ਪ੍ਰੈੱਸ ਰਿਵੀਊ: ਡੀਜੀਪੀ ਵੱਲੋਂ ਹਰਮਨਪ੍ਰੀਤ ਨੂੰ ਡਿਗਰੀ ਲਈ ਵਿਸ਼ੇਸ਼ ਮੌਕਾ ਦੇਣ ਦੀ ਸਿਫ਼ਾਰਿਸ਼

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਫ਼ਰਜ਼ੀ ਡਿਗਰੀ ਕਰਕੇ ਸੁਰਖੀਆਂ 'ਚ ਆਈ ਭਾਰਤ ਦੀ ਮਹਿਲਾ ਟੀ-20 ਟੀਮ ਦੀ ਕੈਪਟਨ ਹਰਮਨਪ੍ਰੀਤ ਕੌਰ ਨੂੰ ਉਸਦੀ ਗਰੈਜੁਏਸ਼ਨ ਦੀ ਡਿਗਰੀ ਪੂਰੀ ਕਰਨ ਲਈ ਪੰਜਾਬ ਦੇ ਡੀਜੀਪੀ ਨੇ ਸਿਫਾਰਿਸ਼ ਕੀਤੀ ਹੈ।

ਉਨ੍ਹਾਂ ਨੇ ਹਰਮਨਪ੍ਰੀਤ ਨੂੰ ਤਿੰਨ ਸਾਲ ਦਾ ਵਿਸ਼ੇਸ਼ ਮੌਕਾ ਦੇਣ ਦੀ ਸਿਫਾਰਿਸ਼ ਕੀਤੀ ਹੈ। ਡਿਗਰੀ ਮਿਲਣ ਮਗਰੋਂ ਹਰਮਨਪ੍ਰੀਤ ਕੌਰ ਨੂੰ ਡੀਐਸਪੀ ਅਹੁਦੇ ਦੇ ਯੋਗ ਸਮਝਿਆ ਜਾਵੇਗਾ।

ਇਸ ਕੇਸ ਨੂੰ ਹੁਣ ਪ੍ਰਵਾਨਗੀ ਲਈ ਪੰਜਾਬ ਕੈਬਨਿਟ ਕੋਲ ਭੇਜਿਆ ਜਾਵੇਗਾ। ਸਿਫ਼ਾਰਿਸ਼ 'ਚ ਕਿਹਾ ਗਿਆ ਹੈ ਕਿ ਹਰਮਨਪ੍ਰੀਤ ਨੂੰ ਭਾਵੇਂ ਤਿੰਨ ਸਾਲ ਲਈ ਤਨਖਾਹ ਨਾ ਦਿੱਤੀ ਜਾਵੇ, ਪਰ ਉਸਦੇ ਰੈਂਕ ਦਾ ਬਚਾਅ ਕੀਤਾ ਜਾਵੇ।

ਇਹ ਵੀ ਪੜ੍ਹੋ:

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸਮਲਿੰਗਤਾ ਮਾਮਲੇ ਵਿੱਚ ਸੁਪਰੀਮ ਕੋਰਟ 'ਚ ਚੱਲ ਰਹੀ ਸੁਣਵਾਈ 'ਤੇ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਅਦਾਲਤ ਦੀ ਜਜਮੈਂਟ 'ਤੇ ਛੱਡਦੀ ਹੈ।

ਸਰਕਾਰ ਵੱਲੋਂ ਅਡੀਸ਼ਨਲ ਸਾਲੀਸੀਟਰ ਜਨਰਲ ਤੁਸ਼ਾਰ ਮੇਹਤਾ ਨੇ ਕੋਰਟ ਨੂੰ ਸਮਲਿੰਗੀਆਂ ਦੇ ਵਿਆਹ, ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਦੇ ਮੁੱਦੇ 'ਤੇ ਧਿਆਨ ਨਾ ਦੇਣ ਦੀ ਗੁਜ਼ਾਰਿਸ਼ ਕੀਤੀ ਹੈ।

