ਬਾਲਾਕੋਟ 'ਚ ਏਅਰ ਸਟਰਾਇਕ ਭਾਜਪਾ ਨੇ ਵੋਟਾਂ ਲਈ ਕੀਤੀ - ਫ਼ਾਰੁਕ ਅਬਦੁੱਲਾ ਦਾ ਦਾਅਵਾ

ਨੈਸ਼ਨਲ ਕਾਨਫਰੰਸ ਦੇ ਮੁਖੀ ਫ਼ਾਰੁਕ ਅਬਦੁੱਲਾ ਨੇ ਕਿਹਾ ਹੈ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਆਮ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਕੈਂਪ ਉੱਤੇ ਸਰਜੀਕਲ ਸਟਰਾਇਕ ਕੀਤੀ ਹੈ।

26 ਫਰਵਰੀ ਦੇ ਭਾਰਤੀ ਹਵਾਈ ਫੌਜ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਕੈਂਪ ਉੱਤੇ ਕੀਤੇ ਹਵਾਈ ਹਮਲੇ ਦੀ ਅਸਰ ਨੂੰ ਲੈਕੇ ਕਈ ਸਿਆਸੀ ਪਾਰਟੀਆਂ ਸਵਾਲ ਖੜ੍ਹੇ ਕਰ ਰਹੀਆਂ ਹਨ।

ਮੀਡੀਆ ਨਾਲ ਗੱਲਬਾਤ ਦੌਰਾਨ ਫਾਰੁਕ ਅਬਦੁੱਲਾ ਨੇ ਕਿਹਾ, ' ਇਹ ਸਰਜੀਕਲ ਸਟਰਾਇਕ(ਏਅਰ ਸਟਰਾਇਕ) ਸਿਰਫ਼ ਚੋਣਾਂ ਦੇ ਮੰਤਵ ਲਈ ਕੀਤੀ ਗਈ ਹੈ..ਪੂਰੀ ਤਰ੍ਹਾਂ ਚੋਣਾਂ ਲਈ। ਅਸੀਂ ਕਰੋੜਾਂ ਰੁਪਏ ਦਾ ਆਪਣਾ ਏਅਰਕਰਾਫਟ ਗੁਆ ਲਿਆ ਅਤੇ ਚੰਗੀ ਗੱਲ ਇਹ ਰਹੀ ਕਿ ਆਈਏਐੱਫ਼ ਪਾਇਲਟ (ਵਿੰਗ ਕਮਾਂਡਰ ਅਭਿਨੰਦਨ ਵਰਤਮਾਨ)ਦੀ ਜਾਨ ਬਚ ਗਈ ਅਤੇ ਉਹ ਇੱਜ਼ਤ ਨਾਲ ਵਾਪਸ ਮੁੜ ਆਇਆ'।

ਇਹ ਵੀ ਪੜ੍ਹੋ-

ਇਸ ਤੋਂ ਪਹਿਲਾਂ ਅੱਜ ਭਾਰਤੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਭਾਰਤ ਸਾਸ਼ਿਤ ਕਸ਼ਮੀਰ ਦੇ ਤਰਾਲ ਖੇਤਰ ਵਿਚ ਇੱਕ ਮੁਕਾਬਲੇ ਦੌਰਾਨ ਪੁਲਵਾਮਾ ਹਮਲੇ ਦਾ ਮੁੱਖ ਸਾਜ਼ਿਸਕਰਤਾ ਨੂੰ ਮਾਰ ਦਿੱਤਾ ਹੈ।

ਫੌਜ ਦੇ ਬੁਲਾਰੇ ਕੇ ਜੇ ਐੱਸ ਢਿੱਲੋਂ ਨੇ ਦਾਅਵਾ ਕੀਤਾ ਹੈ ਕਿ ਇਸ ਮੁਕਾਬਲੇ ਵਿਚ ਜੈਸ਼ ਕਮਾਂਡਰ ਮੁਦੱਸਰ ਸਣੇ ਤਿੰਨ ਅੱਤਵਾਦੀ ਮਾਰੇ ਗਏ ਹਨ।

