You’re viewing a text-only version of this website that uses less data. View the main version of the website including all images and videos.
ਸਕੂਲ ਵਿੱਚ ਲੂਣ ਨਾਲ ਰੋਟੀ ਮਿਲਣ ਦੀ ਖ਼ਬਰ ਨਸ਼ਰ ਕਰਨ ਵਾਲੇ ਪੱਤਰਕਾਰ ਖ਼ਿਲਾਫ ਕੇਸ ਦਰਜ
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿੱਚ ਪੁਲਿਸ ਨੇ ਮਿਡ ਡੇ ਮੀਲ ਵਿੱਚ ਬੱਚਿਆਂ ਨੂੰ ਲੂਣ ਨਾਲ ਰੋਟੀ ਖਵਾਏ ਜਾਣ ਦੀ ਖ਼ਬਰ ਦੇਣ ਵਾਲੇ ਸਥਾਨਕ ਪੱਤਰਕਾਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪ੍ਰਸ਼ਾਸਨ ਦਾ ਇਲਜ਼ਾਮ ਹੈ ਕਿ ਪੱਤਰਕਾਰ ਪਵਨ ਜਾਇਸਵਾਲ ਨੇ ਸਾਜ਼ਿਸ਼ ਦੇ ਤਹਿਤ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੂੰ ਬਦਨਾਮ ਕੀਤਾ ਹੈ।
ਮਿਰਜ਼ਾਪੁਰ ਦੇ ਐਸਐਸਪੀ ਅਵਧੇਸ਼ ਕੁਮਾਰ ਪਾਂਡੇ ਨੇ ਕਿਹਾ, "ਜ਼ਿਲ੍ਹਾ ਅਧਿਕਾਰੀ ਵੱਲੋਂ ਜਾਂਚ ਕਰਵਾਏ ਜਾਣ ਤੋਂ ਬਾਅਦ ਪੱਤਰਕਾਰ ਪਵਨ ਜਾਇਸਵਾਲ ਸਣੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।"
ਉਨ੍ਹਾਂ ਨੇ ਕਿਹਾ, "ਪੁਲਿਸ ਅੱਗੇ ਜਾਂਚ ਕਰ ਰਹੀ ਹੈ। ਇਸ ਸਬੰਧ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।"
ਇੱਕ ਸਥਾਨਕ ਹਿੰਦੀ ਅਖ਼ਬਾਰ ਲਈ ਕੰਮ ਕਰਨ ਵਾਲੇ ਪੱਤਰਕਾਰ ਪਵਨ ਜਾਇਸਵਾਲ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਮੇਰਾ ਕੰਮ ਕਰਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਐਫਆਈਆਰ ਦਰਜ ਹੋਣ ਤੋਂ ਬਾਅਦ ਡਰ ਲਗ ਰਿਹਾ ਹੈ।"
ਇਹ ਵੀ ਪੜ੍ਹੋ-
- 'ਕਿਸਾਨਾਂ, ਵਪਾਰੀਆਂ ਦੀ ਹਾਲਤ ਖ਼ਰਾਬ ਤੇ ਨੌਕਰੀਆਂ 'ਤੇ ਸੰਕਟ'
- 'ਇੰਨੇ ਦਿਨ ਹੋਏ ਹਿੰਦੁਸਤਾਨੀ ਚੁੱਪ ਕਿਉਂ? ਕੀ ਉਨ੍ਹਾਂ ਨੂੰ ਫ਼ਰਕ ਨਹੀਂ ਪੈਂਦਾ'
