ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਗਾਂ ਅਤੇ ਬੱਕਰੇ ਬਾਰੇ ਬਹਿਸ

ਗਾਂ ਅਤੇ ਬੱਕਰਾ ਭਾਵੇਂ ਹਨ ਤਾਂ ਜੀਵ ਹੀ, ਪਰ ਇਨ੍ਹਾਂ ਨੂੰ ਭਾਰਤ ਵਿੱਚ ਅਕਸਰ ਵੱਖੋ-ਵੱਖ ਧਰਮਾਂ ਨਾਲ ਵੀ ਜੋੜ ਦਿੱਤਾ ਜਾਂਦਾ ਹੈ। ਜਾਨਵਰਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਸੰਸਥਾ PETA ਵੱਲੋਂ ਜਾਰੀ ਕੁਝ ਬਿੱਲਬੋਰਡਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਕਾਰਨ ਇੱਕ ਵਾਰ ਮੁੜ ਬਹਿਸ ਛਿੜ ਗਈ ਹੈ।

PETA India ਨੇ ਆਪਣੇ ਫੇਸਬੁੱਕ ਪੇਜ ਅਤੇ ਟਵਿੱਟਰ ਹੈਂਡਲ ਤੋਂ ਇੱਕ ਪੋਸਟ ਕੀਤੀ ਜਿਸ ਵਿੱਚ ਲਿਖਿਆ ਸੀ, "ਇਸ ਰੱਖੜੀ ਮੌਕੇ, ਗਊਆਂ ਦੀ ਵੀ ਰੱਖਿਆ ਕਰੀਏ। #GoLeatherFree #NotOursToWear #VeganLeather #RakshaBandhan"

ਨਾਲ ਹੀ ਗਾਂ ਦੀ ਤਸਵੀਰ ਨਾਲ ਇੱਕ ਪੋਸਟਰ ਸ਼ੇਅਰ ਕੀਤਾ ਹੈ ਜਿਸ ਉੱਤੇ ਲਿਖਿਆ ਹੈ, "ਇਸ ਰੱਖੜੀ ਮੌਕੇ ਮੇਰੀ ਵੀ ਰੱਖਿਆ ਕਰੋ। ਚਮੜਾ-ਮੁਕਤ ਅਪਣਾਓ।"

ਇਹ ਵੀ ਪੜ੍ਹੋ

ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਸ਼ੁਰੂ ਹੋ ਗਈ। ਇੱਕ ਟਵਿੱਟਰ ਯੂਜ਼ਰ ਜਨਮਾਜੀਤ ਸ਼ੰਕਰ ਸਿਨਹਾ ਨੇ ਲਿਖਿਆ, "ਈਦ ਮੌਕੇ ਸੈਂਕੜੇ-ਹਜਾਰਾਂ ਗਾਵਾਂ ਕਤਲ ਹੁੰਦੀਆਂ ਹਨ ਪਰ ਪੀਟਾ ਇੰਡੀਆ ਚੁੱਪ ਰਹਿੰਦਾ ਹੈ। ਬਕਰੀਦ ਮੌਕੇ ਸੈਂਕੜੇ-ਹਜਾਰਾਂ ਬੱਕਰੇ ਮਾਰੇ ਜਾਂਦੇ ਹਨ ਪਰ ਪੀਟਾ ਇੰਡੀਆ ਚੁੱਪ ਰਹਿੰਦਾ ਹੈ। ਪਰ ਉਹ ਰੱਖੜੀ ਬਾਰੇ ਬੋਲਣ ਦੀ ਜੁੱਰਤ ਕਰਦੇ ਹਨ। ਚਮੜੇ ਦੀ ਰੱਖੜੀ ਬੰਨ੍ਹਦਾ ਕੌਣ ਹੈ!"

