You’re viewing a text-only version of this website that uses less data. View the main version of the website including all images and videos.
ਕਰੁਣਾਨਿਧੀ ਦੀ ਦੇਹ ਸਪੁਰਦ-ਏ-ਖ਼ਾਕ ਕੀਤੀ ਗਈ
ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀਐੱਮਕੇ ਮੁਖੀ ਐੱਮ ਕਰੁਣਾਨਿਧੀ ਨੂੰ ਮਰੀਨਾ ਬੀਚ 'ਤੇ ਸਪੁਰਦ-ਏ-ਖ਼ਾਕ ਕੀਤੀ ਗਈ।ਤਿਰੰਗੇ ਵਿਚ ਲਿਪਟੀ ਉਨ੍ਹਾਂ ਦੀਆਂ ਦੇਹ ਇੱਕ ਵੱਡੇ ਕਾਫ਼ਲੇ ਨਾਲ ਮਰੀਨਾ ਬੀਚ ਲਿਆਂਦੀ ਗਈ। ਉਨ੍ਹਾਂ ਦੀਆਂ ਅੰਤਿਮ ਰਸਮਾਂ ਮੌਕੇ ਇੱਕੀ ਸਸ਼ਤਰ ਜਵਾਨਾਂ ਨੇ ਸਲਾਮੀ ਦਿੱਤੀ ਅਤੇ ਦੇਸ ਭਰ ਤੋਂ ਪੁੱਜੇ ਸਿਆਸਤਦਾਨਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਮਦਰਾਸ ਹਾਈ ਕੋਰਟ ਨੇ ਕਈ ਘੰਟਿਆਂ ਤੱਕ ਚੱਲੀ ਸੁਣਵਾਈ ਤੋਂ ਬਾਅਦ ਕਰੁਣਾਨਿਧੀ ਨੂੰ ਮਰੀਨ ਬੀਚ ਉੱਤੇ ਅੰਨਾਦੁਰਈ ਦੀ ਸਮਾਧ ਦੇ ਨੇੜੇ ਦਫਨਾਉਣ ਦੀ ਇਜਾਜ਼ਤ ਦਿੱਤੀ ਸੀ।
ਮੰਗਲਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਉਹ ਪਿਛਲੇ ਕਈ ਦਿਨਾਂ ਤੋਂ ਚੇੱਨਈ ਦੇ ਕਾਵੇਰੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਜਿੱਥੇ ਉਨ੍ਹਾਂ ਮੰਗਲਵਾਰ ਸ਼ਾਮੀ 6.10 ਵਜੇ ਆਖਰੀ ਸਾਹ ਲਏ।
ਕਰੁਣਾਨਿਧੀ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਲਿਆਂਦਾ ਗਿਆ। ਉਨ੍ਹਾਂ ਦੀ ਦੇਹ ਨੂੰ ਕਿੱਥੇ ਦਫ਼ਨਾਇਆ ਜਾਵੇਗਾ ਇਸ ਨੂੰ ਲੈਕੇ ਵਿਵਾਦ ਖੜ੍ਹਾ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰ ਨੇ ਮਦਰਾਸ ਹਾਈ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ।
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਡੀਐਮਕੇ ਦੀ ਮੰਗ ਦਾ ਸਮਰਥਨ ਕੀਤਾ ਹੈ।
