You’re viewing a text-only version of this website that uses less data. View the main version of the website including all images and videos.
ਮੋਦੀ ਦਾ ਰੋਡ ਸ਼ੋਅ ਜਾਂ ਵਾਜਪਾਈ ਦੀ ਅੰਤਿਮ ਯਾਤਰਾ - ਫੈਕਟ ਚੈੱਕ
- ਲੇਖਕ, ਫੈਕਟ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼, ਫੈਕਟ ਚੈਕ ਟੀਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਵੀਡੀਓ ਜਿਸ ਵਿੱਚ ਉਹ ਲੋਕਾਂ ਦੇ ਹਜੂਮ ਨਾਲ ਪੈਦਲ ਤੁਰ ਰਹੇ ਹਨ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਦੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਸਮੇਂ ਦਾ ਹੈ।
ਫੇਸਬੁੱਕ ਅਤੇ ਟਵਿੱਟਰ ’ਤੇ ਇਹ ਵੀਡੀਓ ਸ਼ੇਅਰ ਕਰਨ ਵਾਲਿਆਂ ਨੇ ਲਿਖਿਆ ਹੈ, “ਆਪਣੀ ਨਾਮਜ਼ਦਗੀ ਭਰਨ ਲਈ ਆਪਣੇ ਹਮਾਇਤੀਆਂ ਅਤੇ ਪੂਰੇ ਜਨ ਸੈਲਾਬ ਨਾਲ ਜਾਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਸ਼ੇਰ ਨੂੰ ਦੇਖ ਲਵੋ। ਇਸ ਨੂੰ ਕਹਿੰਦੇ ਹਨ ਫਾਰਮ ਭਰਨ ਲਈ ਕਿਵੇਂ ਜਾਈਦਾ ਹੈ।"
ਇਹ ਵੀ ਪੜ੍ਹੋ:
ਇਸ ਵਾਇਰਲ ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਪੀਲੇ ਫੁੱਲਾਂ ਨਾਲ ਸਜੀ ਇੱਕ ਗੱਡੀ ਦੇ ਪਿੱਛੇ ਪੈਦਲ ਤੁਰਦੇ ਦਿਖਾਈ ਦੇ ਰਹੇ ਹਨ।
ਵੀਡੀਓ ਵਿੱਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਮੋਦੀ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਘੇਰਿਆ ਹੋਇਆ ਹੈ ਅਤੇ ਹਾਈ ਵੇ ਦੇ ਦੂਸਰੇ ਪਾਸੇ ਲੋਕਾਂ ਦਾ ਕਾਫ਼ਲਾ ਉਨ੍ਹਾਂ ਦੇ ਨਾਲ ਤੁਰ ਰਿਹਾ ਹੈ।
ਰਿਵਰਸ ਇਮੇਜ ਸਰਚ ਤੋਂ ਪਤਾ ਚਲਦਾ ਹੈ ਕਿ ਵੀਰਵਾਰ ਨੂੰ ਵਾਰਾਣਸੀ ਵਿੱਚ ਹੋਏ ਮੋਦੀ ਦੇ ਰੋਜ ਸ਼ੋਅ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਸ਼ੇਅਰ ਹੋਣਾ ਸ਼ੁਰੂ ਹੋਇਆ ਸੀ।
26 ਅਪਰੈਲ 2019 ਭਾਵ ਸ਼ੁੱਕਰਵਾਰ ਨੂੰ ਮੋਦੀ ਦੇ ਵਾਰਾਣਸੀ ਤੋਂ ਨਾਮਜ਼ਦਗੀ ਭਰਨ ਤੱਕ ਸੈਂਕੜੇ ਲੋਕ ਸੋਸ਼ਲ ਮੀਡੀਆ ਉੱਪਰ ਇਹ ਦੋ ਮਿੰਟ ਲੰਬਾ ਕਲਿੱਪ ਸ਼ੇਅਰ ਕਰ ਚੁੱਕੇ ਹਨ।
