CBSE Result: ਲੁਧਿਆਣਾ ਦੀ ਆਸਥਾ ਦੀ ਸਫਲਤਾ ਦਾ ਕੀ ਹੈ ਰਾਜ਼?

    • ਲੇਖਕ, ਜਸਬੀਰ ਸ਼ੇਤਰਾ
    • ਰੋਲ, ਬੀਬੀਸੀ ਪੰਜਾਬੀ ਲਈ

ਲੁਧਿਆਣਾ ਦੀ 18 ਸਾਲਾ ਆਸਥਾ ਬਾਂਬਾ ਨੇ ਸੀਬੀਐੱਸਈ ਦੀ 10+2 ਦੀ ਪ੍ਰੀਖਿਆ ਵਿੱਚੋਂ ਇੰਡੀਆ ਪੱਧਰ 'ਤੇ ਤੀਸਰਾ ਸਥਾਨ ਹਾਸਲ ਕਰਕੇ ਨਾ ਸਿਰਫ ਲੁਧਿਆਣਵੀਆਂ ਦਾ ਸਗੋਂ ਸਾਰੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ।

ਉਸ ਨੇ 500 ਵਿੱਚੋਂ 497 (99.4%) ਅੰਕ ਲੈ ਕੇ ਇਹ ਮਾਣ ਹਾਸਲ ਕੀਤਾ। ਕੋਚਿੰਗ ਸੈਂਟਰ ਚਲਾਉਂਦੇ ਮਾਪਿਆਂ ਦੀ ਧੀ ਆਪਣੀ ਇਸ ਪ੍ਰਾਪਤੀ 'ਤੇ ਬਹੁਤ ਖ਼ੁਸ਼ ਹੈ।

ਸੀਬੀਐਸਈ ਨੇ ਅੱਜ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਤੀਜੀ ਥਾਂ 'ਤੇ ਦੇਸ ਭਰ ਤੋਂ ਸੱਤ ਵਿਦਿਆਰਥੀ ਹਨ ਜਿੰਨ੍ਹਾਂ ਵਿੱਚੋਂ ਇੱਕ ਆਸਥਾ ਹੈ।

ਆਸਥਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਪੜ੍ਹਨ ਲਈ ਪੜ੍ਹਦੀ ਸੀ, ਨਾ ਕਿ ਟਾਪ ਕਰਨ ਲਈ। ਮੈਂ ਕਦੇ ਰੱਟਾ ਨਹੀਂ ਲਗਾਇਆ। ਜਿੰਨਾ ਪੜ੍ਹਿਆ ਪੂਰੇ ਧਿਆਨ ਨਾਲ ਪੜ੍ਹਿਆ।"

"ਮੈਂ ਕਦੇ ਇਹ ਸੋਚ ਕੇ ਨਹੀਂ ਪੜ੍ਹਿਆ ਕਿ ਅੱਜ ਇੰਨੇ ਘੰਟੇ ਪੜ੍ਹਨਾ। ਨਾ ਕਦੇ ਟਾਈਮ ਦੇਖ ਕੇ ਪੜ੍ਹਿਆ ਤੇ ਨਾ ਕਦੇ ਯੋਜਨਾ ਬਣਾ ਕੇ। ਬੱਸ ਜਦੋਂ ਪੜ੍ਹਨ ਬੈਠੀ ਤਾਂ ਸਭ ਕੁਝ ਛੱਡ ਕੇ ਸਾਰਾ ਧਿਆਨ ਪੜ੍ਹਨ ਵਿੱਚ ਹੀ ਲਾਈ ਰੱਖਿਆ।"

'ਸੋਚਿਆ ਨਹੀਂ ਸੀ ਤੀਸਰੇ ਸਥਾਨ 'ਤੇ ਆਵਾਂਗੀ'

ਉਹ ਹੱਸਦੀ ਹੋਈ ਹੋਰ ਦੱਸਦੀ ਹੈ, ''ਮੇਰੀਆਂ ਤਾਂ ਸਕੂਲ ਵਿੱਚ ਹਾਜ਼ਰੀਆਂ ਵੀ ਘੱਟ ਹੋਣਗੀਆਂ। ਪੜ੍ਹਾਈ ਤੋਂ ਬਾਅਦ ਜਦੋਂ ਪੇਪਰ ਦਿੱਤੇ ਤਾਂ ਇਹ ਜ਼ਰੂਰ ਸੀ ਕਿ ਮੈਰਿਟ ਵਿੱਚ ਆ ਸਕਦੀ ਹਾਂ ਪਰ ਇੰਡੀਆ ਪੱਧਰ 'ਤੇ ਤੀਸਰੇ ਸਥਾਨ ਬਾਰੇ ਕਦੇ ਨਹੀਂ ਸੀ ਸੋਚਿਆ।"

