CAA: ਓਵੈਸੀ ਵੱਲੋਂ ਹਰ ਘਰ 'ਤੇ ਤਿਰੰਗਾ ਫਹਿਰਾਉਣ ਦਾ ਸੱਦਾ ਦੇਣ ਪਿੱਛੇ ਦੀ ਦਲੀਲ

AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦੇ ਵਿਰੋਧ ਵਿੱਚ ਹੈਦਰਾਬਾਦ ਦੇ ਦਾਰੂਸਲਮ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ।

ਇਸ ਰੈਲੀ ਵਿੱਚ ਹੈਦਰਾਬਾਦ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਆਏ, ਜਿਨ੍ਹਾਂ ਵਿੱਚ ਕਈ ਵੱਡੇ ਮੁਸਲਿਮ ਨੇਤਾ ਵੀ ਸ਼ਾਮਲ ਸਨ। ਇਸ ਰੈਲੀ ਦੌਰਾਨ ਓਵੈਸੀ ਨੇ ਨਾਗਰਿਕਤਾ ਕਾਨੂੰਨ ਬਾਰੇ ਸਰਕਾਰ 'ਤੇ ਜ਼ਬਰਦਸਤ ਹਮਲਾ ਕੀਤਾ।

ਅਸਦੁਦੀਨ ਓਵੈਸੀ ਨੇ ਉਰਦੂ ਅਤੇ ਅੰਗਰੇਜ਼ੀ ਵਿੱਚ ਸਵਿੰਧਾਨ ਦੀ ਪ੍ਰਸਤਾਵਨਾ ਨੂੰ ਵੀ ਪੜ੍ਹਿਆ। ਭੀੜ ਨੇ ਇਸ ਪ੍ਰਸਤਾਵਨਾ ਨੂੰ ਓਵੈਸੀ ਦੇ ਨਾਲ-ਨਾਲ ਦੁਹਰਾਇਆ।

ਇਹ ਵੀ ਪੜ੍ਹੋ

ਨਾਗਰਿਕਤਾ ਕਾਨੂੰਨ ਨੂੰ ਓਵੈਸੀ ਨੇ ਦੱਸਿਆ “ਕਾਲਾ ਕਾਨੂੰਨ”

ਨਾਗਰਿਕਤਾ ਕਾਨੂੰਨ ਨੂੰ ਕਾਲਾ ਕਾਨੂੰਨ ਦੱਸਦਿਆਂ ਓਵੈਸੀ ਨੇ ਕਿਹਾ, "ਜੋ ਲੋਕ ਐਨਆਰਸੀ ਅਤੇ ਸੀਏਏ ਦੇ ਵਿਰੁੱਧ ਹਨ, ਉਹ ਆਪਣੇ ਘਰ ਦੇ ਬਾਹਰ ਤਿਰੰਗਾ ਫਹਿਰਾਉਣ। ਇਹ ਭਾਜਪਾ ਨੂੰ ਸੰਦੇਸ਼ ਦੇਵੇਗਾ ਕਿ ਉਨ੍ਹਾਂ ਨੇ ਗਲਤ ਅਤੇ ਕਾਲਾ ਕਾਨੂੰਨ ਬਣਾਇਆ ਹੈ।"

ਓਵੈਸੀ ਨੇ ਅੱਗੇ ਕਿਹਾ, "ਗਾਂਧੀਵਾਦੀ ਸਿੱਖਿਆਵਾਂ ਅਜੇ ਵੀ ਸਾਡੇ ਅੰਦਰ ਜ਼ਿੰਦਾ ਹਨ। ਅੰਬੇਡਕਰ ਦੀਆਂ ਕਦਰਾਂ ਕੀਮਤਾਂ ਨੂੰ ਅਸੀਂ ਅੱਜ ਵੀ ਮੰਨਦੇ ਹਾਂ।"

ਮੋਦੀ ਨੇ ਦੇਸ਼ ਨੂੰ ਧਰਮ 'ਤੇ ਵੰਡਿਆ - ਓਵੈਸੀ

ਓਵੈਸੀ ਨੇ ਮੋਦੀ-ਸ਼ਾਹ ਜੋੜੀ ਨੂੰ ਖੂਬ ਲਲਕਾਰਿਆ ਤੇ ਕਿਹਾ, "ਮੋਦੀ ਨੇ ਦੇਸ਼ ਨੂੰ ਧਰਮ ਦੇ ਅਧਾਰ 'ਤੇ ਵੰਡ ਦਿੱਤਾ। ਅਸੀਂ ਇਸ ਵੰਡ ਨੂੰ ਰੱਦ ਕਰ ਦਿੱਤਾ ਹੈ। ਇਤਿਹਾਸ ਗਵਾਹ ਹੈ ਕਿ ਅਮਿਤ ਸ਼ਾਹ ਕਮਜ਼ੋਰ ਹਨ।"

