ਕੈਪਟਨ ਅਮਰਿੰਦਰ ਖਿਲਾਫ਼ ਸਾਬਕਾ ਡੀਜੀਪੀ ਸੁਮੇਧ ਸੈਣੀ ਅਦਾਲਤ ਪਹੁੰਚੇ, ਲੁਧਿਆਣਾ ਸਿਟੀ ਸੈਂਟਰ ਘੋਟਾਲਾ ਮਾਮਲਾ - 5 ਅਹਿਮ ਖਬਰਾਂ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਲੁਧਿਆਣਾ ਦੇ ਸਿਟੀ ਸੈਂਟਰ ਘੋਟਾਲਾ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦੇ ਖਿਲਾਫ਼ ਪੰਜਾਬ ਦੇ ਸਾਬਕਾ ਡੀਜੀਪੀ ਤੇ ਵਿਜੀਲੈਂਸ ਮੁਖੀ ਰਹੇ ਸੁਮੇਧ ਸੈਣੀ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਅਰਜ਼ੀ ਦਾਇਰ ਕਰ ਦਿੱਤੀ ਹੈ।

ਉਨ੍ਹਾਂ ਆਪਣੀ ਅਰਜ਼ੀ ਵਿੱਚ ਕਿਹਾ ਕਿ ਜੇਕਰ ਅਦਾਲਤ ਉਨ੍ਹਾਂ ਨੂੰ ਬੁਲਾਉਂਦੀ ਹੈ ਤਾਂ ਉਹ ਸਿਟੀ ਸੈਂਟਰ ਨਾਲ ਜੁੜੇ ਕਈ ਅਹਿਮ ਤੱਥ ਤੇ ਕਾਗਜ਼ਾਤ ਅਦਾਲਤ ਸਾਹਮਣੇ ਰੱਖ ਸਕਦੇ ਹਨ। ਇਸ ਮਾਮਲੇ ਵਿੱਚ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ।

ਸੈਣੀ ਨੇ ਦਾਅਵਾ ਕੀਤਾ ਕਿ ਉਹ ਮਾਰਚ, 2007 ਤੋਂ ਮਾਰਚ, 2012 ਤੱਕ ਵਿਜੀਲੈਂਸ ਬਿਊਰੋ ਦੇ ਮੁਖੀ ਸਨ। ਇਸ ਲਈ ਕੈਂਸਲੇਸ਼ਨ ਰਿਪੋਰਟ ਤੋਂ ਪਹਿਲਾਂ ਅਦਾਲਤ ਇੱਕ ਵਾਰੀ ਉਨ੍ਹਾਂ ਨੂੰ ਜ਼ਰੂਰ ਸੁਣ ਲਏ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਪ੍ਰਿਵੈਂਸ਼ਨ ਆਫ ਕਰੱਪਸ਼ਨ ਐਕਟ ਤਹਿਤ ਦਰਜ ਇਹ ਇੱਕਲੌਤਾ ਮਾਮਲਾ ਹੈ ਜੋ ਕਿ ਲਟਕਿਆ ਹੋਇਆ ਸੀ। ਸਰਕਾਰ ਬਣਨ ਤੋਂ 6 ਮਹੀਨੇ ਬਾਅਦ ਹੀ ਕਲੋਜ਼ਰ ਰਿਪੋਰਟ ਫਾਇਲ ਕਰਨ ਕਾਰਨ ਵਿਜੀਲੈਂਸ ਵਿਭਾਗ ਦੀ ਭੂਮਿਕਾ ਅਤੇ ਆਜ਼ਾਦੀ ਉੱਤੇ ਸਵਾਲ ਖੜ੍ਹੇ ਹੋਣ ਲੱਗੇ ਸਨ।

ਇਹ ਵੀ ਪੜ੍ਹੋ:

ਲਸ਼ਕਰ ਕਮਾਂਡਰ ਨਾਵੀਦ ਜੱਟ ਮੁਕਾਬਲੇ 'ਚ ਹਲਾਕ

ਦਿ ਟ੍ਰਿਬਿਊਨ ਅਨੁਸਾਰ ਪਾਕਿਸਤਾਨ 'ਚ ਜੰਮਿਆ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਨਾਵੀਦ ਜੱਟ ਬਡਗਾਮ ਜ਼ਿਲ੍ਹੇ 'ਚ ਬੁੱਧਵਾਰ ਨੂੰ ਮੁਕਾਬਲੇ ਦੌਰਾਨ ਮਾਰਿਆ ਗਿਆ। ਉਹ ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ਦੇ ਮਾਮਲੇ 'ਚ ਲੋੜੀਂਦਾ ਸੀ ਅਤੇ ਇਸ ਸਾਲ ਫਰਵਰੀ 'ਚ ਹਿਰਾਸਤ 'ਚੋਂ ਫ਼ਰਾਰ ਹੋ ਗਿਆ ਸੀ।

