ਪ੍ਰੈੱਸ ਰੀਵੀਊ: ਤੂਫ਼ਾਨ ਤੇ ਬਿਜਲੀ ਡਿੱਗਣ ਨਾਲ ਚਾਰ ਰਾਜਾਂ ’ਚ 49 ਮੌਤਾਂ

ਦੇਸ-ਵਿਦੇਸ਼ ਦੀਆਂ ਵੱਖ-ਵੱਖ ਅਖਬਾਰਾਂ ਵਿੱਚ ਅੱਜ ਦੀਆਂ ਅਹਿਮ ਖ਼ਬਰਾਂ ਪੜ੍ਹੋ।

ਪੰਜਾਬੀ ਟ੍ਰਿਬਿਊਨ ਮੁਤਾਬਕ ਤੂਫ਼ਾਨ ਤੇ ਬਿਜਲੀ ਡਿੱਗਣ ਨਾਲ ਬਿਹਾਰ, ਯੂਪੀ, ਝਾਰਖੰਡ ਤੇ ਛੱਤੀਸਗੜ੍ਹ ਚਾਰ ਸੂਬਿਆਂ 'ਚ 49 ਮੌਤਾਂ ਹੋਈਆਂ ਹਨ।

ਕਈ ਘਰਾਂ ਦੀਆਂ ਕੰਧਾਂ ਡਿੱਗਣ, ਦਰੱਖਤ ਪੁੱਟੇ ਜਾਣ, ਬਿਜਲੀ ਦੇ ਖੰਭੇ ਡਿੱਗਣ ਕਾਰਨ ਵੱਡੀ ਗਿਣਤੀ ਲੋਕਾਂ ਦੇ ਮਾਰੇ ਜਾਣ ਅਤੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ। ਬਿਹਾਰ 'ਚ ਸਭ ਤੋਂ ਵੱਧ 19, ਯੂਪੀ 'ਚ 15, ਝਾਰਖੰਡ 'ਚ 13 ਅਤੇ ਛੱਤੀਸਗੜ੍ਹ ਵਿੱਚ ਦੋ ਜਾਨਾਂ ਗਈਆਂ ਹਨ।

ਇੰਡੀਅਨ ਐਕਸਪ੍ਰੈੱਸ ਮੁਤਾਬਕ ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜਿਦਕੇ ਖੁਰਦ ਦੀ ਕੁੜੀ ਤਰਨਪ੍ਰੀਤ ਕੌਰ ਸੀਬੀਐੱਸਈ ਦੀ 10ਵੀਂ ਦੀ ਪਰੀਖਿਆ ਵਿੱਚ 99.4% (497/500) ਅੰਕ ਹਾਸਿਲ ਕਰਕੇ ਪੰਜਾਬ ਵਿੱਚ ਅੱਵਲ ਰਹੀ ਹੈ।

ਇੱਕ ਕਿਸਾਨ ਦੀ ਧੀ ਤਰਨਪ੍ਰੀਤ ਦਾ ਕਹਿਣਾ ਹੈ, "ਮੈਨੂੰ ਯਕੀਨ ਹੀ ਨਹੀਂ ਹੋ ਰਿਹਾ। ਹਾਲਾਂਕਿ ਮੈਨੂੰ 95 ਫੀਸਦੀ ਤੋਂ ਉੱਪਰ ਦੀ ਉਮੀਦ ਸੀ ਪਰ 99 ਫੀਸਦੀ ਤੋਂ ਵੱਧ ਆ ਜਾਣਗੇ।"

ਪੰਜਾਬੀ ਟ੍ਰਿਬਿਊਨ ਮੁਤਾਬਕ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਕਰੀਬ 10 ਲੱਖ ਬੈਂਕ ਮੁਲਾਜ਼ਮ ਅੱਜ ਤੋਂ ਦੋ ਰੋਜ਼ਾ ਹੜਤਾਲ ਕਰ ਰਹੇ ਹਨ।

ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਮੁਤਾਬਕ ਮੁਲਾਜ਼ਮਾਂ ਦੀ ਤਨਖਾਹਾਂ ਵਿੱਚ ਦੋ ਫੀਸਦੀ ਵਾਧੇ ਦੀ ਮੰਗ ਨਹੀਂ ਮੰਨੀ ਗਈ। ਇਸ ਲਈ ਹੜਤਾਲ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਹੜਤਾਲ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ਉੱਤੇ ਕੀਤੀ ਜਾ ਰਹੀ ਹੈ।

ਬੈਂਕ ਮੁਲਾਜ਼ਮਾਂ ਮੁਤਾਬਕ ਪਹਿਲੀ ਨਵੰਬਰ 2017 ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕੋਈ ਵਾਧਾ ਨਹੀਂ ਹੋਇਆ।

ਟਾਈਮਜ਼ ਆਫ਼ ਇੰਡੀਆ ਮੁਤਾਬਕ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੇ ਵੱਖ-ਵੱਖ ਹਲਕਿਆਂ ਦੀਆਂ ਬੀਤੇ ਦਿਨ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਵਿੱਚ ਖ਼ਰਾਬੀ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅੱਜ ਤਿੰਨ ਸੂਬਿਆਂ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਨਾਗਾਲੈਂਡ ਦੇ ਕੁੱਲ 123 ਪੋਲਿੰਗ ਸਟੇਸ਼ਨਾਂ 'ਤੇ ਮੁੜ ਵੋਟਾਂ ਪੈ ਰਹੀਆਂ ਹਨ।

ਇਨ੍ਹਾਂ ਵਿੱਚ ਸਭ ਤੋਂ ਵੱਧ 73 ਪੋਲਿੰਗ ਸਟੇਸ਼ਨ ਯੂਪੀ ਦੇ ਕੈਰਾਨਾ ਲੋਕ ਸਭਾ ਹਲਕੇ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਭੰਡਾਰਾ-ਗੋਂਡੀਆ ਹਲਕੇ ਦੇ 49 ਅਤੇ ਨਾਗਾਲੈਂਡ ਦੇ ਇਕ ਪੋਲਿੰਗ ਸਟੇਸ਼ਨ ਉੱਤੇ ਦੁਬਾਰਾ ਵੋਟਾਂ ਪੈਣਗੀਆਂ।

ਦਿ ਹਿੰਦੁਸਤਾਨ ਮੁਤਾਬਕ ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੇ ਸੇਵਾਮੁਕਤ ਜੱਜ ਰਣਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਕੁਝ ਮਾਮਲਿਆਂ ਵਿੱਚ ਪੁਲਿਸ ਨੇ ਸਹੀ ਜਾਂਚ ਨਹੀਂ ਕੀਤੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਲਈ ਬਠਿੰਡਾ ਅਤੇ ਮਾਨਸਾ ਪਹੁੰਚੇ ਜਸਟਿਸ ਰਣਜੀਤ ਸਿੰਘ ਨੇ ਕਿ ਮਾਮਲੇ ਦੀ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਸੂਬੇ ਸਰਕਾਰ ਨੂੰ ਉਹ ਅਗਲੇ ਦੋ ਮਹੀਨਿਆਂ ਵਿੱਚ ਰਿਪੋਰਟ ਸੌਂਪ ਦੇਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)