'ਇੰਟਰਵਿਊ ਲੈਣ ਵਾਲੇ ਨੂੰ ਮੇਰਾ ਸਰੀਰ ਪਸੰਦ ਨਹੀਂ ਆਇਆ'

ਤਸਵੀਰ ਸਰੋਤ, Plus size models India/Sana Murab
- ਲੇਖਕ, ਸਿੰਧੂਵਾਸਿਨੀ
- ਰੋਲ, ਬੀਬੀਸੀ ਪੱਤਰਕਾਰ
ਤੁਸੀਂ ਰੈਂਪ 'ਤੇ ਤੁਰਦੀ ਮਾਡਲ ਨੂੰ ਤਾਂ ਦੇਖਿਆ ਹੀ ਹੋਵੇਗਾ। ਕਿਵੇਂ ਦੀਆਂ ਹੁੰਦੀਆਂ ਨੇ ਇਹ ਮਾਡਲਸ? ਲੰਬੀਆਂ, ਪਤਲੀਆਂ ਤੇ ਆਕਰਸ਼ਕ ਸਰੀਰ। ਕੁਝ ਇਸੇ ਤਰ੍ਹਾਂ ਦੇ ਹੀ ਅਕਸ ਤੁਹਾਡੇ ਜ਼ਿਹਨ ਵਿੱਚ ਵੀ ਆਉਂਦੇ ਹਨ।
ਜੀਸ਼ਾ, ਕੀਰਤੀ, ਅਨੰਨਿਆ, ਆਯੁਸ਼ੀ ਅਤੇ ਕਲਪਨਾ ਵੀ ਮਾਡਲਾਂ ਹੀ ਹਨ ਪਰ ਨਾ ਤਾਂ ਇਹ ਸਲਿੱਮ ਹਨ ਨਾ ਹੀ ਇਨ੍ਹਾਂ ਦੀ ਸਰੀਰਕ ਦਿੱਖ ਖਿੱਚਵੀਂ ਹੈ। ਇਹ ਪਲੱਸ ਸਾਈਜ਼ ਮਾਡਲਾਂ ਹਨ ਜਾਂ ਕਹਿ ਲਵੋ ਕਿ ਮੋਟੀਆਂ ਹਨ।
ਇਨ੍ਹਾਂ ਪੰਜਾਂ ਨੇ ਹਾਲ ਹੀ ਵਿੱਚ ਇੱਕ ਪਲੱਸ ਸਾਈਜ਼ ਬਿਊਟੀ ਕਾਨਟੈਸਟ ਵਿੱਚ ਹਿੱਸਾ ਲਿਆ ਹੈ। ਸਵਾਲ ਹੈ ਕਿ ਸਮਾਜ ਵਿੱਚ ਜਿਨ੍ਹਾਂ ਮੋਟੀਆਂ ਕੁੜੀਆਂ ਲਈ ਖੁਸ਼ ਹੋ ਕੇ ਜਿਉਣਾ ਵੀ ਔਖਾ ਹੁੰਦਾ ਹੈ, ਉਹ ਦੁਨੀਆਂ ਸਾਹਮਣੇ ਰੈਂਪ 'ਤੇ ਕਿਵੇਂ ਤੁਰੀਆਂ ਹੋਣਗੀਆਂ?

