ਬੀਬੀਸੀ ਲੈ ਕੇ ਆ ਰਿਹਾ ਹੈ ਪਹਿਲੀ ਵਾਰ 'ਸਪੋਰਟਸਵੂਮੈਨ ਆਫ਼ ਦਿ ਈਅਰ ਐਵਾਰਡ'

ਬੀਬੀਸੀ ਪੈਰਾ-ਐਥਲੀਟਸ ਸਮੇਤ ਦੇਸ ਦੀਆਂ ਖਿਡਾਰਨਾਂ ਨੂੰ ਸਨਮਾਨਤ ਕਰਨ ਲਈ ਪਹਿਲੀ ਵਾਰ ਐਵਾਰਡ ਲੈ ਕੇ ਆ ਰਿਹਾ ਹੈ।

'ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ ਐਵਾਰਡ' ਦਾ ਐਲਾਨ ਅਗਲੇ ਸਾਲ ਮਾਰਚ ਵਿੱਚ ਕੀਤਾ ਜਾਵੇਗਾ।

ਬੀਬੀਸੀ ਦੀ ਭਾਰਤੀ ਭਾਸ਼ਾਵਾਂ ਦੀ ਮੁਖੀ ਰੂਪਾ ਝਾਅ ਅਤੇ ਬੀਬੀਸੀ ਦੇ ਏਸ਼ੀਆ-ਪੈਸੇਫਿਕ ਬਿਜ਼ਨਸ ਡਿਵਲੈਪਮੈਂਟ ਹੈੱਡ ਇੰਦੂ ਸ਼ੇਖਰ ਇਸ ਸਿਲਸਿਲੇ ਵਿੱਚ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕੀਤਾ।

ਪ੍ਰੈੱਸ ਕਾਨਫਰੰਸ ਦੌਰਾਨ ਇਸ ਐਵਾਰਡ ਦੇ ਲੋਗੋ ਦੀ ਵੀ ਘੁੰਡ ਚੁਕਾਈ ਕੀਤੀ ਗਈ।

ਭਾਰਤ ਲਈ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਕਰਨਮ ਮਲੇਸ਼ਵਰੀ ਪ੍ਰੈੱਸ ਕਾਨਫਰੰਸ ਦੀ ਮੁੱਖ ਮਹਿਮਾਨ ਸਨ।

ਉਨ੍ਹਾਂ ਨੇ ਕਿਹਾ, "ਭਾਰਤ ਵਿੱਚ ਔਰਤਾਂ ਹਮੇਸ਼ਾਂ ਕਮਜ਼ੋਰ ਮੰਨੀਆਂ ਜਾਂਦੀਆਂ ਹਨ। ਇਹਨੂੰ ਹਮੇਸ਼ਾਂ ਐਨਟਰਟੇਨਮੇਂਟ ਇੰਡਸਟ੍ਰੀ ਵਿੱਚ ਦੇਖਿਆ ਜਾਂਦਾ ਹੈ ਜਾਂ ਵਿਕਟਿਮ ਵਰਗਾ ਦਿਖਾਇਆ ਜਾਂਦਾ ਹੈ।"

"ਖੇਡਾਂ ਔਰਤਾਂ ਵਿੱਚ ਆਤਮ-ਵਿਸ਼ਵਾਸ ਵਧਾਉਂਦੀਆਂ ਹਨ। ਇਹ ਔਰਤਾਂ ਲਈ ਇਕ ਸ਼ਕਤੀ ਹੈ। ਇਹ ਪੁਰਸਕਾਰ ਆਉਣ ਵਾਲੇ ਭਵਿੱਖ ਦੇ ਖਿਡਾਰੀਆਂ ਨੂੰ ਪ੍ਰੇਰਣਾ ਦੇਵੇਗਾ। ਜੇ ਅਸੀਂ ਖਿਡਾਰੀ ਨੂੰ ਸਨਮਾਨ ਦਿੰਦੇ ਹਾਂ ਤਾਂ ਇਹ ਖਿਡਾਰੀਆਂ ਦਾ ਹੌਂਸਲਾ ਵਧਾਏਗਾ।"

