ਮੋਗਾ 'ਚ ਡੀਜੇ ਕਤਲ ਮਾਮਲਾ : ਮਸਲਾ ਸੁਲਝਾਉਣ ਪਹੁੰਚੇ ਵਿਧਾਇਕ ਉੱਤੇ ਹਮਲਾ, ਗੱਡੀ ਛੱਡ ਕੇ ਪਿਆ ਭੱਜਣਾ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਮੋਗਾ ਦੇ ਪਿੰਡ ਮਸਤੇਵਾਲਾ ਦੇ ਇੱਕ ਵਿਆਹ ਵਿੱਚ ਡੀਜੇ ਵਾਲੇ ਮੁੰਡੇ ਦੀ ਮੌਤ ਦੇ ਰੋਸ ਵਿੱਚ ਹੋ ਰਹੇ ਮੁਜ਼ਾਹਰੇ ਦੌਰਾਨ ਪਹੁੰਚੇ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ 'ਤੇ ਹਮਲਾ ਹੋਇਆ।

ਮਰਹੂਮ ਦੇ ਪਰਿਵਾਰ ਤੇ ਹੋਰ ਜਥੇਬੰਦੀਆਂ ਵਾਲੇ ਮੋਗਾ ਦੇ ਸਿਵਿਲ ਹਸਪਤਾਲ ਦੇ ਬਾਹਰ ਮੌਤ ਦੇ ਰੋਸ ਵਿੱਚ ਮੁਜ਼ਾਹਰਾ ਕਰ ਰਹੇ ਸਨ।

ਇਹ ਵੀ ਪੜ੍ਹੋ:

ਮੋਗਾ ਦੇ ਥਾਣਾ ਕੋਟ ਈਸੇ ਖਾਂ ਦੇ ਐੱਸਐੱਚਓ ਅਮਰਜੀਤ ਸਿੰਘ ਨੇ ਦੱਸਿਆ, "ਸ਼ਨੀਵਾਰ ਰਾਤ ਨੂੰ ਮੋਗਾ ਦੇ ਪਿੰਡ ਮਸਤੇਵਾਲਾ ਵਿੱਚ ਇੱਕ ਵਿਆਹ ਦੌਰਾਨ ਫਾਇਰਿੰਗ ਹੋਈ ਜਿਸ ਵਿੱਚ ਡੀਜੇ ਕਰਨ ਸਿੰਘ ਦੀ ਮੌਤ ਹੋ ਗਈ ਹੈ।"

"ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਅਜੇ ਫਰਾਰ ਹਨ ਪਰ ਉਨ੍ਹਾਂ ਨੂੰ ਜਲਦੀ ਫੜ ਲਿਆ ਜਾਵੇਗਾ।"

ਐੱਸਪੀ ਰਤਨ ਸਿੰਘ ਬਰਾੜ ਨੇ ਦੱਸਿਆ ਕਿ ਜੋ ਕਾਰਵਾਈ ਬਣਦੀ ਸੀ ਉਹ ਕੀਤੀ ਗਈ ਹੈ। ਐੱਫਆਈਆਰ ਦਰਜ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਫੜ੍ਹ ਲਿਆ ਜਾਵੇਗਾ।

ਉਨ੍ਹਾਂ ਨੇ ਦੱਸਿਆ, "ਪਰਚਾ 5 ਬੰਦਿਆਂ ਦਰਜ ਅਤੇ ਅਜੇ ਤੱਕ ਇੱਕ ਗ੍ਰਿਫ਼ਤਾਰੀ ਹੋਈ ਹੈ।"

ਤਹਿਸੀਲਦਾਰ ਲਕਸ਼ੇ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਮੰਗ ਪੱਤਰ ਉਨ੍ਹਾਂ ਨੇ ਲੈ ਲਿਆ ਹੈ ਅਤੇ ਉਸ ਨੂੰ ਡਿਪਟੀ ਕਮਿਸ਼ਨਰ ਮੋਗਾ ਰਾਹੀਂ ਪੰਜਾਬ ਸਰਕਾਰ ਕੋਲ ਭੇਜ ਦਿੱਤਾ ਜਾਵੇਗਾ ਤੇ ਜੋ ਵੀ ਕਾਰਵਾਈ ਹੋਵੇਗੀ ਉਸ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ।

ਉਨ੍ਹਾਂ ਨੇ ਦੱਸਿਆ, "ਪਰਿਵਾਰ ਦੀ ਮੰਗ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।"

ਕਿਉਂ ਹੋਇਆ ਹਮਲਾ?

ਵਿਧਾਇਕ ਸੁਖਜੀਤ ਸਿੰਘ ਧਰਨਾਕਾਰੀਆਂ ਨੂੰ ਮਿਲਣ ਪਹੁੰਚੇ ਸੀ। ਉਸੇ ਵੇਲੇ ਪਰਿਵਾਰ ਤੇ ਸੁਖਜੀਤ ਸਿੰਘ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋਣੀ ਸ਼ੁਰੂ ਹੋ ਗਈ।

ਇਸੇ ਦੌਰਾਨ ਜਦੋਂ ਵਿਧਾਇਕ ਸੁਖਜੀਤ ਜਾਣ ਲਈ ਗੱਡੀ ਵਿੱਚ ਬੈਠੇ ਸਨ ਤਾਂ ਉਨ੍ਹਾਂ ਨਾਲ ਖਿੱਚ-ਧੂ ਸ਼ੁਰੂ ਹੋ ਗਈ। ਸੁਖਜੀਤ ਸਿੰਘ ਨੂੰ ਆਪਣੀ ਗੱਡੀ ਪਿੱਛੇ ਵੱਲ ਮੋੜ ਲਈ ਪਰ ਉਨ੍ਹਾਂ ਦੀ ਗੱਡੀ ’ਤੇ ਲੋਕਾਂ ਵੱਲੋਂ ਪੱਥਰਾਅ ਕੀਤਾ ਗਿਆ।

ਫਿਲਹਾਲ ਸੁਖਜੀਤ ਸਿੰਘ ਨਾਲ ਪ੍ਰਤੀਕਿਰਆ ਜਾਨਣ ਲਈ ਕੋਈ ਸੰਪਰਕ ਨਹੀਂ ਹੋ ਸਕਿਆ ਹੈ।

ਕੀ ਹਨ ਧਰਨਾਕਾਰੀਆਂ ਦੀਆਂ ਮੰਗਾਂ?

ਮੁਜ਼ਾਹਰਾ ਕਰ ਰਹੀਆਂ ਜਥੇਬੰਦੀਆਂ ਵਿੱਚ ਪੰਜਾਬ ਕਿਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟ ਯੂਨੀਅਨ ਤੇ ਲੋਕ ਸੰਗਰਾਮ ਮੰਚ ਨੇ ਇੱਕ ਐਕਸ਼ਨ ਕਮੇਟੀ ਬਣਾ ਲਈ ਹੈ।

ਮੁਜ਼ਾਹਰਾਕਾਰੀਆਂ ਦੀ ਮੰਗ ਹੈ ਕਿ ਇਸ ਮਾਮਲੇ ਵਿੱਚ ਐੱਸਸੀ/ਐੱਸਟੀ ਐਕਟ ਨੂੰ ਜੋੜਿਆ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਦੀ ਮੰਗ ਹੈ ਕਿ ਪੀੜਤ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)