ਅਜਿਹਾ ਨਹੀਂ ਹੈ ਕਿ ਉਨ੍ਹਾਂ ਨੂੰ ਉਹ ਸਭ ਕੁਝ ਨਹੀਂ ਸੁਣਨਾ ਅਤੇ ਝੱਲਣਾ ਪਵੇਗਾ ਜੋ ਇੱਕ ਆਮ ਮੋਟੀ ਕੁੜੀ ਨੂੰ ਸੁਣਨਾ ਅਤੇ ਝੱਲਣਾ ਪੈਂਦਾ ਹੈ।
ਬਿਊਟੀ ਕਾਨਟੈਸਟ ਦੀ ਜੇਤੂ ਰਹੀ ਜੀਸ਼ਾ ਨੂੰ ਉਨ੍ਹਾਂ ਦੇ ਸਰੀਰ ਬਾਰੇ ਅਜਿਹੀਆਂ ਗੱਲਾਂ ਸੁਣਨ ਨੂੰ ਮਿਲੀਆਂ ਜਿਨ੍ਹਾਂ ਨੂੰ ਤਾਂ ਇੱਥੇ ਲਿਖਿਆ ਵੀ ਨਹੀਂ ਜਾ ਸਕਦਾ ਸੀ।
ਉਨ੍ਹਾਂ ਨੇ ਦੱਸਿਆ, "ਲੋਕ ਹਰ ਤਰ੍ਹਾਂ ਦੇ ਬੇਤੁਕੇ ਕੰਮੈਂਟ ਕਰਦੇ ਹਨ ਜਿਵੇਂ, ਤੂੰ ਮੱਝ ਹੈ... ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਅਜਿਹਾ ਬਹੁਤ ਸਾਧਾਰਣ ਹੈ। ਉਹ ਇੱਕ ਵਾਰ ਇਹ ਸੋਚਣ ਦੀ ਲੋੜ ਨਹੀਂ ਸਮਝਦੇ ਕਿ ਸਾਹਮਣੇ ਵਾਲਾ ਕਿਸ ਮਾਨਸਿਕ ਸਥਿਤੀ 'ਚੋਂ ਲੰਘ ਰਿਹਾ ਹੈ।"
ਉੱਤਰ-ਪੂਰਬੀ ਸੂਬੇ ਅਸਮ ਦੀ ਰਹਿਣ ਵਾਲੀ ਆਯੁਸ਼ੀ ਜਦੋਂ ਆਪਣੇ ਇੱਕ ਦੋਸਤ ਦੀ ਗੱਲ ਕਰਦੀ ਹੈ ਤਾਂ ਉਨ੍ਹਾਂ ਦਾ ਗਲਾ ਭਰ ਜਾਂਦਾ ਹੈ।

ਉਹ ਯਾਦ ਕਰਦੀ ਹੈ, "ਕਿਸੇ ਨੇ ਮੈਨੂੰ ਕਿਹਾ ਸੀ ਕਿ ਤੂੰ ਦੁਨੀਆਂ ਦੀ ਸਭ ਤੋਂ ਭੈੜੀ ਅਤੇ ਬਦਸੂਰਤ ਕੁੜੀ ਹੈ। ਤੇਰੇ ਵਰਗੀ ਕੁੜੀ ਨੂੰ ਮੈਂ ਕਦੇ ਆਪਣਾ ਦੋਸਤ ਵੀ ਨਾ ਬਣਾਂਵਾ।"
ਮੋਟੇ ਲੋਕਾਂ ਦਾ ਮਜ਼ਾਕ ਉਡਾਉਣਾ ਕਿੰਨਾ ਆਮ ਹੈ, ਇਸ ਦੀ ਇੱਕ ਮਿਸਾਲ ਆਯੁਸ਼ੀ ਦਿੰਦੀ ਹੈ।
ਉਨ੍ਹਾਂ ਨੇ ਕਿਹਾ, "ਕੋਈ ਫੋਨ ਵੀ ਕਰਦਾ ਹੈ ਤਾਂ ਇਹੀ ਬੋਲਦਾ ਹੈ, ਹੈਲੋ ਮੋਟੀ! ਕੀ ਹਾਲ ਹੈ? ਅਸੀਂ ਦਰਜੀ ਕੋਲ ਕੱਪੜੇ ਸਿਵਾਉਣ ਜਾਂਦੇ ਹਾਂ ਤਾਂ ਲੋਕ ਹੱਸ ਦੇ ਪੁੱਛਦੇ ਹਨ, ਕੀ ਗੱਲ ਫਿਟਿੰਗ ਫੇਰ ਟਾਈਟ ਹੋ ਗਈ?"