ਮਲੇਸ਼ਵਰੀ ਨੇ ਅੱਗੇ ਕਿਹਾ, "ਇਸ ਵੇਲੇ ਮੀਡੀਆ ਖਿਡਾਰੀਆਂ ਨੂੰ ਚੰਗੀ ਤਰ੍ਹਾਂ ਕਵਰ ਕਰਦਾ ਹੈ। 1994 ਵਿੱਚ, ਜਦੋਂ ਮੈਂ ਵਰਲਡ ਚੈਂਪੀਅਨ ਬਣੀ ਸੀ ਅਤੇ ਉਸੇ ਸਮੇਂ ਮਿਸ ਵਰਲਡ ਵੀ ਬਣੀ। ਪਰ ਜੋ ਸਨਮਾਨ ਉਸ ਨੂੰ ਮਿਲਿਆ, ਉਹ ਸਾਨੂੰ ਨਹੀਂ ਮਿਲਿਆ।"

"ਸਮਾਂ ਹੁਣ ਬਦਲ ਰਿਹਾ ਹੈ। ਹੁਣ ਸਿੰਧੂ ਵਿਸ਼ਵ ਚੈਂਪੀਅਨ ਬਣੀ ਹੈ, ਜੋ ਸਨਮਾਨ ਉਸਨੂੰ ਮਿਲਿਆ, ਸਾਨੂੰ ਉਸ ਤਰ੍ਹਾਂ ਦਾ ਸਤਿਕਾਰ ਕਦੇ ਨਹੀਂ ਮਿਲਿਆ। ਮੈਂ ਚਾਹੁੰਦੀ ਹਾਂ ਕਿ ਖੇਡਾਂ ਦੀ ਕਵਰੇਜ 'ਤੇ ਧਿਆਨ ਦਿੱਤਾ ਜਾਵੇ। ਇਹ ਨਾਲ ਸਾਡੀਆਂ ਧੀਆਂ ਵੀ ਅੱਗੇ ਵਧਣਗੀਆਂ।"

ਉਨ੍ਹਾਂ ਨੇ ਕਿਹਾ, "ਕ੍ਰਿਕਟ ਪ੍ਰਤੀ ਲੋਕਾਂ ਦਾ ਰਵੱਈਆ ਵੱਖਰਾ ਹੈ। ਇਕ ਕਾਰਨ ਇਹ ਵੀ ਹੈ ਕਿ ਇਸ ਨੂੰ ਅੱਗੇ ਲਿਜਾਇਆ ਗਿਆ ਹੈ। ਵੇਟ ਲਿਫਟਿੰਗ ਨੂੰ ਅਜੇ ਤੱਕ ਜ਼ਿਆਦਾ ਨਹੀਂ ਅਪਣਾਇਆ ਗਿਆ ਹੈ। ਵੇਟ ਲਿਫਟਿੰਗ ਵਾਲਿਆਂ ਦੇ ਮਾਪੇ ਵੀ ਇੰਨ੍ਹੇ ਅਮੀਰ ਨਹੀਂ ਹੁੰਦੇ ਕਿ ਉਹਨਾਂ ਨੂੰ ਪਰਮੋਟ ਕਰ ਸਕਣ। ਲਾਅਨ ਟੈਨਿਸ, ਬੈਡਮਿੰਟਨ ਅਤੇ ਬਾਕਸਿੰਗ ਵਿੱਚ ਲੋਕਾਂ ਨੂੰ ਵਧੇਰੇ ਰੁਚੀ ਰਹਿੰਦੀ ਹੈ। ਵੇਟਲਿਫਟਿੰਗ ਨੂੰ ਅਜੇ ਵੀ ਪੁਰਸ਼ਾਂ ਦੀ ਖੇਡ ਮੰਨਿਆ ਜਾਂਦਾ ਹੈ।"

ਕਿਵੇਂ ਚੁਣੀ ਜਾਵੇਗੀ ਜੇਤੂ?

