Election Result 2019: ਚੋਣ ਨਤੀਜਿਆਂ ਦੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਲਈ ਕੀ ਮਾਅਨੇ ਹੋਣਗੇ

ਦੇਸ ਵਿੱਚ 7 ਗੇੜਾਂ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਅੱਜ ਨਤੀਜੇ ਆਉਣਗੇ। ਸਵੇਰੇ 7 ਵਜੇ ਤੋਂ ਪਹਿਲਾ ਰੁਝਾਨ ਆਉਣਾ ਸ਼ੁਰੂ ਹੋ ਜਾਵੇਗਾ।

ਦੇਸ ਦੀਆਂ ਕੁੱਲ 543 ਲੋਕ ਸਭਾ ਸੀਟਾਂ ਹਨ ਜਿਨ੍ਹਾਂ 'ਤੇ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਅੱਜ ਦੇ ਨਤੀਜੇ ਤੈਅ ਕਰਨਗੇ ਕਿ ਭਾਜਪਾ ਮੁੜ ਸੱਤਾ ਵਿੱਚ ਆਵੇਗੀ ਜਾਂ ਫਿਰ ਕਾਂਗਰਸ ਮਾਰੇਗੀ ਬਾਜ਼ੀ ਜਾਂ ਮਹਾਂਗਠਜੋੜ ਦਾ ਪਲੜਾ ਹੋ ਜਾਵੇਗਾ ਭਾਰੀ।

ਹਾਲਾਂਕਿ ਨਰਿੰਦਰ ਮੋਦੀ ਭਾਜਪਾ ਨੂੰ ਦੂਜੀ ਵਾਰ ਜਿੱਤ ਦਾ ਸਿਹਰਾ ਦੁਆਉਣ ਲਈ ਕਾਫ਼ੀ ਆਤਮ-ਵਿਸ਼ਵਾਸੀ ਹਨ।

ਲੋਕ ਸਭਾ ਚੋਣਾਂ ਲਈ ਮੋਦੀ ਨੇ ਆਪਣਾ ਪ੍ਰਚਾਰ ਮੇਰਠ ਤੋਂ ਸ਼ੁਰੂ ਕੀਤਾ ਸੀ ਜਿੱਥੇ ਉਨ੍ਹਾਂ ਨੇ ਕਿਹਾ, "ਭਾਰਤ ਦੇ 130 ਕਰੋੜ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ ਕਿ ਭਾਰਤ ਵਿੱਚ ਇੱਕ ਵਾਰ ਮੁੜ ਮੋਦੀ ਸਰਕਾਰ ਬਣੇਗੀ।"

ਪਰ ਭਾਜਪਾ ਨੂੰ ਕਈ ਸੂਬਿਆਂ ਵਿੱਚ ਖੇਤਰੀ ਪਾਰਟੀਆਂ ਤੋਂ ਖਤਰਾ ਹੋ ਸਕਦਾ ਹੈ ਜਿਹੜੇ ਸੂਬਿਆਂ ਵਿੱਚ ਬੇਹੱਦ ਤਾਕਤਵਰ ਬਣ ਕੇ ਉਭਰੇ ਹਨ।

ਕੋਲੰਬੀਆ ਯੂਨੀਵਰਸਿਟੀ ਵਿੱਚ ਅਰਥਸ਼ਾਸਤਰ ਦੇ ਪ੍ਰੋਫੈਸਰ ਅਰਵਿੰਦ ਪਨਗੜੀਆ ਮੋਦੀ ਸਰਕਾਰ ਦੇ ਥਿੰਕਟੈਂਕ ਨੀਤੀ ਆਯੋਗ ਦੇ ਉਪ-ਪ੍ਰਧਾਨ ਵੀ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਲੋਚਕ ਭਾਵੇਂ ਕੁਝ ਵੀ ਕਹਿਣ ਮੋਦੀ ਸਰਕਾਰ ਨੂੰ ਦੂਜਾ ਮੌਕਾ ਜ਼ਰੂਰ ਮਿਲੇਗਾ।

ਇਹ ਵੀ ਪੜ੍ਹੋ:

ਜਦਕਿ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ 2014 ਵਿੱਚ ਸਭ ਤੋਂ ਮਾੜੀ ਸਥਿਤੀ ਵਿੱਚ ਪਹੁੰਚਣ ਤੋਂ ਬਾਅਦ ਇੱਕ ਵਾਰ ਮੁੜ ਨਵੇਂ ਸਿਰੇ ਤੋਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹੋਂਦ 'ਚ ਆਉਣ ਲਈ ਸੰਘਰਸ਼ ਕਰ ਰਹੀ ਹੈ।

ਪੰਜਾਬ ਦਾ ਸਿਆਸੀ ਭਵਿੱਖ

ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਹਨ ਜਿਨ੍ਹਾਂ 'ਤੇ ਖੜ੍ਹੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਣ ਵਾਲਾ ਹੈ।

ਪੰਜਾਬ ਦੇ ਵਿੱਚ ਲੋਕ ਸਭਾ ਚੋਣ ਨਤੀਜਿਆਂ ਦੇ ਅਕਾਲੀ-ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਲਈ ਕੀ ਮਾਅਨੇ ਹੋਣਗੇ ਇਸ ਬਾਰੇ ਅਸੀਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ।