ਮੁਦੱਸਰ ਪੁਲਵਾਮਾ ਹਮਲੇ ਦੇ ਮੁੱਖ ਸਾਜ਼ਿਸਕਰਤਾਵਾਂ ਵਿਚੋਂ ਇੱਕ ਸੀ। ਫੌਜ ਮੁਤਾਬਕ ਪੁਲਵਾਮਾ ਹਮਲੇ ਤੋਂ ਬਾਅਦ 18 ਅੱਤਵਾਦੀ ਮਾਰੇ ਗਏ ਹਨ।

ਭਾਰਤੀ ਫੌਜ ਮੁਤਾਬਕ ਕਾਮਰਾਨ ਤੇ ਮੁਦੱਸਰ ਦੋਵੇਂ ਪੁਲਵਾਮਾ ਹਮਲੇ ਦੇ ਸਾਜ਼ਿਸ਼ਕਰਤਾ ਸਨ।

ਇਸ ਤੋਂ ਪਹਿਲਾਂ ਪੀਟੀਆਈ ਦੀ ਖ਼ਬਰ ਮੁਤਾਬਕ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਮੁਦੱਸਰ ਅਹਿਮਦ ਖ਼ਾਨ ਉਰਫ਼ 'ਮੋਹਦ ਭਾਈ' ਤਰਾਲ ਦੇ ਪਿੰਗਲਿਸ਼ ਮੁਕਾਬਲੇ ਵਿਚ ਮਾਰਿਆ ਗਿਆ ਹੈ।

ਇਹ ਪੁਲਿਸ ਮੁਕਾਬਲਾ ਕੱਲ ਅੱਧੀ ਰਾਤ ਤੋਂ ਚੱਲ ਰਿਹਾ

ਖਾਨ ਅਤੇ ਸੱਜਾਦ ਭੱਟ ਜਿਸ ਦੀ ਗੱਡੀ ਪੁਲਵਾਮਾ ਹਮਲੇ ਵਿਚ ਵਰਤੀ ਗਈ ਸੀ, ਉਹ ਵੀ ਹਮਲੇ ਵਿਚ ਮਾਰਿਆ ਗਿਆ ਹੈ।

ਖਾਨ ਦੇ ਪਰਿਵਾਰ ਨੇ ਸ਼ਨਾਖਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਲੈ ਲਈ ਹੈ ਜਦਕਿ ਭੱਟ ਨੇ ਪਰਿਵਾਰ ਨੇ ਇਹ ਕਹਿੰਦਿਆਂ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਇੰਨੀ ਜਲੀ ਹੋਈ ਹੈ ਕਿ ਸ਼ਨਾਖ਼ਤ ਨਹੀਂ ਹੋ ਸਕਦੀ।

ਫੌਜ ਮੁਤਾਬਕ ਗੁਪਤ ਸੂਚਨਾ ਦੇ ਆਧਾਰ ਉੱਤੇ ਬੀਤੀ ਰਾਤ ਪਿੰਗਲਿਸ਼ ਵਿਚ ਸਰਚ ਮੁਹਿੰਮ ਚਲਾਈ ਗਈ ਸੀ, ਜੋ ਬਾਅਦ ਵਿਚ ਪੁਲਿਸ ਮੁਕਾਬਲੇ ਵਿਚ ਬਦਲ ਗਈ ਕਿਉਂ ਕਿ ਇੱਥੇ ਅੱਤਵਾਦੀ ਲੁਕੇ ਹੋਏ ਸਨ।

ਫੌਜ ਨੇ ਦਾਅਵਾ ਕੀਤਾ ਸੀ ਕਿ ਜੈਸ਼-ਏ-ਮੁਹੰਮਦ ਦੇ ਕਾਰਕੁਨ ਖਾਨ 14 ਫਰਵਰੀ ਦੇ ਪੁਲਵਾਮਾ ਹਮਲਾ, ਜਿਸ ਵਿਚ ਸੀਆਰਪੀਐੱਫ਼ ਦੇ 40 ਜਵਾਨ ਮਾਰੇ ਗਏ ਸਨ,ਦਾ ਮੁੱਖ ਸਾਜ਼ਿਸ ਕਰਤਾ ਸੀ।

