ਪਾਕ ਨੇ ਕਿਹਾ, ਭਾਰਤ ਨੇ ਕਲਸਟਰ ਬੰਬ ਵਰਤੇ, ਕੀਤੀ ਨਿਯਮਾਂ ਦੀ ਉਲੰਘਣਾ, ਭਾਰਤ ਦਾ ਇਨਕਾਰ

ਪਾਕਿਸਤਾਨ ਨੇ ਭਾਰਤ ’ਤੇ ਐੱਲਓਸੀ ਨੇੜੇ ਗੋਲੀਬਾਰੀ ਕਰਨ ਦਾ ਇਲਜ਼ਾਮ ਲਾਇਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਤੇ 11 ਲੋਕ ਜ਼ਖ਼ਮੀ ਹਨ।

ਪਾਕਿਸਤਾਨ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫ਼ੂਰ ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਬਾਰੇ ਟਵੀਟ ਕੀਤੇ ਹਨ।

ਭਾਰਤੀ ਫੌਜ ਨੇ ਪਾਕਿਸਤਾਨ ਦੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਹੈ।

ਉੱਧਰ ਕਸ਼ਮੀਰ ਵਿੱਚ ਵੀ ਤਣਾਅ ਵਾਲਾ ਮਾਹੌਲ ਬਰਕਰਾਰ ਹੈ। ਤਕਰੀਬਨ 32 ਫਲਾਈਟਾਂ ਜ਼ਰੀਏ 5829 ਸੈਲਾਨੀਆਂ ਨੇ ਜੰਮੂ-ਕਸ਼ਮੀਰ ਨੇ ਛੱਡ ਦਿੱਤਾ ਹੈ। ਬਾਕੀ ਲੋਕਾਂ ਨੂੰ ਵੀ ਜਲਦੀ ਪਹੁੰਚਾਇਆ ਜਾ ਰਿਹਾ ਹੈ।

ਭਾਰਤ ਸਰਕਾਰ ਨੇ ਸੂਬੇ ਵਿੱਚ ਮੌਜੂਦ ਸੈਲਾਨੀਆਂ ਅਤੇ ਅਮਰਨਾਥ ਯਾਤਰੀਆਂ ਨੂੰ ਕਸ਼ਮੀਰ ਛੱਡਣ ਲਈ ਕਹਿ ਦਿੱਤਾ ਹੈ।

ਸਰਕਾਰ ਦੇ ਹੁਕਮਾਂ ਤੋਂ ਬਾਅਦ ਅਮਰਨਾਥ ਯਾਤਰੀ ਤੇ ਸੈਲਾਨੀਆਂ ਨੇ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਬੱਸ ਅੱਡਿਆਂ ਤੇ ਹਵਾਈ ਅੱਡੇ 'ਤੇ ਭੀੜ ਦਿਖਾਈ ਦੇਣ ਲੱਗੀ ਹੈ।

ਇਹ ਵੀ ਪੜ੍ਹੋ:

ਪਾਕਿਸਤਾਨ ਵੱਲੋਂ ਭਾਰਤ ’ਤੇ ਕਲਸਟਰ ਬੰਬ ਇਸਤੇਮਾਲ ਕਰਨ ਦਾ ਇਲਜ਼ਾਮ

ਪਾਕਿਸਤਾਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਫੌਜ ਵੱਲੋਂ ਕਲਸਟਰ ਬੰਬਾਂ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਇੰਟਰਨੈਸ਼ਨਲ ਕਨਵੈਂਸ਼ਨ ਦੀ ਉਲੰਘਣਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਟਵੀਟ ਕਰਕੇ ਕਿਹਾ, “ਭਾਰਤੀ ਫੌਜੀਆਂ ਨੇ ਕਲਸਟਰ ਬੰਬਾਂ ਦਾ ਇਸਤੇਮਾਲ ਕੀਤਾ ਹੈ। ਇਹ ਜਿਨੇਵਾ ਸਮਝੌਤੇ ਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ।”

ਉਨ੍ਹਾਂ ਨੇ ਲਿਖਿਆ, “ਐੱਲਓਸੀ ’ਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਭਾਰਤੀ ਫੌਜ ਵੱਲੋਂ ਕੀਤੇ ਗਏ ਕਲਸਟਰ ਬੰਬਾਂ ਦੇ ਇਸਤੇਮਾਲ ਦੀ ਮੈਂ ਨਿੰਦਾ ਕਰਦਾ ਹਾਂ। ਇਹ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ।”

