ਪੰਜਾਬ ਦੀ ਸਿਆਸਤ 'ਚ 'ਸ਼ਾਹੀ' ਥਾਂ ਰੱਖਦੇ ਪਟਿਆਲਾ ਹਲਕੇ ਨੂੰ ਜਾਣੋ

ਕੁਝ ਤਬਕਿਆਂ 'ਚ ਪਟਿਆਲਾ ਨੂੰ ਉੱਥੇ ਦੇ ਸ਼ਾਹੀ ਘਰਾਣੇ ਦੇ ਇਲਾਕੇ ਵਜੋਂ ਵੇਖਿਆ ਜਾਂਦਾ ਹੈ ਹਾਲਾਂਕਿ ਇੱਥੋਂ ਮੌਜੂਦਾ ਲੋਕ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜਿੱਤੇ ਡਾ. ਧਰਮਵੀਰ ਗਾਂਧੀ ਹਨ।

ਉਨ੍ਹਾਂ ਤੋਂ ਪਹਿਲਾਂ ਲਗਾਤਾਰ ਤਿੰਨ ਵਾਰ ਅਤੇ 15 ਸਾਲ ਇੱਥੋਂ ਪ੍ਰਨੀਤ ਕੌਰ ਸੰਸਦ ਮੈਂਬਰ ਰਹੇ ਹਨ ਅਤੇ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇੱਥੋਂ 1980 ਵਿੱਚ ਕਾਂਗਰਸ ਲਈ ਇਹ ਸੀਟ ਜਿੱਤ ਚੁੱਕੇ ਹਨ।

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮੋਹਿੰਦਰ ਕੌਰ ਵੀ 1967 ਵਿੱਚ ਇੱਥੋਂ ਲੋਕ ਸਭਾ ਪੁੱਜੇ ਸਨ।

ਮੌਜੂਦਾ ਚੋਣਾਂ ਲਈ ਉਮੀਦਵਾਰ

  • ਕਾਂਗਰਸ ਵੱਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਚੋਣ ਮੈਦਾਨ ਵਿੱਚ ਹਨ।
  • ਅਕਾਲੀ ਦਲ ਵੱਲੋਂ ਸੁਰਜੀਤ ਸਿੰਘ ਰੱਖੜਾ ਨੂੰ ਟਿਕਟ ਦਿੱਤੀ ਗਈ ਹੈ।
  • ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤੇ ਧਰਮਵੀਰ ਗਾਂਧੀ ਇਸ ਵਾਰ ਪੰਜਾਬ ਡੈਮੋਕ੍ਰੈਟਿਕਸ ਗਠਜੋੜ ਦੇ ਉਮੀਦਵਾਰ ਹਨ।
  • ਆਮ ਆਦਮੀ ਪਾਰਟੀ ਨੇ ਗਾਂਧੀ ਜੇ ਮੁਕਾਬਲੇ ਨੀਨਾ ਮਿੱਤਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਨੀਨਾ ਮਿੱਤਲ (47) ਇੱਕ ਸਫਲ ਕਾਰੋਬਾਰੀ ਮਹਿਲਾ ਹੋਣ ਦੇ ਨਾਲ-ਨਾਲ ਸਮਾਜ ਸੇਵਕਾ ਵਜੋਂ ਵੱਖ ਵੱਖ ਸਮਾਜਿਕ, ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਨਾਲ ਸਰਗਰਮੀ ਨਾਲ ਜੁੜੇ ਹੋਏ ਹਨ।

