ਲਈ ਹੈ।

ਉਨ੍ਹਾਂ ਨੇ ਵੀਡੀਓ ਨੂੰ ਕਿਉਂ ਹਟਾਇਆ? ਇਸ ਬਾਰੇ ਬੀਬੀਸੀ ਦੇ ਐਂਡਰੀਊ ਕਲੈਰੈਂਸ ਨਾਲ ਸੁਚਿਤਰਾ ਨੇ ਗੱਲਬਾਤ ਕੀਤੀ।

‘’ਮੇਰਾ ਨਾਮ ਸੁਚਿਤਰਾ ਹੈ ਅਤੇ ਮੈਂ ਦੱਖਣੀ ਭਾਰਤੀ ਹੈ। ਮੈਨੂੰ ਇਸ ਗੱਲ ਤੋਂ ਨਫ਼ਰਤ ਹੈ ਕਿ ਹਰ ਦੱਖਣ ਭਾਰਤ ਦਾ ਮਸਲਾ ਸਿਰਫ਼ ਦੱਖਣ ਭਾਰਤ ਦਾ ਹੀ ਹੋ ਕੇ ਰਹਿ ਜਾਂਦਾ ਹੈ ਕਿਉਂਕਿ ਇਸ ਬਾਰੇ ਅੰਗਰੇਜੀ ’ਚ ਗੱਲ ਨਹੀਂ ਕਰਦੇ।‘’

ਸੁਚਿਤਰਾ ਦੇ ਵਾਇਰਲ ਵੀਡੀਓ ਦੀਆਂ ਇਹ ਸ਼ੁਰੂਆਤੀ ਸੱਤਰਾਂ ਸਨ, ਇਸ ਵੀਡੀਓ ਨੂੰ ਭਾਰਤ ਸਣੇ ਪੂਰੀ ਦੁਨੀਆਂ ਤੋਂ 2 ਕਰੋੜ ਤੋਂ ਵੱਧ ਵਿਊਜ਼ ਮਿਲੇ।

ਪੁਲਿਸ ਹਿਰਾਸਤ ਵਿੱਚ ਹੋਈਆਂ ਮੌਤਾਂ ਬਾਰੇ ਤਫ਼ਸੀਲ ਵਿੱਚ ਜਾਣਕਾਰੀ ਪੀੜਤਾਂ ਦੇ ਪਰਿਵਾਰ ਅਤੇ ਗਵਾਹਾਂ ਤੋਂ ਇਕੱਠੀ ਕਰਕੇ ਸੁਚਿਤਰਾ ਨੇ ਆਪਣੀ ਵੀਡੀਓ ਵਿੱਚ ਦੱਸਿਆ ਸੀ।

ਇਹ ਵੀ ਪੜ੍ਹੋ-

ਸੁਚਿਤਰਾ ਨੇ ਦੱਸਿਆ ਸੀ ਕਿ 58 ਸਾਲ ਦੇ ਪੀ ਜਿਆਰਾਜ ਅਤੇ ਉਨ੍ਹਾਂ ਦੇ 38 ਸਾਲਾਂ ਪੁੱਤਰ ਬੇਨਿਕਸ ਨਾਲ ਗ੍ਰਿਫ਼ਤਾਰੀ ਤੋਂ ਬਾਅਦ ਕੀ ਹੋਇਆ।

ਇਨ੍ਹਾਂ ਦੋਵੇਂ ਪਿਓ-ਪੁੱਤਰ ਨੂੰ ਤਮਿਲਨਾਡੂ ਦੇ ਟੂਟੀਕੋਰਿਨ ਸ਼ਹਿਰ ਦੇ ਸਾਥਾਂਕੁਲਮ ਪੁਲਿਸ ਥਾਣੇ ਵਿੱਚ ਪੂਰੀ ਰਾਤ ਰੱਖਿਆ ਗਿਆ ਸੀ। ਦੋ ਦਿਨਾਂ ਬਾਅਦ ਦੋਵਾਂ ਦੀ ਮੌਤ ਹੋ ਗਈ।

ਜਿਆਰਾਜ ਤੇ ਬੇਨਿਕਸ ਦੇ ਰਿਸ਼ਤੇਦਾਰਾਂ ਮੁਤਾਬਕ ਲੌਕਡਾਊਨ ਦੌਰਾਨ ਮਿੱਥੇ ਸਮੇਂ ਤੋਂ ਵੱਧ ਲਈ ਗੈਰ-ਕਾਨੂੰਨੀ ਤੌਰ ‘ਤੇ ਦੁਕਾਨ ਖੋਲ੍ਹੀ ਰੱਖਣ ਕਾਰਨ ਇਨ੍ਹਾਂ ਨੂੰ ਚੁੱਕ ਲਿਆ ਗਿਆ ਅਤੇ ਬੁਰੇ ਤਰੀਕੇ ਨਾਲ ਕੁੱਟਿਆ ਅਤੇ ਉਨ੍ਹਾਂ ਨਾਸ ਸੈਕਸ਼ੂਅਲੀ ਵੀ ਦੁਰਵਿਵਹਾਰ ਕੀਤਾ ਗਿਆ।