ਇੱਕ ਟਵਿੱਟਰ ਯੂਜ਼ਰ ਅਪੂਰਵਾ ਨੇ ਲਿਖਿਆ, "ਅਸੀਂ ਹਿੰਦੂ ਚਮੜਾ ਨਹੀਂ ਪਾਉਂਦੇ ਖਾਸ ਕਰਕੇ ਤਿਉਹਾਰਾਂ ਮੌਕੇ। ਪਰ ਉਮੀਦ ਕਰਦੇ ਹਾਂ ਕਿ ਅਜਿਹਾ ਹੀ ਬਿੱਲਬੋਰਡ ਤੁਸੀਂ ਬਕਰੀਦ ਮੌਕੇ ਵੀ ਜਾਰੀ ਕਰੋਗੇ।"

ਟਵਿੱਟਰ 'ਤੇ #BakraLivesMatter ਵੀ ਟਰੈਂਡ ਕੀਤਾ। ਜਿਸ ਵਿੱਚ ਟਵਿੱਟਰ ਯੂਜ਼ਰਸ ਨੇ ਲਿਖਿਆ ਕਿ ਬਕਰੀਦ ਮੌਕੇ ਬੱਕਰੀਆਂ ਦੀ ਦਿੱਤੀ ਜਾਂਦੀ ਬਲੀ ਖਿਲਾਫ ਵੀ ਪੀਟਾ ਇੰਡੀਆ ਨੂੰ ਬੋਲਣਾ ਚਾਹੀਦਾ ਹੈ।

ਅਜਿਹੇ ਟਵੀਟ ਕਰਨ ਵਾਲਿਆਂ ਨੂੰ PETA India ਨੇ ਜਵਾਬ ਦਿੰਦਿਆਂ ਕਿਹਾ ਕਿ ਉਹ ਰੱਖੜੀ ਮੌਕੇ ਗਾਵਾਂ ਦੀ ਰੱਖਿਆ ਕਰਨ ਦੀ ਗੱਲ ਕਰ ਰਹੇ ਹਨ ਨਾ ਕਿ ਇਹ ਕਹਿ ਰਹੇ ਹਨ ਕਿ ਕੋਈ ਰੱਖੜੀ ਚਮੜੇ ਦੀ ਬਣਦੀ ਹੈ।

PETA India ਨੇ ਇੱਕ ਟਵੀਟ ਦੇ ਜਵਾਬ ਵਿੱਚ ਲਿਖਿਆ, "ਅਸੀਂ ਇਹ ਨਹੀਂ ਕਿਹਾ ਕਿ ਰੱਖੜੀ ਚਮੜੇ ਦੀ ਬਣੀ ਹੁੰਦੀ ਹੈ। ਅਸੀਂ ਇਹ ਕਿਹਾ ਕਿ ਰੱਖੜੀ ਗਾਵਾਂ ਦੀ ਰੱਖਿਆ ਵੱਲ ਵਧਣ ਲਈ ਚੰਗਾ ਦਿਨ ਹੈ। ਚਮੜੇ ਅੰਦਰ ਸਾਡੀਆਂ ਭੈਣਾਂ ਦੀ ਰੱਖਿਆ ਲਈ ਜ਼ਿੰਦਗੀ ਭਰ ਲਈ ਚਮੜਾ-ਮੁਕਤ ਜ਼ਿੰਦਗੀ ਜਿਉਣ ਦਾ ਅਹਿਦ ਲੈਣਾ ਚਾਹੀਦਾ ਹੈ। ਸਾਰੇ ਦਿਆਲੂ ਲੋਕ ਇਸ ਸੰਦੇਸ਼ ਦਾ ਸਮਰਥਨ ਕਰ ਸਕਦੇ ਹਨ।

PETA India ਨੇ ਇਹ ਵੀ ਕਿਹਾ ਕਿ ਸਿਰਫ ਰੱਖੜੀ ਮੌਕੇ ਹੀ ਨਹੀਂ, ਬਕਰੀਦ ਮੌਕੇ ਵੀ ਜਾਨਵਰਾਂ ਦੀ ਬਲੀ ਨਾ ਦੇਣ ਸਬੰਧੀ ਸੰਦੇਸ਼ ਵਾਲੇ ਬਿੱਲਬੋਰਡ ਉਹ ਲਗਾ ਚੁੱਕੇ ਹਨ।

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)