ਇਤਿਹਾਸ 'ਤੇ ਨਜ਼ਰ

ਆਜ਼ਾਦੀ ਤੋਂ ਬਾਅਦ ਦੀਆਂ ਪਹਿਲੀਆਂ ਪੰਜ ਚੋਣਾਂ ਵਿੱਚ ਤਾਂ ਕਾਂਗਰਸ ਜੇਤੂ ਰਹੀ ਅਤੇ ਪਹਿਲੀ ਵਾਰ ਜਦੋਂ ਕੋਈ ਗੈਰ-ਕਾਂਗਰਸੀ ਉਮੀਦਵਾਰ ਜਿੱਤਿਆ ਤਾਂ ਉਹ ਸਨ ਵੱਡੇ ਅਕਾਲੀ ਲੀਡਰ ਗੁਰਚਰਨ ਸਿੰਘ ਟੌਹੜਾ ਜੋ 1977 ਵਿੱਚ ਜਨਤਾ ਪਾਰਟੀ ਲਹਿਰ ਵਿੱਚ ਇਹ ਸੀਟ ਅਕਾਲੀ ਦਲ ਲਈ ਜਿੱਤ ਕੇ ਲਿਆਏ।

ਉਸ ਤੋਂ ਬਾਅਦ ਜੇ ਕੋਈ ਅਕਾਲੀ ਇੱਥੇ ਕਾਮਯਾਬ ਰਿਹਾ ਤਾਂ ਉਹ ਸਨ ਅਧਿਆਪਕ ਤੋਂ ਸਿਆਸਤਦਾਨ ਬਣੇ ਪ੍ਰੇਮ ਸਿੰਘ ਚੰਦੂਮਾਜਰਾ, ਜੋ ਗੱਠਜੋੜ ਦੀ ਸਿਆਸਤ ਦੇ ਦਬਦਬੇ ਦੌਰਾਨ 1996 ਅਤੇ 1998 ਵਿੱਚ ਕਾਮਯਾਬ ਰਹੇ।

ਇਹ ਵੀ ਪੜ੍ਹੋ:

1998 ਵਿੱਚ ਤਾਂ ਚੰਦੂਮਾਜਰਾ ਨੇ ਅਮਰਿੰਦਰ ਸਿੰਘ ਨੂੰ ਹਰਾਇਆ ਪਰ 13 ਮਹੀਨੇ ਬਾਅਦ ਮੁੜ ਚੋਣਾਂ ਹੋਈਆਂ ਤਾਂ ਅਮਰਿੰਦਰ ਸਿੰਘ ਨੇ ਸੂਬਾ ਕਾਂਗਰਸ ਪ੍ਰਧਾਨ ਵਜੋਂ ਸਾਰੇ ਪੰਜਾਬ ਵਿੱਚ ਪ੍ਰਚਾਰ ਦੀ ਮੁਹਿੰਮ ਸਾਂਭੀ ਜਦਕਿ ਪ੍ਰਨੀਤ ਕੌਰ ਨੇ ਚੋਣ ਲੜੀ।

ਕੌਮੀ ਪੱਧਰ 'ਤੇ ਚੱਲੀ ਹਵਾ ਦੇ ਉਲਟ ਪ੍ਰਨੀਤ ਕੌਰ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਅਤੇ ਫਿਰ ਦੋ ਵਾਰ ਹੋਰ ਜਿੱਤੇ, ਨਾਲ ਹੀ ਕੇਂਦਰੀ ਮੰਤਰੀ ਦਾ ਅਹੁਦਾ ਵੀ ਸਾਂਭਿਆ।

ਇਹ ਵੀ ਪੜ੍ਹੋ:

ਪਿਛਲੀ ਵਾਰ, 2014 ਵਿੱਚ ਜਦੋਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਮੈਦਾਨ ਵਿੱਚ ਆਈ ਤਾਂ ਪੰਜਾਬ ਵਿੱਚ ਉਸ ਦੇ 4 ਸੰਸਦ ਮੈਂਬਰ ਬਣੇ ਜਿਨ੍ਹਾਂ ਵਿੱਚ ਪਟਿਆਲਾ ਤੋਂ ਇੱਕ ਡਾਕਟਰ, ਸਮਾਜ ਸੇਵਕ ਅਤੇ ਖੱਬੇ-ਪੱਖੀ ਕਾਰਕੁਨ ਵਜੋਂ ਨਾਮਣਾ ਖੱਟ ਚੁੱਕੇ ਧਰਮਵੀਰ ਗਾਂਧੀ ਨੇ ਪ੍ਰਨੀਤ ਕੌਰ ਖ਼ਿਲਾਫ਼ ਜਿੱਤ ਹਾਸਲ ਕੀਤੀ, ਹਾਲਾਂਕਿ ਗਾਂਧੀ ਵਿਚਾਰਕ ਮਤਭੇਦਾਂ ਕਰਕੇ ਆਮ ਆਦਮੀ ਪਾਰਟੀ ਛੱਡ ਚੁੱਕੇ ਹਨ ਪਰ ਮੁੜ ਮੈਦਾਨ ਵਿੱਚ ਹਨ।