ਤਮਿਲਨਾਡੂ ਦੀ ਰਾਜਧਾਨੀ ਚੇਨੰਈ ਵਿੱਚ ਸੁਚਿਤਰਾ ਰਮਾਦੁਰਾਈ ਇੱਕ ਗਾਇਕ ਅਤੇ ਰੇਡੀਓ ਜੌਕੀ ਹਨ। ਉਹ ਇੱਕ ਨਾਮੀਂ ਰੇਡੀਓ ਸਟੇਸ਼ਨ ਉੱਤੇ ਕੰਮ ਕਰਦੇ ਹਨ ਅਤੇ ਜਾਣਿਆ ਪਛਾਣਿਆ ਨਾਮ ਹਨ।

ਸੁਚਿਤਰਾ ਦੀ ਵਾਇਰਲ ਵੀਡੀਓ ਇਨ੍ਹਾਂ ਆਖ਼ਰੀ ਸ਼ਬਦਾਂ ਨਾਲ ਖ਼ਤਮ ਹੁੰਦੀ ਹੈ, ‘’ਸਿਸਟਮ ਨਾਲ ਲੜੀਏ। ਤੁਸੀਂ ਦੁਨੀਆਂ ਵਿੱਚ ਜਿੱਥੇ ਵੀ ਹੋ, ਇਸ ਵੀਡੀਓ ਨੂੰ ਸ਼ੇਅਰ ਕਰੋ।‘’

ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਹੋਇਆ ਉਹ ਵਿਲੱਖਣ ਸੀ। ਸੁਚਿਤਰਾ ਦੀ ਵੀਡੀਓ 2 ਕਰੋੜ ਤੋਂ ਵੀ ਵੱਧ ਵਿਊਜ਼ ਨਾਲ ਸੋਸ਼ਲ ਮੀਡੀਆ ਉੱਤੇ ਪ੍ਰਤੀਕਿਰਿਆਵਾਂ ਦੀ ਇੱਕ ਲੜੀ ਬਣ ਗਈ।

ਇਸ ਤੋਂ ਬਾਅਦ, ਦੋ ਜਣਿਆ ਦੀ ਮੌਤ ਲਈ ਇਨਸਾਫ ਦੀ ਮੰਗ ਕਰਦਿਆਂ ਖੇਤਰੀ ਭਾਸ਼ਾਵਾਂ ਵਿੱਚ ਕਈ ਵੀਡੀਓ ਪੋਸਟਾਂ ਸਾਹਮਣੇ ਆਉਣ ਲੱਗੀਆਂ ।

ਖੇਤਰੀ ਭਾਸ਼ਾਵਾਂ ਤੋਂ ਨਿਕਲ ਕਿ ਵੀਡੀਓ ਨੇ ਕੌਮੀ ਪੱਧਰ ਉੱਤੇ ਖ਼ਬਰਾਂ ਵਿੱਚ ਥਾਂ ਬਣਾਈ ਅਤੇ ਇਸ ਤੋਂ ਇਲਾਵਾ ਟਵਿੱਟਰ ਅਤੇ ਇੰਸਟਗ੍ਰਾਮ ਉੱਤੇ ਟ੍ਰੈਂਡਿੰਗ ਵਿੱਚ ਆ ਗਈ।

ਸਿਆਸਤਦਾਨ, ਕ੍ਰਿਕਟਰ, ਕਾਰੋਬਾਰੀ ਹਸਤੀਆਂ, ਕਮੇਡੀਅਨ ਅਤੇ ਬਾਲੀਵੁੱਡ ਅਦਾਕਾਰਾਂ ਨੇ ਵੀ ਇਸ ਕੇਸ ਬਾਰੇ ਟਵੀਟ ਕੀਤੇ।

ਦੇਸ਼ ਭਰ ਵਿੱਚ ਇਸ ਮਸਲੇ ਬਾਰੇ ਚਰਚਾ ਹੁੰਦੀ ਦੇਖ, ਕੇਸ ਨੂੰ ਜਾਂਚ ਲਈ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੂੰ ਸੌਂਪ ਦਿੱਤਾ ਗਿਆ।