ਮੁੰਬਈ ਵਿੱਚ ਰਹਿਣ ਵਾਲੀ ਕਲਪਨਾ ਦੇ ਕੋਲ ਵੀ ਸੁਣਾਉਣ ਲਈ ਅਜਿਹੇ ਹੀ ਹਜ਼ਾਰਾਂ ਕਿੱਸੇ ਹਨ।

ਉਹ ਦੱਸਦੀ ਹੈ, "ਜੇਕਰ ਲੋਕ ਮੇਰੀ ਪਲੇਟ ਵਿੱਚ ਥੋੜ੍ਹੀ ਜਿਹੀ ਮਿਠਾਈ ਵੀ ਦੇਖ ਲੈਂਦੇ ਹਨ ਤਾਂ ਤੁਰੰਤ ਟੋਕਣ ਲਗਦੇ ਹਨ, ਹਾਏ! ਇੰਨੀ ਮਿਠਾਈ ਖਾਵੇਂਗੀ ? ਇੰਨੀ ਤਾਂ ਮੋਟੀ ਹੈ ਹੋਰ ਕਿੰਨਾ ਹੋਣਾ ਚਾਹੁੰਦੀ ਹੈ?"
ਅੱਜ ਤੱਕ ਕਹੀਆਂ ਗਈਆਂ ਗੱਲਾਂ 'ਚੋਂ ਸਭ ਜੋਂ ਵਧ ਦੁੱਖ ਕਿਸਨੇ ਪਹੁੰਚਾਇਆ ਹੈ?
ਇਸ ਦੇ ਜਵਾਬ ਵਿੱਚ ਅਨੰਨਿਆ ਕਹਿੰਦੇ ਹਨ, "ਭਾਵੇਂ ਤੁਸੀਂ ਜ਼ੋਰ ਨਾਲ ਮਾਰੋ ਜਾਂ ਹੌਲੀ ਮਾਰੋ, ਗੱਲ ਤਾਂ ਇੱਕ ਹੀ ਹੈ। ਗੱਲਾਂ ਸਾਰੀਆਂ ਬੁਰੀਆਂ ਹੀ ਲਗਦੀਆਂ ਹਨ।"
ਅਨੰਨਿਆ ਨੇ ਸਕੂਲ ਦੀ ਇੱਕ ਘਟਨਾ ਦੀ ਜ਼ਿਕਰ ਕੀਤਾ।
ਉਹ ਯਾਦ ਕਰਦੇ ਹਨ, "ਮੈਂ ਉਸ ਸਕੂਲ ਵਿੱਚ ਨਵੀਂ ਸੀ। ਇੱਕ ਮੁੰਡਾ ਮੇਰੇ ਕੋਲ ਆਇਆ ਅਤੇ ਉਸ ਨੇ ਸਿੱਧਾ ਪੁੱਛਿਆ ਕਿ ਕੀ ਮੈਂ ਉਸ ਦੇ ਨਾਲ ਰਾਤ ਬਿਤਾਉਣ ਲਈ ਤਿਆਰ ਹਾਂ। ਮੈਨੂੰ ਅਚਾਨਕ ਸਮਝ ਹੀ ਨਹੀਂ ਆਇਆ ਕਿ ਮੈਂ ਕੀ ਜਵਾਬ ਦੇਵਾਂ। ਸ਼ਾਮ ਤੱਕ ਜਦੋਂ ਮੈਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਤਾਂ ਉਸ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਤੇਰੇ ਵਰਗੀਆਂ ਤਾਂ ਸਿਰਫ਼ ਬਿਸਤਰੇ 'ਚ ਹੀ ਚੰਗੀਆਂ ਲਗਦੀਆਂ ਹਨ।"