"ਜੇ ਹਰ ਨਾਗਰਿਕ ਨੂੰ ਦਸਤਾਵੇਜ਼ਾਂ ਲੈਕੇ ਕਤਾਰਾਂ ਵਿੱਚ ਖੜ੍ਹੇ ਹੋ ਕੇ ਆਪਣੀ ਨਾਗਰਿਕਤਾ ਸਾਬਤ ਕਰਨੀ ਪਵੇ ਤਾਂ ਇਹ ਦੇਸ਼ ਕਿਸ ਦਾ ਹੈ? ਪ੍ਰਧਾਨ ਮੰਤਰੀ ਲੋਕਾਂ ਨੂੰ ਲਾਈਨ ਵਿੱਚ ਖੜੇ ਕਰਕੇ ਆਪਣੀ ਲਾਈਨ ਬੰਨ੍ਹਣਾ ਚਾਹੁੰਦੇ ਹਨ।"

ਓਵੈਸੀ ਨੇ ਕਿਹਾ ਕਿ ਇਹ ਸਿਰਫ ਮੁਸਲਮਾਨਾਂ ਤੱਕ ਸੀਮਿਤ ਸਮੱਸਿਆ ਨਹੀਂ ਹੈ, ਪਰ ਇਹ ਹਰ ਨਾਗਰਿਕ ਦੀ ਸਮੱਸਿਆ ਹੈ।

ਨਾਗਰਿਕਤਾ ਕਾਨੂੰਨ ਦੇ ਖਿਲਾਫ਼ ਸੰਸਦ ਵਿੱਚ ਰੋਸ ਵਜੋਂ ਅਸਦੁਦੀਨ ਓਵੀਸੀ ਨੇ ਕਾਨੂੰਨ ਦੀਆਂ ਕਾਪੀਆਂ ਵੀ ਫਾੜੀਆਂ ਸਨ ਤੇ ਖੁੱਲ੍ਹ ਕੇ ਇਸ ਕਾਨੂੰਨ ਦੀ ਖਿਲਾਫ਼ਤ ਕੀਤੀ ਸੀ।

ਰੈਲੀ ’ਚ ਪੁੱਜੀਆਂ ਲਾਦੀਦਾ ਤੇ ਆਇਸ਼ਾ

ਰੈਲੀ ਨੂੰ ਜਾਮੀਆ ਮਿਲੀਆ ਇਸਲਾਮੀਆ ਦੀਆਂ ਪੋਸਟਰ ਕੁੜੀਆਂ ਲਾਦੀਦਾ ਸਖਲੂਨ ਅਤੇ ਆਇਸ਼ਾ ਰੇਨਾ ਨੇ ਵੀ ਸੰਬੋਧਿਤ ਕੀਤਾ, ਜਿਨ੍ਹਾਂ ਨੇ ਪੁਲਿਸ ਨੂੰ ਚੁਣੌਤੀ ਦਿੱਤੀ।

ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਜਾਮੀਆ ਮਿਲਿਆ ਇਸਲਾਮੀਆ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਲਾਦੀਦਾ ਸਖਲੂਨ ਅਤੇ ਆਇਸ਼ਾ ਰੇਨਾ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਦਿੱਲੀ ਪੁਲਿਸ ਨੂੰ ਚੁਣੌਤੀ ਦਿੰਦੀਆਂ ਦਿਖਾਈ ਦਿੱਤੀਆਂ। ਲਾਦੀਦਾ ਸਖਲੂਨ ਅਤੇ ਆਇਸ਼ਾ ਰੇਨਾ ਕੇਰਲਾ ਤੋਂ ਹਨ।

ਆਇਸ਼ਾ ਰੇਨਾ ਨੇ ਕਿਹਾ, "ਮੇਰਾ ਉਨ੍ਹਾਂ ਸਾਰਿਆਂ ਸਲਾਮ ਜਿਹੜੇ ਐਨਆਰਸੀ ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਖੜ੍ਹੇ ਹਨ। ਸਾਨੂੰ ਮਿਲੇ ਸਮਰਥਨ ਤੋਂ ਮੈਂ ਬਹੁਤ ਖੁਸ਼ ਹਾਂ।"

ਲਾਦੀਦਾ ਸਖਲੂਨ ਨੇ ਕਿਹਾ, "ਮੈਂ ਉਨ੍ਹਾਂ ਸਾਰਿਆਂ ਨੂੰ ਸਲਾਮ ਕਰਦੀ ਹਾਂ ਜਿਹੜੇ ਵਿਰੋਧ ਕਰਨ ਲਈ ਬਾਹਰ ਆਏ ਹਨ। ਮੈਂ ਹੈਦਰਾਬਾਦ ਦੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਬਾਹਰ ਆਉਣ ਅਤੇ ਸਾਡੇ ਨਾਲ ਲੜਨ ਲਈ ਸ਼ਾਮਲ ਹੋਣ।"