"ਮੈਨੂੰ ਮਾਣ ਹੈ ਆਪਣੇ ਮਾਪਿਆਂ ਤੋਂ ਇਲਾਵਾ ਮੇਰੇ ਸਕੂਲ ਤੇ ਅਧਿਆਪਕਾਂ 'ਤੇ ਜਿਨ੍ਹਾਂ ਦੀ ਬਦੌਲਤ ਮੈਂ ਇਹ ਸਹੀ ਵਿਸ਼ਿਆਂ ਦੀ ਚੋਣ ਤੇ ਪੜ੍ਹਾਈ ਕਰ ਸਕੀ।"

ਉਸ ਨੇ ਤਿੰਨ ਵਿਸ਼ਿਆਂ ਰਾਜਨੀਤੀ ਸ਼ਾਸਤਰ, ਸਮਾਜ ਸ਼ਾਸਤਰ ਤੇ ਮਾਸ ਮੀਡੀਆ ਵਿੱਚ 100 ਵਿੱਚੋਂ ਪੂਰੇ ਸੌ ਜਦਕਿ ਅਰਥ ਸ਼ਾਸਤਰ ਵਿੱਚ 98 ਅਤੇ ਇੰਗਲਿਸ਼ ਵਿੱਚ 99 ਅੰਕ ਹਾਸਿਲ ਕੀਤੇ ਹਨ। ਭਵਿੱਖ ਵਿੱਚ ਕੁਝ ਬਣਨ ਨੂੰ ਲੈ ਕੇ ਉਹ ਹਾਲੇ ਡਾਵਾਂਡੋਲ ਨਜ਼ਰ ਆਈ।

ਕਦੇ ਉਹ ਐਮਏ (ਅੰਗਰੇਜ਼ੀ) ਅਤੇ ਕਦੇ ਰਾਜਨੀਤੀ ਸ਼ਾਸਤਰ ਕਰਨ ਦੀ ਗੱਲ ਕਰਦੀ ਹੈ। ਕਦੇ ਉਹ ਪੱਤਰਕਾਰ ਅਤੇ ਕਦੇ ਸੰਯੁਕਤ ਰਾਸ਼ਟਰ ਲਈ ਕੰਮ ਕਰਨ ਬਾਰੇ ਸੋਚਣ ਲੱਗਦੀ ਹੈ।

ਉਸ ਨੇ ਕਿਹਾ ਕਿ ਅੱਜ ਖ਼ੁਸ਼ੀ ਵਿੱਚ ਉਸ ਨੂੰ ਕੁਝ ਸੁੱਝ ਨਹੀਂ ਰਿਹਾ ਅਤੇ ਅਗਲੇ ਇੱਕ ਦੋ ਦਿਨਾਂ ਵਿੱਚ ਸੋਚ ਵਿਚਾਰ ਕਰਕੇ ਉਹ ਇਸ ਪੱਖੋਂ ਸਪੱਸ਼ਟ ਹੋਵੇਗੀ।

ਕੋਚਿੰਗ ਸੈਂਟਰ ਚਲਾਉਂਦੇ ਆਸਥਾ ਤੇ ਮਾਤਾ ਪਿਤਾ ਆਦਿਸ਼ ਬਾਂਬਾ ਅਤੇ ਸੀਮਾ ਬਾਂਬਾ ਨੇ ਦੱਸਿਆ ਕਿ ਦਸਵੀਂ 'ਚ ਵੀ ਉਹ ਮੈਰਿਟ ਵਿੱਚ ਆਈ ਸੀ।

ਉਨ੍ਹਾਂ ਕਿਹਾ, ''ਆਸਥਾ ਦੀ ਸਖ਼ਤ ਮਿਹਨਤ ਦੇਖਦੇ ਹੋਏ ਸਾਨੂੰ ਆਸ ਸੀ ਕਿ ਉਹ ਬਾਰ੍ਹਵੀਂ ਵਿੱਚ ਮੈਰਿਟ ਵਿੱਚ ਲਾਜ਼ਮੀ ਆਵੇਗੀ ਪਰ ਇੰਡੀਆ ਪੱਧਰ 'ਤੇ ਤੀਸਰੇ ਸਥਾਨ ਦੀ ਸਾਨੂੰ ਵੀ ਉਮੀਦ ਨਹੀਂ ਸੀ।"

ਉਨ੍ਹਾਂ ਦੱਸਿਆ ਕਿ ਪੜ੍ਹਾਈ ਸਮੇਂ ਆਸਥਾ ਮੋਬਾਈਲ ਫੋਨ ਬੰਦ ਕਰ ਲੈਂਦੀ ਸੀ ਤੇ ਪੂਰਾ ਧਿਆਨ ਪੜ੍ਹਾਈ 'ਤੇ ਕੇਂਦਰਿਤ ਕਰਦੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)