ਇਸ 'ਤੇ ਬੈਂਚ ਨੇ ਕਿਹਾ ਕਿ ਉਹ ਸਿਰਫ਼ ਆਈਪੀਸੀ ਦੀ ਧਾਰਾ 377 ਦੀ ਸੰਵਿਧਾਨਕ ਲਿਗੇਲਟੀ 'ਤੇ ਵਿਚਾਰ ਕਰਨਗੇ।

ਮਾਮਲੇ ਦੀ ਸੁਣਵਾਈ ਕਰ ਰਹੀ ਬੈਂਚ ਦੇ ਜੱਜ ਚੰਦਰਚੂੜ ਨੇ ਕਿਹਾ, "ਅਸੀਂ ਨਹੀਂ ਚਾਹੁੰਦੇ ਕਿ ਦੋ ਸਮਲਿੰਗੀ ਇਕੱਠੇ ਕਿਤੇ ਘੁੰਮ ਰਹੇ ਹੋਣ ਅਤੇ ਪੁਲਿਸ ਉਨ੍ਹਾਂ ਨੂੰ ਪ੍ਰੇਸ਼ਾਨ ਕਰੇ ਅਤੇ ਧਾਰਾ 377 ਲਗਾ ਦੇਵੇ।"

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ 2017 ਵਿੱਚ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਛੇਵਾਂ ਦੇਸ ਬਣਿਆ ਹੈ। ਇਸ ਮਾਮਲੇ ਵਿੱਚ ਭਾਰਤ ਨੇ ਫਰਾਂਸ ਨੂੰ ਵੀ ਪਛਾੜ ਦਿੱਤਾ ਹੈ।

ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ ਭਾਰਤ 2.59 ਖਰਬ ਅਮਰੀਕੀ ਡਾਲਰ ਦੀ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਨਾਲ ਵਿਸ਼ਵ ਦਾ ਛੇਵੇਂ ਨੰਬਰ ਦਾ ਵੱਡਾ ਅਰਥਚਾਰਾ ਬਣ ਗਿਆ ਹੈ।

ਅੰਕੜਿਆਂ ਮੁਤਾਬਕ ਫਰਾਂਸ ਦਾ ਕੁੱਲ ਘਰੇਲੂ ਉਤਪਾਦਨ 2.58 ਖਰਬ ਅਮਰੀਕੀ ਡਾਲਰ ਹੈ।

ਸੂਚੀ ਵਿੱਚ ਅਮਰੀਕਾ ਪਹਿਲੇ ਨੰਬਰ 'ਤੇ, ਚੀਨ ਦੂਜੇ, ਜਾਪਾਨ ਤੀਜੇ, ਜਰਮਨੀ ਚੌਥੇ ਅਤੇ ਯੂਕੇ ਪੰਜਵੇਂ ਨੰਬਰ 'ਤੇ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕਰਜ਼ਾ ਮੁਆਫ਼ੀ ਦੇ ਬਾਵਜੂਦ ਮਹਾਰਾਸ਼ਟਰ ਵਿੱਚ ਰੋਜ਼ਾਨਾ 7 ਕਿਸਾਨ ਖ਼ੁਦਕੁਸ਼ੀ ਕਰਦੇ ਹਨ।

ਇਹ ਵੀ ਪੜ੍ਹੋ:

ਅਧਿਕਾਰਤ ਅੰਕੜਿਆ ਮੁਤਾਬਕ ਇਸ ਸਾਲ ਜੂਨ ਦੇ ਆਖ਼ਰ ਤੱਕ 1307 ਕਿਸਾਨਾਂ ਨੇ ਖੁਦਕੁਸ਼ੀ ਕੀਤੀ।

ਪਿਛਲੇ ਸਾਲ ਜਨਵਰੀ ਤੋਂ ਲੈ ਕੇ ਜੂਨ ਮਹੀਨੇ ਤੱਕ 1398 ਕਿਸਾਨਾਂ ਦੀ ਖ਼ੁਦਕੁਸ਼ੀ ਦੀ ਰਿਪੋਰਟ ਦਰਜ ਕੀਤੀ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)