ਅਧਿਕਾਰੀਆਂ ਮੁਤਾਬਕ ਨਾਵੀਦ 26/11 ਦੇ ਮੁੰਬਈ ਹਮਲੇ ਦੇ ਦਹਿਸ਼ਤਗਰਦ ਅਜਮਲ ਕਸਾਬ ਦਾ ਸਾਥੀ ਸੀ। ਮੁਕਾਬਲੇ ਦੌਰਾਨ ਉਸ ਦਾ ਸਾਥੀ ਹਲਾਕ ਹੋ ਗਿਆ। ਮੁਕਾਬਲੇ 'ਚ ਤਿੰਨ ਫ਼ੌਜੀ ਜਵਾਨ ਵੀ ਜ਼ਖ਼ਮੀ ਹੋਏ ਹਨ।

ਜੰਮੂ-ਕਸ਼ਮੀਰ ਦੇ ਰਾਜਪਾਲ ਨੂੰ ਤਬਾਦਲੇ ਦਾ ਖਤਰਾ?

ਦਿ ਇੰਡੀਅਨ ਐਕਸਪ੍ਰੈਸ ਦੀ ਖਬਰ ਅਨੁਸਾਰ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਤਬਾਦਲੇ ਦਾ ਖਦਸ਼ਾ ਜਤਾਇਆ ਹੈ।

ਸਤਿਆਪਾਲ ਮਲਿਕ ਨੇ ਕਿਹਾ, ''ਪਤਾ ਨਹੀਂ ਕਦੋਂ ਤਬਾਦਲਾ ਹੋ ਜਾਵੇ। ਨੌਕਰੀ ਤਾਂ ਨਹੀਂ ਜਾਵੇਗੀ ਪਰ ਤਬਾਦਲੇ ਦਾ ਖ਼ਤਰਾ ਰਹਿੰਦਾ ਹੈ। ਤਾਂ ਜਦੋਂ ਤੱਕ ਮੈਂ ਇੱਥੇ ਹਾਂ... ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਚਿੱਠੀ ਭੇਜ ਦਿਉ। ਮੈਂ ਜ਼ਰੂਰ ਫੁੱਲ ਚੜ੍ਹਾਉਣ ਆਉਂਗਾ।''

ਕਾਂਗਰਸ ਆਗੂ ਗਿਰਧਾਰੀ ਲਾਲ ਡੋਗਰਾ ਦੀ 31ਵੀਂ ਵਰ੍ਹੇਗੰਢ 'ਤੇ ਕੀਤੇ ਗਏ ਇੱਕ ਪ੍ਰੋਗਰਾਮ ਵਿੱਚ ਸਤਿਆਪਾਲ ਮਲਿਕ ਇਹ ਬੋਲ ਰਹੇ ਸਨ।

ਇਸ ਤੋਂ ਠੀਕ ਇੱਕ ਦਿਨ ਪਹਿਲਾਂ ਸਤਿਆਪਾਲ ਮਲਿਕ ਨੇ ਕਿਹਾ ਸੀ, ''ਇਹ ਸਪਸ਼ਟ ਹੈ ਕਿ ਜੇ ਮੈਂ ਦਿੱਲੀ ਵੱਲ ਦੇਖਦਾ ਹਾਂ ਤਾਂ ਮੈਨੂੰ ਸੱਜਾਦ ਲੋਨ ਨੂੰ ਮੁੱਖ ਮੰਤਰੀ ਬਣਾਉਣਾ ਪੈਂਦਾ। ਇਸ ਕਰਕੇ ਮੈਂ ਮਾਮਲੇ ਨੂੰ ਖ਼ਤਮ ਕਰ ਦਿੱਤਾ। ਜੇ ਮੈਂ ਅਜਿਹਾ ਕਰਦਾ ਤਾਂ ਇਤਿਹਾਸ ਮੈਨੂੰ ਬੇਈਮਾਨ ਦੇ ਰੂਪ ਵਿੱਚ ਯਾਦ ਕਰਦਾ। ਮੈਂ ਬੇਈਮਾਨਦੇ ਤੌਰ 'ਤੇ ਦਰਜ ਨਹੀਂ ਹੋਣਾ ਚਾਹੁੰਦਾ। ਜੋ ਗਾਲ੍ਹਾਂ ਕੱਢਣਗੇ, ਉਹ ਕੱਢਣਗੇ। ਪਰ ਮੈਂ ਸੰਤੁਸ਼ਟ ਹਾਂ ਕਿ ਮੈਂ ਜੋ ਕੀਤਾ, ਉਹ ਠੀਕ ਕੀਤਾ।''

