ਸ਼ੋਸ਼ਲ: ਚੰਡੀਗੜ੍ਹ ਨੇ ਕਿਰਨ ਤੋਂ ਮੰਗੀ 'ਸਫਾਈ'

ਚੰਡੀਗੜ੍ਹ ਭਾਰਤ ਦਾ ਤੀਜਾ ਸਭ ਤੋਂ ਸਾਫ ਸ਼ਹਿਰ ਐਲਾਨਿਆ ਗਿਆ ਹੈ। ਸਵੱਛ ਭਾਰਤ ਮਿਸ਼ਨ ਦੇ ਸਵੱਛ ਸਰਵੇਖਣ 2018 ਵਿੱਚ ਇਹ ਸਾਹਮਣੇ ਆਇਆ ਹੈ।

ਇਸ ਖ਼ਬਰ ਦੀ ਖੁਸ਼ੀ ਨੂੰ ਸੰਸਦ ਮੈਂਬਰ ਕਿਰਨ ਖੇਰ ਨੇ ਟਵਿੱਟਰ 'ਤੇ ਆਪਣੀ ਇੱਕ ਤਸਵੀਰ ਰਾਹੀਂ ਸਾਂਝਾ ਕੀਤਾ।

ਕਿਰਨ ਨੇ ਟਵੀਟ ਕੀਤਾ, ''ਵਧਾਈਆਂ ਚੰਡੀਗੜ੍ਹ। ਸਵੱਛ ਸ਼ਹਿਰਾਂ ਦੀ ਸੂਚੀ ਵਿੱਚ ਅਸੀਂ ਨੰਬਰ ਤਿੰਨ 'ਤੇ ਹਾਂ।''

ਪਰ ਕਿਰਨ ਨੂੰ ਕੀ ਪਤਾ ਸੀ ਕਿ ਇਸ ਵਧਾਈ ਤੋਂ ਬਾਅਦ ਉਨ੍ਹਾਂ ਤੋਂ ਸਫਾਈ ਵੀ ਮੰਗੀ ਜਾਵੇਗੀ। ਟਵਿੱਟਰ ਯੂਜ਼ਰਜ਼ ਨੇ ਕਿਰਨ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਮਨਵਿੰਦਰ ਖੈਰਾ ਨੇ ਲਿਖਿਆ, ''ਜਲਦ ਹੀ ਚੰਡੀਗੜ੍ਹ ਦਸਵੇਂ ਜਾਂ ਗਿਆਹਰਵੇਂ ਨੰਬਰ 'ਤੇ ਪਹੁੰਚ ਜਾਵੇਗਾ। ਚੰਡੀਗੜ੍ਹ ਵਿੱਚ ਕੁਝ ਵੀ ਖਾਸ ਨਹੀਂ ਹੋ ਰਿਹਾ ਹੈ, ਸਿਰਫ ਵੋਟਾਂ ਦੀ ਗਿਣਤੀ ਵਧ ਰਹੀ ਹੈ।''

ਰੁਪੇਸ਼ ਕੁਮਾਰ ਮਿਸ਼ਰਾ ਨੇ ਟਵੀਟ ਕਰਕੇ ਕਿਰਨ ਨੂੰ ਸਵਾਲ ਪੁੱਛਿਆ ਕਿ ਉਨ੍ਹਾਂ ਦਾ ਇਸ ਵਿੱਚ ਕੀ ਯੋਗਦਾਨ ਹੈ।

ਰਾਘਵ ਭਾਰਦਵਾਜ ਨੇ ਲਿਖਿਆ, ''ਚੰਡੀਗੜ੍ਹ ਹਮੇਸ਼ਾ ਤੋਂ ਹੀ ਸਫਾਈ ਅਤੇ ਹਰਿਆਲੀ ਦਾ ਉਦਾਹਰਣ ਪੇਸ਼ ਕਰਦਾ ਆਇਆ ਹੈ। ਤੀਜੇ ਨੰਬਰ 'ਤੇ ਆਉਣਾ ਸਾਡੇ ਲਈ ਵੱਡੀ ਗੱਲ ਨਹੀਂ ਹੈ।''

ਜੁਨੇਜਾ ਦਰਸ਼ਨ ਲਾਲ ਨੇ ਟਵੀਟ ਕੀਤਾ, ''ਆਵਾਰਾ ਕੁੱਤੇ ਜੋ ਸੜਕਾਂ 'ਤੇ ਮਲ ਕਰਦੇ ਹਨ, ਉਨ੍ਹਾਂ ਦਾ ਕੀ?''

ਮਨੀਸ਼ ਨੇ ਲਿਖਿਆ, ''ਚੰਡੀਗੜ੍ਹ ਤੋਂ ਪਹਿਲਾਂ ਤੋਂ ਹੀ ਸਾਫ ਸੀ, ਇਸ ਵਿੱਚ ਸਿਆਸੀ ਆਗੂਆਂ ਦਾ ਕੀ ਯੋਗਦਾਨ ਹੈ? ਤੁਸੀਂ ਕਿਵੇਂ ਇਸਦਾ ਸਿਹਰਾ ਆਪਣੇ ਸਿਰ ਬੰਨ ਸਕਦੇ ਹੋ।''

ਹਾਲਾਂਕਿ ਕੁਝ ਲੋਕਾਂ ਨੇ ਕਿਰਨ ਖੇਰ ਨੂੰ ਇਸ ਲਈ ਵਧਾਈ ਵੀ ਦਿੱਤੀ। ਇਸ ਵਿੱਚ ਸੂਪਰਸਟਾਰ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਵੀ ਸ਼ਾਮਲ ਹਨ।

ਵਿਵੇਕ ਮਲਹੋਤਰਾ ਨੇ ਲਿਖਿਆ, ''ਕਿਰਨ ਜੀ ਤੁਹਾਨੂੰ ਵਧਾਈ। ਪਤਾ ਨਹੀਂ ਦਿੱਲੀ ਕਦੋਂ ਚੰਡੀਗੜ੍ਹ ਵਰਗਾ ਬਣੇਗਾ।''

ਵਿਕਾਸ ਝਾ ਨੇ ਟਵੀਟ ਕੀਤਾ, ''ਚੰਡੀਗੜ੍ਹ ਦੇ ਲੋਕ ਵਧੀਆ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਵਧਾਈਆਂ।''

ਇਸ ਸਰਵੇਖਣ ਵਿੱਚ ਇੰਦੌਰ ਅਤੇ ਭੋਪਾਲ ਚੰਡੀਗੜ੍ਹ ਤੋਂ ਸਫਾਈ ਦੇ ਮਾਮਲੇ ਵਿੱਚ ਅੱਗੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)