ਕੌਣ ਸੀ ਪੁਲਵਾਮਾ ਹਮਲੇ ਦਾ ਮੁੱਖ ਸਾਜਿਸ਼ਕਰਤਾ

23 ਸਾਲ ਮੁਦੱਸਰ ਖਾਨ ਪੁਲਵਾਮਾ ਦਾ ਰਹਿਣ ਵਾਲਾ ਸੀ। ਉਹ ਗਰੈਜੂਏਟ ਸੀ ਅਤੇ ਪੇਸ਼ੇ ਵਜੋਂ ਇਲੈਟ੍ਰੀਸ਼ਨ ਸੀ। ਉਸ ਨੇ ਪੁਲਵਾਮਾ ਆਤਮਘਾਤੀ ਹਮਲੇ ਲਈ ਗੱਡੀ ਅਤੇ ਬਾਰੂਦ ਦਾ ਪ੍ਰਬੰਧ ਕੀਤਾ ਸੀ।

ਪੁਲਵਾਮਾ ਦੇ ਮੀਰ ਮੁਹੱਲੇ ਵਿਚ ਰਹਿਣ ਵਾਲਾ ਖਾਨ 2017 ਵਿਚ ਜੈਸ਼-ਏ-ਮੁਹੰਮਦ ਵਿਚ ਸ਼ਾਮਲ ਹੋਇਆ ਸੀ। ਪਹਿਲਾਂ ਉਹ ਅੰਡਰ ਗਰਾਉਂਡ ਕਾਰਕੁਨ ਵਜੋਂ ਕੰਮ ਕਰਦਾ ਸੀ ਪਰ ਬਾਅਦ ਨੂਰ -ਮੁਹੰਮਦ ਤਾਂਤ੍ਰਿਰੇ ਉਰਫ਼ ਨੂਰ ਤਰਾਲੀ ਉਸ ਨੂੰ ਅੱਤਵਾਦੀ ਗਤੀਵਿਧੀਆਂ ਵਿਚ ਲੈ ਆਇਆ। ਨੂਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਕਸ਼ਮੀਰ ਵਾਦੀ ਵਿਚ ਅੱਤਵਾਦੀ ਸੰਗਠਨਾਂ ਦੀ ਮਮਦ ਕਰਦਾ ਹੈ।

ਨੂਰ ਦੇ ਦਸੰਬਰ 2017 ਵਿਚ ਮਾਰੇ ਜਾਣ ਤੋਂ ਬਾਅਦ 14 ਜਨਵਰੀ 2018 ਨੂੰ ਘਰੋਂ ਲਾਪਤਾ ਹੋ ਗਿਆ । ਖਾਨ ਨੇ ਬੀਏ ਤੋਂ ਆਈਟੀਆਈ ਕੀਤੀ ਸੀ ਅਤੇ ਉਸ ਦੇ ਪਿਤਾ ਮਿਹਨਤ ਮਜ਼ਦੂਰੀ ਨਾਲ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ। ਖਾਨ ਦੇ ਫਰਵਰੀ 2018 ਵਿਚ ਸੰਜਵਾਂ ਫੌਜੀ ਕੈਂਪ ਉੱਤੇ ਹੋਏ ਅੱਤਵਾਦੀ ਹਮਲੇ ਵਿਚ ਵੀ ਸ਼ਾਮਲ ਹੋਣ ਦਾ ਸ਼ੱਕ ਸੀ।ਇਸ ਹਮਲੇ ਵਿਚ 6 ਫੌਜੀ ਜਵਾਨ ਤੇ ਸਿਵਲੀਅਨ ਮਾਰੇ ਗਏ ਸਨ।

ਜਨਵਰੀ 2018 ਵਿਚ ਲੇਥਪੋਰਾ ਵਿਚ ਸੀਆਰਪੀਐਫ਼ ਉੱਤੇ ਹਮਲੇ ਤੋਂ ਬਾਅਦ ਖਾਨ ਦਾ ਨਾਂ ਰਾਡਾਰ ਉੱਤੇ ਆਇਆ ਸੀ। ਐੱਨਆਈਏ ਨੇ 14 ਫਰਵਰੀ ਦੇ ਹਮਲੇ ਤੋਂ ਬਾਅਦ ਖਾਨ ਦੇ ਘਰ ਛਾਪਾ ਵੀ ਮਾਰਿਆ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)