ਅਭਿਨੰਦਨ ਦੇ ਸਨਮਾਨ 'ਚ 'ਫੇਸਬੁੱਕ ਵਲੋਂ ਸ਼ੁਰੂ ਕੀਤੇ ਫੀਚਰ' ਦਾ ਸੱਚ - ਫੈਕਟ ਚੈੱਕ

    • ਲੇਖਕ, ਫੈਕਟ ਚੈੱਕ
    • ਰੋਲ, ਬੀਬੀਸੀ ਨਿਊਜ਼

ਸੋਸ਼ਲ ਮੀਡੀਆ 'ਤੇ ਲੋਕ ਅਜਿਹਾ ਦਾਅਵਾ ਕਰ ਰਹੇ ਹਨ ਕਿ ਫੇਸਬੁੱਕ ਨੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੇ ਸਨਮਾਨ ਵਿੱਚ ਇੱਕ ਨਵਾਂ ਫੀਚਰ ਸ਼ੁਰੂ ਕੀਤਾ ਹੈ।

ਫੇਸਬੁੱਕ 'ਤੇ ਅਜਿਹੀਆਂ ਹਜ਼ਾਰਾਂ ਪੋਸਟਾਂ ਹਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ, "ਫੇਸਬੁੱਕ ਨੇ ਫਾਈਟਰ ਪਾਇਲਟ ਅਭਿਨੰਦਨ ਨੂੰ ਦਿੱਤਾ ਸਨਮਾਨ। ਫੇਸਬੁੱਕ 'ਤੇ ਕਿਤੇ ਵੀ ਅਭਿਨੰਦਨ ਲਿਖੋ ਤਾਂ ਉਸਦਾ ਰੰਗ ਭਗਵਾਂ ਹੋ ਜਾਵੇਗਾ ਅਤੇ ਉਸ ਤੇ ਕਲਿੱਕ ਕਰਨ ਨਾਲ ਗੁਬਾਰੇ ਫੁੱਟਣ ਲੱਗ ਪੈਣਗੇ।"

ਇਹ ਫੇਸਬੁੱਕ ਤੋਂ ਇਲਾਵਾ ਸ਼ੇਅਰਚੈਟ ਅਤੇ ਵਟਸਐਪ 'ਤੇ ਵੀ ਅਜਿਹੇ ਸੁਨੇਹੇ ਸਾਂਝੇ ਕੀਤੇ ਜਾ ਰਹੇ ਹਨ।

ਲੋਕਾਂ ਦਾ ਮੰਨਣਾ ਹੈ ਕਿ 'ਸ਼ੁੱਕਰਵਾਰ ਦੀ ਰਾਤ ਪਾਕਿਸਤਾਨ ਤੋਂ ਰਿਹਾਅ ਹੋਣ ਮਗਰੋਂ ਭਾਰਤ ਵਾਪਸ ਆਏ ਪਾਇਲਟ ਅਭਿਨੰਦਨ ਲਈ ਫੇਸਬੁੱਕ ਨੇ ਇੱਕ ਨਵਾਂ ਫੀਚਰ ਸ਼ੁਰੂ ਕੀਤਾ ਹੈ।'

ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੂੰ ਜਵਾਬ ਦੇਣ ਲਈ ਪਿਛਲੇ ਹਫ਼ਤੇ ਐੱਲਓਸੀ ਪਾਰ ਕਰਕੇ ਪਾਕਿਸਤਾਨ ਚਲੇ ਗਏ ਸਨ। ਉੱਥੇ ਉਨ੍ਹਾਂ ਦਾ ਜਹਾਜ਼ ਮਿੱਗ-21 ਬਾਇਸਨ ਹਾਦਸਾ ਗ੍ਰਸਤ ਹੋ ਗਿਆ ਅਤੇ ਉਨ੍ਹਾਂ ਨੂੰ ਪਾਕਿਸਤਾਨ ਆਰਮੀ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ:

