ਭਾਰਤ ਨਾਲ ਗੱਲਬਾਤ ਕਰਨ ਦਾ ਹੁਣ ਕੋਈ ਮਤਲਬ ਨਹੀਂ: ਇਮਰਾਨ ਖ਼ਾਨ, 5 ਖ਼ਬਰਾਂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਕਸ਼ਮੀਰ 'ਤੇ ਹੁਣ ਭਾਰਤ ਨਾਲ ਗੱਲਬਾਤ ਦਾ ਕੋਈ ਮਤਲਬ ਨਹੀ ਹੈ।

ਇਮਰਾਨ ਖ਼ਾਨ ਨੇ ਕਸ਼ਮੀਰ 'ਤੇ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੋਹਾਂ ਮੁਲਕਾਂ ਦੇ ਟਕਰਾਅ ਦਾ ਵੀ ਖ਼ਤਰਾ ਦੱਸਿਆ ਹੈ। ਨਿਊ ਯਾਰਕ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਦੇ ਪੀਐੱਮ ਨਰਿੰਦਰ ਮੋਦੀ ਨਾਲ ਗੱਲਬਾਤ ਲਈ ਕਈ ਵਾਰ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਹਰ ਵਾਰ ਇਨਕਾਰ ਕੀਤਾ।

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ, ''ਹੁਣ ਗੱਲਬਾਤ ਕਰਨ ਦਾ ਕੋਈ ਮਤਲਬ ਨਹੀਂ ਹੈ। ਮੈਂ ਗੱਲਬਾਤ ਦੀ ਕਾਫ਼ੀ ਕੋਸ਼ਿਸ਼ ਕੀਤੀ। ਪਰ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਲਗਦਾ ਹੈ ਕਿ ਉਨ੍ਹਾਂ ਨੇ ਇਸ ਨੂੰ ਸਿਰਫ਼ ਰੁੱਸਣ ਮਨਾਉਣ ਵਾਂਗ ਹੀ ਲਿਆ ਹੈ। ਮੈਂ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦਾ।

ਇਮਰਾਨ ਖ਼ਾਨ ਭਾਰਤ ਸ਼ਾਸਿਤ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ 'ਤੇ ਲਗਾਤਾਰ ਭਾਰਤ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੇ ਹਨ।

ਇਹ ਵੀ ਪੜ੍ਹੋ

ਚਿਦੰਬਰਮ ਮਾਮਲਾ: ਦਿੱਲੀ ਹਾਈਕੋਰਟ ਦੇ ਆਰਡਰ 'ਤੇ ਉੱਠੇ ਪੰਜ ਸਵਾਲ

ਆਈਐੱਨਐਕਸ ਮੀਡੀਆ ਮਾਮਲੇ ਵਿੱਚ ਸਾਬਕਾ ਖਜ਼ਾਨਾ ਅਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸੀਬੀਆਈ ਅਦਾਲਤ ਨੇ 26 ਅਗਸਤ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਪੀ. ਚਿਦੰਬਰਮ ਦੀ ਇਸ ਤਰ੍ਹਾਂ ਕੀਤੀ ਗਈ ਗ੍ਰਿਫ਼ਤਾਰੀ ਅਤੇ ਦਿੱਲੀ ਹਾਈਕੋਰਟ ਵੱਲੋਂ ਰੱਦ ਕੀਤੀ ਗਈ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।

ਪੀ. ਚਿੰਦਬਰਮ ਦੀ ਅੰਤਰਿਮ ਜ਼ਮਾਨਤ ਰੱਦ ਕਰਦਿਆਂ ਦਿੱਲੀ ਹਾਈ ਕੋਰਟ ਨੇ ਆਪਣੇ ਆਰਡਰ ਵਿੱਚ ਕਿਹਾ ਸੀ, ''ਸ਼ੁਰੂਆਤੀ ਕੇਸ ਵਿੱਚ ਜੋ ਤੱਥ ਸਾਹਮਣੇ ਆਏ ਹਨ ਉਸ ਤੋਂ ਲਗਦਾ ਹੈ ਕਿ ਪਟੀਸ਼ਨਰ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਹਨ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਕਾਨੂੰਨੀ ਰੁਕਾਵਟਾਂ ਪਾ ਕੇ ਘੱਟ ਪ੍ਰਭਾਵਸ਼ਾਲੀ ਨਹੀਂ ਬਣਾਇਆ ਜਾ ਸਕਦਾ।''

ਬੀਬੀਸੀ ਨੇ ਇਸ ਬਾਰੇ ਅਸੀਂ ਸੀਨੀਅਰ ਵਕੀਲਾਂ ਸੁਰਤ ਸਿੰਘ ਅਤੇ ਕੁਮਾਰ ਮਿਹੀਰ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ

ਐਮੇਜ਼ਨ ਦੀ ਅੱਗ ਨੇ ਵਧਾਈ ਚਿੰਤਾ

ਬ੍ਰਾਜ਼ੀਲ ਦੇ ਐਮੇਜ਼ਨ ਜੰਗਲਾਂ 'ਚ ਭਿਆਨਕ ਅੱਗ ਦੀ ਚਰਚਾ ਸਾਰੀ ਦੁਨੀਆਂ ਵਿੱਚ ਹੈ। ਪੁਲਾੜ ਏਜੰਸੀ ਅਨੁਸਾਰ ਜੰਗਲ 'ਚ ਅੱਗ ਲੱਗਣ ਦੇ ਹਾਦਸੇ ਪਹਿਲਾਂ ਨਾਲੋਂ 84% ਵੱਧ ਚੁੱਕੇ ਹਨ।

