ਹਰਿਆਣਾ ਦੀ ਸੱਤਾ ਕਿਸ ਦੇ ਹੱਥ ਆਏਗੀ ਤੇ ਕੀ ਬਣੇਗੀ ਪੰਜਾਬ ਦੀ ਤਸਵੀਰ

ਵੀਰਵਾਰ ਦਾ ਦਿਨ ਮਹਾਰਾਸ਼ਟਰ ਤੇ ਹਰਿਆਣਾ ਵਿਚ ਅਗਲੇ ਪੰਜ ਸਾਲ ਲਈ ਸੱਤਾ ਦਾ ਸੰਤੁਲਨ ਤੈਅ ਕਰਨ ਕਰੇਗਾ। ਦੋਵਾਂ ਸੂਬਿਆਂ ਵਿਚ 21 ਅਕਤੂਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਨਾਲ ਤੈਅ ਹੋ ਜਾਵੇਗਾ ਕਿ ਕੌਣ ਸੱਤਾ ਸੰਭਾਲੇਗਾ ਤੇ ਕੌਣ ਵਿਰੋਧੀ ਧਿਰ ਵਜੋਂ ਕੰਮ ਕਰੇਗਾ।

ਹਰਿਆਣਾ ਤੇ ਮਹਾਰਾਸ਼ਟਰ ਦੀਆਂ ਆਮ ਚੋਣਾਂ ਅਤੇ ਪੰਜਾਬ ਦੀਆਂ 4 ਸੀਟਾਂ ਸਮੇਤ ਵੱਖ ਵੱਖ ਸੂਬਿਆਂ ਦੀਆਂ 64 ਜ਼ਿਮਨੀ ਚੋਣਾਂ ਦੇ ਨਤੀਜੇ ਵੀ ਆਉਣਗੇ।

ਪੰਜਾਬ ਵਿਚ ਵਿਧਾਨ ਸਭਾ ਹਲਕਾ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਚ ਜ਼ਿਮਨੀ ਚੋਣ ਹੋਈ ਹੈ।

ਕੀ ਹੈ ਹਰਿਆਣਾ 'ਤੇ ਐਗਜ਼ਿਟ ਪੋਲਜ਼ ਦਾ ਦਾਅਵਾ

ਹਰਿਆਣਾ ਵਿੱਚ ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਦੇ ਮੁਤਾਬਾਕ ਭਾਜਪਾ ਨੂੰ 90 ਵਿੱਚੋਂ 71 ਸੀਟਾਂ ਮਿਲ ਸਕਦੀਆਂ ਹਨ, ਉੱਥੇ ਹੀ ਕਾਂਗਰਸ ਨੂੰ 11 ਅਤੇ ਹੋਰਾਂ ਨੂੰ 8 ਸੀਟਾਂ ਮਿਲਣ ਦੀ ਉਮੀਦ ਹੈ।

ਜਨ ਕੀ ਬਾਤ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 57, ਕਾਂਗਰਸ ਨੂੰ 17 ਅਤੇ ਹੋਰਾਂ ਨੂੰ 16 ਸੀਟਾਂ ਮਿਲਣਗੀਆਂ।

ਨਿਊਜ਼ਐਕਸ ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 77 ਅਤੇ ਕਾਂਗਰਸ ਨੂੰ 11 ਸੀਟਾਂ ਜਦਕਿ ਹੋਰਾਂ ਨੂੰ 2 ਸੀਟਾਂ ਨਾਲ ਹੀ ਸਬਰ ਕਰਨਾ ਪੈ ਸਕਦਾ ਹੈ।

ਟੀਵੀ9 ਭਾਰਤਵਰਸ਼ ਦੇ ਐਗਜ਼ਿਟ ਪੋਲ ਦੇ ਮੁਤਾਬਕ ਹਰਿਆਣਾ ਵਿੱਚ ਭਾਜਪਾ ਨੂੰ 47, ਕਾਂਗਰਸ ਨੂੰ 23 ਅਤੇ ਹੋਰਾਂ ਨੂੰ 20 ਸੀਟਾਂ ਮਿਲਣਗੀਆਂ।