ਫਿਲਹਾਲ ਉਹ ਪਿਛਲੇ ਦੋ ਦਿਨਾਂ ਤੋਂ ਦਿੱਲੀ ਦੇ ਆਰਮੀ ਹਸਪਤਾਲ ਵਿੱਚ, ਜ਼ੇਰੇ ਇਲਾਜ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਹ ਮੁੜ ਲੜਾਕੂ ਜਹਾਜ਼ ਉਡਾਉਣ ਲਈ ਉਤਾਵਲੇ ਹਨ।

ਖ਼ੈਰ, ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾ ਰਹੀ ‘ਫੇਸਬੁੱਕ 'ਤੇ ਅਭਿਨੰਦਨ’ ਨਾਲ ਜੁੜੀ ਗੱਲ ਠੀਕ ਨਹੀਂ ਹੈ।

'ਟੈਕਸਟ ਡਿਲਾਈਟ' ਫੀਚਰ

ਫੇਸਬੁੱਕ ਦੇ ਇਸ ਫੀਚਰ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਹਾਲੀਆ ਤਣਾਅ ਦਾ ਅਹਿਮ ਚਿਹਰਾ ਬਣੇ ਵਿੰਗ ਕਮਾਂਡਰ ਅਭਿਨੰਦਨ ਨਾਲ ਜੋੜ ਕੇ ਦੇਖਣਾ ਗਲਤ ਹੈ ਕਿਉਂਕਿ ਫੇਸਬੁੱਕ 'ਤੇ 'ਟੈਕਸਟ ਡਿਲਾਈਟ' ਨਾਮ ਹੇਠ ਇਹ ਫੀਚਰ ਸਾਲ 2017 ਤੋਂ ਚੱਲ ਰਿਹਾ ਹੈ।

'ਟੈਕਸਟ ਡਿਲਾਈਟ' ਫੀਚਰ ਨਾਲ ਫੇਸਬੁੱਕ ਨੇ 15 ਤੋਂ ਵਧੇਰੇ ਭਾਸ਼ਾਵਾਂ ਦੇ ਚੋਣਵੇਂ ਸ਼ਬਦਾਂ ਅਤੇ ਵਾਕਅੰਸ਼ਾਂ ਦੀ ਇੱਕ ਸੂਚੀ ਤਿਆਰ ਕੀਤੀ ਸੀ। ਇਨ੍ਹਾਂ ਸ਼ਬਦਾਂ ਨੂੰ ਜਦੋਂ ਕਈ ਫੇਸਬੁੱਕ 'ਤੇ ਲਿਖਦਾ ਹੈ ਤਾਂ ਇਹ ਬਾਕੀ ਸ਼ਬਦਾਂ ਤੋਂ ਵੱਡੇ ਹੋ ਜਾਂਦੇ ਹਨ ਅਤੇ ਇਨ੍ਹਾਂ ਦਾ ਰੰਗ ਬਦਲ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਸ਼ਬਦਾਂ 'ਤੇ ਕਲਿੱਕ ਕਰਨ ਨਾਲ ਇੱਕ ਐਨੀਮੇਸ਼ਨ ਚੱਲ ਪੈਂਦਾ ਹੈ।

ਸਾਲ 2018 ਵਿੱਚ ਫੀਫਾ ਵਿਸ਼ਵ ਕੱਪ ਦੌਰਾਨ ਵੀ ਫੇਸਬੁੱਕ ਨੇ ਇਸੇ ਫੀਚਰ ਨਾਲ ਇੱਕ ਹੋਰ ਐਨੀਮੇਸ਼ਨ ਜਾਰੀ ਕੀਤਾ ਸੀ। ਵਿਸ਼ਵ ਕੱਪ ਦੌਰਾਨ ਜਦੋਂ ਤੁਸੀਂ ਆਪਣੀ ਟੀਮ ਨੂੰ ਸ਼ਾਬਾਸ਼ ਦਿੰਦੇ ਹੋਏ 'GOAL' ਲਿਖਦੇ ਸੀ ਤਾਂ ਖ਼ੁਸ਼ੀ ਵਿੱਚ ਨੱਚਦੇ ਲੋਕਾਂ ਦੇ ਹੱਥ ਦਿਖਾਈ ਦਿੰਦੇ ਸਨ।