ਇਹ ਗੱਲ ਨਹੀਂ ਕਿ ਮੋਦੀ ਦੇ ਨਾਮਜ਼ਦਗੀ ਭਰਨ ਸਮੇਂ ਲੋਕਾਂ ਦੀ ਭੀੜ ਨਹੀਂ ਸੀ ਪਰ ਜਿਸ ਵਾਇਰਲ ਵੀਡੀਓ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ 2019 ਦੀਆਂ ਲੋਕ ਸਭਾ ਚੋਣਾਂ ਨਾਲ ਕੋਈ ਵਾਸਤਾ ਨਹੀਂ ਹੈ।
ਫ਼ੈਕਟ ਚੈੱਕ ਦਾ ਨਤੀਜਾ
ਇਹ ਵੀਡੀਓ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅੰਤਿਮ ਯਾਤਰਾ ਦਾ ਹੈ।
ਵੀਡੀਓ ਵਿੱਚ ਮੋਦੀ ਦੇ ਅੱਗੇ ਜਿਹੜੀ ਫੁੱਲਾਂ ਨਾਲ ਸਜੀ ਹੋਈ ਵੱਡੀ ਗੱਡੀ ਨਜ਼ਰ ਆ ਰਹੀ ਹੈ। ਉਸ ਵਿੱਚ ਮਰਹੂਮ ਆਗੂ ਦੀ ਦੇਹ ਸੀ।
ਲੰਬੇ ਸਮੇਂ ਤੱਕ ਬੀਮਾਰ ਰਹਿਣ ਮਗਰੋਂ 16 ਅਗਸਤ 2018 ਨੂੰ 93 ਸਾਲਾ ਵਾਜਪਾਈ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਗੁਰਦੇ ਵਿੱਚ ਇਨਫੈਕਸ਼ਨ ਸੀ।
ਇਹ ਵੀ ਪੜ੍ਹੋ:
ਭਾਰਤ ਰਤਨ ਨਾਲ ਵਾਜਪਾਈ, ਪਹਿਲੀ ਵਾਰ 1996 ਵਿੱਚ 13 ਦਿਨਾਂ ਲਈ, ਫਿਰ 1998 ਤੋਂ 1999 ਤੱਕ ਅਤੇ ਆਖ਼ਰੀ ਵਾਰ 1999 ਤੋਂ 2004 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸਨ।
ਉਨ੍ਹਾਂ ਦੀ ਮੌਤ ਸਮੇਂ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਮੌਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ।
ਦੇਹਾਂਤ ਤੋਂ ਬਾਅਦ ਵਾਜਪਾਈ ਦੀ ਦੇਹ ਨੂੰ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਵਿੱਚ ਮੁੱਖ ਦਫ਼ਤਰ ਵਿੱਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਅੰਤਿਮ ਸੰਸਕਾਰ ਲਈ ਪੁਰਾਣੀ ਦਿੱਲੀ ਦੇ ਦਰਿਆਗੰਜ ਇਲਾਕੇ ਵਿੱਚੋਂ ਲੰਘਦੇ ਹੋਏ ਦਿੱਲੀ ਦੇ ਵਿਜੇਘਾਟ ਸ਼ਮਸ਼ਾਨ ਘਾਟ ਲਿਜਾਇਆ ਗਿਆ ਸੀ।
ਸੋਸ਼ਲ ਮੀਡੀਆ ਉੱਤੇ ਮੋਦੀ ਦੀ ਨਾਮਜ਼ਦਗੀ ਰੈਲੀ ਵਜੋਂ ਸ਼ੇਅਰ ਕੀਤਾ ਜਾ ਰਿਹਾ ਵੀਡੀਓ, ਭਾਰਤ ਦੇ ਲਗਪਗ ਸਾਰੇ ਵੱਡੇ ਚੈਨਲਾਂ ਨੇ 17 ਅਗਸਤ 2018 ਨੂੰ ਲਾਈਵ ਦਿਖਾਇਆ ਸੀ।
ਇਹ ਵੀ ਪੜ੍ਹੋ
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