ਵਸੀਮ ਬਾਰੀ : ਕਸ਼ਮੀਰੀ ਭਾਜਪਾ ਆਗੂ ਭਰਾ ਤੇ ਪਿਓ ਸਣੇ ਹਲਾਕ, ਸ਼ੱਕੀ ਕੱਟੜਵਾਦੀਆਂ ਦਾ ਕਾਰਾ

    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਸ਼੍ਰੀਨਗਰ ਤੋਂ ਬੀਬੀਸੀ ਲਈ

ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਸ਼ੱਕੀ ਕੱਟੜਵਾਦੀਆਂ ਨੇ ਬੁੱਧਵਾਰ ਨੂੰ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਵਸੀਮ ਬਾਰੀ, ਉਨ੍ਹਾਂ ਦੇ ਪਿਤਾ ਅਤੇ ਭਰਾ ਦਾ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਹੈ।

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਪੁਲਿਸ ਮੁਤਾਬਕ, ਹਮਲਾ ਦੇਰ ਸ਼ਾਮ ਉਸ ਵੇਲੇ ਕੀਤਾ ਗਿਆ, ਜਦੋਂ ਤਿੰਨੇ ਆਪਣੇ ਘਰ ਨੇੜੇ ਆਪਣੀ ਦੁਕਾਨ ਵਿੱਚ ਸਨ।

ਕਸ਼ਮੀਰ ਜ਼ੋਨ ਦੀ ਪੁਲਿਸ ਮੁਤਾਬਕ, ਕੱਟੜਵਾਦੀਆਂ ਨੇ ਭਾਜਪਾ ਵਰਕਰ ਵਸੀਮ ਅਹਿਮਦ ਬਾਰੀ 'ਤੇ ਗੋਲੀ ਚਲਾਈ।

ਪੁਲਿਸ ਨੇ ਦੱਸਿਆ ਹੈ ਕਿ ਘਟਨਾ ਵਿੱਚ 38 ਸਾਲਾਂ ਬਾਰੀ, ਉਨ੍ਹਾਂ ਦੇ 60 ਸਾਲਾ ਪਿਤਾ ਬਸ਼ੀਰ ਅਹਿਮਦ ਅਤੇ ਉਨ੍ਹਾਂ ਦਾ 30 ਸਾਲਾਂ ਭਰਾ ਉਮਰ ਬਸ਼ੀਰ ਜਖ਼ਮੀ ਹੋ ਗਏ ਸਨ। ਜਿਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਪਰ ਤਿੰਨਾਂ ਦੀ ਮੌਤ ਹੋ ਗਈ ਹੈ।

ਬਾਂਦੀਪੋਰਾ ਦੇ ਮੁੱਖ ਮੈਡੀਕਲ ਅਧਿਕਾਰੀ ਬਸ਼ੀਰ ਅਹਿਮਦ ਮੁਤਾਬਕ, ਤਿੰਨਾਂ ਨੂੰ ਸਿਰ ਵਿੱਚ ਗੋਲੀ ਮਾਰੀ ਗਈ ਸੀ।

ਇਹ ਵੀ ਪੜ੍ਹੋ-

ਸੀਐੱਮਓ ਮੁਤਾਬਕ, "ਰਾਤ ਪੌਣੇ 9 ਵਜੇ ਤਿੰਨਾਂ ਨੂੰ ਹਸਪਤਾਲ ਲਿਆਂਦਾ ਗਿਆ। ਤਿੰਨਾਂ ਨੂੰ ਗੋਲੀ ਵੱਜੀ ਹੋਈ ਸੀ ਅਤੇ ਹਸਪਤਾਲ ਪਹੁੰਚਣ ਤੋੰ ਪਹਿਲਾਂ ਦੀ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ 8.45 'ਤੇ ਹੋ ਗਈ ਸੀ। ਤਿੰਨਾਂ ਦਾ ਪੋਸਟਮਾਰਟਮ ਹੋ ਗਿਆ ਹੈ। ਬਾਕੀ ਦੀ ਕਾਨੂੰਨੀ ਪ੍ਰਕਿਰਿਆ ਵੀ ਪੂਰੀ ਕਰ ਲਈ ਗਈ ਹੈ। ਹੁਣ ਅਸੀਂ ਪੁਲਿਸ ਨੂੰ ਲਾਸ਼ ਸੌਂਪ ਰਹੇ ਹਾਂ।"

ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜਮੰਤਰੀ ਜਤਿੰਦਰ ਸਿੰਘ ਨੇ ਦੇਰ ਰਾਤ ਟਵੀਟ ਕਰ ਕੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਵਿੱਚ ਹੋਈ ਘਟਨਾ ਬਾਰੇ ਪੁੱਛਿਆ ਹੈ ਅਤੇ ਪਰਿਵਾਰ ਲਈ ਹਮਦਰਦੀ ਪ੍ਰਗਟ ਕੀਤੀ ਹੈ।

ਭਾਜਪਾ ਨੇ ਕਿਹਾ ਹੈ ਕਿ ਇਹ ਕਤਲ ਕਸ਼ਮੀਰ ਵਿੱਚ ਰਾਸ਼ਟਰਵਾਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।

ਭਾਜਪਾ ਦੀ ਜੰਮੂ-ਕਸ਼ਮੀਰ ਯੂਨਿਟ ਦੇ ਬੁਲਾਰੇ ਅਨਿਲ ਗੁਪਤਾ ਨੇ ਬੀਬੀਸੀ ਹਿੰਦੀ ਨੂੰ ਕਿਹਾ ਹੈ ਕਿ ਕਸ਼ਮੀਰ ਵਿੱਚ ਅਜਿਹੇ ਹਮਲੇ ਆਵਾਜ਼ਾਂ ਨੂੰ ਦਬਾ ਨਹੀਂ ਸਕਦੇ।

ਉਨ੍ਹਾਂ ਨੇ ਕਿਹਾ, "ਵਸੀਮ ਪਿਛਲੇ ਤਿੰਨ ਸਾਲਾਂ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਸਨ। ਉਹ ਇੱਕ ਬਹੁਤ ਹੀ ਸਰਗਰਮ ਵਰਕਰ ਸਨ ਅਤੇ ਸਮਾਜਿਕ ਕਾਰਜ ਵੀ ਕਰ ਰਹੇ ਸਨ। ਇਸ ਘਟਨਾ ਬਾਰੇ ਜਾਣ ਕੇ ਅਸੀਂ ਹੈਰਾਨ ਹੋ ਗਏ ਹਾਂ। ਉਹ ਆਪਣੇ ਘਰ ਦੇ ਨਜ਼ਦੀਕ ਵਾਲੀ ਆਪਣੀਆਂ ਦੁਕਾਨਾਂ ਵਿੱਚ ਬੈਠੇ ਸਨ ਅਤੇ ਕੱਟੜਪੰਥੀ ਆਏ ਤੇ ਉਨ੍ਹਾਂ ਨੇ ਗੋਲੀ ਮਾਰ ਦਿੱਤੀ।

ਉਨ੍ਹਾਂ ਨੇ ਕਿਹਾ, "ਇਹ ਕਸ਼ਮੀਰ ਦੀ ਰਾਸ਼ਟਰਵਾਦੀ ਆਵਾਜ਼ ਨੂੰ ਦਬਾਉਣ ਦਾ ਸਾਫ਼ ਸੰਦੇਸ਼ ਹਨ। ਜੇਕਰ ਯਾਦ ਹੋਵੇ ਤਾਂ ਇੱਕ ਮਹੀਨੇ ਪਹਿਲਾਂ, ਇੱਕ ਕੱਟੜਪੰਥੀ ਸੰਗਠਨ ਨੇ ਸਾਡੇ ਭਾਜਪਾ ਵਰਕਰਾਂ ਨੂੰ ਡਰਾਇਆ ਸੀ। ਅਸੀਂ ਇਸ ਤਰ੍ਹਾਂ ਦੇ ਹਮਲਿਆਂ ਦੀ ਨਿੰਦਾ ਕਰਦੇ ਹਾਂ।"

