Coronavirus: ਭਾਰਤ ਸਣੇ 15 ਦੇਸਾਂ 'ਚ ਕੋਰੋਨਾਵਾਇਰਸ ਦੇ ਮਿਲੇ ਮਰੀਜ਼, ਕੀ ਹੈ ਬਚਾਅ ਦੇ ਤਰੀਕੇ

ਕੋਰੋਨਾਵਾਇਰਸ ਨਾਲ ਚੀਨ ਵਿਚ ਮੌਤਾਂ ਦਾ ਅੰਕੜਾਂ 170 ਨੂੰ ਪਾਰ ਕਰ ਗਿਆ ਅਤੇ ਤਿੱਬਤ ਵਿਚ ਵੀ ਕੇਸਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਸਾਫ਼ ਹੋ ਗਿਆ ਕਿ ਇਹ ਵਾਇਰਸ ਹੁਣ ਚੀਨ ਦੇ ਹਰ ਖਿੱਤੇ ਵਿਚ ਪਹੁੰਚ ਗਿਆ ਹੈ।

ਭਾਰਤ ਵਿਚ ਵੀ ਪੰਜਾਬ ਸਣੇ ਕਈ ਥਾਵਾਂ ਉੱਤੇ ਸ਼ੱਕੀ ਮਰੀਜ਼ ਮਿਲਣ ਦੀਆਂ ਰਿਪੋਰਟਾਂ ਆ ਰਹੀਆਂ ਸਨ ਪਰ ਵੀਰਵਾਰ ਨੂੰ ਕੇਰਲਾ ਵਿਚ ਨੋਵਲ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਵਾਲੇ ਇੱਕ ਕੇਸ ਦੀ ਪੁਸ਼ਟੀ ਹੋਈ ਹੈ।

ਬੀਬੀਸੀ ਪੱਤਰਕਾਰ ਇਮਰਾਨ ਕੂਰੈਸ਼ੀ ਮੁਤਾਬਕ ਕੇਰਲਾ ਵਿਚ ਜਿਸ ਮਰੀਜ਼ ਦੇ ਨੋਵਲ ਕੋਰੋਨਾਵਾਇਰਸ ਦੀ ਲਾਗ ਲੱਗਣ ਦੀ ਪੁਸ਼ਟੀ ਹੋਈ ਹੈ, ਉਹ ਵਿਦਿਆਰਥੀ ਚੀਨ ਦੇ ਵੁਹਾਨ ਸ਼ਹਿਰ ਤੋਂ ਆਇਆ ਹੈ।

ਕੇਰਲ ਦੇ ਸਿਹਤ ਮੰਤਰੀ ਕੇਕੇ ਸ਼ੈਲਿਜਾ ਨੇ ਦੱਸਿਆ ਕਿ ਮਰੀਜ਼ ਨੂੰ ਥਿਰਸ਼ੂਰ ਦੇ ਹਸਪਤਾਲ ਵਿਚ ਇਕੱਲਿਆਂ ਰੱਖਿਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਸਿਹਤ ਮੰਤਰੀ ਨੇ ਉਸ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ।

ਕੇਰਲ ਵਿਚ 800 ਮਰੀਜ਼ ਸਰਕਾਰ ਦੀ ਨਿਗਰਾਨੀ ਹੇਠ ਹੈ ਅਤੇ 20 ਸ਼ੱਕੀ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਵੱਖਰੇ ਰੱਖਿਆ ਗਿਆ ਹੈ। ਕੇਰਲਾ ਸਰਕਾਰ ਨੇ ਵਾਇਰਸ ਸੱਟਡੀ ਨਾਲ ਸਬੰਧਤ ਨੈਸ਼ਨਲ ਇੰਸਟੀਚਿਊਟ ਪੂਣੇ 20 ਸੈਂਪਲ ਭੇਜੇ ਸਨ, ਜਿੰਨ੍ਹਾਂ ਵਿਚੋਂ 9 ਨੈਗੇਟਿਵ ਪਾਏ ਗਏ ਅਤੇ ਇੱਕ ਪਾਜੇਵਿਟ ਪਾਇਆ ਗਿਆ ਅਤੇ 10 ਸੈਂਪਲਾਂ ਦੇ ਨਤੀਜੇ ਅਜੇ ਆਉਣੇ ਹਨ।