ਜਿਸ ਮੈਰੀਨਾ ਬੀਚ ਉੱਤੇ ਤਮਿਲ ਨਾਡੂ ਦੀ ਸਾਬਕਾ ਮੁੱਖ ਮੰਤਰੀ ਨੂੰ ਦਫ਼ਨਾਇਆ ਗਿਆ ਹੈ। ਡੀਐਮਕੇ ਕਾਰਕੁਨ ਚਾਹੁੰਦੇ ਹਨ ਕਿ ਕਰੁਣਾਨਿਧੀ ਦੀ ਦੇਹ ਨੂੰ ਵੀ ਉੱਥੇ ਹੀ ਦਫ਼ਨਾਇਆ ਜਾਵੇ ਪਰ ਸੂਬਾ ਸਰਕਾਰ ਨੇ ਮੈਰੀਨਾ ਬੀਚ ਉੱਤੇ ਥਾਂ ਅਲਾਟ ਕਰਨ ਤੋਂ ਇਨਕਾਰ ਕੀਤਾ ਹੈ। ਡੀਐਮਕੇ ਨੇ ਇਸ ਉੱਤੇ ਇੱਕ ਪਟੀਸ਼ਨ ਵੀ ਦਾਇਰ ਕਰ ਦਿੱਤੀ ਹੈ।
ਪਾਰਟੀ ਆਗੂਆਂ ਨੇ ਮੁੱਖ ਮੰਤਰੀ ਨੂੰ ਨਿੱਜੀ ਤੌਰ ਉੱਤੇ ਇਸ ਸਬੰਧੀ ਅਪੀਲ ਵੀ ਕੀਤੀ ਸੀ ਪਰ ਸੂਬੇ ਦੇ ਮੁੱਖ ਸਕੱਤਰ ਗਿਰਿਜਾ ਵੈਦਿਆਨਾਥਨ ਮੁਤਾਬਕ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਮੈਰੀਨ ਤਟ ਉੱਤੇ ਆਗੂਆਂ ਨੂੰ ਦਫ਼ਨਾਉਣ ਦਾ ਮਾਮਲਾ ਪਹਿਲਾ ਹੀ ਮਦਰਾਸ ਹਾਈਕੋਰਟ ਵਿਚ ਸੁਣਵਾਈ ਅਧੀਨ ਹੈ।
ਸਰਕਾਰ ਨੇ ਕਿਹਾ ਕਿ ਉਹ ਅੰਨਾ ਯੂਨੀਵਰਸਿਟੀ ਦੇ ਸਾਹਮਣੇ ਦੋ ਏਕੜ ਜ਼ਮੀਨ ਦੇਣ ਲਈ ਤਿਆਰ ਹੈ। ਇਹ ਇਲਾਕਾ ਮੈਰੀਨਾ ਬੀਚ ਤੋਂ ਕਰੀਬ 8 ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ:
ਗਹਿਰੇ ਦੁੱਖ ਦਾ ਪ੍ਰਗਟਾਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੀਐੱਮਕੇ ਮੁਖੀ ਐੱਮ ਕਰੁਣਾਨਿਧੀ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਰਾਹੀ ਮਰਹੂਮ ਆਗੂ ਨਾਲ ਆਪਣੀ ਫੋਟੋ ਸਾਂਝੀ ਕਰਦਿਆਂ ਲਿਖਿਆ ਹੈ ਕਿ ਕਰੁਣਾਨਿਧੀ ਦੇ ਸਦੀਵੀ ਵਿਛੋੜੇ ਨਾਲ ਭਾਰਤ ਨੇ ਇੱਕ ਜ਼ਮੀਨੀ ਆਗੂ, ਲੇਖਕ ਅਤੇ ਗਰੀਬਾਂ ਦਾ ਹਮਦਰਦ ਖੋ ਦਿੱਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਰੁਣਾਨਿਧੀ ਦੀ ਮੌਤ ਮੁਲਕ ਨੂੰ ਨਾ ਪੂਰਾ ਹੋਣ ਘਾਟਾ ਦੱਸਿਆ ਹੈ।