ਉਦੋਂ ਤੋਂ ਲੈ ਕੇ ਹੁਣ ਤੱਕ ਪੰਜ ਪੁਲਿਸ ਮੁਲਾਜ਼ਮਾਂ ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤੀ ਗਿਆ ਹੈ ਅਤੇ ਉਨ੍ਹਾਂ ਉੱਤੇ ਹਿਰਾਸਤ ਵਿੱਚ ਹੋਈਆਂ ਮੌਤਾਂ ਸਬੰਧੀ ਕਤਲ ਦਾ ਕੇਸ ਦਰਜ ਹੋਇਆ ਹੈ।

ਕੁਝ ਦਿਨਾਂ ਬਾਅਦ ਪੰਜ ਹੋਰ ਪੁਲਿਸ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਇਸ 'ਚ ਇੱਕ ਸਬ-ਇੰਸਪੈਕਟਰ ਵੀ ਸ਼ਾਮਿਲ ਸੀ।

ਜਿਹੜੇ ਅਫ਼ਸਰਾਂ ਉੱਤੇ ਮੌਤਾਂ ਦਾ ਇਲਜਾਮ ਸੀ, ਉਨ੍ਹਾਂ ਨੂੰ ਪਹਿਲਾਂ ਟਰਾਂਸਫ਼ਰ ਕਰ ਦਿੱਤਾ ਗਿਆ ਪਰ ਸਖ਼ਤ ਕਾਰਵਾਈ ਦੀ ਮੰਗ ਨੂੰ ਦੇਖਦਿਆਂ ਉਨ੍ਹਾਂ ਨੂੰ ਡਿਊਟੀ ਤੋਂ ਸਸਪੈਂਡ ਕਰ ਦਿੱਤਾ ਗਿਆ।

ਇਸ ਤੋਂ ਬਾਅਦ ਹੀ ਸੁਚਿਤਰਾ ਮੁਤਾਬਕ ਉਨ੍ਹਾਂ ਨੂੰ ਤਮਿਲਨਾਡੂ ਪੁਲਿਸ ਵੱਲੋਂ ਵੀਡੀਓ ਨੂੰ ਹਟਾਉਣ ਲਈ ਕਿਹਾ ਗਿਆ।

ਪੁਲਿਸ ਮੁਤਾਬਕ ਸੁਚਿਤਰਾ ਨੇ "ਕੇਸ ਨਾਲ ਜੁੜੇ ਪੜਾਵਾਂ ਨੂੰ ਸਨਸਨੀਖੇਜ਼ ਅਤੇ ਗ਼ਲਤ ਤਰੀਕੇ ਵਧਾਇਆ ਹੈ, ਅਤੇ ਇਸ ਬਾਬਤ ਕੋਈ ਸਬੂਤ ਨਹੀਂ ਹਨ"।

ਤਮਿਲਨਾਡੂ ਪੁਲਿਸ ਵੱਲੋਂ ਟਵਿੱਟਰ ਉੱਤੇ ਜਾਰੀ ਬਿਆਨ ਵਿੱਚ ਲਿਖਿਆ ਗਿਆ ਹੈ ਕਿ ਸੁਚਿਤਰਾ ਦੀ ਵੀਡੀਓ ਪੁਲਿਸ ਖਿਲਾਫ਼ ਨਫ਼ਰਤ ਨੂੰ ਪ੍ਰਮੋਟ ਕਰਦੀ ਸੀ।

ਸੁਚਿਤਰਾ ਰਮਾਦੁਰਾਈ ਨੇ ਕਿਹਾ ਕਿ ਸੂਬੇ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਇੱਕ ਅਫ਼ਸਰ ਨੇ ਉਨ੍ਹਾਂ ਨੂੰ ਵੀਡੀਓ ਡਿਲੀਟ ਕਰਨ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਵੀਡੀਓ ਵਿੱਚ ਦਿੱਤੀ ਜਾਣਕਾਰੀ ਜਿਆਰਾਜ ਅਤੇ ਬੇਨਿਕਸ ਦੀਆਂ ਪੋਸਟ ਮੋਰਟਮ ਰਿਪੋਰਟਾਂ ਨਾਲ ਮੇਲ ਨਹੀਂ ਖਾਂਦੀ।

ਸੁਚਿਤਰਾ ਨੇ ਕਿਹਾ, "ਮੈਂ ਉਨ੍ਹਾਂ ਨੂੰ ਪੋਸਟ-ਮੋਰਟਮ ਰਿਪੋਰਟ ਦੀ ਕਾਪੀ ਬਾਰੇ ਪੁੱਛਿਆ ਤਾਂ ਉਨ੍ਹਾਂ ਨਾ ਕਿਹਾ।"