ਜਗਤਾਰ ਸਿੰਘ ਕਹਿੰਦੇ ਹਨ ਜੇਕਰ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਨੂੰ ਪੰਜਾਬ ਵਿੱਚ 4 ਤੋਂ 5 ਸੀਟਾਂ ਵੀ ਮਿਲਦੀਆਂ ਤਾਂ ਵੀ ਉਨ੍ਹਾਂ ਦੀ ਹੋਂਦ ਬਰਕਰਾਰ ਰਹੇਗੀ, ਪਰ ਵੱਕਾਰ ਦੀ ਸੀਟ ਉਨ੍ਹਾਂ ਲਈ ਬਠਿੰਡਾ ਲੋਕ ਸਭਾ ਹਲਕਾ ਹੈ ਜਿਸ 'ਤੇ ਉਨ੍ਹਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ।

ਅਕਾਲੀ ਦਲ ਲਈ ਬਠਿੰਡਾ ਸੀਟ ਬੇਹੱਦ ਹੀ ਅਹਿਮ ਹੈ ਜੇਕਰ ਉਹ ਇਹ ਸੀਟ ਉਹ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦਾ ਸਿਆਸੀ ਭਵਿੱਖ ਬਚਿਆ ਰਹੇਗਾ।

ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਲਈ ਅਹਿਮ ਸੀਟ ਪਟਿਆਲਾ ਹੈ ਜਿੱਥੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਚੋਣ ਮੈਦਾਨ ਵਿੱਚ ਹੈ, ਜੇਕਰ ਕਾਂਗਰਸ ਇਹ ਸੀਟ ਜਿੱਤਦੀ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਜਿੱਤ ਹੋਵੇਗੀ ਪਰ ਜੇਕਰ ਉਹ ਸੀਟ ਹਾਰਦੇ ਹਨ ਤਾਂ ਇਹ ਉਨ੍ਹਾਂ ਲਈ ਵੱਡਾ ਝਟਕਾ ਹੋਵੇਗਾ।

ਅਕਾਲੀ ਦਲ ਨੂੰ ਜੇਕਰ ਵਾਧੂ ਸੀਟਾਂ ਨਹੀਂ ਮਿਲਦੀਆਂ ਤਾਂ ਐਨਾ ਫਰਕ ਇਸ ਲਈ ਨਹੀਂ ਪਵੇਗਾ ਕਿਉਂਕਿ ਉਹ ਪਹਿਲਾਂ ਹੀ ਵਿਰੋਧੀ ਧਿਰ ਵਿੱਚ ਹੈ। ਪਰ ਜੇਕਰ ਕਾਂਗਰਸ ਨੂੰ ਘੱਟ ਸੀਟਾਂ ਮਿਲਦੀਆਂ ਹਨ, ਤਾਂ ਉਨ੍ਹਾਂ ਦੇ ਸਿਆਸੀ ਭਵਿੱਖ 'ਤੇ ਸਵਾਲ ਉੱਠੇਗਾ ਕਿਉਂਕਿ ਕਾਂਗਰਸ ਸੱਤਾਧਾਰੀ ਪਾਰਟੀ ਹੈ।

ਕਾਂਗਰਸ ਦਾ ਮਿਸ਼ਨ-13

ਜੇਕਰ ਕੈਪਟਨ ਅਮਰਿੰਦਰ ਸਿੰਘ ਮਿਸ਼ਨ-13 ਹਾਸਲ ਕਰ ਜਾਂਦੇ ਹਨ ਤਾਂ ਉਹ ਇੱਕ ਮਜ਼ਬੂਤ ਲੀਡਰਸ਼ਿਪ ਵਾਲੇ ਆਗੂ ਮੰਨੇ ਜਾਣਗੇ। ਉਹ ਇਸ ਤੋਂ ਪਹਿਲਾਂ ਵਿਧਾਇਕ ਅਤੇ ਸੰਸਦ ਮੈਂਬਰ ਦੇ ਤੌਰ 'ਤੇ ਵੀ ਖਰੇ ਉਤਰੇ ਹਨ। ਜੇਕਰ ਉਨ੍ਹਾਂ ਨੂੰ 7 ਤੋਂ ਘੱਟ ਸੀਟਾਂ ਆਉਂਦੀਆਂ ਹਨ ਤਾਂ ਉਨ੍ਹਾਂ ਦੀ ਲੀਡਰਸ਼ਿਪ 'ਤੇ ਸਵਾਲ ਉੱਠੇਗਾ।

ਆਪ ਦਾ ਭਵਿੱਖ

ਆਮ ਆਦਮੀ ਪਾਰਟੀ ਦਾ ਸੰਗਰੂਰ ਛੱਡ ਕੇ ਹੋਰ ਕਿਸੇ ਵੀ ਲੋਕ ਸਭਾ ਹਲਕੇ ਵਿੱਚ ਪ੍ਰਚਾਰ ਅਸਰਦਾਰ ਨਹੀਂ ਰਿਹਾ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ 4 ਸੀਟਾਂ ਮਿਲੀਆਂ ਸਨ ਜਿਸ ਤੋਂ ਬਾਅਦ ਪੰਜਾਬ ਵਿੱਚ ਉਨ੍ਹਾਂ ਦੀ ਇੱਕ ਲਹਿਰ ਚੱਲ ਪਈ ਸੀ ਪਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਉਸ ਨੂੰ ਮੱਠੀ ਕਰ ਦਿੱਤਾ।

ਆਮ ਆਦਮੀ ਪਾਰਟੀ ਨੂੰ ਸਿਰਫ਼ ਇੱਕ ਸੰਗਰੂਰ ਸੀਟ ਤੋਂ ਹੀ ਜ਼ਿਆਦਾ ਉਮੀਦਾਂ ਹਨ ਜੇਕਰ ਉਹ ਇਹ ਸੀਟ ਜਿੱਤਦੇ ਹਨ ਤਾਂ ਘੱਟੋ-ਘੱਟ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਉਨ੍ਹਾਂ ਦੀ ਹੋਂਦ ਬਰਕਰਾਰ ਰਹੇਗੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)