ਇਸ ਤੋਂ ਬਾਅਦ ਕੁਰੈਸ਼ੀ ਨੇ ਅਗਲਾ ਟਵੀਟ ਕੀਤਾ ਅਤੇ ਉਸ ਵਿੱਚ ਭਾਰਤ ਨੂੰ ਖੇਤਰੀ ਸ਼ਾਂਤੀ ਵਿਗਾੜਨ ਵਾਲਾ ਦੱਸਿਆ। ਉਨ੍ਹਾਂ ਨੇ ਲਿਖਿਆ ਕਿ ਜੰਗ ਦੀ ਭਾਵਨਾ ਫੈਲਾਉਣ ਵਾਲਾ ਭਾਰਤ ਨਾ ਕੇਵਲ ਖੇਤਰੀ ਸ਼ਾਂਤੀ ਨੂੰ ਅਸਥਿਰ ਕਰ ਰਿਹਾ ਹੈ ਬਲਕਿ ਐੱਲਓਸੀ ’ਤੇ ਮਨੁੱਖੀ ਹੱਕਾਂ ਦੀ ਉਲੰਘਣਾ ਕਰ ਰਿਹਾ ਹੈ।

ਵਿਦੇਸ਼ ਮੰਤਰੀ ਕੁਰੈਸ਼ੀ ਨੇ ਇਸ ਟਵੀਟ ਵਿੱਚ ਦੁਨੀਆਂ ਦੇ ਦੇਸਾਂ ਤੋਂ ਮੰਗ ਕੀਤੀ ਹੈ ਕਿ ਉਹ ਐੱਲਓਸੀ ਅਤੇ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਹਾਲਾਤ ਦਾ ਨੋਟਿਸ ਲੈਣ।

ਪਾਕਿਸਤਾਨੀ ਫੌਜ ਦੇ ਬੁਲਾਰੇ ਆਸਿਫ ਗਫੂਰ ਵੱਲੋਂ ਵੀ ਟਵਿੱਟਰ ’ਤੇ ਬਿਆਨ ਦਿੱਤਾ ਗਿਆ ਹੈ।

ਉੱਧਰੋਂ ਭਾਰਤ ਵੱਲੋਂ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਗਿਆ ਹੈ। ਖ਼ਬਰ ਏਜੰਸੀ ਏਐੱਨਆਈ ਅਨੁਸਾਰ ਭਾਰਤੀ ਫੌਜ ਦਾ ਕਹਿਣਾ ਹੈ ਕਿ ਅਜਿਹੇ ਹਮਲੇ ਕੇਵਲ ਫੌਜੀ ਟਿਕਾਣਿਆਂ ਤੇ ਘੁਸਪੈਠੀਆਂ ਖਿਲਾਫ ਹੀ ਕੀਤੇ ਜਾਂਦੇ ਹਨ ਇਸ ਲਈ ਕਲਸਟਰ ਬੰਬਾਂ ਦਾ ਇਸਤੇਮਾਲ ਕਰਨ ਦੀ ਗੱਲ ਪੂਰੇ ਤਰੀਕੇ ਨਾਲ ਗਲਤ ਹੈ।

ਭਾਰਤੀ ਫੌਜ ਨੇ ਬਿਆਨ ਵਿੱਚ ਅੱਗੇ ਕਿਹਾ ਹੈ ਕਿ ਭਾਰਤੀ ਫੌਜ ਹਮੇਸ਼ਾ ਪ੍ਰਤਿਕਿਰਿਆ ਦਾ ਜਵਾਬ ਦਿੰਦੀ ਹੈ ਅਤੇ ਇਸ ਤਰੀਕੇ ਦੀ ਪ੍ਰਤੀਕਿਰਿਆ ਕੇਵਲ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਅਤੇ ਉਨ੍ਹਾਂ ਵੱਲੋਂ ਮਦਦ ਹਾਸਿਲ ਕਰ ਰਹੇ ਅੱਤਵਾਦੀਆਂ ਖਿਲਾਫ ਕੀਤੀ ਗਈ ਹੈ।

‘ਰਾਜਪਾਲ ਪੁਰਾਣਾ ਬਿਆਨ ਦੁਹਰਾ ਰਹੇ ਹਨ’

ਸ਼ਨੀਵਾਰ ਨੂੰ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਨੇ ਪ੍ਰੈੱਸ ਕਾਨਰਫੰਸ ਕੀਤੀ। ਉਨ੍ਹਾਂ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਘਾਟੀ ਵਿੱਚ ਇੰਨੇ ਵੱਡੇ ਪੱਧਰ ’ਤੇ ਫੌਜ ਦੀ ਤਾਇਨਾਤੀ ਕਿਉਂ ਹੋ ਰਹੀ ਹੈ।

