You’re viewing a text-only version of this website that uses less data. View the main version of the website including all images and videos.
ਹਿਮਾ ਦਾਸ ਨੇ ਦੌੜ ਦੇ 35ਵੇਂ ਸੈਕਿੰਡ ਤੱਕ ਟੌਪ ’ਚ ਨਾ ਹੋਣ ਦੇ ਬਾਵਜੂਦ ਕਿਵੇਂ ਜਿੱਤਿਆ ਗੋਲਡ ਮੈਡਲ
ਕ੍ਰਿਕਟ ਦੇ ਮੈਦਾਨ ਉੱਤੇ ਜਦੋਂ ਭਾਰਤ ਇੰਗਲੈਂਡ ਨੂੰ ਉਸਦੇ ਘਰ ਵਿੱਚ ਹੀ ਹਰਾ ਰਿਹਾ ਸੀ ਤਾਂ ਸੋਸ਼ਲ ਮੀਡੀਆ ਉੱਤੇ ਟੌਪ ਟਰੈਂਡ ਵਿੱਚ ਨਾ ਤਾਂ ਕੁਲਦੀਪ ਯਾਦਵ ਸਨ ਅਤੇ ਨਾ ਹੀ ਸੈਂਚੁਰੀ ਮਾਰਨ ਵਾਲੇ ਰੋਹਿਤ ਸ਼ਰਮਾ।
ਬਲਕਿ ਅਸਾਮ ਦੀ 18 ਸਾਲ ਦੀ ਐਥਲੀਟ ਹਿਮਾ ਦਾਸ ਦਾ ਨਾਮ ਸਾਰਿਆਂ ਨਾਲੋਂ ਉੱਤੇ ਸੀ। ਉਹ ਇਸ ਲਈ ਕਿਉਂਕਿ ਉਸਨੇ ਫਿਨਲੈਂਡ ਦੇ ਟੈਂਪੇਅਰ ਸ਼ਹਿਰ ਵਿੱਚ ਇਤਹਾਸ ਬਣਾ ਦਿੱਤਾ ਸੀ।
ਹਿਮਾ ਨੇ ਆਈਏਏਐਫ ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਦੀ 400 ਮੀਟਰ ਦੇ ਦੌੜ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਹੈ।
ਇਹ ਪਹਿਲੀ ਵਾਰ ਹੈ ਕਿ ਭਾਰਤ ਨੂੰ ਆਈਏਏਐਫ ਦੇ ਟਰੈਕ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਿਲ ਹੋਇਆ ਹੈ।
ਉਨ੍ਹਾਂ ਤੋਂ ਪਹਿਲਾਂ ਭਾਰਤ ਦੀ ਕੋਈ ਵੀ ਜੂਨੀਅਰ ਜਾਂ ਸੀਨੀਅਰ ਮਹਿਲਾ ਖਿਡਾਰਨ ਨੇ ਕਿਸੇ ਵੀ ਪੱਧਰ 'ਤੇ ਵਿਸ਼ਵ ਚੈਂਪੀਅਨਸਿਪ ਵਿੱਚ ਗੋਲਡ ਨਹੀਂ ਜਿੱਤਿਆ।
ਹਿਮਾ ਨੇ ਇਹ ਦੌੜ 51.46 ਸੈਕਿੰਡ ਵਿੱਚ ਪੂਰੀ ਕੀਤੀ। ਰੋਮਾਨੀਆ ਦੀ ਐਂਡ੍ਰਿਆ ਮਿਕਲੋਸ ਨੂੰ ਸਿਲਵਰ ਅਤੇ ਅਮਰੀਕਾ ਦੀ ਟੈਲਰ ਮੈਂਸਨ ਨੂੰ ਕਾਂਸੀ ਦਾ ਤਮਗਾ ਹਾਸਿਲ ਹੋਇਆ।
ਦੌੜ ਦੇ 35ਵੇਂ ਸੈਕਿੰਡ ਤੱਕ ਹਿਮਾ ਟੌਪ ਦੇ ਤਿੰਨ ਖਿਡਾਰੀਆਂ ਵਿੱਚ ਨਹੀਂ ਸੀ ਪਰ ਬਾਅਦ ਵਿੱਚ ਉਸ ਨੇ ਰਫਤਾਰ ਫੜੀ ਅਤੇ ਇਤਿਹਾਸ ਬਣਾ ਦਿੱਤਾ।
ਮੁਕਾਬਲੇ ਤੋਂ ਬਾਅਦ ਜਦੋਂ ਹਿਨਾ ਨੇ ਗੋਲਡ ਮੈਡਲ ਲਿਆ ਅਤੇ ਸਾਹਮਣੇ ਰਾਸ਼ਟਰੀ ਗੀਤ ਵੱਜਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ।
ਲਗਾਤਾਰ ਚੰਗਾ ਪ੍ਰਦਰਸ਼ਨ
ਬੁੱਧਵਾਰ ਨੂੰ ਹੋਏ ਸੈਮੀਫਾਇਨਲ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 52.10 ਸੈਕਿੰਡ ਦਾ ਸਮਾਂ ਕੱਢ ਕੇ ਉਹ ਪਹਿਲੇ ਸਥਾਨ ਉੱਤੇ ਰਹੀ।