ਬੀਬੀਸੀ ਦੀ ਚੁਣੀ ਹੋਈ ਇੱਕ ਜਿਊਰੀ ਨੇ ਪੁਰਸਕਾਰ ਲਈ ਪੰਜ ਖਿਡਾਰਨਾਂ ਦੇ ਨਾਂ ਤੈਅ ਕੀਤੇ ਹਨ।

ਜਿਊਰੀ ਵਿੱਚ ਦੇਸ਼ ਕੇ ਕਈ ਆਲ੍ਹਾ ਖੇਡ ਪੱਤਰਕਾਰ, ਜਾਣਕਾਰ ਅਤੇ ਲੇਖਕ ਸ਼ਾਮਲ ਸਨ। ਜਿਊਰੀ ਦੇ ਦਿੱਤੇ ਸੁਝਾਅ 'ਚ ਜਿਨ੍ਹਾਂ 5 ਖਿਡਾਰਨਾਂ ਦੇ ਨਾਂ ਸਭ ਤੋਂ ਵੱਧ ਆਏ, ਉਨ੍ਹਾਂ ਵਿਚਾਲੇ ਹੀ ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ ਬਣਨ ਦਾ ਮੁਕਾਬਲਾ ਹੈ।

ਜਿਊਰੀ ਮੈਂਬਰਾਂ ਦੇ ਨਾਮ ਜਾਣਨ ਲਈ ਇੱਥੇ ਕਲਿੱਕ ਕਰੋ

ਫਰਵਰੀ ਮਹੀਨੇ ਵਿੱਚ ਇਨ੍ਹਾਂ ਪੰਜ ਖਿਡਾਰਨਾਂ ਦੇ ਨਾਵਾਂ ਦਾ ਐਲਾਨ ਹੋ ਜਾਵੇਗਾ।

ਤੁਸੀਂ ਬੀਬੀਸੀ ਦੀ ਕਿਸੇ ਵੀ ਵੈੱਬਸਾਈਟ 'ਤੇ ਜਾ ਕੇ ਇਨ੍ਹਾਂ ਪੰਜ ਖਿਡਾਰਨਾਂ ਵਿੱਚੋਂ ਆਪਣੀ ਪਸੰਦੀਦਾ ਖਿਡਾਰਨ ਨੂੰ 'ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ' ਚੁਣਨ ਲਈ ਜ਼ਿਆਦਾ ਤੋਂ ਜ਼ਿਆਦਾ ਵੋਟ ਕਰੋ।

ਬੀਬੀਸੀ ਸਪੋਰਟਸ ਦੇ ਆਨਲਾਈਨ ਐਡੀਟਰ ਇਅਨ ਸਿੰਗਲਟਨ ਨੇ ਕਿਹਾ, ''ਇਹ ਵੱਕਾਰੀ ਪੁਰਸਕਾਰ 2019 ਦੀ ਭਾਰਤੀ ਖਿਡਾਰਨ ਨੂੰ ਦਿੱਤਾ ਜਾਵੇਗਾ ਅਤੇ ਮੈਂ ਪ੍ਰਸੰਸਕਾਂ ਨੂੰ ਬੀਬੀਸੀ ਸਪੋਰਟ 'ਤੇ ਸਾਲ ਦੇ ਆਪਣੇ ਪਸੰਦੀਦਾ ਐਥਲੀਟ ਨੂੰ ਚੁਣਦੇ ਹੋਏ ਦੇਖਣ ਲਈ ਉਤਸੁਕ ਹਾਂ।''

ਸਭ ਤੋਂ ਜ਼ਿਆਦਾ ਵੋਟ ਹਾਸਲ ਕਰਨ ਵਾਲੀ ਖਿਡਾਰਨ ਨੂੰ ਦਿੱਲੀ ਵਿੱਚ ਹੋਣ ਵਾਲੇ ਇੱਕ ਸਮਾਗਮ ਵਿੱਚ ਇਸ ਸਾਲ ਦਾ 'ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ ਐਵਾਰਡ' ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਭਾਰਤੀ ਖੇਡਾਂ ਵਿੱਚ ਅਹਿਮ ਯੋਗਦਾਨ ਲਈ ਬੀਬੀਸੀ ਇੱਕ ਖਿਡਾਰਨ ਨੂੰ 'ਲਾਈਫਟਾਈਮ ਅਚੀਵਮੈਂਟ ਐਵਾਰਡ' ਵੀ ਦੇਣ ਜਾ ਰਿਹਾ ਹੈ।