ਇਸ ਮੁਲਾਕਾਤ ਤੋਂ ਬਾਅਦ ਉਮਰ ਅਬਦੁੱਲਾ ਨੇ ਮੀਡੀਆ ਨੂੰ ਦੱਸਿਆ ਕਿ ਰਾਜਪਾਲ ਬੀਤੇ ਦਿਨ ਦਿੱਤੇ ਬਿਆਨ ਨੂੰ ਹੀ ਦੁਹਰਾ ਰਹੇ ਹਨ।

ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੇਲੇ ਕਦੇ ਵੀ ਅਮਰਨਾਥ ਯਾਤਰਾ ਰੱਦ ਨਹੀਂ ਹੋਈ ਸੀ ਪਰ ਇਸ ਵਾਰ ਯਾਤਰਾ ਨੂੰ ਰੱਦ ਕਿਉਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਐਡਵਾਇਜ਼ਰੀ ਜਾਰੀ ਕਰਨ ਨਾਲ ਡਰ ਦਾ ਮਾਹੌਲ ਬਣ ਗਿਆ ਹੈ।

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਰਿਹਾਇਸ਼ 'ਤੇ ਸ਼ੁੱਕਰਵਾਰ ਰਾਤ ਐਮਰਜੈਂਸੀ ਬੈਠਕ ਹੋਈ ਸੀ।

ਇਸ ਬੈਠਕ ਵਿੱਚ ਘਾਟੀ ਦੇ ਹਾਲਾਤ ਬਾਰੇ ਚਰਚਾ ਕੀਤੀ ਗਈ ਸੀ। ਮਹਿਬੂਬਾ ਮੁਫ਼ਤੀ ਤੋਂ ਇਲਾਵਾ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਪੀਪਲਜ਼ ਕਾਨਫ਼ਰੰਸ ਦੇ ਸਜਾਦ ਲੋਨ ਅਤੇ ਪੀਪਲਜ਼ ਮੂਵਮੈਂਟ ਦੇ ਸ਼ਾਹ ਫੈਜ਼ਲ ਵੀ ਸ਼ਾਮਿਲ ਹੋਏ ਸਨ।

ਸੂਬੇ ਦੇ ਬਦਲਦੇ ਹਾਲਾਤ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੁਰਦਾਸਪੁਰ ਜ਼ਿਲ੍ਹਾ ਪ੍ਰਸਾਸ਼ਨ ਨੂੰ ਸੁਚੇਤ ਰਹਿਣ ਤੇ ਡੀਜੀਪੀ ਨੂੰ ਪੁਲਿਸ ਦਸਤਿਆਂ ਨੂੰ ਹਾਈ ਅਲਰਟ 'ਤੇ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਹ ਜਾਣਕਾਰੀ ਉਨ੍ਹਾਂ ਨੇ ਇੱਕ ਟਵੀਟ ਰਾਹੀਂ ਸਾਂਝੀ ਕੀਤੀ।

"ਹੱਥ ਜੋੜ ਕੇ ਅਪੀਲ ਕਰਦੀ ਹਾਂ"

ਬੈਠਕ ਤੋਂ ਬਾਅਦ ਮਹਿਬੂਬਾ ਮੁਫ਼ਤੀ ਨੇ ਦੱਸਿਆ, ਕਸ਼ਮੀਰ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਗਏ ਹਨ ਉਸ ਨਾਲ ਉੱਥੇ ਰਹਿਣ ਵਾਲੇ ਲੋਕ ਡਰੇ ਹੋਏ ਹਨ। ਜਿਸ ਤਰ੍ਹਾਂ ਦਾ ਸਹਿਮ ਅੱਜ ਮੈਂ ਦੇਖ ਪਾ ਰਹੀ ਹਾਂ ਉਹ ਮੈਂ ਪਹਿਲਾਂ ਕਦੇ ਨਹੀਂ ਦੇਖਿਆ।"

ਮੁਫ਼ਤੀ ਸਰਕਾਰ ਨੇ ਸਵਾਲ ਚੁੱਕਿਆ ਕਿ ਜੇ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਘਾਟੀ ਵਿੱਚ ਹਾਲਾਤ ਸੁਧਰੇ ਹਨ ਤਾਂ ਸੁਰੱਖਿਆ ਦਸਤਿਆਂ ਦੀ ਨਫ਼ਰੀ ਵਧਾਈ ਕਿਉਂ ਜਾ ਰਹੀ ਹੈ।