ਚਨੇਈ ਸੁਪਰ ਕਿੰਗਜ਼ ਕ੍ਰਿਕਟ ਟੀਮ ਦੇ ਮੈਂਬਰ ਪੰਜਾਬੀ ਕ੍ਰਿਕਟਰ ਹਰਭਜਨ ਸਿੰਘ ਨੇ ਤਮਿਲ ਵਿਚ ਟਵੀਟ ਕਰਕੇ ਮਰਹੂਮ ਆਗੂ ਨੂੰ ਸ਼ਰਧਾ ਦੇ ਫੱਲ ਭੇਟ ਕੀਤੇ ਹਨ। ਦੇਸ਼ ਭਰ ਤੋਂ ਸਿਆਸੀ ਆਗੂਆਂ ਜਿਨ੍ਹਾਂ ਚ ਰਾਹੁਲ ਗਾਂਧੀ, ਰਾਜਨਾਥ ਸਿੰਘ, ਅਮਿਤ ਸ਼ਾਹ, ਮਮਤਾ ਬੈਨਰਜੀ ਤੇ ਅਰਵਿੰਦ ਕੇਜਰੀਵਾਲ ਦਾ ਨਾਂ ਸ਼ਾਮਲ ਨੇ ਡੀਐਮਕੇ ਆਗੂ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ ਹੈ।
60 ਸਾਲ ਤੋਂ ਲਗਾਤਾਰ ਵਿਧਾਇਕ
ਪੰਜ ਵਾਰ ਮੁੱਖ ਮੰਤਰੀ ਰਹੇ ਤਮਿਲ ਨਾਡੂ ਦੀ ਸਿਆਸਤ ਦੇ ਬਾਬਾ ਬੋਹੜ ਕਰੁਣਾਨਿਧੀ 60 ਸਾਲ ਤੋਂ ਵਿਧਾਇਕ ਹਨ ਅਤੇ ਇੱਕ ਵੀ ਵਾਰ ਚੋਣ ਨਹੀਂ ਹਾਰੇ ਸਨ। ਕਰੁਣਾਨਿਧੀ ਦਾ ਜਨਮ ਤਮਿਲ ਨਾਡੂ ਦੇ ਜ਼ਿਲ੍ਹਾ ਨਾਗਾਪਟੀਨਮ ਵਿੱਚ 3 ਜੂਨ 1924 ਵਿੱਚ ਹੋਇਆ ਸੀ। ਕਰੁਣਾਨਿਧੀ ਨੂੰ ਦੱਖਣੀ ਭਾਰਤ ਵਿਚ ਬ੍ਰਾਹਮਣਵਾਦ ਅਤੇ ਗੈਰ ਹਿੰਦੀ ਰਾਜਾਂ ਉੱਤੇ ਹਿੰਦੀ ਥੋਪੇ ਜਾਣ ਖ਼ਿਲਾਫ਼ ਮੋਰਚਾ ਲਾਉਣ ਵਾਲੇ ਆਗੂ ਦੇ ਤੌਰ ਉੱਤੇ ਜਾਣਿਆ ਜਾਂਦਾ ਸੀ।
ਕਰੁਣਾਨਿਧੀ ਨੇ ਪਹਿਲੀ ਵਾਰ 1957 ਵਿੱਚ ਚੋਣ ਲੜੀ ਸੀ। ਉਸ ਚੋਣ ਵਿੱਚ ਕਰੁਣਾਨਿਧੀ ਕੁਲੀਥਲਾਈ ਤੋਂ ਵਿਧਾਇਕ ਬਣੇ। ਆਖ਼ਰੀ ਵਾਰ ਉਨ੍ਹਾਂ ਨੇ 2016 ਵਿੱਚ ਥੀਰੂਵਾਰੂਰ ਤੋਂ ਚੋਣ ਜਿੱਤੀ। ਇਸ ਵਿਧਾਨ ਸਭਾ ਹਲਕੇ ਵਿੱਚ ਉਨ੍ਹਾਂ ਦਾ ਜੱਦੀ ਸ਼ਹਿਰ ਵੀ ਆਉਂਦਾ ਹੈ।
ਡੀਐਮਕੇ ਕਾਰਕੁਨ ਬੇਹਾਲ
ਕਰੁਣਾਨਿਧੀ ਦੀ ਹਾਲਤ ਵਿਗੜਨ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਪਾਰਟੀ ਕਾਰਕੁਨ ਕਾਵੇਰੀ ਹਸਪਤਾਲ ਅੱਗੇ ਆ ਗਏ ਸਨ। ਭਾਵੇਂ ਕਿ ਵੱਡੀ ਗਿਣਤੀ ਵਿਚ ਲੋਕ ਆਪਣੇ ਆਗੂ ਦੀ ਖ਼ਰਾਬ ਸਿਹਤ ਕਾਰਨ ਪਿਛਲੇ ਕਈ ਦਿਨਾਂ ਤੋਂ ਇੱਥੇ ਪਹੁੰਚ ਰਹੇ ਸਨ ਪਰ ਆਪਣੇ ਮਰਹੂਮ ਆਗੂ ਦੀ ਖ਼ਬਰ ਨਾਲ ਤਾਂ ਉਹ ਬੇਹਾਲ ਹੋ ਗਏ। ਪ੍ਰਸਾਸ਼ਨ ਵੱਲੋਂ ਜਿਸ ਥਾਂ ਉੱਤੇ ਉਨ੍ਹਾਂ ਨੂੰ ਬੈਠਣ ਦੀ ਥਾਂ ਦਿੱਤੀ ਗਈ ਹੈ ਉਹ ਉੱਥੇ ਹੀ ਬੈਠੇ ਇੰਜ ਰੋ ਰਹੇ ਹਨ ਜਿਵੇਂ ਉਨ੍ਹਾਂ ਦੇ ਘਰ ਦਾ ਕੋਈ ਸਕਾ-ਸਬੰਧੀ ਚਲਾ ਗਿਆ ਹੋਵੇ।