You’re viewing a text-only version of this website that uses less data. View the main version of the website including all images and videos.
ਕਸ਼ਮੀਰ 'ਚ ਬੀਬੀਆਂ ਦਾ ਮੁਜ਼ਾਹਰਾ : ‘ਭਾਰਤ ਨੇ ਕਸ਼ਮੀਰ ਨੂੰ ਆਪਣੇ ਹਾਲਾਤ ਦੇ ਰਹਿਮੋ-ਕਰਮ 'ਤੇ ਛੱਡਿਆ’
- ਲੇਖਕ, ਰਿਆਜ਼ ਮਸਰੂਰ
- ਰੋਲ, ਬੀਬੀਸੀ ਪੱਤਰਕਾਰ, ਸ੍ਰੀਨਗਰ
ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਦਰਜਨ ਦੇ ਕਰੀਬ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਧਾਰਾ 370 ਹਟਾਏ ਜਾਣ ਤੇ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿਚ ਵੰਡਣ ਖ਼ਿਲਾਫ਼ ਸ੍ਰੀਨਗਰ ਦੇ ਲਾਲ ਚੌਕ ਵਿਚ ਮੁਜ਼ਾਹਰਾ ਕਰ ਰਹੀਆਂ ਸਨ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੁਕ ਅਬਦੁੱਲਾ ਦੀ ਭੈਣ ਖ਼ਾਲਿਦਾ ਸ਼ਾਹ ਅਤੇ ਧੀ ਸਾਰਾ ਅਬਦੁੱਲਾ ਵੀ ਇਨ੍ਹਾਂ ਔਰਤਾਂ ਨਾਲ ਮੁਜ਼ਾਹਰੇ ਵਿੱਚ ਸ਼ਾਮਿਲ ਸਨ।
ਔਰਤਾਂ ਵੱਲੋਂ ਹੋਏ ਇਸ ਮੁਜ਼ਾਹਰੇ ਦੌਰਾਨ ਬੁਨਿਆਦੀ ਹੱਕਾਂ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ:
ਦਿੱਲੀ ਨਾਲ ਸਬੰਧਿਤ ਕਾਰਕੁਨ ਸੁਸ਼ੋਬਾ ਭਰਵੇ ਅਤੇ ਹਵਾ ਬਸ਼ੀਰ (ਸਾਬਕਾ ਚੀਫ਼ ਜਸਟਿਸ ਬਸ਼ੀਰ ਖ਼ਾਨ ਦੀ ਪਤਨੀ) ਵੀ ਇਸ ਮੁਜ਼ਾਹਰੇ ਵਿੱਚ ਸ਼ਾਮਿਲ ਸੀ, ਜਿਨ੍ਹਾਂ ਨੂੰ ਹੋਰ ਔਰਤਾਂ ਨਾਲ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ।
ਸ੍ਰੀਨਗਰ ਦੇ ਲਾਲ ਚੌਕ ਨੇੜੇ ਪ੍ਰੈੱਸ ਕਾਲੋਨੀ ਵਿੱਚ ਇਹ ਮੁਜ਼ਾਹਰਾਕਾਰੀ ਇਕੱਠੇ ਹੋਏ ਸਨ ਅਤੇ ਇਸ ਤੋਂ ਬਾਅਦ ਹੀ ਮਹਿਲਾ ਪੁਲਿਸ ਅਧਿਕਾਰੀਆਂ ਦੀ ਸਰਗਰਮੀ ਵਧੀ ਗਈ।
ਪੁਲਿਸ ਵੈਨ ਵਿੱਚ 'ਡੱਕੇ' ਜਾਣ ਤੋਂ ਪਹਿਲਾਂ ਖ਼ਾਲਿਦਾ ਸ਼ਾਹ ਨੇ ਕਿਹਾ, ''ਵੇਖੋ ਇਹ ਔਰਤਾਂ ਨਾਲ ਕੀ ਕਰ ਰਹੇ ਹਨ ਤੇ ਇਹ ਕਹਿੰਦੇ ਹਨ ਕਿ ਇੱਥੇ ਹਾਲਾਤ ਠੀਕ ਹਨ। ਕੀ ਹਾਲਾਤ ਠੀਕ ਹਨ?''
ਇੱਕ ਕਾਰਕੁਨ ਕੁਰਾਤੁਲ ਏਨ ਨੇ ਆਪਣਾ ਗੁੱਸਾ ਪੁਲਿਸ ਦੀ ਕਾਰਵਾਈ 'ਤੇ ਕੱਢਦਿਆਂ ਕਿਹਾ, ''ਭਾਰਤ ਨੇ ਕਸ਼ਮੀਰੀਆਂ ਨੂੰ ਆਪਣੇ ਹਾਲਾਤ ਦੇ ਰਹਿਮੋ-ਕਰਮ 'ਤੇ ਛੱਡ ਦਿੱਤਾ ਹੈ। ਅਸੀਂ ਭੋਗ ਰਹੇ ਹਾਂ ਅਤੇ ਹਾਲਾਤ ਨੂੰ ਠੀਕ ਤੇ ਤਰੱਕੀ ਦੀ ਸ਼ੁਰੂਆਤ ਪ੍ਰਚਾਰਿਆ ਜਾ ਰਿਹਾ ਹੈ।''
ਇਹ ਵੀ ਪੜ੍ਹੋ:
ਮੁਜ਼ਾਹਰਾ ਕਰ ਰਹੀਆਂ ਕਾਰਕੁਨਾਂ ਵੱਲੋਂ ''ਕਸ਼ਮੀਰੀ ਲਾੜੀਆਂ ਵਿਕਾਊ ਨਹੀਂ'' ਅਤੇ ''ਦੇਸ ਨੂੰ ਝੂਠ ਬੋਲਣਾ ਬੰਦ ਕਰੋ'' ਦੇ ਬੈਨਰਾਂ ਨਾਲ ਪ੍ਰਦਰਸ਼ਨ ਕੀਤਾ ਗਿਆ।
ਫ਼ਾਰੁਕ ਅਬਦੁੱਲਾ, ਉਮਰ ਅਬਦੁੱਲਾ, ਸਜਾਦ ਲੋਨ, ਸ਼ਾਹ ਫ਼ੈਸਲ ਅਤੇ ਮਹਿਬੂਬਾ ਮੁਫ਼ਤੀ ਉਨ੍ਹਾਂ 200 ਤੋਂ ਵਧੇਰੇ ਸਿਆਸੀ ਆਗੂਆਂ ਅਤੇ ਕਾਰਕੁਨਾਂ ਵਿੱਚੋਂ ਹਨ, ਜਿਨ੍ਹਾਂ 5 ਅਗਸਤ ਤੋਂ ਹੀ ਜਾਂ ਤਾਂ ਹਿਰਾਸਤ ਵਿੱਚ ਲਿਆ ਗਿਆ ਹੈ ਜਾਂ ਫ਼ਿਰ ਘਰਾਂ 'ਚ ਨਜ਼ਰਬੰਦ ਕੀਤਾ ਗਿਆ ਹੈ।
ਦੱਸ ਦਈਏ ਕਿ 5 ਅਗਸਤ ਨੂੰ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਦਿਆਂ ਸੂਬੇ ਵਿੱਚੋਂ ਧਾਰਾ 370 ਏ ਅਤੇ 35-ਏ ਨੂੰ ਸਮਾਪਤ ਕਰ ਦਿੱਤਾ ਗਿਆ ਸੀ।
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