ਉਨ੍ਹਾਂ ਕਿਹਾ, ''ਇਸ ਤਰ੍ਹਾਂ ਦੀਆਂ ਅਫ਼ਵਾਹਾਂ ਹਨ ਕਿ ਸਰਕਾਰ ਆਰਟੀਕਲ 35-ਏ ਅਤੇ ਵਿਸ਼ੇਸ਼ ਸੂਬੇ ਦੇ ਦਰਜੇ ਵਿੱਚ ਬਦਲਾਅ ਕਰਨ ਜਾ ਰਹੀ। ਇਸਲਾਮ ਵਿੱਚ ਹੱਥ ਜੋੜਨ ਦੀ ਇਜਾਜ਼ਤ ਨਹੀਂ ਹੈ ਪਰ ਫਿਰ ਵੀ ਮੈਂ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਅਜਿਹਾ ਨਾ ਕਰਨ।"

ਰਾਜਪਾਲ ਨਾਲ ਮੁਲਾਕਾਤ

ਜੰਮੂ-ਕਸ਼ਮੀਰ ਦੀਆਂ ਸਾਰੇ ਖੇਤਰੀ ਆਗੂਆਂ ਨੇ ਜੰਮੂ-ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਘਾਟੀ ਵਿੱਚ ਫੈਲੀ ਅਸਥਿਰਤਾ ਅਤੇ ਅਫ਼ਵਾਹਾਂ ਨੂੰ ਰੋਕਣ ਦੀ ਅਪੀਲ ਕੀਤੀ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਇਸ ਬਾਰੇ ਕਿਹਾ ਹੈ ਕਿ ਹਾਲਾਤ ਕਾਬੂ ਹੇਠ ਹਨ।

ਸੱਤਪਾਲ ਮਲਿਕ ਨੇ ਕਿਹਾ, "ਸੁਰੱਖਿਆ ਸੰਬੰਧੀ ਇਤਲਾਹ ਅਤੇ ਦੂਸਰੇ ਮੁੱਦਿਆਂ ਦਾ ਆਪਸ ਵਿੱਚ ਕੁਨੈਕਸ਼ਨ ਜੋੜ ਦਿੱਤਾ ਗਿਆ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਨੇ ਜਨਮ ਲੈ ਲਿਆ ਹੈ। ਮੈਂ ਸਾਰੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਹਮਾਇਤੀਆਂ ਨੂੰ ਇਨ੍ਹਾਂ ਦੋ ਵੱਖੋ-ਵੱਖ ਮੁੱਦਿਆਂ ਦਾ ਰਲੇਵਾਂ ਨਾ ਕਰਨ ਦੇਣ। ਇਸ ਦੇ ਨਾਲ ਹੀ ਅਫ਼ਵਾਹਾਂ 'ਤੇ ਧਿਆਨ ਨਾ ਦੇਣ"

ਘਾਟੀ ਛੱਡਣ ਦੇ ਹੁਕਮ

ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਸਰਕਾਰ ਵੱਲੋਂ ਇੱਕ ਸੁਰੱਖਿਆ ਸਲਾਹ (ਅਡਵਾਇਜ਼ਰੀ) ਜਾਰੀ ਕੀਤੀ ਗਈ ਸੀ।

ਇਸ ਸਰਕਾਰ ਨੇ ਘਾਟੀ ਵਿੱਚ ਕੱਟੜਪੰਥੀ ਹਮਲਾ ਹੋਣ ਦਾ ਸ਼ੱਕ ਜਤਾਇਆ ਅਤੇ ਅਮਰਨਾਥ ਯਾਤਰੀਆਂ ਤੇ ਸੈਲਾਨੀਆਂ ਨੂੰ ਵਾਪਸ ਪਰਤਣ ਦੀ ਸਲਾਹ ਦਿੱਤੀ।

ਸਰਤਾਰ ਨੇ ਯਾਤਰੀਆਂ ਤੇ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਯਾਤਰੀ ਸੰਖੇਪ ਕਰ ਕੇ ਜਲਦੀ ਤੋਂ ਜਲਦੀ ਘਾਟੀ ਛੱਡਣ ਦੀ ਕੋਸ਼ਿਸ਼ ਕਰਨ।

ਸਰਕਾਰ ਵੱਲੋੰ ਜਾਰੀ ਇਸ ਸਲਾਹ ਤੋੰ ਬਾਅਦ ਕਈ ਕਿਸਮ ਦੀਆਂ ਅਫ਼ਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ।

ਸਹਿਮ ਦਾ ਮਾਹੌਲ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲ੍ਹਾ ਨੇ ਟਵੀਟ ਕਰ ਕੇ ਸਵਾਲ ਚੁੱਕਿਆ ਕਿ ਪੂਰੇ ਸੂਬੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ, ਗੁਲਮਰਗ ਵਿੱਚ ਠਹਿਰੇ ਦੋਸਤਾਂ ਨੂੰ ਉੱਥੋੰ ਹਟਾਇਆ ਜਾ ਰਿਹਾ ਹੈ। ਲੋਕਾਂ ਨੂੰ ਪਹਿਲਗਾਮ ਤੇ ਗੁਲਮਰਗ ਤੋਂ ਕੱਢਣ ਲਈ ਸੂਬੇ ਦੀਆਂ ਬੱਸਾਂ ਲਾਈਆਂ ਜਾ ਰਹੀਆਂ ਹਨ। ਜੇ ਯਾਤਰਾ ਬਾਰੇ ਖ਼ਤਰਾ ਹੈ ਤਾਂ ਗੁਲਮਰਗ ਖਾਲੀ ਕਿਉਂ ਕਰਾਇਆ ਜਾ ਰਿਹਾ ਹੈ?"

ਸ਼੍ਰੀਨਗਰ ਦੇ ਮੇਅਰ ਜੁਨੈਦ ਅਜ਼ੀਮ ਭੱਟ ਨੇ ਵੀ ਟਵੀਟ ਕੀਤਾ, "ਅੱਜ ਜਾਰੀ ਕੀਤੀ ਗਈ ਸੁਰੱਖਿਆ ਸੰਬੰਧੀ ਸੂਚਨਾ ਤੋਂ ਬਾਅਦ ਘਾਟੀ ਵਿੱਚ ਇਸ ਸਾਲ ਦਾ ਸੈਰ-ਸਪਾਟਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਮੈਨੂੰ ਨਹੀਂ ਪਤਾ ਕੀ ਚੱਲ ਰਿਹਾ ਹੈ। ਹਾਂ ਐਨਾ ਪਤਾ ਹੈ ਕਿ ਇੱਥੋਂ ਦੀ ਜਨਤਾ ਦਾ ਕੋਈ ਮਹੱਤਵ ਨਹੀਂ ਸਮਝਿਆ ਜਾ ਰਿਹਾ।"

ਭਾਰਤ ਪ੍ਰਸਾਸ਼ਿਤ ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਬਸ਼ੀਰ ਅਹਿਮਦ ਖ਼ਾਨ ਨੇ ਕਿਹਾ ਹੈ ਕਿ ਕਿਤੇ ਵੀ ਕਰਫਿਊ ਨਹੀਂ ਲਾਇਆ ਗਿਆ ਹੈ।

ਉਨ੍ਹਾਂ ਕਿਹਾ, "ਕਿਤੇ ਵੀ ਕਰਫਿਊ ਲਾਉਣ ਦੇ ਹੁਕਮ ਨਹੀਂ ਦਿੱਤੇ ਗਏ ਹਨ। ਕੱਲ ਸਕੂਲ ਬੰਦ ਨਹੀਂ ਰਹਿਣਗੇ। ਇਲਾਕੇ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਗ੍ਰਹਿ ਮੰਤਰਾਲਾ ਨੇ ਅਹਿਤਿਆਤ ਵਜੋਂ ਸੁਰੱਖਿਆ ਸੰਬੰਧੀ ਸੂਚਨਾ ਜਾਰੀ ਕੀਤੀ ਸੀ ਕਿਉਂਕਿ ਖ਼ੂਫੀਆ ਵਿਭਾਗ ਤੋੰ ਕੁਝ ਜਾਣਕਾਰੀਆਂ ਮਿਲੀਆਂ ਸਨ।"

ਦੂਸਰੇ ਪਾਸੇ ਏਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ ਤਾਜ਼ਾ ਹਾਲਾਤ ਦੇ ਮੱਦੇ ਨਜ਼ਰ ਉਹ 15 ਅਗਸਤ ਤੱਕ ਸ਼੍ਰੀ ਨਗਰ ਤੋਂ ਆਉਣ- ਜਾਣ ਵਾਲੇ ਸੈਲਾਨੀਆਂ ਦੀਆਂ ਟਿਕਟਾਂ ਦੀ ਰੀਸ਼ਡਿਊਲਿੰਗ ਜਾਂ ਰੱਦ ਕਰਨ ਦੀ ਪੂਰੀ ਫ਼ੀਸ ਮਾਫ਼ ਕਰੇਗੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)