ਇਸਰੋ 31 ਸੈਟੇਲਾਈਟ ਕਰੇਗਾ ਲਾਂਚ

ਹਿੰਦੁਸਤਾਨ ਟਾਈਮਜ਼ ਮੁਤਾਬਕ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) 31 ਸੈਟੇਲਾਈਟ ਲਾਂਚ ਕਰੇਗਾ। ਇਸ ਵਿੱਚ ਅੱਜ ਅੱਠ ਹੋਰ ਦੇਸ਼ਾਂ ਦੇ 30 ਮਾਈਕ੍ਰੋ ਅਤੇ ਨੈਨੋ ਸੈਟੇਲਾਈਟਾਂ ਸਣੇ ਇੱਕ ਧਰਤੀ ਉੱਤੇ ਨਜ਼ਰ ਰੱਖਣ ਵਾਲਾ ਸੈਟੇਲਾਈਟ ਵੀ ਸ਼ਾਮਿਲ ਹੈ। ਅਸਟਰੇਲੀਆ, ਕੈਨੇਡਾ, ਫਿਨਲੈਂਡ, ਮਲੇਸ਼ੀਆ, ਨੀਦਰਲੈਂਡਸ, ਸਪੇਨ, ਅਮਰੀਕਾ ਦੇਸਾਂ ਦੇ ਸੈਟੇਲਾਈਟ ਇਸ ਸੂਚੀ ਵਿੱਚ ਸ਼ਾਮਿਲ ਹਨ।

ਇਹ 31 ਸੈਟੇਲਾਈਟ ਦੋ ਵੱਖਰੇ ਓਰਬਿਟਜ਼ ਵਿੱਚ ਲਾਂਚ ਕੀਤੇ ਜਾਣਗੇ। ਇਸਰੋ ਮੁਤਾਬਕ ਭਾਰਤੀ ਸੈਟੇਲਾਈਟ ਹਾਈਪਰ ਸਪੈਕਟਰ ਇਮੇਜਿੰਗ ਸੈਟੇਲਾਈਟ ਸਨਅਤਾਂ ਵੱਲੋਂ ਕੀਤੇ ਜਾਂਦੇ ਪ੍ਰਦੂਸ਼ਣ ਉੱਤੇ ਨਜ਼ਰ ਰੱਖੇਗਾ।

ਇਸਰੋ ਦੇ ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ, "ਇਹ ਸੈਟੇਲਾਈਟ ਧਰਤੀ ਦੀ ਸਤਹ ਉੱਤੇ ਨਜ਼ਰ ਰੱਖੇਗਾ ਅਤੇ ਮਿੱਟੀ, ਪਾਣੀ, ਬਨਸਪਤੀ ਅਤੇ ਹੋਰ ਡਾਟਾ ਮੁਹੱਈਆ ਕਰਵਾਏਗਾ। ਵਿਗਿਆਨੀ ਹੋਰ ਵੀ ਚੀਜ਼ਾਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ ਪਰ ਪ੍ਰਦੂਸ਼ਣ ਦੀ ਨਿਗਰਾਨੀ ਸੰਭਵ ਹੋਵੇਗੀ।

ਅਫ਼ਗਾਨੀਸਤਾਨ ਦੀ ਰਾਜਧਾਨੀ ਵਿੱਚ ਹਮਲਾ

ਅਫਗਾਨਿਸਾਤਨ ਦੀ ਰਾਜਧਾਨੀ ਕਾਬੁਲ ਵਿੱਚ ਸਥਿਤ ਬ੍ਰਿਟਿਸ਼ ਸੁਰੱਖਿਆ ਫਰਮ ਜੀ4ਐਸ 'ਤੇ ਹਮਲਾ ਹੋਇਆ ਹੈ। ਇਸ ਦੌਰਾਨ ਘੱਟੋ-ਘੱਟ 10 ਲੋਕ ਮਾਰੇ ਗਏ ਹਨ ਜਦੋਂਕਿ 19 ਜ਼ਖਮੀ ਹੋਏ ਹਨ।

ਅਫਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਨੁਸਾਰ ਇੱਕ ਕੰਪਾਊਂਡ ਦੇ ਬਾਹਰ ਕਾਰ ਵਿੱਚ ਬੰਬ ਧਮਾਕੇ ਤੋਂ ਬਾਅਦ ਬੰਦੂਕਧਾਰੀਆਂ ਨੇ ਗੋਲਬਾਰੀ ਕੀਤੀ।

ਤਾਲੀਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜੀ4ਐਸ ਦੁਨੀਆ ਦਾ ਸਭ ਤੋਂ ਵੱਡਾ ਸੁਰੱਖਿਆ ਗਰੁੱਪ ਹੈ ਜੋ ਕਿ ਬ੍ਰਿਟਿਸ਼ ਐਂਬੇਸੀ ਦੇ ਬਾਹਰ ਸੁਰੱਖਿਆ ਮੁਹੱਈਆ ਕਰਵਾ ਰਿਹਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)