ਇਮਰਾਨ ਖ਼ਾਨ: ਆਰਐੱਸਐੱਸ ਮੁਸਲਮਾਨਾਂ ਦੀ ਨਸਲਕੁਸ਼ੀ ਕਰੇ, ਉਸ ਤੋਂ ਪਹਿਲਾਂ ਕੌਮਾਂਤਰੀ ਜਗਤ ਨੂੰ ਜਾਗ ਜਾਣਾ ਚਾਹੀਦਾ ਹੈ- 5 ਅਹਿਮ ਖ਼ਬਰਾਂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) 'ਤੇ ਇੱਕ ਵਾਰ ਫਿਰ ਹਮਲਾ ਕੀਤਾ ਹੈ।

ਭਾਰਤ ਵਿੱਚ ਇਸ ਵੇਲੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ। ਇਹ ਸੰਘ ਪਰਿਵਾਰ ਦਾ ਹਿੱਸਾ ਹੈ, ਯਾਨਿ ਦੋਵਾਂ ਦੀ ਵਿਚਾਰਧਾਰਾ ਇੱਕ ਹੈ।

ਦਰਅਸਲ ਵੀਰਵਾਰ ਨੂੰ ਤੇਲੰਗਾਨਾ ਵਿੱਚ ਆਰਐੱਸਐੱਸ ਨੇ ਇੱਕ ਮਾਰਚ ਕੱਢਿਆ ਸੀ, ਜਿਸ ਦਾ ਇੱਕ ਵੀਡੀਓ ਕਲਿੱਪ ਸੁਚਿਤਰ ਵਿਜਯਨ ਨਾਮ ਦੇ ਵਿਅਕਤੀ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਸੀ।

ਇਮਰਾਨ ਖ਼ਾਨ ਨੇ ਸੁਚਿਤਰ ਵਿਜਯਨ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਹੋਇਆ ਲਿਖਿਆ ਹੈ, "ਆਰਐੱਸਐੱਸ ਕਾਰਨ ਮੁਸਲਮਾਨਾਂ ਦੀ ਨਸਲਕੁਸ਼ੀ ਹੋਵੇ, ਉਸ ਤੋਂ ਪਹਿਲਾਂ ਕੌਮਾਂਤਰੀ ਜਗਤ ਨੂੰ ਜਾਗ ਜਾਣਾ ਚਾਹੀਦਾ ਹੈ।"

"ਮੁਸਲਮਾਨਾਂ ਦੀ ਨਸਲਕੁਸ਼ੀ ਦੇ ਸਾਹਮਣੇ ਦੁਨੀਆਂ ਦੀਆਂ ਦੂਜੀਆਂ ਨਸਲਕੁਸ਼ੀਆਂ ਬਹੁਤ ਛੋਟੀਆਂ ਸਾਬਿਤ ਹੋਣਗੀਆਂ। ਕਿਸੇ ਧਰਮ ਵਿਸ਼ੇਸ਼ ਨਾਲ ਨਫ਼ਰਤ ਦੇ ਆਧਾਰ 'ਤੇ ਜਦੋਂ ਕਦੇ ਵੀ ਹਿਟਲਰ ਦੇ ਬ੍ਰਾਊਨ ਸ਼ਰਟਸ ਜਾਂ ਆਰਐੱਸਐੱਸ ਵਰਗੇ ਮਿਲੀਸ਼ੀਆ ਸੰਗਠਨ ਬਣਦੇ ਹਨ, ਉਨ੍ਹਾਂ ਦਾ ਅੰਤ ਹਮੇਸ਼ਾ ਨਸਲਕੁਸ਼ੀ 'ਤੇ ਹੁੰਦਾ ਹੈ।"

ਇਹ ਵੀ ਪੜ੍ਹੋ-

NPR ਦੇ ਮੁੱਦੇ 'ਤੇ ਮਨਮੋਹਨ ਸਿੰਘ, ਵਾਜਪਾਈ ਤੇ ਮੋਦੀ ਕਿੱਥੇ ਖੜ੍ਹੇ?

ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਬਹਿਸ ਅਜੇ ਜਾਰੀ ਹੀ ਸੀ ਕਿ ਕੇਂਦਰ ਸਰਕਾਰ ਨੇ ਨੈਸ਼ਨਲ ਪਾਪੁਲੇਸ਼ਨ ਰਜਿਸਟਰ ਯਾਨਿ ਐਨਪੀਆਰ ਨੂੰ ਅਪਡੇਟ ਕਰਨ ਨੂੰ ਮਨਜ਼ੂਰੀ ਦੇ ਦਿੱਤੀ।

ਇਸ ਤੋਂ ਬਾਅਦ ਦੋਵੇਂ ਮੁੱਖ ਸਿਆਸੀ ਧਿਰਾਂ ਕਾਂਗਰਸ-ਭਾਜਪਾ ਵਿਚਾਲੇ ਇਹ ਮੁੱਦਾ ਭੱਖ ਗਿਆ ਹੈ ਕਿ ਆਖ਼ਿਰ ਐੱਨਪੀਰਆਰ ਕਿਸ ਦੀ ਸਰਕਾਰ ਵੇਲੇ ਹੋਂਦ ਵਿੱਚ ਆਇਆ ਸੀ।

ਐੱਨਪੀਆਰ ਦੇ ਮੁੱਦੇ 'ਤੇ ਮਨਮੋਹਨ ਸਿੰਘ, ਅਟਲ ਬਿਹਾਰੀ ਵਾਜਪਾਈ ਤੇ ਨਰਿੰਦਰ ਮੋਦੀ ਕਿੱਥੇ ਖੜ੍ਹੇ ਹਨ, ਇਸ ਬਾਰੇ ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਫੌਜ ਮੁਖੀ ਜਨਰਲ ਬਿਪਿਨ ਰਾਵਤ ਦੇ ਬਿਆਨ ਨੇ ਭਖਾਈ ਸਿਆਸਤ

ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਨਾਗਰਿਕਤਾ ਸੋਧ ਕਾਨੂੰਨ 'ਤੇ ਹੋ ਰਹੇ ਰੋਸ-ਮੁਜ਼ਾਹਰਿਆਂ ਨੂੰ ਲੈ ਕੇ ਜੋ ਟਿੱਪਣੀ ਕੀਤੀ ਉਸ ਦੀ ਨਾ ਸਿਰਫ਼ ਨਿੰਦਾ ਕੀਤੀ ਜਾ ਰਹੀ ਹੈ ਬਲਕਿ ਹੁਣ ਉਨ੍ਹਾਂ ਕੋਲੋਂ ਮੁਆਫ਼ੀ ਮੰਗਣ ਅਤੇ ਸਰਕਾਰ ਨੂੰ ਵੀ ਨੋਟਿਸ ਲੈਣ ਬਾਰੇ ਕਿਹਾ ਗਿਆ ਹੈ।

ਸੀਪੀਐੱਮ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਪਾਰਟੀ ਦੇ ਪੋਲਿਤ ਬਿਓਰੇ ਵੱਲੋਂ ਫੌਜ ਮੁਖੀ ਦੇ ਬਿਆਨ ਦੀ ਨਿੰਦਾ ਕਰਦਿਆਂ ਹੋਇਆ ਟਵੀਟ ਕੀਤਾ, "ਜਨਰਲ ਰਾਵਤ ਦੇ ਇਸ ਬਿਆਨ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਮੋਦੀ ਸਰਕਾਰ ਦੌਰਾਨ ਹਾਲਾਤ ਵਿੱਚ ਗਿਰਾਵਟ ਆ ਗਈ ਹੈ ਕਿ ਫੌਜ ਦੇ ਮੋਹਰੀ ਅਹੁਦੇ 'ਤੇ ਬੈਠਾ ਵਿਅਕਤੀ ਆਪਣੀਆਂ ਸੰਸਥਾਗਤ ਭੂਮਿਕਾ ਦੀਆਂ ਸੀਮਾਵਾਂ ਨੂੰ ਲੰਘ ਰਿਹਾ ਹੈ।"