ਪੇਨ ਯੂਨੀਵਰਸਿਟੀ (ਯੂਐਸਏ) ਦੀ ਵਿਦਿਆਰਥਣ ਆਯੁਸ਼ੀ ਨੇ ਕਿਹਾ, "ਮੈਂ ਛੁੱਟੀਆਂ ਮਨਾਉਣ ਲਈ ਹੈਦਰਾਬਾਦ ਘਰ ਆਈ ਹਾਂ ਪਰ ਜੋ ਹੋ ਰਿਹਾ ਹੈ, ਉਹ ਵੇਖ ਕੇ ਮੈਂ ਚੁੱਪ ਨਹੀਂ ਰਹਿ ਸਕਦੀ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਮੈਂ ਆਪਣੇ ਸੁੱਖ ਸਹੂਲਤਾਂ ਨਾਲ ਘਰ ਹੀ ਬੈਠ ਸਕਦੀ ਸੀ ਪਰ ਮੈਂ ਸੋਚਿਆ ਕਿ ਵਿਰੋਧ ਕਰਨ ਲਈ ਬਾਹਰ ਆਉਣਾ ਮਹੱਤਵਪੂਰਨ ਹੋਏਗਾ।"

ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਨੇ ਕਿਹਾ, "ਅਸੀਂ ਧਰਮ ਨਿਰਪੱਖ ਦੇਸ਼ ਦੇ ਨਾਗਰਿਕ ਹਾਂ। CAA ਧਰਮ ਨਿਰਪੱਖ ਨਹੀਂ ਹੈ। ਇਹ ਧਰਮ ਦੇ ਆਧਾਰ 'ਤੇ ਬਣਿਆ ਕਾਨੂੰਨ ਹੈ। ਅਸੀਂ ਆਪਣੇ ਹਿੰਦੂ ਤੇ ਮੁਸਲਮਾਨ ਭਰਾਵਾਂ ਨੂੰ ਗਵਾਉਣਾਂ ਨਹੀਂ ਚਾਹੁੰਦੇ।"

ਸ਼ਰਨਾਰਥੀ ਸ਼ਬਦ ਮੁਸਲਮਾਨਾਂ 'ਤੇ ਲਾਗੂ ਨਹੀਂ ਹੁੰਦਾ- ਗਡਕਰੀ

ਨਾਗਪੁਰ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਪ੍ਰਬੰਧਿਤ ਰੈਲੀ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੰਬੋਧਿਤ ਕੀਤਾ।

ਉਨ੍ਹਾਂ ਦਾਅਵਾ ਕੀਤਾ, ''ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਵਿੱਚ ਸ਼ਰਨਾਰਥੀ ਸ਼ਬਦ ਦਾ ਜ਼ਿਕਰ ਕੀਤਾ ਹੈ ਜੋ ਹਿੰਦੂ, ਸਿੱਖ, ਈਸਾਈ, ਜੈਨ, ਪਾਰਸੀ ਅਤੇ ਬੌਧੀਆਂ ਤੇ ਲਾਗੂ ਹੈ।''

ਉਨ੍ਹਾਂ ਅੱਗੇ ਕਿਹਾ, ''ਅਸੀਂ ਮੁਸਲਮਾਨਾਂ ਨੂੰ ਸ਼ਰਨਾਰਥੀ ਇਸ ਲਈ ਨਹੀਂ ਕਹਿੰਦੇ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਵਿੱਚ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਦੇਸਾਂ ਦੇ ਮੁਸਲਮਾਨਾਂ ਨੂੰ ਆਪਣਾ ਮੁਲਕ ਛੱਡਣ ਦੀ ਲੋੜ ਪਈ ਤਾਂ ਉਨ੍ਹਾਂ ਕੋਲ 100-150 ਇਸਲਾਮਿਕ ਮੁਲਕ ਹਨ, ਉਹ ਕਿਤੇ ਵੀ ਜਾ ਸਕਦੇ ਹਨ। ਸਾਡੇ ਦੇਸ ਦੇ ਮੁਸਲਮਾਨ ਸਾਊਦੀ ਅਰਬ ਜਾਂਦੇ ਹਨ ਤਾਂ ਉਨ੍ਹਾਂ ਨੂੰ ਮੁਸਲਮਾਨ ਨਹੀਂ ਕਹਿੰਦੇ ਸਗੋਂ ਹਿੰਦੀ ਕਹਿੰਦੇ ਹਨ।''

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)