ਅਨੰਨਿਆ ਨੂੰ ਇਹ ਸਭ ਸੁਣ ਤੇ ਬਹੁਤ ਬੁਰਾ ਲੱਗਿਆ। ਉਨ੍ਹਾਂ ਨੇ ਕਿਹਾ, "ਮੇਰਾ ਮੋਟਾ ਸਰੀਰ ਦੇਖ ਕੇ ਉਸ ਨੇ ਇਹ ਅੰਦਾਜ਼ਾ ਲਗਾ ਲਿਆ ਕਿ ਮੇਰੇ ਕੋਲ ਉਸ ਦੇ ਨਾਲ ਸੌਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ।"
ਇੱਕ ਖ਼ਾਸ ਤਰ੍ਹਾਂ ਦੇ ਸਰੀਰਕ ਢਾਂਚੇ ਵਿੱਚ ਫਿਟ ਨਾ ਹੋਣ ਵਾਲੀਆਂ ਕੁੜੀਆਂ ਨੂੰ ਨਾ ਸਿਰਫ਼ ਤਾਅਨੇ-ਮਿਹਣੇ ਸੁਣਨੇ ਪੈਂਦੇ ਹਨ ਬਲਕਿ ਇਸ ਦਾ ਅਸਰ ਉਨ੍ਹਾਂ ਦੀ ਨੌਕਰੀ, ਕੈਰੀਅਰ ਅਤੇ ਜ਼ਿੰਦਗੀ 'ਤੇ ਵੀ ਪੈਂਦਾ ਹੈ।

ਕੀਰਤੀ ਨੇ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਨੌਕਰੀ ਲਈ ਸਿਰਫ਼ ਇਸ ਲਈ ਨਹੀਂ ਚੁਣਿਆ ਗਿਆ ਕਿਉਂਕਿ ਉਹ ਮੋਟੀ ਸੀ।
ਉਨ੍ਹਾਂ ਨੇ ਦੱਸਿਆ, "ਮੈਂ ਇੱਕ ਥਾਂ ਬੈਕਸਟੇਜਿੰਗ ਦੇ ਇੰਟਰਵਿਊ ਲਈ ਗਈ। ਉੱਥੇ ਇੱਕ ਕੋਆਰਡੀਨੇਟਰ ਸੀ। ਉਸ ਨੇ ਮੇਰਾ ਇੰਟਰਵਿਊ ਲਿਆ ਅਤੇ ਮੈਨੂੰ ਸਿਰਫ਼ ਇਸ ਲਈ ਰਿਜੈਕਟ ਕਰ ਦਿੱਤੀ ਕਿਉਂਕਿ ਮੈਂ ਮੋਟੀ ਸੀ। ਬੈਕਸਟੇਜਰ ਨੂੰ ਪਰਦੇ ਪਿੱਛੇ ਰਹਿ ਕੇ ਕੰਮ ਕਰਨਾ ਹੁੰਦਾ ਹੈ, ਫੇਰ ਵੀ ਮੈਨੂੰ ਉਹ ਨੌਕਰੀ ਨਹੀਂ ਮਿਲੀ ਕਿਉਂਕਿ ਇੰਟਰਵਿਊ ਲੈਣ ਵਾਲੇ ਨੂੰ ਮੇਰਾ ਸਰੀਰ ਪਸੰਦ ਨਹੀਂ ਆਇਆ।"
ਇੰਨਾ ਸਭ ਹੋਣ ਅਤੇ ਸੁਣਨ ਤੋਂ ਬਾਅਦ ਇਹ ਪੰਜੇ ਕੁੜੀਆਂ ਰੈਂਪ ਤੱਕ ਕਿਵੇਂ ਪਹੁੰਚੀਆਂ?
ਇਨ੍ਹਾਂ ਵਿੱਚ ਇੰਨਾ ਆਤਮ-ਵਿਸ਼ਵਾਸ਼ ਕਿੱਥੋਂ ਆਇਆ ਕਿ ਇਹ ਮਾਡਲ ਬਣਨ ਦਾ ਸੁਫ਼ਨਾ ਦੇਖਣ ਲੱਗੀਆਂ?