ਇਹ ਵੀ ਪੜ੍ਹੋ

ਮਹਾਰਾਸ਼ਟਰ 'ਤੇ ਐਗਜ਼ਿਟ ਪੋਲਜ਼ ਦਾ ਦਾਅਵਾ

ਮਹਾਰਾਸ਼ਟਰ ਵਿੱਚ ਇੰਡੀਆ ਟੂਡੇ-ਐਕਸਿਸ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 109-124 ਸੀਟਾਂ ਮਿਲ ਸਕਦੀਆਂ ਹਨ। ਜਦਕਿ ਸ਼ਿਵ ਸੇਨਾ ਨੂੰ 57-60 ਸੀਟਾਂ ਮਿਲਣਗੀਆਂ। ਕੁੱਲ ਮਿਲਾ ਕੇ ਦੋਹਾਂ ਪਾਰਟੀਆਂ ਨੂੰ 166-194 ਸੀਟਾਂ ਮਿਲਣਗੀਆਂ। ਜਦਕਿ ਹੋਰਾਂ ਨੂੰ 22 ਤੋਂ 34 ਸੀਟਾਂ ਮਿਲ ਸਕਦੀਆਂ ਹਨ।

ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਵਿੱਚ ਭਾਜਪਾ-ਸ਼ਿਵ ਸੇਨਾ ਨੂੰ 230 ਸੀਟਾਂ ਜਦਕਿ ਕਾਂਗਰਸ-ਐੱਨਸੀਪੀ ਗੱਠਜੋੜ ਨੂੰ 48 ਅਤੇ ਹੋਰਾਂ ਨੂੰ 10 ਸੀਟਾਂ ਮਿਲ ਸਕਦੀਆਂ ਹਨ।

ਸੀਐੱਨਐੱਨ ਨਿਊਜ਼ 18 ਮੁਤਾਬਕ ਮਹਾਰਾਸ਼ਟਰ ਵਿੱਚ ਭਾਜਪਾ-ਸ਼ਿਵ ਸੇਨਾ ਨੂੰ 243 ਸੀਟਾਂ ਮਿਲਣਗੀਆਂ ਜਦਿ ਕਾਂਗਰਸ-ਐੱਨਸੀਪੀ ਨੂੰ 41 ਸੂੀਟਾਂ ਨਾਲ ਸੰਤੋਸ਼ ਕਰਨਾ ਪਵੇਗਾ।

ਏਬੀਪੀ-ਸੀਵੋਟਰਜ਼ ਦੇ ਐਗਜ਼ਿਟ ਪੋਲ ਦੇ ਮੁਤਾਬਾਕ ਭਾਜਪਾ ਦੇ ਗੱਠਜੋੜ ਨੂੰ 197 ਸੀਟਾਂ ਕਾਂਗਰਸ-ਐੱਨਸੀਪੀ ਨੂੰ 75 ਅਤੇ ਹੋਰਾਂ ਨੂੰ 16 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ।

ਟੀਵੀ9 ਮਰਾਠੀ ਦੇ ਐਗਜ਼ਿਟ ਪੋਲ ਦੇ ਮੁਤਾਬਾਕ ਭਾਜਪਾ-ਸ਼ਿਵਸੇਨਾ ਨੂੰਨ 223 ਕਾਂਗਰਸ-ਐੱਨਸੀਪੀ ਨੂੰ 54 ਅਤੇ ਹੋਰਾਂ ਨੂੰ 14 ਸੀਟਾਂ ਦੀ ਉਮੀਦ ਹੈ।

ਹਰਿਆਣਾ 'ਚ ਕਿਹੜੇ ਮੁੱਦੇ ਤੈਅ ਕਰ ਰਹੇ ਨਤੀਜਾ

ਬੀਬੀਸੀ ਪੰਜਾਬੀ ਨੇ ਵੋਟਿੰਗ ਤੋਂ ਪਹਿਲਾ ਸੀਨੀਅਰ ਪੱਤਰਕਾਰ ਵਿਪਨ ਪੱਬੀ ਨਾਲ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਹਰਿਆਣਾ ਵਿਚ ਅਜਿਹੇ ਕਿਹੜੇ ਮੁੱਦੇ ਜਾਂ ਫੈਕਟਰ ਸਨ ਜੋ ਚੋਣਾਂ ਦੇ ਨਤੀਜੇ ਤੈਅ ਕਰਨਗੇ।

