ਕਨ੍ਹਈਆ ਦੇ ਮੁਸਲਮਾਨ ਬਣਨ ਬਾਰੇ ਵਾਇਰਲ ਵੀਡੀਓ ਦਾ ਸੱਚ ਜਾਣੋ

ਪਿਛਲੇ ਕੁਝ ਦਿਨਾਂ 'ਚ ਮਸ਼ਹੂਰ ਵਿਦਿਆਰਥੀ ਨੇਤਾ ਕਨ੍ਹਈਆ ਕੁਮਾਰ ਦੇ ਇੱਕ ਭਾਸ਼ਣ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ ਜਿਸ ਨਾਲ ਲਿਖਿਆ ਹੈ ਕਿ ਉਸ ਨੇ "ਮੰਨ ਲਿਆ ਹੈ ਕਿ ਉਹ ਮੁਸਲਮਾਨ ਹੈ।"

ਪੂਰਾ ਕੈਪਸ਼ਨ ਹੈ: "ਕਨ੍ਹਈਆ ਕੁਮਾਰ ਦੀ ਸੱਚਾਈ ਬਾਹਰ ਆ ਗਈ ਹੈ। ਉਹ ਮੁਸਲਮਾਨ ਹੈ ਅਤੇ ਹਿੰਦੂ ਨਾਂ ਰੱਖ ਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ। ਇੱਕ ਬੰਦ ਦਰਵਾਜਿਆਂ ਪਿੱਛੇ ਹੋਈ ਮੀਟਿੰਗ ਵਿੱਚ ਉਸ ਨੇ ਸੱਚ ਬੋਲਿਆ ਹੈ.... ਇਸ ਵੀਡੀਓ ਨੂੰ ਖੂਬ ਸਾਂਝਾ ਕਰੋ ਅਤੇ ਉਸ ਦੀ ਸੱਚਾਈ ਉਜਾਗਰ ਕਰੋ।"

ਵੱਖ-ਵੱਖ 'ਜਾਣਕਾਰੀ' ਲਿਖ ਕੇ ਇਹ ਕਲਿਪ ਘੱਟੋ-ਘੱਟ 10 ਸੱਜੇ ਪੱਖੀ ਫੇਸਬੁੱਕ ਗਰੁੱਪਾਂ ਵਿੱਚ ਸ਼ੇਅਰ ਕੀਤਾ ਗਿਆ ਹੈ।

ਸੱਚ ਕੀ ਹੈ?

ਕਨ੍ਹਈਆ ਨੇ ਅਸਲ ਵਿੱਚ ਵੀਡੀਓ ਵਿੱਚ ਕਿਹਾ ਹੈ:

"ਸਾਡਾ ਇਤਿਹਾਸ ਇਸ ਜ਼ਮੀਨ ਨਾਲ ਜੁੜਿਆ ਹੋਇਆ ਹੈ। ਅਸੀਂ ਸਾਰੇ (ਮੁਸਲਮਾਨ) ਅਰਬੀ ਖਿੱਤੇ ਤੋਂ ਨਹੀਂ ਆਏ ਸਗੋਂ ਇੱਥੇ ਦੇ ਹੀ ਜੰਮਪਲ ਹਾਂ, ਇੱਥੇ ਹੀ ਪੜ੍ਹੇ ਹਾਂ। ਲੋਕਾਂ ਨੇ ਇਹ ਧਰਮ (ਇਸਲਾਮ) ਅਪਣਾਇਆ ਕਿਉਂਕਿ ਇਹ ਅਮਨ ਦੀ ਗੱਲ ਕਰਦਾ ਹੈ।''

"ਇਸ ਵਿੱਚ ਕੋਈ ਵਿਤਕਰਾ ਨਹੀਂ ਹੈ ਇਸ ਲਈ ਅਸੀਂ ਇਸ ਨੂੰ ਚੁਣਿਆ। ਦੂਜੇ ਧਰਮ ਵਿੱਚ ਜਾਤ-ਪਾਤ ਸੀ ਅਤੇ ਕੁਝ ਲੋਕ ਤਾਂ ਛੂਤ-ਛਾਤ ਵੀ ਕਰਦੇ ਸਨ। ਅਸੀਂ ਇਸ ਨੂੰ ਨਹੀਂ ਵਿਸਾਰਾਂਗੇ। ਅਸੀਂ ਖੁਦ ਨੂੰ ਬਚਾਵਾਂਗੇ, ਭਾਈਚਾਰੇ ਨੂੰ ਬਚਾਂਵਾਂਗੇ, ਇਸ ਦੇਸ ਨੂੰ ਵੀ ਬਚਾਵਾਂਗੇ। ਅੱਲਾਹ ਬਹੁਤ ਤਾਕਤਵਰ ਹੈ, ਸਭ ਦੀ ਰੱਖਿਆ ਕਰੇਗਾ।"

ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ

ਵੀਡੀਓ ਨੂੰ ਦੇਖ ਕੇ ਇਹ ਲੱਗ ਸਕਦਾ ਹੈ ਕਿ ਕਨ੍ਹਈਆ ਇਹ ਦੱਸ ਰਹੇ ਹਨ ਕਿ ਉਨ੍ਹਾਂ ਨੇ ਇਸਲਾਮ ਕਿਉਂ ਅਪਣਾਇਆ। ਪਰ ਸਾਡੀ ਪੜਤਾਲ ਤੋਂ ਪਤਾ ਲਗਦਾ ਹੈ ਕਿ ਇਹ ਕਲਿਪ ਪੂਰਾ ਸੱਚ ਨਹੀਂ ਹੈ।

ਇਹ ਤਾਂ ਕਨ੍ਹਈਆ ਦੇ ਭਾਸ਼ਣ ਦਾ ਇੱਕ ਅੰਸ਼ ਹੀ ਹੈ। 25 ਅਗਸਤ 2018 ਦੇ ਇਸ ਭਾਸ਼ਣ ਦਾ ਸਿਰਲੇਖ ਸੀ, 'ਡਾਇਲੌਗ ਵਿਦ ਕਨ੍ਹਈਆ ਕੁਮਾਰ', ਵਿਸ਼ਾ ਸੀ ਘੱਟ ਗਿਣਤੀਆਂ ਦਾ ਭਾਰਤ ਵਿੱਚ ਭਵਿੱਖ।

ਇਹ ਵੀ ਜ਼ਰੂਰ ਪੜ੍ਹੋ

ਕਨ੍ਹਈਆ ਨੇ ਭਾਸ਼ਣ ਵਿੱਚ ਧਰਮ ਅਤੇ ਸਿਆਸਤ ਦੇ ਰਿਸ਼ਤੇ ਬਾਰੇ ਗੱਲ ਕੀਤੀ ਅਤੇ ਇਹ ਦਲੀਲ ਪੇਸ਼ ਕੀਤੀ ਕਿ ਭਾਰਤ ਸਭ ਦਾ ਹੈ।

ਜਿਹੜਾ ਅੰਸ਼ ਵਾਇਰਲ ਹੋ ਰਿਹਾ ਹੈ, ਉਸ ਵਿੱਚ ਕਨ੍ਹਈਆ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਅਬੁਲ ਕਲਾਮ ਆਜ਼ਾਦ ਦੇ ਸ਼ਬਦ ਬੋਲ ਕੇ ਦੱਸ ਰਹੇ ਸਨ। ਕਲਿਪ ਨੂੰ ਇਸ ਤਰ੍ਹਾਂ ਕੱਟਿਆ ਗਿਆ ਹੈ ਕਿ ਲੱਗੇ ਕਿ ਕਨ੍ਹਈਆ ਹੀ ਇਹ ਸ਼ਬਦ ਬੋਲ ਰਹੇ ਹਨ।

ਅਬੁਲ ਕਲਾਮ ਆਜ਼ਾਦ ਹਿੰਦੂ-ਮੁਸਲਮਾਨ ਏਕਤਾ ਦੇ ਮੋਹਰੀ ਸਨ ਅਤੇ ਭਾਰਤ-ਪਾਕਿਸਤਾਨ ਵੰਡ ਦੇ ਵੀ ਵਿਰੋਧੀ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਹਿੰਦੂ ਤੇ ਮੁਸਲਮਾਨ ਕਈ ਸਦੀਆਂ ਤੋਂ ਇਕੱਠੇ ਰਹਿ ਰਹਿ ਹਨ ਅਤੇ ਅੱਗੇ ਵੀ ਰਹਿ ਸਕਦੇ ਹਨ।

ਆਜ਼ਾਦ ਜਦੋਂ 1946 ਵਿੱਚ ਕਾਂਗਰਸ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਮੁਹੰਮਦ ਅਲੀ ਜਿਨਾਹ ਦੀ ਪਾਕਿਸਤਾਨ ਯੋਜਨਾ 'ਤੇ ਵੀ ਹਾਮੀ ਭਰਨ ਤੋਂ ਇਨਕਾਰ ਕਰ ਦਿੱਤਾ ਸੀ।

ਕਨ੍ਹਈਆ ਦੇ ਇਸ ਵੀਡੀਓ ਨੂੰ ਪਿਛਲੇ ਸਾਲ ਵੀ ਵਾਇਰਲ ਕੀਤਾ ਗਿਆ ਸੀ ਅਤੇ ਹੁਣ ਇਹ ਮੁੜ ਆ ਗਿਆ ਹੈ।

ਕਨ੍ਹਈਆ ਕੇਂਦਰ ਦੀ ਮੋਦੀ ਸਰਕਾਰ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਘੋਰ ਵਿਰੋਧੀ ਹਨ। ਉਨ੍ਹਾਂ ਨੇ ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸਿੰਘ ਦੇ ਹਿੰਦੂਤਵ-ਵਾਦੀ ਏਜੰਡੇ ਦਾ ਵਿਰੋਧ ਕੀਤਾ ਹੈ ਅਤੇ ਇਸ ਨੂੰ ਦੇਸ ਲਈ ਖ਼ਤਰਨਾਕ ਦੱਸਿਆ ਹੈ।

ਇਹ ਵੀ ਜ਼ਰੂਰ ਪੜ੍ਹੋ

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)