You’re viewing a text-only version of this website that uses less data. View the main version of the website including all images and videos.
IMF ਦਾ ਅੰਦਾਜ਼ਾ: ਸਾਰੀ ਦੁਨੀਆਂ ਸਣੇ ਭਾਰਤ ਦੀ ਵਿਕਾਸ ਦਰ ਘਟੇਗੀ - 5 ਅਹਿਮ ਖ਼ਬਰਾਂ
ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ਼) ਮੁਤਾਬਕ ਇੱਕ ਦਹਾਕੇ ਪਹਿਲਾਂ ਆਏ ਵਿੱਤੀ ਸੰਕਟ ਤੋਂ ਬਾਅਦ ਗਲੋਬਲ ਅਰਥਵਿਵਸਥਾ ਹੁਣ ਤੱਕ ਦੀ ਸਭ ਤੋਂ ਹੌਲੀ ਰਫ਼ਤਾਰ ਨਾਲ ਵਧ ਰਹੀ ਹੈ।
ਆਈਐਮਐਫ਼ ਨੇ ਕਿਹਾ ਹੈ ਕਿ ਇਸ ਸਾਲ ਗਲੋਬਲ ਵਿਕਾਸ ਦਰ ਸਿਰਫ਼ 3 ਫੀਸਦ ਹੀ ਹੋਵੇਗੀ। ਉੱਥੇ ਹੀ ਭਾਰਤ ਬਾਰੇ ਆਈਐਮਐਫ਼ ਦਾ ਅਨੁਮਾਨ ਹੈ ਕਿ ਮੌਜੂਦਾ ਵਿੱਤੀ ਸਾਲ ਵਿੱਚ ਵਿਕਾਸ ਦਰ 6.1 ਫੀਸਦ ਰਹੇਗਾ।
ਇਸ ਤੋਂ ਪਹਿਲਾਂ ਇਸ ਸਾਲ ਅਪ੍ਰੈਲ ਵਿੱਚ ਆਈਐਮਐਫ਼ ਨੇ ਭਾਰਤ ਦੀ ਵਿਕਾਸ ਦਰ 7.3 ਫੀਸਦ ਰਹਿਣ ਦਾ ਅੰਦਾਜ਼ਾ ਲਾਇਆ ਸੀ।
ਇਸੇ ਸਾਲ ਜੁਲਾਈ ਵਿੱਚ ਆਈਐਮਐਫ਼ ਨੇ ਮੌਜੂਦਾ ਵਿੱਤੀ ਵਰ੍ਹੇ ਲਈ ਭਾਰਤ ਦੀ ਜੀਡੀਪੀ 7 ਫੀਸਦ ਰਹਿਣ ਦਾ ਕਿਆਸ ਲਾਇਆ ਸੀ।
ਆਈਐਮਐਫ਼ ਨੇ ਆਪਣੀ ਨਵੀਂ ਰਿਪੋਰਟ ਵਿੱਚ ਕਿਹਾ ਹੈ, "ਕੁਝ ਗ਼ੈਰ-ਬੈਂਕਿੰਗ ਵਿੱਤੀ ਸੰਸਥਾਵਾਂ ਦੀ ਕਮਜ਼ੋਰੀ ਅਤੇ ਖ਼ਪਤਕਾਰ ਤੇ ਛੋਟੇ ਤੇ ਮਧਮ ਦਰਜੇ ਦੇ ਵਪਾਰ ਲਈ ਕਰਜ਼ਾ ਲੈਣ ਦੀ ਕਾਬਲੀਅਤ 'ਤੇ ਪਏ ਨਕਾਰਾਤਮਕ ਅਸਰ ਕਾਰਨ ਭਾਰਤ ਦੀ ਵਿੱਤੀ ਵਿਕਾਸ ਦਰ ਦੇ ਅੰਦਾਜ਼ੇ ਵਿੱਚ ਕਮੀ ਆਈ ਹੈ।"
ਕਸ਼ਮੀਰ 'ਚ ਬੀਬੀਆਂ ਦਾ ਮੁਜ਼ਾਹਰਾ
ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਕਰੀਬ ਦਰਜਨ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਔਰਤਾਂ ਧਾਰਾ 370 ਹਟਾਏ ਜਾਣ 'ਤੇ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿਚ ਵੰਡਣ ਖ਼ਿਲਾਫ਼ ਸ੍ਰੀਨਗਰ ਦੇ ਲਾਲ ਚੌਕ ਵਿੱਚ ਮੁਜ਼ਾਹਰਾ ਕਰ ਰਹੀਆਂ ਸਨ।
ਇਹ ਵੀ ਪੜ੍ਹੋ:
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੁਕ ਅਬਦੁੱਲਾ ਦੀ ਭੈਣ ਖ਼ਾਲਿਦਾ ਸ਼ਾਹ ਅਤੇ ਧੀ ਸਾਰਾ ਅਬਦੁੱਲਾ ਵੀ ਇਨ੍ਹਾਂ ਔਰਤਾਂ ਨਾਲ ਮੁਜ਼ਾਹਰੇ ਵਿੱਚ ਸ਼ਾਮਿਲ ਸਨ।
ਔਰਤਾਂ ਵੱਲੋਂ ਹੋਏ ਇਸ ਮੁਜ਼ਾਹਰੇ ਦੌਰਾਨ ਬੁਨਿਆਦੀ ਹੱਕਾਂ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ।
ਦਿੱਲੀ ਨਾਲ ਸਬੰਧਿਤ ਕਾਰਕੁਨ ਸੁਸ਼ੋਬਾ ਭਰਵੇ ਅਤੇ ਹਵਾ ਬਸ਼ੀਰ (ਸਾਬਕਾ ਚੀਫ਼ ਜਸਟਿਸ ਬਸ਼ੀਰ ਖ਼ਾਨ ਦੀ ਪਤਨੀ) ਵੀ ਇਸ ਮੁਜ਼ਾਹਰੇ ਵਿੱਚ ਸ਼ਾਮਿਲ ਸੀ, ਜਿਨ੍ਹਾਂ ਨੂੰ ਹੋਰ ਔਰਤਾਂ ਨਾਲ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਭਾਰਤ ਹਿੰਦੂ ਰਾਸ਼ਟਰ? RSS ਤੇ ਅਕਾਲ ਤਖ਼ਤ ਆਹਮੋ-ਸਾਹਮਣੇ
ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਆਰਐਸਐਸ 'ਤੇ ਦੇਸ ਨੂੰ ਵੰਡਣ ਵਾਲੀਆਂ ਕਾਰਵਾਈਆਂ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ 'ਤੇ ਆਰਐਸਐਸ 'ਤੇ ਇਤਰਾਜ਼ ਜਤਾਇਆ ਹੈ।
ਉਨ੍ਹਾਂ ਨੇ ਕਿਹਾ, "ਸਾਰੇ ਧਰਮਾਂ ਤੇ ਜਾਤੀਆਂ ਦੇ ਲੋਕ ਭਾਰਤ ਵਿੱਚ ਰਹਿੰਦੇ ਹਨ ਅਤੇ ਇਹੀ ਦੇਸ ਦੀ ਖੂਬਸੂਰਤੀ ਹੈ। ਸੰਘ ਦਾ ਕਹਿਣਾ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਗੇ ਪਰ ਇਹ ਦੇਸ ਦੇ ਹਿੱਤ ਵਿੱਚ ਨਹੀਂ ਹੈ।"
ਉੱਥੇ ਹੀ ਭਾਜਪਾ ਦੇ ਸਿੱਖ ਆਗੂ ਆਰਪੀ ਸਿੰਘ ਨੇ ਆਰਐਸਐਸ ਦਾ ਬਚਾਅ ਕੀਤਾ ਹੈ।
ਉਨ੍ਹਾਂ ਨੇ ਕਿਹਾ, "ਹਿੰਦੂ ਕੋਈ ਧਰਮ ਜਾਂ ਪੰਥ ਦਾ ਨਾਮ ਨਹੀਂ ਹੈ, ਇਹ ਸੱਭਿਆਚਾਰ ਹੈ। ਮੈਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੇਨਤੀ ਕਰਾਂਗਾ ਕਿ ਆਰਐਸਐਸ ਦਾ ਤਿੰਨ ਮੈਂਬਰੀ ਮੰਡਲ ਘੱਟ ਗਿਣਤੀ ਕਮਿਸ਼ਨ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੇ ਮੰਨਿਆ ਸੀ ਕਿ ਸਿੱਖ ਵੱਖਰਾ ਧਰਮ ਹੈ ਤੇ ਸਿੱਖ ਦੀ ਵੱਖਰੀ ਪਛਾਣ ਹੈ।"
ਪੂਰਾ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਮਨਜੀਤ ਧਨੇਰ ਦੀ ਉਮਰ ਕੈਦ ਮਾਫ਼ ਕਿਉਂ ਹੋਵੇ?