ਗੁਪਤਾ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਤਰ੍ਹਾਂ ਦੇ ਕਤਲ ਸੀਮਾ ਪਾਰ ਤੋਂ ਮਿਲ ਰਹੇ ਨਿਰਦੇਸ਼ਾਂ 'ਤੇ ਕੀਤੇ ਜਾ ਰਹੇ ਹਨ।

ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਵੀ ਦੇਰ ਟਵੀਟ ਕਰਕੇ ਕਿਹਾ, "ਇਹ ਪਾਰਟੀ ਲਈ ਵੱਡਾ ਨੁਕਸਾਨ ਹੈ। ਮੇਰੀ ਹਮਦਰਦੀ ਪਰਿਵਾਰ ਨਾਲ ਹੈ। ਪੂਰੀ ਪਾਰਟੀ ਸੋਗ 'ਚ ਡੁੱਬੇ ਪਰਿਵਾਰ ਨਾਲ ਖੜ੍ਹੀ ਹੈ। ਮੈਂ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਦਾ ਬਲੀਦਾਨ ਜ਼ਾਇਆ ਨਹੀਂ ਜਾਵੇਗਾ।"

ਹੋਰ ਰਾਜਨੀਤਕ ਦਲਾਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਬੇਰਹਿਮੀ ਭਰਿਆ ਕਾਰਾ ਹੈ।

ਉਮਰ ਅਬਦੁੱਲਾ ਨੇ ਇੱਕ ਟਵੀਟ ਕਰ ਕੇ ਕਿਹਾ, "ਬਾਂਦੀਪੋਰਾ ਵਿੱਚ ਭਾਜਪਾ ਦੇ ਅਹੁਦੇ ਦੇ ਕਾਬਜ਼ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਿਤਾ 'ਤੇ ਹੋਏ ਜਾਨਲੇਵਾ ਕੱਟੜਪੰਥੀ ਹਮਲੇ ਬਾਰੇ ਸੁਣ ਕੇ ਦੁੱਖ ਹੋਇਆ। ਮੈਂ ਹਮਲੇ ਦੀ ਨਿੰਦਾ ਕਰਦਾ ਹਾਂ। ਦੁੱਖ ਦੀ ਇਸ ਘੜੀ ਵਿੱਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ। ਦੁੱਖ ਦੀ ਗੱਲ ਹੈ ਕਿ ਮੁੱਖਾਧਾਰਾ ਦੀਆਂ ਪਾਰਟੀਆਂ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਲਗਾਤਾਰ ਜਾਰੀ ਹੈ।"

ਇਸ ਵਿਚਾਲੇ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਅੱਠ ਸੁਰੱਖਿਆ ਗਾਰਡ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਹਮਲੇ ਵੇਲੇ ਕੋਈ ਵੀ ਸੁਰੱਖਿਆ ਗਾਰਡ ਮ੍ਰਿਤਕ ਦੇ ਨਾਲ ਨਹੀਂ ਸੀ।

ਪੁਲਿਸ ਅਤੇ ਹੋਰਨਾਂ ਸੁਰੱਖਿਆ ਬਲਾਂ ਹਮਲਾਵਰਾਂ ਨੂੰ ਫੜ੍ਹਨ ਲਈ ਇਲਾਕੇ ਵਿੱਚ ਸਰਡ ਮੁਹਿੰਮ ਚਲਾ ਰਹੇ ਹਨ।

ਇਸ ਨਾਲ ਪਹਿਲਾਂ ਵੀ ਕਸ਼ਮੀਰ ਘਾਟੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ੱਕੀ ਕੱਟੜਪੰਥੀਆਂ ਨੇ ਭਾਜਪਾ ਕਈ ਵਰਕਰਾਂ ਅਤੇ ਨੇਤਾਵਾਂ ਦੇ ਕਤਲ ਕੀਤਾ ਹੈ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)