"ਅਜਿਹੇ ਹਾਲਾਤ ਵਿੱਚ ਸਵਾਲ ਉੱਠਣਾ ਲਾਜ਼ਮੀ ਹੈ ਕਿ ਕਿਤੇ ਅਸੀਂ ਫੌਜ ਦਾ ਸਿਆਸੀਕਰਨ ਕਰਕੇ ਪਾਕਿਸਤਾਨ ਦੇ ਰਸਤੇ 'ਤੇ ਤਾਂ ਨਹੀਂ ਜਾ ਰਹੇ? ਲੋਤਾਂਤਰਿਕ ਅੰਦੋਲਨ ਬਾਰੇ ਇਸ ਤੋਂ ਪਹਿਲਾਂ ਫੌਜ ਦੇ ਕਿਸੇ ਮੋਹਰੀ ਅਧਿਕਾਰੀ ਨੇ ਅਜਿਹੇ ਬਿਆਨ ਦਾ ਉਦਾਹਰਨ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਨਹੀਂ ਮਿਲਦਾ।"

ਦਰਅਸਲ ਬਿਪਿਨ ਰਾਵਤ ਨੇ ਕਿਹਾ ਸੀ, "ਨੇਤਾ ਉਹ ਹੁੰਦੇ ਹਨ ਜੋ ਸਹੀ ਦਿਸ਼ਾ ਵਿੱਚ ਲੋਕਾਂ ਦੀ ਅਗਵਾਈ ਕਰਦੇ ਹਨ।"

ਜਨਰਲ ਰਾਵਤ ਨੇ ਕਿਹਾ ਸੀ ਕਿ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਅਤੇ ਕਾਲਜ ਦੇ ਵਿਦਿਆਰਥੀ ਜਿਸ ਤਰ੍ਹਾਂ ਰੋਸ-ਮੁਜ਼ਾਹਰੇ ਕਰ ਰਹੇ ਹਨ ਉਸ ਨਾਲ ਸ਼ਹਿਰਾਂ ਵਿੱਚ ਹਿੰਸਾ ਅਤੇ ਅੱਗ ਦੀਆਂ ਘਟਨਾਵਾਂ ਵਧ ਰਹੀਆਂ ਹਨ।

ਇਹ ਵੀ ਪੜ੍ਹੋ-

ਡਿਟੈਂਸ਼ਨ ਸੈਂਟਰ ਬਾਰੇ ਅਸਾਮ ਦਾ ਉਹ ਸੱਚ, ਜਿਸ ਬਾਰੇ ਮੋਦੀ ਨੇ ਝੂਠ ਬੋਲਿਆ

ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਕੋਈ ਡਿਟੈਂਸ਼ਨ ਸੈਂਟਰ ਨਹੀਂ ਹੈ ਅਤੇ ਉਨ੍ਹਾਂ ਨੇ ਇਸ ਨੂੰ ਅਫ਼ਵਾਹ ਦੱਸਿਆ ਸੀ।

ਪਰ ਪ੍ਰਧਾਨ ਮੰਤਰੀ ਮੋਦੀ ਦੇ ਦਾਅਵੇ ਤੋਂ ਉਲਟ ਅਸਾਮ ਦੇ ਮਾਟਿਆ ਪਿੰਡ ਵਿੱਚ ਢਾਈ ਹੈਕਟੇਅਰ ਜ਼ਮੀਨ ਵਿੱਚ ਦੇਸ਼ ਦਾ ਪਹਿਲਾ ਤੇ ਸਭ ਤੋਂ ਵੱਡਾ ਡਿਟੈਂਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ।