ਧੂੰਆਂ ਇੰਨਾ ਜਿਆਦਾ ਸੀ ਕਿ 2700 ਕਿਲੋਮੀਟਰ ਦੂਰ ਸਥਿਤ ਸਾਓ ਪਾਉਲੋ ਨਾਂ ਦੇ ਸ਼ਹਿਰ 'ਚ ਹਨੇਰਾ ਛਾ ਗਿਆ।

ਦੁਨੀਆਂ ਦੇ ਆਗੂਆਂ ਨੇ ਵੀ ਇਸ ਅੱਗ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਟਵੀਟ ਕਰਕੇ ਕਿਹਾ ਹੈ ਕਿ ਇਸ ਮੁੱਦੇ ਨੂੰ ਜੀ-7 ਦੀ ਬੈਠਕ ਵਿੱਚ ਮਹੱਤਾ ਦਿੱਤੀ ਜਾਵੇਗੀ। ਦੂਜੇ ਪਾਸੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ 'ਤੇ ਇਲਜ਼ਾਨ ਲਾਇਆ ਹੈ ਕਿ ਸਿਆਸੀ ਲਾਹਾ ਲੈਣ ਲਈ ਮੈਕਰੋਂ ਬ੍ਰਾਜ਼ੀਲ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇ ਰਹੇ ਹਨ।

ਅਮੈਜ਼ਨ ਜੰਗਲਾਂ ਵਿੱਚ ਲੱਗੀ ਅੱਗ ਬ੍ਰਾਜ਼ੀਲ ਦੇ ਗੁਆਂਢੀਂ ਮੁਲਕ ਬੋਲੀਵੀਆ ਵਿੱਚ ਵੀ ਤਬਾਹੀ ਮਚਾ ਰਹੀ ਹੈ।

ਰਵਿਦਾਸ ਮੰਦਿਰ 'ਤੇ ਰੇੜਕਾ ਜਾਰੀ

ਦਿੱਲੀ 'ਚ ਰਵਿਦਾਸ ਮੰਦਿਰ ਢਾਹੇ ਜਾਣ ਦੇ ਵਿਰੋਧ 'ਚ ਵੱਡਾ ਮੁਜ਼ਾਹਰਾ ਹੋਇਆ ਸੀ। ਦਲਿਤ ਲੀਡਰ ਚੰਦਰਸ਼ੇਖਰ ਆਜ਼ਾਦ ਵੀ ਇਸ ਪ੍ਰਦਰਸ਼ਨ 'ਚ ਸ਼ਾਮਲ ਸਨ।

ਚੰਦਰਸ਼ੇਖਰ ਲਗਾਤਾਰ ਮੰਗ ਕਰ ਰਹੇ ਹਨ ਕਿ ਮੰਦਰ ਉਸੇ ਥਾਂ ਕੇ ਮੁੜ ਬਣਾਇਆ ਜਾਣਾ ਚਾਹੀਦਾ ਹੈ।

ਚੰਦਰਸ਼ੇਖਰ ਉਰਫ਼ ਰਾਵਣ ਨੇ ਕਿਹਾ, ''ਆਸਥਾ ਤੋਂ ਵੱਡਾ ਕੁਝ ਨਹੀਂ, ਇਹ ਸਾਨੂੰ ਭਾਜਪਾ ਅਤੇ ਸੰਘ ਨੇ ਸਿਖਾਇਆ। ਸਮਾਜ ਦੀ ਮੰਗ ਹੈ ਕਿ ਮੰਦਿਰ ਉੱਥੇ ਹੀ ਬਣਾਇਆ ਜਾਵੇ।''

ਦੂਜੇ ਪਾਸੇ ਦਿੱਲੀ ਸਰਕਾਰ ਨੇ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਕਾਨੂੰਨ ਲੈ ਕੇ ਆਵੇ ਤਾਂ ਜੋ ਮੰਦਿਰ ਦੀ ਉਸਾਰੀ ਉਸੇ ਥਾਂ ਕੀਤੀ ਜਾ ਸਕੇ।

ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿੱਚ ਜੰਗਲਾਤ ਮਹਿਕਮੇ ਉੱਤੇ ਬਣੇ ਰਵਿਦਾਸ ਮੰਦਿਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਢਾਹ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ-

ਬਾਰਿਸ਼ ਨੇ ਮੈਚ ਦੀ ਰਫ਼ਤਾਰ ਰੋਕੀ

ਭਾਰਤ ਅਤੇ ਵੈਸਟ ਇੰਡੀਜ਼ ਦੇ ਵਿਚਾਲੇ ਚੱਲ ਰਹੇ ਕ੍ਰਿਕਟ ਟੈਸਟ ਮੈਚ ਵਿੱਚ ਪਹਿਲੇ ਦਿਨ ਦਾ ਖੇਡ ਬਾਰਿਸ਼ ਕਰਕੇ ਦੇਰੀ ਨਾਲ ਸ਼ੁਰੂ ਹੋਇਆ।

ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਪਹਿਲੇ ਦਿਨ ਸਿਰਫ਼ 68.5 ਓਵਰਾਂ ਦਾ ਮੈਚ ਹੀ ਖੇਡਿਆ ਜਾ ਸਕਿਆ।

ਟੀਮ ਇੰਡੀਆ ਨੇ ਪਹਿਲੇ ਦਿਨ 6 ਵਿਕਟਾਂ ਦੇ ਨੁਕਸਾਨ 'ਤੇ 203 ਦੌੜਾਂ ਬਣਾ ਲਈਆਂ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)