You’re viewing a text-only version of this website that uses less data. View the main version of the website including all images and videos.
ਸ਼ਰੀਕਾਂ ਦੀ ਸ਼ਬਦੀ ਜੰਗ : ਲੋਕਾਂ ਦਾ ਕਹਿਣਾ ਦੋਵੇਂ 'ਬਾਦਲ'
ਪੰਜਾਬ ਦੀ ਸਿਆਸਤ ਵਿੱਚ ਆਹਮੋ-ਸਾਹਮਣੇ ਪਰ ਸ਼ਰੀਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ।
ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਤਾਇਆ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰਾਂ ਖ਼ਿਲਾਫ਼ ਕੀਤੀਆਂ ਤਿੱਖੀਆਂ ਟਿੱਪਣੀਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਪਲਟਵਾਰ ਕੀਤਾ ਹੈ।
ਸੁਖਬੀਰ ਬਾਦਲ ਨੇ ਟਵੀਟ ਕੀਤਾ, "ਮੈਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਚੁਣੌਤੀ ਦਿੰਦਾ ਹਾਂ ਕਿ ਜਾਂ ਤਾਂ ਉਹ ਸਾਬਿਤ ਕਰਨ ਕਿ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੀ ਅੰਤਿਮ ਅਰਦਾਸ ਮੌਕੇ ਪਾਏ ਭੋਗ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਵਰਤਾਇਆ ਗਿਆ ਸੀ ਜਾਂ ਫਿਰ ਉਹ ਸਿਆਸਤ ਛੱਡ ਦੇਣ।"
ਜਿਸ ਤੋਂ ਬਾਅਦ ਟਵੀਟ ਕਰਕੇ ਲੋਕਾਂ ਨੇ ਪ੍ਰਤੀਕਰਮ ਦਿੱਤੇ। ਨਵਦੀਪ ਸਿੰਘ ਧੁੰਨਾ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ ਗਿਆ, "ਓਹ! ਕੀ ਤੁਹਾਨੂੰ ਸੱਚਾਈ ਸੁਣ ਕੇ ਬੁਰਾ ਲੱਗਿਆ ਸਰ? ਕੋਈ ਗੱਲ ਨਹੀਂ ਇਹ ਦੇਸ ਵਿੱਚ ਹੁਣ ਆਮ ਗੱਲ ਹੈ।"
ਅਸ਼ੋਕ ਕੁਮਾਰ ਸੈਣੀ ਨੇ ਟਵੀਟ ਵਿੱਚ ਲਿਖਿਆ, "ਤੁਹਾਨੂੰ ਦੋਹਾਂ ਨੂੰ ਸਹੁੰ ਚੁੱਕਣੀ ਚਾਹੀਦੀ ਹੈ ਕਿ ਕੌਣ ਸੱਚਾ ਹੈ ਅਤੇ ਕੌਣ ਝੂਠਾ।"
ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇੱਕ ਹੋਰ ਟਵੀਟ ਕੀਤਾ।
ਇਸ ਟਵੀਟ ਵਿੱਚ ਉਨ੍ਹਾਂ ਨੇ ਕਿਹਾ, "ਦੁਨੀਆਂ ਨੂੰ ਪਤਾ ਹੈ ਸਰਦਾਰਨੀ ਸੁਰਿੰਦਰ ਕੌਰ ਬਾਦਲ ਨੇ ਲੰਗਰਾਂ ਦੀ ਸੇਵਾ ਦੀ ਅਣਗਿਣਤ ਲੜੀ ਲਾਈ ਸੀ। ਇਹ ਕਹਿਣਾ ਕਿ ਉਨ੍ਹਾਂ ਦੇ ਆਪਣੇ ਭੋਗ 'ਤੇ ਲੰਗਰ ਐੱਸਜੀਪੀਸੀ ਵੱਲੋਂ ਲਾਇਆ ਗਿਆ ਬੇਹੱਦ ਸ਼ਰਮਨਾਕ ਤੇ ਕੋਰਾ ਝੂਠ ਹੈ। ਬੌਖਲਾਹਟ ਵਿੱਚ ਮਨਪ੍ਰੀਤ ਬਾਦਲ ਇੰਨੀ ਮਾੜੀ ਸਿਆਸਤ ਕਰ ਰਹੇ ਹਨ।"
ਇਸ ਤੋਂ ਬਾਅਦ ਮਨਮੀਤ ਸਿੰਘ ਨਾਂ ਦੇ ਟਵਿੱਟਰ ਅਕਾਊਂਟ ਤੋਂ ਲਿਖਿਆ ਗਿਆ, "ਚਿੰਤਾ ਨਾ ਕਰੋ। ਤੁਸੀਂ ਸਾਰੇ ਪੰਜਾਬ ਨੂੰ ਬੇਵਕੂਫ਼ ਬਣਾ ਰਹੇ ਹੋ। ਦੋਹਾਂ ਵਿੱਚ ਕੋਈ ਫ਼ਰਕ ਨਹੀਂ ਹੈ। ਦੋਹਾਂ ਦੇ ਹੀ ਸਰਨੇਮ ਦੇ ਨਾਲ 'ਬਾਦਲ' ਲੱਗਿਆ ਹੋਇਆ ਹੈ।"
ਹਾਲਾਂਕਿ ਹਰਬੀਰ ਸਿੰਘ ਨਾਂ ਦੇ ਟਵਿੱਟਰ ਅਕਾਊਂਟ ਤੋਂ ਮਨਪ੍ਰੀਤ ਸਿੰਘ ਬਾਦਲ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ ਗਿਆ ਹੈ।
ਉਨ੍ਹਾਂ ਟਵੀਟ ਕੀਤਾ, "ਘਰ ਦਾ ਭੇਤੀ ਲੰਕਾ ਢਾਏ। ਮਨਪ੍ਰੀਤ ਬਾਦਲ ਦਾ ਇਹ ਬਿਆਨ ਬਹੁਤ ਮੰਦਭਾਗਾ ਹੈ। ਉਨ੍ਹਾਂ ਨੂੰ ਕਹਿਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਕਿ ਉਹ ਆਪਣੀ ਮਰਹੂਮ ਤਾਈ ਜੀ ਬਾਰੇ ਬੋਲ ਰਹੇ ਹਨ।"