ਪਹਿਲੇ ਦੌਰ ਦੀ ਹਿਟ ਵਿੱਚ 52.25 ਸੈਕਿੰਡ ਦੇ ਸਮੇਂ ਨਾਲ ਉਹ ਪਹਿਲੇ ਸਥਾਨ ਉੱਤੇ ਰਹੀ।
ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਹਿਮਾ ਦਾਸ ਨੂੰ ਉਸ ਦੀ ਕਾਮਯਾਬੀ ਲਈ ਵਧਾਈ ਦਿੱਤੀ ਹੈ।
ਅਪਰੈਲ ਵਿੱਚ ਗੋਲਡ ਕੋਸਟ ਵਿੱਚ ਖੇਡੇ ਗਏ ਕਾਮਨਵੈਥ ਗੇਮਜ਼ ਖੇਡਾਂ ਵਿੱਚ 400 ਮੀਟਰ ਦੇ ਮੁਕਾਬਲੇ ਵਿੱਚ ਹਿਮਾ ਦਾਸ 6ਵੇਂ ਸਥਾਨ ਉੱਤੇ ਰਹੀ ਸੀ। ਇਸ ਟੂਰਨਾਮੈਂਟ ਵਿੱਚ ਉਸਨੇ 51.32 ਸੈਕਿੰਡ ਵਿੱਚ ਦੌੜ ਪੂਰੀ ਕੀਤੀ ਸੀ।
ਇਨ੍ਹਾਂ ਖੇਡਾਂ ਵਿੱਚ ਹੀ ਉਸਨੇ 4X400 ਮੀਟਰ ਮੁਕਾਬਲੇ ਵਿੱਚ 7ਵਾਂ ਸਛਾਨ ਹਾਸਲ ਕੀਤਾ ਸੀ।
ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਗੁਹਾਟੀ ਵਿੱਚ ਹੋਈ ਅੰਤਰਰਾਜੀ ਚੈਂਪੀਅਨਸਿਪ ਵਿੱਚ ਉਸਨੇ ਗੋਲਡ ਜਿੱਤਿਆ ਸੀ।
ਹਿਮਾ ਦੇ ਕੁਝ ਸ਼ਾਨਦਾਰ ਪ੍ਰਦਰਸ਼ਨ
- 100 ਮੀਟਰ-11.74 ਸੈਕਿੰਡ
- 200 ਮੀਟਰ- 23.10 ਸੈਕਿੰਡ
- 400 ਮੀਟਰ- 51.13 ਸੈਕਿੰਡ
- 4X400 ਮੀਟਰ ਰਿਲੇ- 3:33.61
ਹਿਮਾ ਨੇ ਰਿਕਾਰਡ ਬਣਾਇਆ ਤਾਂ ਭਾਰਤ ਦੇ ਆਮ ਲੋਕਾਂ ਤੋਂ ਲੈ ਕੇ ਖਾਸ ਤੱਕ ਨੇ ਵਧਾਈ ਦੇਣ ਵਿੱਚ ਦੇਰ ਨਹੀਂ ਕੀਤੀ। ਸੋਸ਼ਲ ਮੀਡੀਆ ਮੀਡੀਆ ਉੱਤੇ ਤਾਂ ਗੋਲਡਨ ਗਰਲ ਲਈ ਵਧਾਈਆਂ ਦਾ ਹੜ੍ਹ ਹੀ ਆ ਗਿਆ।
ਖੇਡ ਮੰਤਰੀ ਰਾਜਿਆਵਰਧਨ ਸਿੰਘ ਰਾਠੌਰ ਨੇ ਟਵੀਟ ਕਰਕੇ ਵਧਾਈ ਦਿੱਤੀ। ਉਨ੍ਹਾਂ ਲਿਖਿਆ, ''ਹਿਮਾ ਦਾਸ ਨੇ 400 ਮੀਟਰ ਦੌੜ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਬਣਾਇਆ। ਤੁਸੀਂ ਭਾਰਤ ਦਾ ਸਿਰ ਉੱਚਾ ਕੀਤਾ ਹੈ।''
ਭਾਰਤ ਦੀ ਸਟਾਰ ਮਹਿਲਾ ਮੁੱਕੇਬਾਜ਼ ਮੈਰੀਕੋਮ ਨੇ ਵੀ ਹਿਮਾ ਦਾਸ ਦੀ ਪ੍ਰਾਪਤੀ ਉੱਤੇ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕਿ ਇਹ ਅਸਧਾਰਨ ਪ੍ਰਾਪਤੀ ਹੈ।
ਬਾਲੀਵੁੱਡ ਦੀਆਂ ਹਸਤੀਆਂ ਨੇ ਵੀ ਹਿਮਾ ਦਾਸ ਦੀ ਕਾਮਯਾਬੀ ਉੱਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਧਾਈ ਸੰਦੇਸ਼ ਦਿੱਤੇ। ਅਦਾਕਾਰ ਅਕਸ਼ੇ ਕੁਮਾਰ ਨੇ ਹਿਮਾ ਦਾਸ ਵਲੋਂ ਜਿੱਤੇ ਮੈਡਲ ਬਾਰੇ ਕਿਹਾ ਗਿਆ ਕਿ ਇਹ ਇਤਿਹਾਸਕ ਜਿੱਤ ਹੈ।
ਅਦਾਕਰ ਅਮਿਤਾਭ ਬੱਚਨ ਨੇ ਵੀ ਹਿਮਾ ਦਾਸ ਦੀ ਕਾਮਯਾਬੀ ਉੱਤੇ ਟਵੀਟ ਕੀਤਾ। ਉਨ੍ਹਾਂ ਲਿਖਿਆ, ''ਹਿਮਾ ਤੁਸੀਂ ਸਾਨੂੰ ਮਾਣ ਨਾਲ ਸਿਰ ਉੱਚਾ ਕਰਨ ਦਾ ਮੌਕਾ ਦਿੱਤਾ।''