ਬਾਦਲਾਂ ਲਈ ਨਵੀਆਂ ਲਗਜ਼ਰੀ ਗੱਡੀਆਂ ਖਰੀਦਣ ਦਾ ਮਤਾ ਰੱਦ - 5 ਅਹਿਮ ਖ਼ਬਰਾਂ

ਪੰਜਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਾਦਲਾਂ ਲਈ ਨਵੀਆਂ ਬਖਤਰਬੰਦ ਲਗਜ਼ਰੀ ਗੱਡੀਆਂ ਖਰੀਦਣ ਦਾ ਮਤਾ ਖਾਰਿਜ ਕਰ ਦਿੱਤਾ ਹੈ।

ਇਹ ਗੱਡੀਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਖਰੀਦੀਆਂ ਜਾਣੀਆਂ ਸਨ।

ਪੰਜਾਬ ਪੁਲਿਸ ਦੇ ਸੁਰੱਖਿਆ ਵਿੰਗ ਨੇ ਵਿੱਤ ਵਿਭਾਗ ਨੂੰ ਪ੍ਰਕਾਸ਼ ਸਿੰਘ ਬਾਦਲ ਦੀਆਂ ਪੁਰਾਣੀਆਂ ਟੌਇਟਾ ਲੈਂਡ ਕਰੂਜ਼ਰ ਅਤੇ ਸੁਖਬੀਰ ਬਾਦਲ ਦੀਆਂ ਗੱਡੀਆਂ ਨੂੰ ਬਦਲਣ ਲਈ ਇੱਕ ਮਤਾ ਭੇਜਿਆ ਸੀ।

ਇਹ ਵੀ ਪੜ੍ਹੋ:

ਮਨਪ੍ਰੀਤ ਦਾ ਕਹਿਣਾ ਹੈ, "ਉਹ (ਬਾਦਲ ਅਤੇ ਮਜੀਠੀਆ) ਉੱਤਰ ਭਾਰਤ ਦੇ ਅਮੀਰ ਲੋਕਾਂ ਵਿੱਚ ਸ਼ੁਮਾਰ ਹਨ। ਉਹ ਸਰਕਾਰੀ ਸਾਧਨਾਂ 'ਤੇ ਨਿਰਭਰ ਨਹੀਂ ਹਨ ਅਤੇ ਆਪਣੇ ਲਈ ਬੁਲੇਟ-ਪਰੂਫ਼ ਗੱਡੀਆਂ ਖਰੀਦ ਸਕਦੇ ਹਨ।"

ਖੁਦਕੁਸ਼ੀ ਕਰਨ ਵਾਲੀਆਂ 10 'ਚੋਂ 4 ਔਰਤਾਂ ਭਾਰਤ ਦੀਆਂ

ਵਿਸ਼ਵ ਭਰ ਵਿੱਚ ਖੁਦਕੁਸ਼ੀ ਕਰਨ ਵਾਲੀਆਂ 10 ਵਿੱਚੋਂ 4 ਔਰਤਾਂ ਭਾਰਤ ਨਾਲ ਸਬੰਧਤ ਹਨ। ਭਾਰਤ ਵਿੱਚ ਖੁਦਕੁਸ਼ੀ ਕਰਨ ਵਾਲੀਆਂ 71.2 ਫੀਸਦੀ ਔਰਤਾਂ 15-39 ਉਮਰ ਵਰਗ ਦੀਆਂ ਸਨ। ਭਾਰਤ ਵਿੱਚ 1990 ਅਤੇ 2016 ਵਿੱਚ ਖੁਦਕੁਸ਼ੀ ਕਰਨ ਵਾਲੀਆਂ ਔਰਤਾਂ ਵਿੱਚ 27 ਫੀਸਦੀ ਦੀ ਕਟੌਤੀ ਹੋਈ ਹੈ।

ਇਹ ਅੰਕੜੇ "ਭਾਰਤ ਵਿੱਚ ਖੁਦਕੁਸ਼ੀ ਦੇ ਮਾਮਲਿਆਂ ਵਿੱਚ ਲਿੰਗ ਭੇਦ ਅਤੇ ਸੂਬਾ ਪੱਧਰੀ ਭਿੰਨਤਾਵਾਂ: ਬਿਮਾਰੀ ਦਾ ਵਿਸ਼ਵ ਪੱਧਰੀ ਅਸਰ, 1990-2016" ਦੀ ਰਿਪੋਰਟ ਦੇ ਆਧਾਰ 'ਤੇ ਪੇਸ਼ ਕੀਤੇ ਗਏ ਹਨ। ਇਹ ਰਿਪੋਰਟ ਲੈਂਸੇਟ ਪਬਲਿਕ ਹੈਲਥ ਜਰਨਲ ਵਿੱਚ ਛਪੀ ਹੈ।

ਸਰਵੇਖਣ ਮੁਤਾਬਕ ਭਾਰਤ ਵਿੱਚ ਔਰਤਾਂ ਦੇ ਖੁਦਕੁਸ਼ੀ ਦੇ ਮਾਮਲੇ 1990 ਵਿੱਚ 25.3 ਫੀਸਦੀ ਤੋਂ ਵੱਧ ਕੇ 2016 ਵਿੱਚ 36.6 ਫੀਸਦੀ ਹੋ ਗਏ ਹਨ।

ਕੈਬਨਿਟ ਨੇ ਘੱਟੋ-ਘੱਟ ਮੁੱਲ ਤੈਅ ਕਰਨ ਲਈ 3 ਬਦਲ ਦੱਸੇ

ਕਿਸਾਨਾਂ ਨੂੰ ਫਸਲ ਦਾ ਘੱਟੋ-ਘੱਟ ਮੁੱਲ ਜ਼ਰੂਰ ਮਿਲੇ ਇਸ ਲਈ ਕੇਂਦਰੀ ਸਰਕਾਰ ਨੇ ਤਿੰਨ ਨੀਤੀਆਂ ਦਾ ਬਦਲ ਦਿੱਤਾ ਹੈ।

ਇਹ ਯੋਜਨਾਵਾਂ ਮੰਡੀ ਵਿੱਚ ਖਰੀਦ ਰਾਹੀਂ ਦਖਲ ਦੇਣ ਲਈ ਤਿਆਰ ਕੀਤੀਆਂ ਗਈਆਂ ਹਨ ਤਾਂ ਕਿ ਜਦੋਂ ਕਿਸਾਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੋਵੇ ਤਾਂ ਅਜਿਹੇ ਹਾਲਾਤ ਵਿੱਚ ਮੰਡੀ ਵਿੱਚੋਂ ਕਿਸਾਨਾਂ ਲਈ ਲਾਹੇਵੰਦ ਕੀਮਤ 'ਤੇ ਖਰੀਦ ਲਈਆਂ ਜਾਣ।

ਇਨ੍ਹਾਂ ਯੋਜਨਾਵਾਂ ਦਾ ਨਾਮ ਹੈ ਪੀਐਮ ਅੰਨਦਾਤਾ ਆਏ ਸੰਰਕਸ਼ਨ ਅਭਿਆਨ-ਪੀਐਮ ਆਸ਼ਾ (ਪੀਐਮ ਅੰਨਦਾਤਾ ਆਮਦਨ ਰੱਖਿਆ ਮੁਹਿੰਮ-ਪੀਐਮ ਆਸ਼ਾ)।

ਪੰਜਾਬ ਵਿੱਚ 40% ਬੱਚੇ ਭੁੱਖੇ-ਭਾਣੇ ਸਕੂਲ ਜਾਂਦੇ ਹਨ

ਪੰਜਾਬ ਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਕਲਾਸਾਂ ਦੇ ਪੰਜ 'ਚੋਂ ਦੋ ਬੱਚੇ ਭੁੱਖੇ ਸਕੂਲ ਜਾ ਰਹੇ ਹਨ।

ਸਰਕਾਰੀ ਸਕੂਲਾਂ ਵਿੱਚ ਮਿਡ-ਡੇ-ਮੀਲ ਸਕੀਮ ਸਬੰਧੀ ਮਲਟੀ-ਏਜੰਸੀ ਸੰਯੁਕਤ ਰਿਵੀਊ ਮਿਸ਼ਨ ਵੱਲੋਂ ਕੀਤੇ ਗਏ ਪੋਸ਼ਣ ਸੰਬੰਧੀ ਮੁਲਾਂਕਣ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਪਹਿਲੀ ਤੋਂ 8ਵੀਂ ਕਲਾਸ ਦੇ ਲਗਭਗ 40 ਫੀਸਦ ਬੱਚੇ ਨਾਸ਼ਤਾ ਕੀਤੇ ਬਿਨਾਂ ਹੀ ਸਕੂਲ ਜਾਂਦੇ ਹਨ।

ਜਲੰਧਰ ਅਤੇ ਰੂਪਨਗਰ ਜ਼ਿਲ੍ਹਿਆਂ ਦੇ 43 ਸਕੂਲਾਂ ਵਿੱਚ ਇਹ ਸਰਵੇਖਣ ਕੀਤਾ ਗਿਆ ਜਿਸ ਵਿੱਚ ਭੋਜਨ ਅਤੇ ਪੋਸ਼ਣ, ਸਿਹਤ ਅਤੇ ਸਿੱਖਿਆ ਮਾਹਿਰਾਂ, ਡਾਇਰੈਕਟਰ, ਮਿਡ-ਡੇ-ਮੀਲ ਸਕੀਮ ਅਤੇ ਕੇਂਦਰੀ ਮਨੁੱਖੀ ਵਿਕਾਸ ਮੰਤਰਾਲੇ ਦੇ ਅਧਿਕਾਰੀ ਸ਼ਾਮਿਲ ਸਨ।

ਸਮੇਂ-ਸਮੇਂ 'ਤੇ ਕੀਤੇ ਗਏ ਵੱਖ-ਵੱਖ ਅਧਿਐਨਾਂ ਮੁਤਾਬਕ ਲੰਮੇ ਸਮੇਂ ਤੱਕ ਨਾਸ਼ਤਾ ਨਾ ਕਰਨ ਕਾਰਨ ਵਿਹਾਰ ਅਤੇ ਪੋਸ਼ਟਿਕੀ ਸਥਿਤੀ ਦੋਵਾਂ 'ਤੇ ਅਸਰ ਪੈ ਸਕਦਾ ਹੈ।

ਐੱਪਲ ਨੇ ਨਵਾਂ ਫੋਨ ਤੇ ਸਮਾਰਟ ਵਾਚ ਕੀਤੇ ਲਾਂਚ

ਐੱਪਲ ਨੇ ਆਪਣੇ ਆਈਫੋਨ ਐਕਸ ਹੈਂਡਸੈੱਟ ਨੂੰ ਤਿੰਨ ਹੋਰ ਮਜ਼ਬੂਤ ਮਾਡਲਾਂ ਦੇ ਨਾਲ ਅਪਡੇਟ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਪਹਿਲਾਂ ਨਾਲੋਂ ਵੱਡੇ ਹਨ।

ਇਹ ਵੀ ਪੜ੍ਹੋ:

ਆਈਫੋਨ ਐਕਸਐਸ ਮੈਕਸ ਦੀ ਸਕਰੀਨ 6.5 ਇੰਚ (16.5 ਸੈਂਟੀਮੀਟਰ) ਦੀ ਹੈ। ਆਈਫੋਨ ਐਕਸਐਸ ਦੀ ਪਹਿਲਾਂ ਵਾਂਗ ਹੀ 5.8 ਇੰਚ ਦੀ ਹੈ, ਜਦੋਂ ਕਿ ਆਈਫੋਨ ਐਕਸਆਰ ਦੀ ਸਕ੍ਰੀਨ 6.1 ਇੰਚ ਦੀ ਹੈ ਪਰ ਇਹ ਚੰਗੀ ਕਵਾਲਿਟੀ ਦੀ ਨਹੀਂ ਹੈ।

ਸਮਾਰਟ ਵਾਚ ਨੂੰ ਇੱਕ ਹੋਰ ਫੀਚਰ ਦੇ ਨਾਲ ਲਾਂਚ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)