ਐਵਾਰਡ ਤੋਂ ਪਹਿਲਾਂ ਬੀਬੀਸੀ ਦੇਸ਼ ਦੇ ਕਈ ਸ਼ਹਿਰਾਂ ਦੇ ਵਿਦਿਅਕ ਅਦਾਰਿਆਂ ਵਿੱਚ ਪ੍ਰੋਗਰਾਮ ਕਰੇਗਾ, ਇਨ੍ਹਾਂ ਪ੍ਰੋਗਰਾਮਾਂ ਦਾ ਮਕਸਦ ਦੇਸ਼ ਵਿੱਚ ਖਿਡਾਰਨਾਂ ਦੀਆਂ ਉਪਲੱਬਧੀਆਂ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਵਧਾਉਣਾ ਹੋਵੇਗਾ।

ਕੀ ਹੈ ਪੁਰਸਕਾਰ ਦਾ ਮਕਸਦ?

ਇਹ ਪੁਰਸਕਾਰ ਵਿਸ਼ੇਸ਼ ਤੌਰ 'ਤੇ 2020 ਟੋਕੀਓ ਓਲੰਪਿਕ ਤੋਂ ਪਹਿਲਾਂ ਔਰਤਾਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ 'ਤੇ ਧਿਆਨ ਕੇਂਦਰਿਤ ਕਰਦਾ ਹੈ। ਬੀਬੀਸੀ ਦੀ ਕੋਸ਼ਿਸ਼ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਅਤੇ ਨੌਜਵਾਨ ਦਰਸ਼ਕਾਂ ਅਤੇ ਪਾਠਕਾਂ ਤੱਕ ਪਹੁੰਚਣ ਦੀ ਰਹੀ ਹੈ। ਇਹ ਪੁਰਸਕਾਰ ਇਸੇ ਮੁਹਿੰਮ ਦਾ ਹਿੱਸਾ ਹੈ।

ਬੀਬੀਸੀ ਵਰਲਡ ਸਰਵਿਸ ਦੇ ਡਾਇਰੈਕਟਰ ਜੇਮੀ ਐਂਗਸ ਮੁਤਾਬਕ 'ਬੀਬੀਸੀ ਖ਼ਬਰਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਵਧਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। 'ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ ਐਵਾਰਡ' ਇਸੇ ਟੀਚੇ ਵੱਲ ਇੱਕ ਕੋਸ਼ਿਸ਼ ਹੈ, ਇਹ ਪੁਰਸਕਾਰ ਭਾਰਤੀ ਖੇਡਾਂ ਵਿੱਚ ਔਰਤਾਂ ਦੀਆਂ ਵਧਦੀਆਂ ਹੋਈਆਂ ਉਪਲਬਧੀਆਂ ਨੂੰ ਸਨਮਾਨ ਦੇਣ ਦਾ ਇੱਕ ਮੌਕਾ ਹੈ।''