ਵਿਪਨ ਪੱਬੀ ਦਾ ਕਹਿਣਾ ਸੀ ਕਿ ਮਈ 2019 ਨੂੰ ਹੋਈਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਨ੍ਹਾਂ ਚੋਣਾਂ ਵਿਚ ਕਾਂਗਰਸ ਕੁਝ ਹੌਸਲੇ ਵਿਚ ਨਜ਼ਰ ਆ ਰਹੀ ਹੈ। ਭਾਵੇਂਕਿ ਚੋਣ ਦੰਗਲ ਵਿਚ ਉਸਦੀ ਚਰਚਾ ਅਸ਼ੋਕ ਤੰਵਰ ਵਰਗੇ ਵੱਡੇ ਆਗੂ ਦੀ ਬਗਾਵਤ ਅਤੇ ਖਾਨਾਜੰਗੀ ਕਰਕੇ ਵੀ ਹੋ ਰਹੀ ਹੈ।

ਵਿਪਨ ਪੱਬੀ ਦੱਸਦੇ ਹਨ ਕਿ ਜਿਹੜੇ ਮਸਲੇ ਕਿਸੇ ਸੂਬਾਈ ਚੋਣਾਂ ਵਿੱਚ ਨਜ਼ਰ ਆਉਣੇ ਚਾਹੀਦੇ ਹਨ, ਨਹੀਂ ਆਏ। ਭਾਜਪਾ ਕੌਮੀ ਮੁੱਦਿਆਂ ਦੀ ਗੱਲ ਕਰ ਰਹੀ ਹੈ, ਜਿਵੇਂ ਕਸ਼ਮੀਰ, ਅੰਤਰਰਾਸ਼ਟਰੀ ਰਿਸ਼ਤਿਆਂ ਬਾਰੇ, ਬਾਲਾਕੋਟ ਪਰ ਸਥਾਨਕ ਮੁੱਦਿਆਂ ਦੀ ਕੋਈ ਬਹੁਤੀ ਗੱਲ ਨਹੀਂ ਹੋ ਰਹੀ।

ਕਾਂਗਰਸ ਦਾ ਵੀ ਕੋਈ ਬਹੁਤਾ ਫੋਕਸ ਨਹੀਂ ਹੈ।

ਖੱਟਰ ਸਾਹਿਬ ਕਹਿੰਦੇ ਕਿ ਅਸੀਂ ਜੇਲ੍ਹ 'ਚ ਪਾ ਦਿਆਂਗੇ, ਹੁੱਡਾ ਸਾਹਿਬ ਕਹਿੰਦੇ ਕਿ ਮੈਂ ਆਇਆ ਤਾਂ ਮੈਂ ਇੰਝ ਕਰ ਦਿਆਂਗਾ। ਸੋ ਇਸ ਤਰ੍ਹਾਂ ਸ਼ਖ਼ਸੀਅਤ ਦੇ ਆਧਾਰ 'ਤੇ ਇਨ੍ਹਾ ਚੋਣਾਂ ਵਿੱਚ ਜ਼ਿਆਦਾ ਗੱਲ ਹੋ ਰਹੀ ਹੈ।

ਉਹ ਕਹਿੰਦੇ ਹਨ ਕਿ ਮੁੱਖ ਤੌਰ 'ਤੇ ਜਿਹੜਾ ਜਾਟ ਵੋਟ ਬੈਂਕ ਸੀ ਉਹ ਵੰਡਿਆ ਹੋਇਆ ਹੈ, ਦਰਅਸਲ 3-4 ਟੋਟਿਆਂ ਵਿੱਚ ਵੰਡਿਆ ਹੋਇਆ ਹੈ। ਸੋ ਜਾਟ ਵੋਟ ਬੈਂਕ ਦਾ ਪ੍ਰਭਾਵ ਕਿਸੇ ਇੱਕ ਪਾਰਟੀ ਨੂੰ ਨਹੀਂ ਜਾਏਗਾ। ਇਹ ਫ਼ਾਇਦਾ ਭਾਜਪਾ ਨੂੰ ਹੋਣ ਵਾਲਾ ਹੈ।