ਸਾਈਟ ਇੰਚਾਰਜ ਰੌਬਿਨ ਦਾਸ ਦਾਅਵਾ ਕਰਦੇ ਹਨ ਕਿ ਅਮਰੀਕਾ ਵਿੱਚ ਮੌਜੂਦ ਡਿਟੈਂਸ਼ਨ ਸੈਂਟਰ ਤੋਂ ਬਾਅਦ ਦੁਨੀਆਂ ਦਾ ਦੂਸਰਾ ਸਭ ਤੋਂ ਵੱਡਾ ਡਿਟੈਂਸ਼ਨ ਸੈਂਟਰ ਹੋਵੇਗਾ।

ਫਿਲਹਾਲ ਅਸਾਮ ਦੀਆਂ ਵੱਖ-ਵੱਖ ਛੇ ਕੇਂਦਰੀ ਜੇਲ੍ਹਾਂ ਵਿੱਚ ਬਣੇ ਡਿਟੈਂਸ਼ਨ ਸੈਂਟਰਾਂ ਵਿੱਚ 1133 ਵਿਦੇਸ਼ੀ ਲੋਕਾਂ ਨੂੰ ਰੱਖਿਆ ਗਿਆ ਹੈ। ਪੂਰੀ ਖ਼ਬਰ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਹਿੰਦੂ ਸਨ ਇਸ ਲਈ ਦਾਨਿਸ਼ ਕਨੇਰੀਆ ਨਾਲ ਬੁਰਾ ਵਤੀਰਾ: ਸ਼ੋਇਬ ਅਖ਼ਤਰ

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਬਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਕੁਝ ਸਾਥੀ ਖਿਡਾਰੀ ਟੀਮ ਦੇ ਹੀ ਇੱਕ ਖਿਡਾਰੀ ਦਾਨਿਸ਼ ਕਨੇਰੀਆ ਦੇ ਨਾਲ ਇਸ ਲਈ ਵਿਤਕਰਾ ਕਰਦੇ ਸਨ ਕਿਉਂਕਿ ਉਹ ਹਿੰਦੂ ਸਨ।

ਸ਼ੋਇਬ ਅਖ਼ਤਰ ਨੇ ਇਲਜ਼ਾਮ ਲਗਾਇਆ ਹੈ ਕਿ ਕੁਝ ਪਾਕਿਸਤਾਨੀ ਕ੍ਰਿਕਟਰ ਦਾਨਿਸ਼ ਕਨੇਰੀਆ ਦੇ ਨਾਲ ਖਾਣਾ ਖਾਣ ਤੋਂ ਵੀ ਪਰਹੇਜ਼ ਕਰਦੇ ਸਨ।

ਸ਼ੋਇਬ ਦਾ ਕਹਿਣਾ ਹੈ ਕਿ ਇਹ ਸਭ ਇਸ ਲਈ ਹੁੰਦਾ ਸੀ ਕਿਉਂਕਿ ਦਾਨਿਸ਼ ਇੱਕ ਹਿੰਦੂ ਸਨ।

ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਸ਼ੋਇਬ ਅਖ਼ਬਰ ਨੇ ਪੀਟੀਵੀ ਸਪੋਰਟਸ 'ਤੇ 'ਗੇਮ ਆਨ ਹੈ' ਪ੍ਰੋਗਰਾਮ ਵਿੱਚ ਇਹ ਗੱਲ ਆਖੀ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

ਨਿਊਜ਼ ਏਜੰਸੀ ਏਐੱਨਆਈ ਮੁਤਾਬਕ, ਸਾਬਕਾ ਪਾਕਿਸਤਾਨੀ ਲੈੱਗ-ਸਪਿਨਰ ਦਾਨਿਸ਼ ਕਨੇਰੀਆ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ਸ਼ੋਇਬ ਅਖ਼ਤਰ ਜੋ ਕੁਝ ਉਨ੍ਹਾਂ ਨਾਲ ਸਬੰਧਤ ਕਿਹਾ, ਉਹ ਪੂਰੀ ਤਰ੍ਹਾਂ ਸਹੀ ਸੀ।

ਇਹ ਵੀ ਪੜ੍ਹੋ-

ਇਹ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)