ਸੁਚਿਤਰਾ ਨੇ ਬੀਬੀਸੀ ਨੂੰ ਦੱਸਿਆ ਕਿ ਅਫ਼ਸਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਇੱਕ ਸੀਲਡ (ਬੰਦ ਲਿਫਾਫਾ) ਦਸਤਾਵੇਜ਼ ਹੈ ਜੋ ਕੇਸ ਨਾਲ ਜੁੜੇ ਜੱਜ ਕੋਲ ਸਿੱਧੇ ਜਾਂਦਾ ਹੈ।

ਸੁਚਿਤਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਕੀਲ ਦੀ ਸਲਾਹ ਉੱਤੇ ਵੀਡੀਓ ਨੂੰ ਹਟਾ ਲਿਆ।

ਇੱਕ ਗੈਰ-ਸਰਕਾਰੀ ਸੰਸਥਾ ਵੱਲੋਂ ਹਿਰਾਸਤੀ ਤਸ਼ਦੱਦ ਬਾਰੇ ਰਿਪੋਰਟ ਰਿਲੀਜ਼ ਕੀਤੀ ਗਈ ਹੈ ਜਿਸ ’ਚ ਇਹ ਦੱਸਿਆ ਗਿਆ ਹੈ ਕਿ 2019 ਵਿੱਚ ਹਿਰਾਸਤ ਦੌਰਾਨ 1731 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਅੰਕੜਿਆਂ ਤੋਂ ਭਾਵ ਹੈ ਕਿ ਇੱਕ ਦਿਨ ਵਿੱਚ ਪੰਜ ਹਿਰਾਸਤੀ ਮੌਤਾਂ।

ਕਰਨਾਟਕ ਦੇ ਸਾਬਕਾ ਆਈਜੀ ਪੁਲਿਸ ਗੋਪਾਲ ਹੋਸੁਰ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਆਖਿਆ ਕਿ ਪੁਲਿਸਵਾਲਿਆਂ ਲਈ ਇਹ ਜ਼ਰੂਰੀ ਸੀ ਕਿ ਉਹ ਨਿਯਮਾਂ ਦੇ ਨਾਲ ਹੀ ਚਲਦੇ।

ਉਨ੍ਹਾਂ ਕਿਹਾ, "ਜਦੋਂ ਕੋਈ ਸ਼ਖ਼ਸ ਤੁਹਾਡੀ ਹਿਰਾਸਤ ਵਿੱਚ ਹੁੰਦਾ ਹੈ ਤਾਂ ਉਹ ਕੁਝ ਨਹੀਂ ਕਰ ਸਕਦਾ, ਇਸ ਤਰ੍ਹਾਂ ਦਾ ਕਦਮ ਚੁੱਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤੁਸੀਂ ਸਖ਼ਤੀ ਦੀ ਥਾਂ ਸਬੂਤ ਇੱਕਠੇ ਕਰ ਸਕਦੇ ਹੋ।"

ਸੁਚਿਤਰਾ ਰਮਾਦੁਰਾਈ ਅਜੇ ਵੀ ਡਟੀ ਹੋਈ ਹੈ।

ਹਾਲਾਂਕਿ ਉਨ੍ਹਾਂ ਨੇ ਵੀਡੀਓ ਹਟਾ ਲਈ ਹੈ ਪਰ ਉਨ੍ਹਾਂ ਨੂੰ ਲਗਦਾ ਹੈ ਉਸ ਦਾ ਅਸਲ ਮਕਸਦ ਪੂਰਾ ਹੋ ਗਿਆ ਹੈ ਅਤੇ ਲੋਕ ਬਿਆਨਾਂ ਨਾਲ ਮੂਰਖ਼ ਨਹੀਂ ਬਣਾਏ ਜਾ ਸਕਦੇ।

ਸੁਚਿਤਰਾ ਮੁਤਾਬਕ, ’’ਇਹ ਵੀਡੀਓ 90ਵਿਆਂ ਦੀ ਪੀੜ੍ਹੀ ਕਰਕੇ ਵਾਇਰਲ ਹੋਇਆ। ਤੁਸੀਂ ਲੋਕਾਂ ਨੂੰ ਇਹ ਕਹਿ ਕੇ ਮੂਰਖ਼ ਨਹੀਂ ਬਣਾ ਸਕਦੇ ਕਿ ਇਹ ਜਾਅਲੀ ਹੈ ਅਤੇ ਅਰਾਜਕਤਾ ਲਈ ਬਣਾਇਆ ਗਿਆ ਸੀ। ਨੌਜਵਾਨ ਪੀੜ੍ਹੀ ਸਭ ਕੁਝ ਦੇਖਦੀ ਹੈ। ਉਹ ਇਹ ਸਭ ਨਹੀਂ ਮੰਨਣਗੇ।’’

ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)