ਕੈਪਟਨ ਅਮਰਿੰਦਰ ਤੇ ਨਰਿੰਦਰ ਮੋਦੀ ਵਿਚਾਲੇ ਕਿਉਂ ਛਿੜੀ ਸ਼ਬਦੀ ਜੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਇਲਜ਼ਾਮ ਲਗਾਇਆ ਕਿ ਉਹ ਜਲ੍ਹਿਆਂਵਾਲਾ ਬਾਗ ਵਿੱਚ ਉਪ ਰਾਸ਼ਟਰਪਤੀ ਦੇ ਪ੍ਰੋਗਰਾਮ ਵਿੱਚ ਨਹੀਂ ਪਹੁੰਚੇ।

ਮੋਦੀ ਨੇ ਇਸ ਨੂੰ ਸ਼ਹੀਦਾਂ ਦਾ ਅਪਮਾਨ ਦੱਸਿਆ।

ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਦੁਖਦਾਈ ਜਲ੍ਹਿਆਂਵਾਲਾ ਬਾਗ ਸਾਕਾ ਮੌਕੇ ਸਿਆਸਤ ਕਰ ਰਹੇ ਹਨ।

ਉਨ੍ਹਾਂ ਟਵੀਟ ਕਰਕੇ ਕਿਹਾ, "ਮੈਂ ਕਠੂਆ ਵਿੱਚ ਤੁਹਾਡੇ ਵੱਲੋਂ ਜਲ੍ਹਿਆਂਵਾਲਾ ਬਾਗ ਉੱਤੇ ਦਿੱਤੇ ਗਏ ਬਿਆਨ ਤੋਂ ਹੈਰਾਨ ਹਾਂ। ਤੁਸੀਂ ਸਿਆਸਤ ਕਰਨ ਲਈ ਇਸ ਦੁਖਦਾਈ ਮੌਕੇ ਦੀ ਵਰਤੋਂ ਕੀਤੀ। ਪਰ ਸਾਡੀ ਸਰਕਾਰ ਨੂੰ ਸਮਰਥਨ ਦੇਣ ਦੀ ਥਾਂ ਆਪਣੀ ਸਰਕਾਰ ਵੱਲੋਂ ਇੱਕੋ ਸਮੇਂ ਪ੍ਰੋਗਰਾਮ ਉਲੀਕ ਦਿੱਤਾ।"

ਦਰਅਸਲ ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਸਾਕੇ ਸਬੰਧੀ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਪਹੁੰਚੇ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ, "ਦੇਸ ਦੇ ਉਪ ਰਾਸ਼ਟਰਪਤੀ ਜਲ੍ਹਿਆਂਵਾਲਾ ਬਾਗ ਗਏ। ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਪਰ ਸਰਕਾਰ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਨਹੀਂ ਪਹੁੰਚੇ। ਉਨ੍ਹਾਂ ਪ੍ਰੋਗਰਾਮ ਦਾ ਬਾਈਕਾਟ ਕੀਤਾ ਕਿਉਂਕਿ ਉਹ ਕਾਂਗਰਸ ਪਰਿਵਾਰ ਦੀ ਭਗਤੀ ਵਿੱਚ ਜੁਟੇ ਹੋਏ ਸਨ।"

ਮੋਦੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਨਾਲ ਤਾਂ ਜਲ੍ਹਿਆਂਵਾਲਾ ਬਾਗ ਗਏ, ਪਰ ਉਪ ਰਾਸ਼ਟਰਪਤੀ ਦੇ ਪ੍ਰੋਗਰਾਮ 'ਤੇ ਨਹੀਂ ਪਹੁੰਚੇ।

ਕੇਂਦਰ ਦੇ ਪ੍ਰੋਗਰਾਮ ਵਿੱਚ ਕਿਉਂ ਨਹੀਂ ਸ਼ਾਮਿਲ ਹੋਏ

ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੰਦਿਆ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਪ੍ਰਧਾਨ ਮੰਤਰੀ ਨਾਲ ਕਈ ਵਾਰੀ ਸੰਪਰਕ ਕਰ ਚੁੱਕੇ ਹਨ ਤਾਂਕਿ ਜਲ੍ਹਿਆਂਵਾਲਾ ਬਾਗ ਦਾ ਸ਼ਰਧਾਂਜਲੀ ਸਮਾਗਮ ਸਹੀ ਤਰੀਕੇ ਨਾਲ ਮਨਾਇਆ ਜਾ ਸਕੇ ਪਰ ਕੇਂਦਰ ਸਰਕਾਰ ਨੇ ਕੋਈ ਸਹੀ ਜਵਾਬ ਹੀ ਨਹੀਂ ਦਿੱਤਾ।

ਉਨ੍ਹਾਂ ਕਿਹਾ ਕਿ ਸਗੋਂ ਮੋਦੀ ਸਰਕਾਰ ਨੇ ਆਪਣਾ ਪ੍ਰੋਗਰਾਮ ਰੱਖ ਲਿਆ ਤਾਂ ਕਿ ਚੋਣਾਂ ਵਿੱਚ ਫਾਇਦਾ ਲਿਆ ਜਾ ਸਕੇ। ਇਹ ਬਹੁਤ ਹੀ ਹੈਰਾਨ ਕਰਨ ਵਾਲਾ ਸੀ ਕਿਉਂਕਿ ਪ੍ਰਧਾਨ ਮੰਤਰੀ ਖੁਦ ਜਲ੍ਹਿਆਂਵਾਲਾ ਬਾਗ ਟਰਸਟ ਦੇ ਚੇਅਰਮੈਨ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਵਾਂਗ ਕਾਂਗਰਸ ਲੀਡਰਸ਼ਿਪ ਸੂਬਾ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਦੇਣ ਵਿੱਚ ਯਕੀਨ ਨਹੀਂ ਰੱਖਦੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਪਾਰਟੀ ਹਾਈਕਮਾਂਡ ਦੇ ਦਬਾਅ ਹੇਠ ਕੇਂਦਰ ਸਰਕਾਰ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋਏ।