ਪੰਜਾਬ ਦੀ ਸਿਆਸੀ ਤਸਵੀਰ

ਪੰਜਾਬ ਵਿਚ ਜਿਹੜੇ ਚਾਰ ਹਲਕਿਆਂ ਉੱਤੇ ਜ਼ਿਮਨੀ ਚੋਣ ਹੋ ਰਹੀ ਹੈ, ਉੱਥੇ ਮੌਜੂਦਾ ਵਿਧਾਇਕ ਚਾਰੇ ਪਾਰਟੀਆਂ ਦੇ ਸਨ।

ਜਲਾਲਾਬਾਦ ਅਕਾਲੀ ਦਲ, ਫਗਵਾੜਾ ਭਾਰਤੀ ਜਨਤਾ ਪਾਰਟੀ , ਮੁਕੇਰੀਆਂ ਕਾਂਗਰਸ ਅਤੇ ਦਾਖਾ ਕਾਂਗਰਸ ਕੋਲ ਹੈ। ਆਮ ਤੌਰ ਉੱਤੇ ਮੰਨਿਆਂ ਜਾਂਦਾ ਹੈ ਕਿ ਜ਼ਿਮਨੀ ਚੋਣਾਂ ਵਿਚ ਸਰਕਾਰ ਹੀ ਜਿੱਤਦੀ ਹੈ।

ਪਰ ਜਲਾਲਬਾਦ ਸੁਖਬੀਰ ਬਾਦਲ ਦੀ ਆਪਣੀ ਸੀਟ ਹੈ, ਫਗਵਾੜਾ ਨੂੰ ਭਾਜਪਾ ਦੀ ਰਵਾਇਤੀ ਸੀਟ ਸਮਝਿਆ ਜਾਂਦਾ ਹੈ ਅਤੇ ਦਾਖਾ ਆਮ ਆਦਮੀ ਪਾਰਟੀ ਸੀਟ ਹੈ, ਇਸ ਲਈ ਇਸ ਵਾਰ ਲੜਾਈ ਕਾਫ਼ੀ ਰੋਚਕ ਬਣੀ ਹੋਈ ਹੈ ਇਸ ਬਾਰੇ ਬੀਬੀਸੀ ਪੰਜਾਬੀ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ ਸੀ।

ਜਗਤਾਰ ਸਿੰਘ ਕਹਿੰਦੇ ਹਨ ਕਿ ਕਾਂਗਰਸ ਪਾਰਟੀ ਭਾਵੇਂ ਦਾਅਵੇ ਕਰਦੀ ਹੈ ਕਿ ਉਸਨੇ ਬਹੁਤ ਕੰਮ ਕੀਤੇ ਹਨ, ਪਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਇਹ ਉਨ੍ਹਾਂ ਦੀ ਸਰਕਾਰ ਉੱਤੇ ਰੈਫਰੈਂਡਮ ਨਹੀਂ ਹੈ।

ਇਹ ਚੋਣਾਂ ਜਿੱਥੇ ਅਕਾਲੀ ਦਲ ਦਾ ਭਵਿੱਖ ਤੈਅ ਕਰਨਗੀਆਂ ਉੱਤੇ ਆਮ ਆਦਮੀ ਪਾਰਟੀ ਦੀ ਵੀ ਦਿਸ਼ਾ ਤੈਅ ਹੋਵੇਗੀ।

ਕੈਨੇਡਾ ਦੀਆਂ ਚੋਣਾਂ ਬਾਰੇ ਇਹ ਵੀਡੀਜ਼ ਤੁਹਾਨੂੰ ਪਸੰਦ ਆ ਸਕਦੇ ਨੇ