ਬੀਬੀਸੀ ਦੀ ਭਾਰਤੀ ਸੇਵਾਵਾਂ ਦੀ ਮੁਖੀ ਰੂਪਾ ਝਾਅ ਮੰਨਦੀ ਹੈ ਕਿ ਦੇਸ਼ ਦੀਆਂ ਖਿਡਾਰਨਾਂ ਨੂੰ ਖੇਡ ਦੇ ਮੈਦਾਨ ਵਿੱਚ ਜਿੱਤ ਤੋਂ ਪਹਿਲਾਂ ਕਈ ਚੁਣੌਤੀਆਂ ਨੂੰ ਹਰਾਉਣਾ ਹੁੰਦਾ ਹੈ, ਖੇਡ ਪ੍ਰੇਮੀਆਂ ਤੋਂ ਆਪਣੀ ਪਸੰਦੀਦਾ ਖਿਡਾਰਨ ਨੂੰ ਵੋਟ ਕਰਨ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਇਹ ਜ਼ਰੂਰੀ ਹੈ ਕਿ ਦੇਸ਼ ਦੀਆਂ ਮਹਿਲਾ ਖੇਡ ਹਸਤੀਆਂ ਨੇ ਜੋ ਹਾਸਲ ਕੀਤਾ ਹੈ, ਅਸੀਂ ਉਸ ਨੂੰ ਮਾਨਤਾ ਦਈਏ, ਪਰ ਨਾਲ ਹੀ ਅਸੀਂ ਉਨ੍ਹਾਂ ਚੁਣੌਤੀਆਂ ਨੂੰ ਵੀ ਆਪਣੇ ਪਾਠਕਾਂ ਅਤੇ ਦਰਸ਼ਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਜਿਨ੍ਹਾਂ ਦਾ ਸਾਹਮਣਾ ਇਨ੍ਹਾਂ ਖਿਡਾਰਨਾਂ ਨੂੰ ਕਰਨਾ ਪਿਆ ਹੈ।''

ਸਾਲ 2000 ਤੋਂ ਬਾਅਦ ਭਾਰਤ ਨੂੰ ਮਿਲੇ ਕੁੱਲ 13 ਓਲੰਪਿਕ ਮੈਡਲਾਂ ਵਿੱਚੋਂ 5 ਮੈਡਲ ਔਰਤਾਂ ਨੇ ਆਪਣੇ ਨਾਂ ਕੀਤੇ ਹਨ, ਪਿਛਲੀ ਪੂਰੀ ਸਦੀ ਵਿੱਚ ਮਿਲੇ ਇੰਨੇ ਹੀ ਓਲੰਪਿਕ ਮੈਡਲਾਂ ਵਿੱਚੋਂ ਸਭ ਮਰਦਾਂ ਨੇ ਹੀ ਜਿੱਤੇ ਸਨ।

ਪਿਛਲੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਮਿਲੇ ਕੁੱਲ 57 ਮੈਡਲਾਂ ਵਿੱਚੋਂ 28 ਯਾਨੀ ਲਗਭਗ ਅੱਧੇ ਔਰਤਾਂ ਨੇ ਜਿੱਤੇ ਹਨ।

ਇਸ ਸਾਲ ਦੋਹਾ ਵਿੱਚ ਹੋਈ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਹਿੱਸੇ ਆਏ 17 ਵਿੱਚੋਂ 10 ਮੈਡਲ ਔਰਤਾਂ ਦੇ ਹੀ ਨਾਂ ਰਹੇ ਸਨ।

ਇਹ ਅੰਕੜੇ ਦੱਸਦੇ ਹਨ ਕਿ ਬਦਲਦੇ ਭਾਰਤ ਵਿੱਚ ਦੇਸ਼ ਦੀਆਂ ਧੀਆਂ ਮੈਡਲ ਦੀ ਰੇਸ ਦੀ ਖੇਡ ਵੀ ਬਦਲ ਰਹੀਆਂ ਹਨ।

ਇਹ ਐਵਾਰਡ ਤੁਹਾਡੇ ਲਈ ਮੌਕਾ ਹੈ, ਇਸ ਬਦਲਦੀ ਹੋਈ ਖੇਡ ਵਿੱਚ ਆਪਣੀ ਸ਼ਮੂਲੀਅਤ ਤੈਅ ਕਰਨ ਦਾ, ਤਾਂ ਫਿਰ ਪਿੱਛੇ ਨਾ ਰਹੋ ਅਤੇ ਫਰਵਰੀ ਮਹੀਨੇ ਵਿੱਚ ਬੀਬੀਸੀ ਦੀ ਵੈੱਬਸਾਈਟ 'ਤੇ ਜਾ ਕੇ ਤੈਅ ਕਰੋ ਕਿ ਕੌਣ ਇਸ ਸਾਲ ਦੀ 'ਬੀਬੀਸੀ ਇੰਡੀਅਨ ਸਪੋਰਟਵੂਮੈਨ ਆਫ ਦਿ ਈਅਰ' ਬਣੇਗੀ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)