"ਇਹ ਸਭ ਕੁਝ ਭਾਜਪਾ ਵਿੱਚ ਹੁੰਦਾ ਹੈ ਜੋ ਕਿ ਤੁਸੀਂ, ਮੋਦੀ ਜੀ, ਆਪਣੇ ਤਾਨਾਸ਼ਾਹੀ ਅੰਦਾਜ਼ ਵਿੱਚ ਕਰ ਰਹੇ ਹੋ।"

ਦੇਸ ਦੇ ਪ੍ਰਧਾਨ ਮੰਤਰੀ ਨੂੰ ਵੋਟਾਂ ਹਾਸਿਲ ਕਰਨ ਲਈ ਇੰਨਾ ਹੇਠਾਂ ਨਹੀਂ ਜਾਣਾ ਚਾਹੀਦਾ ਅਤੇ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਇਸ ਅਹੁਦੇ ਦੀ ਗਰਿਮਾ ਨੂੰ ਢਾਹ ਨਹੀਂ ਲਾਉਣੀ ਚਾਹੀਦੀ ਜਿਸ ਲਈ ਦੇਸ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ, "ਆਪਣੇ ਅਤੇ ਆਪਣੀ ਪਾਰਟੀ ਦੇ ਸਿਆਸੀ ਫਾਇਦੇ ਲਈ ਆਜ਼ਾਦੀ ਦੇ ਸੰਘਰਸ਼ ਵੇਲੇ ਹਿੰਸਾ ਮੌਕੇ ਜਾਨਾਂ ਗਵਾਉਣ ਵਾਲੇ ਲੋਕਾਂ, ਰੋਜ਼ਾਨਾ ਸਰਹੱਦ ਉੱਤੇ ਜਾਨ ਵਾਰਨ ਵਾਲੇ ਸਿਪਾਹੀਆਂ ਜਾਂ ਆਈਐਸਆਈ ਦੇ ਸਮਰਥਨ ਵਾਲੇ ਹਮਲਿਆਂ ਜਿਵੇਂ ਕਿ ਪੁਲਵਾਮਾ ਵਰਗੇ ਹਮਲਿਆਂ ਦਾ ਸਹਾਰਾ ਨਾ ਲੈਣ।"

ਇਹ ਵੀ ਪੜ੍ਹੋ:

ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਸਿਆਸੀ ਲਾਹੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਹੀ ਸਭ ਤੋਂ ਪਹਿਲਾਂ ਜਲ੍ਹਿਆਂਵਾਲਾ ਬਾਗ ਵਿੱਚ ਮਾਰੇ ਗਏ ਲੋਕਾਂ ਦੀ ਬੇਇਜ਼ਤੀ ਕੀਤੀ ਕਿਉਂਕਿ ਉਹ ਖੁਦ ਕਿਸੇ ਵੀ ਸ਼ਰਧਾਂਜਲੀ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋਏ ਅਤੇ ਫਿਰ ਇਸ ਮੌਕੇ ਉੱਤੇ ਸਿਆਸਤ ਕੀਤੀ।

ਉਨ੍ਹਾਂ ਕਿਹਾ ਕਿ ਜਦੋਂ ਪੀਐਮ ਮੋਦੀ ਸਿਆਸਤ ਵਿੱਚ ਰੁੱਝੇ ਹੋਏ ਸਨ, ਉਹ ਜਲ੍ਹਿਆਂਵਾਲਾ ਬਾਗ ਸਾਕਾ ਦੇ ਸੂਬਾ ਪੱਧਰੀ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਸਨ।

ਕੇਂਦਰ ਸਰਕਾਰ ਦੀ ਕੋਈ ਹਾਮੀ ਨਾ ਮਿਲਣ ਕਾਰਨ ਸੂਬਾ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਹੀ ਆਪਣਾ ਪ੍ਰੋਗਰਾਮ ਤੈਅ ਕਰ ਲਿਆ ਸੀ।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਓਪੀ ਸੋਨੀ ਨੂੰ ਕੇਂਦਰ ਸਰਕਾਰ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਸੀ ਅਤੇ ਹਰ ਤਰ੍ਹਾਂ ਦਾ ਪ੍ਰੋਟੋਕਾਲ ਪੂਰਾ ਕੀਤਾ ਗਿਆ ਸੀ।

ਨਵਜੋਤ ਸਿੰਘ ਸਿੱਧੂ ਦਾ ਮੋਦੀ 'ਤੇ ਨਿਸ਼ਾਨਾ

ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ।

ਸਿੱਧੂ ਨੇ ਕਿਹਾ, "ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਦਾ ਚੇਅਰਮੈਨ ਹੁੰਦੇ ਹੋਏ ਵੀ ਤੁਸੀਂ ਸਾਨੂੰ ਸ਼ਹੀਦਾਂ ਦੀ ਕੁਰਬਾਨੀ ਨੂੰ ਸਨਮਾਨਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ।"

ਉਨ੍ਹਾਂ ਅੱਗੇ ਕਿਹਾ, "ਅਸੀਂ ਕਈ ਵਾਰੀ ਚਿੱਠੀਆਂ ਲਿੱਖ ਕੇ ਤੁਹਾਡੇ ਤੋਂ ਇਸ ਦੀ ਇਜਾਜ਼ਤ ਵੀ ਮੰਗੀ।"

ਇਹ ਵੀਡੀਓ ਤੁਾਹਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)