2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਫਿਲਹਾਲ ਪਟਿਆਲਾ ਲੋਕ ਸਭਾ ਹਲਕੇ ਵਿੱਚ ਪੈਂਦੀਆਂ 9 ਅਸੈਂਬਲੀ ਸੀਟਾਂ ਵਿੱਚੋਂ 7 ਕਾਂਗਰਸ ਕੋਲ ਹਨ। ਪਟਿਆਲਾ-ਸ਼ਹਿਰੀ ਤੋਂ ਅਮਰਿੰਦਰ ਸਿੰਘ ਵਿਧਾਇਕ ਹਨ ਅਤੇ ਬਾਕੀ ਛੇ ਪਟਿਆਲਾ-ਪੇਂਡੂ, ਨਾਭਾ, ਰਾਜਪੁਰਾ, ਘਨੌਰ, ਸ਼ੁਤਰਾਣਾ ਅਤੇ ਸਮਾਣਾ। ਸਨੌਰ ਅਤੇ ਡੇਰਾ ਬਸੀ ਤੋਂ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਹੋਇਆ ਹੈ।

ਕੀ ਹਨ ਮੁੱਦੇ

ਇਸ ਹਲਕੇ ਵਿੱਚ ਪੈਂਦੇ ਕੁਝ ਇੰਡਸਟਰੀ-ਪ੍ਰਧਾਨ ਖੇਤਰ ਹਨ ਰਾਜਪੁਰਾ, ਡੇਰਾ ਬਸੀ, ਨਾਭਾ ਤੇ ਪਟਿਆਲਾ ਦੇ ਕੁਝ ਹਿੱਸੇ। ਪਰ ਇੱਥੇ ਸਨਅਤੀ ਤਬਕਾ ਲਗਾਤਾਰ ਇੰਡਸਟਰੀ ਨੂੰ ਹੁੰਗਾਰੇ ਦੀ ਮੰਗ ਕਰਦਾ ਰਿਹਾ ਹੈ।

ਮੁੱਢਲੀਆਂ ਸਹੂਲਤਾਂ, ਜਿਵੇਂ ਸੜਕਾਂ ਅਤੇ ਸੀਵਰੇਜ, ਅਜੇ ਵੀ ਮੁੱਦੇ ਹਨ ਅਤੇ ਇਸ ਇਲਾਕੇ ਦਾ ,ਸਗੋਂ ਸਾਰੇ ਮਾਲਵੇ ਦਾ ਹੀ ਚੰਡੀਗੜ੍ਹ ਨਾਲ ਰੇਲਗੱਡੀ ਰਾਹੀਂ ਸਿੱਧਾ ਸੰਪਰਕ ਅਜੇ ਵੀ ਖੁੱਲ੍ਹਿਆ ਨਹੀਂ ਹੈ, ਹਾਲਾਂਕਿ ਇਸ ਬਾਰੇ ਗਾਂਧੀ ਨੇ ਕੋਸ਼ਿਸ਼ਾਂ ਕੀਤੀਆਂ ਹਨ।

2014 ਦੀਆਂ ਲੋਕ ਸਭਾ ਚੋਣਾਂ ਦੇ ਅੰਕੜੇ ਮੁਤਾਬਕ ਇੱਥੇ ਕਰੀਬ 14 ਲੱਖ ਵੋਟਰ ਹਨ ਹਾਲਾਂਕਿ ਨਵਾਂ ਅੰਕੜਾ ਅਜੇ ਉਪਲਬਧ ਨਹੀਂ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)