ਸਭ ਦੇ ਜਵਾਬ ਕਰੀਬ ਇੱਕੋ ਜਿਹੇ ਹਨ। ਜੀਸ਼ਾ ਕਹਿੰਦੀ ਹੈ, "ਮੈਂ ਇੱਕ ਫੈਸ਼ਨ ਡਿਜ਼ਾਈਨਰ ਹਾਂ। ਇੱਕ ਦਿਨ ਮੇਰੇ ਮਨ ਵਿੱਚ ਇਹੀ ਖ਼ਿਆਲ ਆਇਆ ਕਿ ਕਿਉਂ ਨਾ ਮੈਂ ਆਪਣੇ ਲਈ ਕੱਪੜੇ ਡਿਜ਼ਾਈਨ ਕਰਾਂ ਜੋ ਮੈਂ ਮਾਡਲਸ ਲਈ ਕਰਦੀ ਹਾਂ।

ਤਸਵੀਰ ਸਰੋਤ, Plus size modles India/Sana Murab
ਇਸ ਤਰ੍ਹਾਂ ਜੀਸ਼ਾ ਨੇ ਨਾ ਸਿਰਫ਼ ਆਪਣੇ ਲਈ ਕੱਪੜੇ ਡਿਜ਼ਾਈਨ ਕੀਤੇ ਬਲਕਿ ਉਨ੍ਹਾਂ ਨੂੰ ਪਹਿਨਣ ਵੀ ਲੱਗੀ ਅਤੇ ਹੌਲੀ-ਹੌਲੀ ਉਨ੍ਹਾਂ ਦਾ ਖ਼ੁਦ ਲਈ ਪਿਆਰ ਵਾਪਸ ਪਰਤ ਆਇਆ। ਫੇਰ ਉਨ੍ਹਾਂ ਨੇ ਸੋਚਿਆ ਕਿ ਮੈਂ ਜੇਕਰ ਮਾਡਲਸ ਦੇ ਕੱਪੜੇ ਬਣਾ ਸਕਦੀ ਹਾਂ ਤਾਂ ਉਨ੍ਹਾਂ ਵਾਂਗ ਮਾਡਲਿੰਗ ਕਿਉਂ ਨਹੀਂ ਕਰ ਸਕਦੀ?"
ਆਯੁਸ਼ੀ ਦੀ ਇੱਕ ਦੋਸਤ ਨੇ ਜਦੋਂ ਉਨ੍ਹਾਂ ਨੂੰ ਪਲੱਸ ਸਾਈਜ਼ ਬਿਊਟੀ ਕਾਨਟੈਸਟ ਦੇ ਫਾਰਮ ਦਾ ਲਿੰਕ ਭੇਜਿਆ ਉਦੋਂ ਉਨ੍ਹਾਂ ਨੇ ਉਸ ਲਿੰਕ ਨੂੰ ਖੋਲ੍ਹਿਆ ਤੱਕ ਨਹੀਂ।
ਉਨ੍ਹਾਂ ਨੇ ਦੱਸਿਆ, "ਦੋਸਤ ਨੇ ਮੈਨੂੰ ਫਾਰਮ ਭਰਨ ਦੀ ਆਖ਼ਰੀ ਤਰੀਕ ਦੱਸ ਦਿੱਤੀ ਸੀ। ਆਖ਼ਰੀ ਦਿਨ ਪਤਾ ਨਹੀਂ ਮੈਨੂੰ ਕੀ ਹੋਇਆ ਕਿ ਮੈਂ ਫਾਰਮ ਖੋਲ੍ਹਿਆ ਅਤੇ ਅਪਲਾਈ ਕਰ ਦਿੱਤਾ। ਸ਼ੌਰਟਲਿਸਟ ਵੀ ਹੋ ਗਈ ਅਤੇ ਫੇਰ ਤਾਂ ਉਹ ਦਿਨ ਵੀ ਆਇਆ ਜਦੋਂ ਮੈਂ ਰੈਂਪ 'ਤੇ ਤੁਰੀ।"