ਕਿਸਾਨ ਆਗੂ ਮਨਜੀਤ ਧਨੇਰ ਜਦੋਂ ਦੇ ਇੱਕ ਕਤਲ ਕੇਸ ਵਿੱਚ ਜੇਲ੍ਹ ਗਏ ਹਨ, ਬਰਨਾਲਾ ਦੀ ਜੇਲ੍ਹ ਦੇ ਬਾਹਰ ਧਰਨਾ ਲੱਗਿਆ ਹੋਇਆ ਹੈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮਹਿਲਾ ਵਿੰਗ ਦੀ ਆਗੂ ਹਰਿੰਦਰ ਬਿੰਦੂ ਦਾ ਕਹਿਣਾ ਹੈ, "ਜੇ ਔਰਤਾਂ ਦੇ ਨਾਲ ਜਬਰ ਹੁੰਦਾ ਹੈ ਅਤੇ ਜੇ ਉਨ੍ਹਾਂ ਦੀ ਰਾਖੀ ਲਈ ਕੋਈ ਅੱਗੇ ਆਉਂਦਾ ਹੈ ਤਾਂ ਇੱਥੋਂ ਦੀ ਸਰਕਾਰ ਉਸ ਨੂੰ ਸਬਕ ਸਿਖਾਉਂਦੀ ਹੈ। ਉਨ੍ਹਾਂ ਨੂੰ ਗਲਤ ਸਜ਼ਾ ਹੋਈ ਹੈ।"
ਮਾਮਲਾ 1997 ਵਿੱਚ ਕਿਰਨਜੀਤ ਕੌਰ ਦੇ ਰੇਪ ਤੇ ਕਤਲ ਨਾਲ ਜੁੜਿਆ ਹੋਇਆ ਹੈ। ਮਨਜੀਤ ਧਨੇਰ, ਕਿਸਾਨ ਆਗੂ ਉਸ ਐਕਸ਼ਨ ਕਮੇਟੀ ਵਿੱਚ ਸ਼ਾਮਿਲ ਸਨ ਜੋ ਕਹਿ ਰਹੇ ਸਨ ਕਿ ਇਸ ਦੇ ਮੁਲਜ਼ਮਾਂ ਨੂੰ ਸਜ਼ਾ ਹੋਵੇ। ਉਸ ਦੇ ਮੁਲਜ਼ਮਾਂ ਨਾਲ ਜੁੜੇ ਇੱਕ ਵਿਅਕਤੀ ਦਾ ਕਤਲ ਹੋ ਗਿਆ। ਉਸ ਕਤਲ ਕੇਸ ਵਿੱਚ ਮਨਜੀਤ ਧਨੇਰ ਦਾ ਨਾਮ ਵੀ ਆਇਆ।
ਧਨੇਰ ਨਾਲ ਜੁੜੀਆਂ ਜਥੇਬੰਦੀਆਂ ਕਹਿ ਰਹੀਆਂ ਹਨ ਉਨ੍ਹਾਂ ਨੂੰ ਇਸ ਕਤਲ ਮਾਮਲੇ ਵਿੱਚ ਫਸਾਇਆ ਗਿਆ ਹੈ।
ਕੀ ਹੈ ਇਸ ਧਰਨੇ ਦਾ ਟੀਚਾ, ਕੀ ਹਨ ਸਵਾਲ, ਕੀ ਹਨ ਦਲੀਲਾਂ — ਜਾਣੋ ਇਸ ਵੀਡੀਓ ਵਿੱਚ।
ਕੈਨੇਡਾ ਦੀ ਆਮ ਚੋਣਾਂ 'ਚ ਪੰਜਾਬੀ ਚਿਹਰੇ
ਕੈਨੇਡਾ ਦੀਆਂ 43ਵੀਆਂ ਆਮ ਚੋਣਾਂ 21 ਅਕਤੂਬਰ ਨੂੰ ਹੋਣੀਆਂ ਹਨ। ਇਨ੍ਹਾਂ ਚੋਣਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਰਫਰੈਂਡਮ ਵਜੋਂ ਦੇਖਿਆ ਜਾ ਰਿਹਾ ਹੈ।
338 ਹਲਕਿਆਂ ਲਈ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ 50 ਭਾਰਤੀ ਮੂਲ ਦੇ ਉਮੀਦਵਾਰ ਹਨ।
ਇਨ੍ਹਾਂ ਵਿੱਚੋਂ ਬਹੁਗਿਣਤੀ ਪੰਜਾਬੀਆਂ ਦੀ ਹੈ ਜੋ ਕਿ ਕਈ ਹਲਕਿਆਂ ਵਿੱਚ ਇੱਕ ਦੂਜੇ ਨੂੰ ਮੁਕਾਬਲਾ ਦੇ ਰਹੇ ਹਨ।
ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਸਾਲ 2015 ਦੀਆਂ ਆਮ ਚੋਣਾਂ ਵਿੱਚ ਇਹ ਗਿਣਤੀ 38 ਸੀ।
ਕੈਨੇਡਾ ਦੀਆਂ ਤਿੰਨੇ ਮੁੱਖ ਪਾਰਟੀਆਂ ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ ਅਤੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਪੰਜਾਬੀਆਂ ਦੀ ਭਰਵੀ ਵਸੋਂ ਵਾਲੇ ਹਲਕਿਆਂ ਤੋਂ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਇਹ ਹਲਕੇ ਹਨ, ਐਡਮੰਟਨ, ਬਰੈਮਪਟਨ, ਸਰੀ, ਕੈਲਗਰੀ।
ਕਿਹੜੇ-ਕਿਹੜੇ ਪੰਜਾਬੀ ਚਿਹਰੇ ਮੈਦਾਨ ਵਿੱਚ ਹਨ, ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