ਇਹ ਵੀ ਪੜ੍ਹੋ

ਵਿਸ਼ਵ ਸਿਹਤ ਸੰਗਠਨ ਦੇ ਹੈਲਥ ਐਮਰਜੈਂਸੀਜ਼ ਪ੍ਰੋਗਰਾਮ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨਾਲ ਲੜਣ ਲਈ "ਸਮੁੱਚੀ ਦੁਨੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ

ਹੈਲਥ ਐਮਰਜੈਂਸੀਜ਼ ਪ੍ਰੋਗਰਾਮ ਦੇ ਕਾਰਜਾਰੀ ਨਿਰਦੇਸ਼ਕ ਡਾ. ਮਾਈਕ ਰਿਆਨ ਨੇ ਚੀਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, "ਚੁਣੌਤੀ ਵੱਡੀ ਹੈ ਪਰ ਜਵਾਬ ਵੀ ਵੱਡਾ ਰਿਹਾ ਹੈ।"

ਚੀਨ ਦੇ ਵੁਹਾਨ ਸ਼ਹਿਰ ਤੋਂ ਚਰਚਾ ਵਿੱਚ ਆਏ ਇਸ ਵਾਇਰਸ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਵੀਰਵਾਰ ਨੂੰ ਇੱਕ ਬੈਠਕ ਹੋਣੀ ਹੈ। ਜਿਸ ਵਿੱਚ ਵਾਇਰਸ ਨੂੰ ਦੁਨੀਆਂ ਲਈ ਸਿਹਤ ਐਮਰਜੈਂਸੀ ਐਲਾਨਣ ਬਾਰੇ ਫ਼ੈਸਲਾ ਲਿਆ ਜਾਵੇਗਾ।

ਵੀਡੀਓ: ਕਿਵੇਂ ਪਤਾ ਲੱਗੇ ਕਿ ਕੋਰੋਨਾਵਾਇਰਸ ਤਾਂ ਨਹੀਂ

29 ਜਨਵਰੀ ਤੱਕ ਵਾਇਰਸ ਨਾਲ ਚੀਨ ਵਿੱਚ 7711 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 170 ਜਾਨਾਂ ਚਲੀਆਂ ਗਈਆਂ ਹਨ। ਚੀਨ ਵਿੱਚ ਵਾਇਰਸ ਦੇ ਨਵੇਂ ਹਮਲੇ ਨਾਲ 1700 ਹੋਰ ਲੋਕਾਂ ਦੇ ਪੀੜਤ ਹੋਣ ਦੀ ਖ਼ਬਰ ਹੈ।

ਭਾਰਤ ਵਿੱਚ ਵੀ ਵੱਡੇ ਹਸਪਤਾਲਾਂ ਵਿੱਚ ਅਜਿਹੇ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਮੇਂ 15 ਮੁਲਕਾਂ ਵਿਚ ਇਸ ਵਾਇਰਸ ਦੇ ਸ਼ੱਕੀ ਮਰੀਜ਼ ਪਾਏ ਗਏ ਹਨ।

ਚੀਨ ਤੋਂ ਬਾਹਰ ਇਹ ਵਾਇਰਸ 16 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ। ਇਹ ਵਾਇਰਸ ਹਾਲਾਂਕਿ ਹਾਲੇ ਤੱਕ ਲਾਇਲਾਜ ਹੈ ਪਰ ਇਲਾਜ ਮਗਰੋਂ ਬਹੁਤ ਸਾਰੇ ਲੋਕ ਠੀਕ ਵੀ ਹੋਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)