ਵੈਸੇ ਇਨ੍ਹਾਂ ਪੰਜ ਕੁੜੀਆਂ ਦੀ ਕਹਾਣੀ ਦੋ ਹੋਰ ਨਾਮ ਲਏ ਬਿਨਾ ਪੂਰੀ ਨਹੀਂ ਹੋਵੇਗੀ। ਉਹ ਦੋ ਨਾਮ ਹਨ ਸਚਿਨ ਪੁਰੀ ਅਤੇ ਸਨਾ ਮੁਰਾਬ।

ਤਸਵੀਰ ਸਰੋਤ, Plus size models India/Sana Murab
ਸਚਿਨ ਅਤੇ ਸਨਾ ਹੀ ਪਲੱਸ ਸਾਈਜ਼ ਬਿਊਟੀ ਕਾਨਟੈਸਟ ਦੇ ਪ੍ਰਬੰਧਕ ਹਨ ਅਤੇ ਇਨ੍ਹਾਂ ਨੇ ਪਲੱਸ ਸਾਈਜ਼ ਮਾਡਲਸ ਨੂੰ ਮੰਚ ਦਿੱਤਾ ਸੀ।
ਸਚਿਨ ਦੇ ਮਨ ਵਿੱਚ ਪਲੱਸ ਸਾਈਜ਼ ਮਾਡਲਸ ਦਾ ਵਿਚਾਰ ਉਸ ਵੇਲੇ ਆਇਆ ਜਦੋਂ ਅਮਰੀਕਾ ਵਿੱਚ ਸਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਅਮਰੀਕਾ ਵਿੱਚ ਪਲੱਸ ਸਾਈਜ਼ ਮਾਡਲਸ ਦਾ ਕਾਫੀ ਰੁਝਾਨ ਹੈ। ਮੈਂ ਉਨ੍ਹਾਂ ਨੂੰ ਦੇਖ ਕੇ ਕਾਫੀ ਪ੍ਰਭਾਵਿਤ ਹੋਇਆ ਅਤੇ ਭਾਰਤ ਵਿੱਚ ਹੀ ਅਜਿਹਾ ਹੀ ਕੁਝ ਕਰਨ ਬਾਰੇ ਸੋਚਿਆ। ਜਦੋਂ ਮੈਂ ਇਹ ਸ਼ੁਰੂ ਕੀਤਾ ਤਾਂ ਮੇਰੇ ਕੋਲ ਇੱਕ ਵੀ ਮਾਡਲ ਨਹੀਂ ਸੀ। ਸ਼ੁਰੂ-ਸ਼ੁਰੂ ਵਿੱਚ ਮੈਨੂੰ ਮਾਡਲ ਲੱਭਣ ਵਿੱਚ ਕਾਫੀ ਦਿੱਕਤਾਂ ਆਈਆਂ ਪਰ ਹੌਲੀ-ਹੌਲੀ ਲੋਕ ਜੁੜਣ ਲੱਗੇ। ਇਸ ਵਿਚਾਲੇ ਮੇਰੀ ਮੁਲਾਕਾਤ ਸਨਾ ਨਾਲ ਹੋਈ ਅਤੇ ਇਸ ਤਰ੍ਹਾਂ ਕਾਰਵਾਂ ਵਧਦਾ ਗਿਆ।"

ਤਸਵੀਰ ਸਰੋਤ, Sachin Puri
ਸਨਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਦੇਖ ਕੇ ਕਿਸੇ ਦਾ ਵੀ ਪਹਿਲਾ ਸਵਾਲ ਇਹੀ ਹੋਵੇਗਾ ਕਿ ਉਹ ਪਲੱਸ ਸਾਈਜ਼ ਮਾਡਲ ਨੂੰ ਲੈ ਕੇ ਇੰਨੀ ਸੰਜੀਦਾ ਕਿਉਂ ਹੈ?
ਅਜਿਹਾ ਇਸ ਲਈ ਕਿਉਂਕਿ ਸਨਾ ਪਤਲੀ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਪਤਲੇ ਹੋਣ ਦੇ ਬਾਵਜੂਦ ਵੀ ਸਨਾ ਨੂੰ ਆਪਣੇ ਸਰੀਰ ਬਾਰੇ ਕਾਫੀ ਕੁਝ ਸੁਣਨਾ ਪੈਂਦਾ ਸੀ।
ਉਨ੍ਹਾਂ ਨੇ ਦੱਸਿਆ, "ਮੈਂ ਪਤਲੀ ਹਾਂ ਪਰ ਮੇਰਾ ਢਿੱਡ ਅੰਦਰ ਨਹੀਂ ਹੈ ਅਤੇ ਇਸ ਲਈ ਲੋਕ ਮੈਨੂੰ ਟੋਕਦੇ ਸਨ। ਮੈਨੂੰ ਬਹੁਤ ਗੁੱਸਾ ਆਉਂਦਾ ਸੀ। ਮੈਂ ਅਕਸਰ ਸੋਚਦੀ ਸੀ ਕਿ ਜੇਕਰ ਮੇਰੇ ਵਰਗੀਆਂ ਔਰਤਾਂ ਨੂੰ ਇੰਨਾ ਸੁਣਨਾ ਪੈ ਰਿਹਾ ਹੈ ਤਾਂ ਜੋ ਕੁੜੀਆਂ ਸੱਚਮੁੱਚ ਮੋਟੀਆਂ ਹਨ, ਉਨ੍ਹਾਂ ਨੂੰ ਕੀ-ਕੀ ਝੱਲਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਜਦੋਂ ਸਚਿਨ ਨੇ ਮੈਨੂੰ ਪਲੱਸ ਸਾਈਜ਼ ਮਾਡਲ ਬਾਰੇ ਦੱਸਿਆ ਤੇ ਮੈਂ ਤੁਰੰਤ ਇਸ ਨਾਲ ਜੁੜ ਗਈ।"

ਤਸਵੀਰ ਸਰੋਤ, Sana Murab/Facebook
ਸਨਾ ਕਹਿੰਦੀ ਹੈ, "ਸਾਡੇ ਲਈ ਇਹ ਸਭ ਕਰਨਾ ਸੌਖਾ ਨਹੀਂ ਹੈ ਕਿਉਂਕਿ ਪਲੱਸ ਸਾਈਜ਼ ਵਾਲੀਆਂ ਕੁੜੀਆਂ ਨੂੰ ਮਾਡਲਿੰਗ ਲਈ ਮਨਾਉਣਾ ਬੇਹੱਦ ਮੁਸ਼ਕਲ ਹੁੰਦਾ ਹੈ। ਸਮਾਜ ਨੇ ਉਨ੍ਹਾਂ ਦਾ ਆਤਮ-ਵਿਸ਼ਵਾਸ਼ ਇਸ ਤਰ੍ਹਾਂ ਤੋੜਿਆ ਹੁੰਦਾ ਹੈ ਕਿ ਉਨ੍ਹਾਂ ਨੂੰ ਆਪਣੇ-ਆਪ 'ਤੇ ਭਰੋਸਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਲੋਕ ਉਨ੍ਹਾਂ ਨੂੰ ਰੈਂਪ 'ਤੇ ਦੇਖ ਕੇ ਹਸਣਗੇ ਪਰ ਸਾਡੀ ਕੋਸ਼ਿਸ਼ ਜਾਰੀ ਹੈ ਅਤੇ ਇਨ੍ਹਾਂ ਕੋਸ਼ਿਸ਼ਾਂ ਦਾ ਅਸਰ ਵੀ ਦਿਖ ਰਿਹਾ ਹੈ।"
ਤਾਂ ਹੁਣ ਮਾਡਲ ਬਣੀਆਂ ਕੁੜੀਆਂ ਉਨ੍ਹਾਂ ਲੋਕਾਂ ਨੂੰ ਕੀ ਕਹਿਣਾ ਚਾਹੁਣਗੀਆਂ, ਜਿਨ੍ਹਾਂ ਨੇ ਕਦੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ?
ਇਸ ਦੇ ਜਵਾਬ ਵਿੱਚ ਆਯੁਸ਼ੀ ਹੱਸ ਕੇ ਕਹਿੰਦੀ ਹੈ, "ਅੱਜ ਉਹ ਲੋਕ ਮੇਰੀਆਂ ਗੱਲਾਂ ਸੁਣਦੇ ਹਨ ਨਾ ਕਿ ਮੈਂ ਉਨ੍ਹਾਂ ਦੀਆਂ ।"












