AAP ਰੈਫਰੈਂਡਮ ਦੀ ਹਮਾਇਤੀ ਨਹੀਂ, ਖਹਿਰਾ ਖਿਲਾਫ਼ ਹੋਵੇਗੀ ਕਾਰਵਾਈ- ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਪਾਰਟੀ ਭਾਰਤ ਦੀ ਏਕਤਾ ਲਈ ਖੜ੍ਹੀ ਹੈ ਅਤੇ ਕਿਸੇ ਰੈਫਰੈਂਡਮ ਦੀ ਹਮਾਇਤ ਨਹੀਂ ਕਰਦੀ ਹੈ।

ਪਾਰਟੀ ਵੱਲੋਂ ਸੁਖਪਾਲ ਖਹਿਰਾ ਖਿਲਾਫ਼ ਐਕਸ਼ਨ ਲੈਣ ਦੀ ਵੀ ਗੱਲ ਕੀਤੀ ਗਈ ਹੈ। ਇਸ ਸਬੰਧ ਵਿੱਚ ਦੇਰ ਸ਼ਾਮ ਇੱਕ ਬਿਆਨ ਵੀ ਜਾਰੀ ਕੀਤਾ ਗਿਆ।

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਪਹਿਲਾਂ ਟਵਿੱਟਰ ਤੇ ਇਹ ਬਿਆਨ ਜਾਰੀ ਕੀਤਾ ਸੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਟਵਿੱਟਰ ਹੈਂਡਲ ਤੋਂ ਇਸ ਨੂੰ ਰੀਟਵੀਟ ਵੀ ਕੀਤਾ ਗਿਆ।

ਇਸਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ 'ਤੇ 'ਰੈਫਰੈਂਡਮ 2020' ਦਾ ਕਥਿਤ ਹਮਾਇਤੀ ਹੋਣ ਦਾ ਇਲਜ਼ਾਮ ਲਾਇਆ ਹੈ।

ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਇਸ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਸੰਬੋਧਨ ਕਰਕੇ ਕਿਹਾ, "ਮੈਂ ਤੁਹਾਡੀ ਪਾਰਟੀ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਵਾਲੇ ਰੈਫਰੈਂਡਮ 2020 ਦੀ ਹਮਾਇਤ ਕਰਨ ਦੀ ਨਿਖੇਧੀ ਕਰਦਾ ਹਾਂ।''

"ਤੁਸੀਂ ਇਸ ਮੁੱਦੇ ਬਾਰੇ ਆਪਣਾ ਸਟੈਂਡ ਸਪਸ਼ਟ ਕਰੋ ਅਤੇ ਆਪਣੀ ਪਾਰਟੀ ਦੇ ਆਗੂਆਂ ਨੂੰ ਜ਼ਿੰਮੇਵਾਰੀ ਨਾਲ ਬਿਆਨ ਦੇਣ ਲਈ ਕਹੋ।''

ਕੈਪਟਨ ਅਮਰਿੰਦਰ ਸਿੰਘ ਨੇ ਰੈਫਰੈਂਡਮ 2020 ਦੀ ਤਸਵੀਰ ਪੋਸਟ ਕਰਕੇ ਕਿਹਾ ਕਿ ਦੇਖੋ ਇਸ ਰੈਫਰੈਂਡਮ ਵਿੱਚ ਕੀ ਕਿਹਾ ਗਿਆ ਹੈ।

ਉੱਧਰ ਸੁਖਪਾਲ ਖਹਿਰਾ ਨੇ ਕੈਪਟਨ ਅਮਰਿੰਦਰ ਨੂੰ ਟਵਿੱਟਰ 'ਤੇ ਹੀ ਜਵਾਬ ਦਿੱਤਾ ਤੇ ਕਿਹਾ, "ਮੈਂ ਹੈਰਾਨ ਹਾਂ ਕੀ ਤੁਹਾਡੇ ਵਰਗਾ ਸੀਨੀਅਰ ਆਗੂ ਮੇਰੇ ਖਿਲਾਫ਼ ਬਿਨਾਂ ਤੱਥਾਂ ਨੂੰ ਚੈੱਕ ਕਰੇ ਟਵੀਟ ਕਰ ਰਿਹਾ ਹੈ।''

"ਮੈਂ ਰੈਫਰੈਂਡਮ 2020 ਲਈ ਵੋਟ ਨਹੀਂ ਕਰ ਰਿਹਾ ਹਾਂ ਪਰ ਮੈਂ ਕੇਂਦਰ ਸਰਕਾਰਾਂ ਵੱਲੋਂ ਸਿੱਖਾਂ ਖਿਲਾਫ਼ ਵਿਤਕਰੇ ਦੀ ਨੀਤੀ ਵੱਲ ਇਸ਼ਾਰਾ ਕਰਨ ਵਿੱਚ ਵੀ ਨਹੀਂ ਝਿੱਜਕ ਰਿਹਾ ਹਾਂ ਜਿਸ ਕਰਕੇ ਰੈਫਰੈਂਡਮ 2020 ਦੀ ਨੌਬਤ ਆਈ ਹੈ।''

ਇਸਦੇ ਨਾਲ ਹੀ ਸੁਖਪਾਲ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੁਰਾਣੀ ਤਸਵੀਰ ਟਵੀਟ ਕਰਕੇ ਪੁੱਛਿਆ, "ਕੀ ਤੁਸੀਂ ਰੈਫਰੈਂਡਮ 2020 ਵਰਗੇ 1992 ਦੇ 'ਅੰਮ੍ਰਿਤਸਰ ਐਲਾਨਨਾਮੇ' 'ਤੇ ਦਸਤਖ਼ਤ ਨਹੀਂ ਕੀਤੇ ਸੀ?''

ਕੈਪਟਨ ਅਮਰਿੰਦਰ ਸਿੰਘ ਅਤੇ ਸੁਖਪਾਲ ਖਹਿਰਾ ਵਿਚਾਲੇ ਇਹ ਜੰਗ ਉਦੋਂ ਸ਼ੁਰੂ ਹੋਈ ਜਦੋਂ ਸੁਖਪਾਲ ਖਹਿਰਾ ਨੇ ਟਵੀਟ ਰਾਹੀਂ 'ਰੈਫਰੈਂਡਮ 2020' ਲਈ ਸਿੱਖਾਂ ਖਿਲਾਫ਼ ਵਿਤਕਰੇ ਦੀ ਨੀਤੀ, ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਅਤੇ 1984 ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਨੂੰ ਜ਼ਿੰਮੇਵਾਰ ਦੱਸਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)