ਅੱਜ ਵੀ ਜੇ ਤੁਸੀਂ "ਵਧਾਈਆਂ", "ਸ਼ਾਨਦਾਰ ਸਮਾਂ" ਲਿਖੋਂ ਤੇ ਉਨ੍ਹਾਂ ਨੂੰ ਕਲਿੱਕ ਕਰੋਂ ਤਾਂ ਫੇਸਬੁੱਕ ਤੇ ਐਨੀਮੇਸ਼ਨ ਚੱਲਣ ਲੱਗ ਪੈਂਦੇ ਹਨ।

ਅਭਿਨੰਦਨ ਵੀ ਫੇਸਬੁੱਕ ਦੇ ਇਨ੍ਹਾਂ ਸ਼ਬਦਾਂ ਦੀ ਸੂਚੀ ਵਿੱਚ 2 ਸਾਲਾਂ ਤੋਂ ਸ਼ਾਮਲ ਹੈ। ਇਸ ਦਾ ਅਰਥ ਹੈ ਸਵਾਗਤ ਕਰਨਾ। ਇਸੇ ਕਾਰਨ ਜਦੋਂ ਤੁਸੀਂ ਫੇਸਬੁੱਕ 'ਤੇ ਹਿੰਦੀ ਵਿੱਚ ਅਭਿਨੰਦਨ (अभिनंदन) ਲਿਖੋਂ ਤੇ ਕਲਿੱਕ ਕਰੋਂ ਤਾਂ ਗੁਬਾਰੇ ਫੁੱਟਣ ਲੱਗ ਪੈਂਦੇ ਹਨ।

ਪਿਛਲੇ ਸਾਲ ਵੀ ਟੈਕਸ ਡਿਲਾਈਟ ਕਾਰਨ ਹੀ ਅਜਿਹਾ ਹੀ ਇੱਕ ਵਹਿਮ ਫੈਲਿਆ ਸੀ। ਲੋਕਾਂ ਦਾ ਦਾਅਵਾ ਸੀ ਕਿ ਫੇਸਬੁੱਕ ਤੇ BFF ਲਿਖੀਏ ਤਾਂ ਉਸਦਾ ਰੰਗ ਹਰਾ ਹੋ ਜਾਂਦਾ ਹੈ, ਇਸ ਦਾ ਅਰਥ ਹੈ ਕਿ ਅਕਾਊਂਟ ਸੁਰੱਖਿਅਤ ਹੈ।

BFF ਜਾਣੀ Best Friend Forever (ਸਭ ਤੋਂ ਵਧੀਆ ਦੋਸਤ ਹਮੇਸ਼ਾ ਲਈ) ਵੀ ਟੈਕਸਟ ਡਿਲਾਈਟ ਫੀਚਰ ਵਿੱਚ ਸ਼ਾਮਲ ਸੀ। ਜਦੋਂ ਕੋਈ BFF ਲਿਖਦਾ ਸੀ ਤਾਂ ਅੱਖਰਾਂ ਦਾ ਰੰਗ ਹਰਾ ਹੋ ਜਾਂਦਾ ਸੀ ਤੇ ਕਲਿੱਕ ਕਰਨ ਨਾਲ ਦੋ ਹੱਥਾਂ ਦੇ ਤਾੜੀਆਂ ਮਾਰਦਾ ਐਨੀਮੇਸ਼ਨ ਚੱਲ ਪੈਂਦਾ ਸੀ।

(ਅਜਿਹੀਆਂ ਖ਼ਬਰਾਂ, ਵੀਡੀਓ, ਤਸਵੀਰਾਂ ਜਾਂ ਦਾਅਵੇ ਜੋ ਤੁਹਾਡੇ ਕੋਲ ਆਉਂਦੇ ਹਨ, ਜਿਨ੍ਹਾਂ ਬਾਰੇ ਤੁਹਾਡੇ ਮਨ ਵਿੱਚ ਸ਼ੱਕ ਹੋਵੇ ਤਾਂ ਉਸ ਦੀ ਪੜਤਾਲ ਕਰਨ ਲਈ ਬੀਬੀਸੀ ਨੂੰ +91-9811520111 'ਤੇ ਵਟਸਐਪ ਕਰੋ ਜਾਂ ਇੱਥੇ ਕਲਿੱਕ ਕਰੋ।)

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)