- ਜਿਣਸੀ ਸੋਸ਼ਣ ਦੇ ਸ਼ਿਕਾਰ ਬੇਟੇ ਨੂੰ ਇਨਸਾਫ਼ ਦਿਵਾਉਣ ਲਈ ਮਾਂ ਨੇ ਲੜੀ ਲੜਾਈ
- ਪਿਤਾ ਦਾ ਕਤਲ ਕਰਨ ਵਾਲੀਆਂ ਭੈਣਾਂ ਦੇ ਹੱਕ ਅਤੇ ਵਿਰੋਧ 'ਚ ਰੌਲਾ
ਪਵਨ 'ਤੇ ਅਪਰਾਧਿਕ ਸਾਜ਼ਿਸ਼ ਅਤੇ ਧੋਖਾਧੜੀ ਦੇ ਇਲਜ਼ਾਮਾਂ ਤਹਿਤ ਐਫਆਈਆਰ ਕੀਤੀ ਗਈ ਹੈ। ਹਾਲਾਂਕਿ ਉਨ੍ਹਾਂ ਨੂੰ ਅਜੇ ਤੱਕ ਆਪਣੇ 'ਤੇ ਹੋਈ ਐਫਆਈਆਰ ਦੀ ਕਾਪੀ ਨਹੀਂ ਮਿਲੀ।
ਪਵਨ ਨੇ ਮਿਰਜ਼ਾਪੁਰ ਜ਼ਿਲ੍ਹੇ ਦੇ ਜ਼ਮਾਲਪੁਰ ਵਿਕਾਸਖੰਡ ਦੇ ਪ੍ਰਾਥਮਿਕ ਵਿਦਿਆਲਿਆ ਸ਼ਿਉਰ ਵਿੱਚ ਵਿਦਿਆਰਥੀਆਂ ਦੇ ਮਿਡ ਡੇ ਮੀਲ ਵਿੱਚ ਲੂਣ ਨਾਲ ਰੋਟੀ ਖਾਂਦਿਆਂ ਹੋਇਆ ਵੀਡੀਓ ਰਿਕਾਰਡ ਕੀਤਾ ਸੀ।
'ਸੰਦੇਸ਼ ਦੇਣ ਵਾਲੇ ਨੂੰ ਗੋਲੀ ਮਾਰਨ ਵਾਂਗ'
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਐਡੀਟਰਸ ਗਿਲਡ ਆਫ ਇੰਡੀਆ ਨੇ ਪੱਤਰਕਾਰ ਖ਼ਿਲਾਫ਼ ਕੇਸ ਦਰਜ ਕਰਨ ਵਾਲੇ ਮਾਮਲੇ ਨੂੰ "ਬੇਰਹਿਮ" ਅਤੇ "ਸੰਦੇਸ਼ ਦੇਣ ਵਾਲੇ ਨੂੰ ਗੋਲੀ ਮਾਰਨ ਵਾਂਗ" ਦੱਸਿਆ ਹੈ।
ਆਪਣੇ ਬਿਆਨ ਵਿੱਚ ਐਡੀਟਰਜ਼ ਗਿਲਡ ਨੇ ਪਵਨ ਜਾਇਸਵਾਲ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਨਿੰਦਾ ਕੀਤੀ ਹੈ।
ਗਿਲਡ ਨੇ ਕਿਹਾ, "ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕਤਾਂਤਰਿਕ ਸਮਾਜ ਵਿੱਚ ਪੱਤਰਕਾਰ ਕਿੰਨੇ ਆਜ਼ਾਦ ਤੇ ਨਿਡਰ ਹਨ।"
ਗਿਲਡ ਨੇ ਕਿਹਾ, "ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਜ਼ਮੀਨ ਤੇ ਜੋ ਗਲਤ ਹੋ ਰਿਹਾ ਹੈ ਉਸ ਨੂੰ ਠੀਕ ਕਰਨ ਦੀ ਥਾਂ ਸਰਕਾਰ ਨੇ ਪੱਤਰਕਾਰ ਖ਼ਿਲਾਫ ਕੇਸ ਦਰਜ ਕਰ ਦਿੱਤਾ ਹੈ।"
"ਜੇ ਸਰਕਾਰ ਨੂੰ ਲਗਦਾ ਹੈ ਕਿ ਪੱਤਰਕਾਰ ਦੀ ਰਿਪੋਰਟ ਗਲਤ ਹੈ, ਤਾਂ ਉਨ੍ਹਾਂ ਕੋਲ ਇਸ ਨਾਲ ਨਿਪਟਨ ਦੇ ਹੋਰ ਵੀ ਤਰੀਕੇ ਹਨ। ਕੇਸ ਦਰਜ ਕਰਨਾ ਸਹੀ ਨਹੀਂ ਸੀ।"
ਇਹ ਵੀ ਦੇਖੋ: