ਅੰਮ੍ਰਿਤਸਰ ’ਚ ਕਿਸ ਨੂੰ ਭਾਲ ਰਹੀ ਹੈ ਪਾਕਿਸਤਾਨ ਦੀ ਲਲਿਤਾ ?

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਲਈ

58 ਸਾਲ ਦੇ ਆਪਣੇ ਪਤੀ ਦੇਵਸੀ ਬਾਬੂ ਨੂੰ ਘਰ ਵਾਪਸ ਲੈ ਜਾਣ ਦੀ ਉਮੀਦ ਨਾਲ ਲਲਿਤਾ ਦੇਵਸੀ ਭਾਰਤ ਆਈ ਹੈ।

ਤਕਰੀਬਨ 13 ਮਹੀਨਿਆਂ ਪਹਿਲਾਂ 58 ਸਾਲਾ ਪਾਕਿਸਤਾਨੀ ਨਾਗਰਿਕ ਦੇਵਸੀ ਬਾਬੂ ਭਾਰਤ ਵਿੱਚ ਲਾਪਤਾ ਹੋ ਗਏ ਸਨ।

ਦੇਵਸੀ ਬਾਬੂ ਦੇ ਪਰਿਵਾਰਕ ਮੈਂਬਰ 20 ਦਿਨਾਂ ਦੇ ਸ਼ਰਨਾਰਥੀ ਵੀਜ਼ੇ 'ਤੇ ਭਾਰਤ ਆਏ ਹਨ।

ਉਨ੍ਹਾਂ ਅੰਮ੍ਰਿਤਸਰ ਵਿੱਚ ਹੀ ਦੇਵਸੀ ਬਾਬੂ ਦੀ ਭਾਲ ਦਾ ਫੈਸਲਾ ਲਿਆ ਜਿੱਥੋਂ ਉਹ 2 ਜਨਵਰੀ 2017 ਨੂੰ ਲਾਪਤਾ ਹੋ ਗਏ ਸਨ।

ਜਾਣਕਾਰੀ ਅਨੁਸਾਰ ਕਰਾਚੀ ਵਾਸੀ ਦੇਵਸੀ ਪਾਕਿਸਤਾਨ ਤੋਂ 43 ਮੈਂਬਰੀ ਹਿੰਦੂ ਜੱਥੇ ਨਾਲ ਭਾਰਤ ਆਏ ਸਨ।

ਉਹ 2 ਜਨਵਰੀ, 2017 ਨੂੰ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚੇ ਸਨ।

ਪਾਕਿਤਸਾਨ ਦਾ ਇਹ ਹਿੰਦੂ ਜੱਥਾ ਖ਼ਾਸ ਤੌਰ 'ਤੇ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਸੱਦੇ ਉੱਤੇ ਆਇਆ ਸੀ।

ਇਸ ਸਾਲ ਮੁੜ ਦੇਵਸੀ ਦੇ ਭਰਾ ਵਿਠਲ ਬਾਬੂ, ਉਨ੍ਹਾਂ ਦਾ ਪੁੱਤਰ ਕਾਂਤੀ ਲਾਲ ਦੇਵਸੀ ਅਤੇ ਉਨ੍ਹਾਂ ਦੀ ਪਤਨੀ ਲਲਿਤਾ ਦੇਵਸੀ ਜੱਥੇ ਨਾਲ ਭਾਰਤ ਆਏ ਹਨ।

ਦੇਵਸੀ ਦੇ ਲਾਪਤਾ ਹੋਣ ਦੇ ਦਿਨ ਨੂੰ ਯਾਦ ਕਰਦਿਆਂ ਲਲਿਤਾ ਦੇਵਸੀ ਬੀਬੀਸੀ ਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਪਤੀ ਕਮਰੇ ਵਿੱਚੋਂ ਬਾਹਰ ਕੁਝ ਲੈਣ ਲਈ ਗਏ ਪਰ ਮੁੜ ਕੇ ਨਾ ਆਏ।

''ਅਸੀਂ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋਏ ਤੇ ਫਿਰ ਅਸੀਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।''

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਪਤੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸਨ ਅਤੇ ਮਿਰਗੀ ਦੇ ਮਰੀਜ਼ ਸਨ।

ਸੁਲਤਾਨਵਿੰਡ ਪੁਲਿਸ ਥਾਣੇ ਵਿਖੇ ਦੇਵਸੀ ਦੇ ਲਾਪਤਾ ਹੋਣ ਦੀ ਸ਼ਿਕਾਇਤ 4 ਜਨਵਰੀ, 2017 ਨੂੰ ਦਰਜ ਕਰਵਾਈ ਗਈ ਸੀ।

ਲਲਿਤਾ ਜੱਥੇ ਦੇ ਹੋਰ ਮੈਂਬਰਾਂ ਨਾਲ 5 ਜਨਵਰੀ, 2017 ਨੂੰ ਦਿੱਲੀ ਲਈ ਰਵਾਨਾ ਹੋਏ ਸਨ। ਜਦੋਂ ਉਹ 13 ਜਨਵਰੀ ਨੂੰ ਅੰਮ੍ਰਿਤਸਰ ਪਹੁੰਚੇ ਤਾਂ ਉਨ੍ਹਾਂ ਨੇ ਅਤੇ ਜੱਥੇ ਦੇ ਮੈਂਬਰਾਂ ਨੇ ਪੁਲਿਸ ਨੂੰ ਸੰਪਰਕ ਕੀਤਾ ਪਰ ਪੁਲਿਸ ਕੋਲ ਦੇਵਸੀ ਬਾਬੂ ਬਾਰੇ ਕੋਈ ਸੁਰਾਗ ਨਹੀਂ ਸੀ।

ਲਲਿਤਾ ਨੇ ਕਿਹਾ, "ਮੈਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਸ ਸਬੰਧੀ ਪਹਿਲ ਦੇ ਆਧਾਰ 'ਤੇ ਦਿਲਚਸਪੀ ਦਿਖਾਉਣ ਲਈ ਅਪੀਲ ਕਰਦੀ ਹਾਂ ਅਤੇ ਮੇਰੀ ਇਹ ਇੱਛਾ ਹੈ ਕਿ ਅਸੀਂ ਭਾਰਤ ਤਿੰਨ ਪਰਿਵਾਰਕ ਮੈਂਬਰ ਆਏ ਸੀ ਪਰ ਪਤੀ ਸਣੇ ਚਾਰ ਜੀਅ ਵਾਪਿਸ ਆਪਣੇ ਮੁਲਕ ਜਾਈਏ।''

ਲਲਿਤਾ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਾਰਾਜ ਨੂੰ ਵੀ ਇਸ ਬਾਰੇ ਪੱਤਰ ਲਿਖਿਆ ਹੈ। ਦੇਵਸੀ ਬਾਬੂ ਦਾ ਪਰਿਵਾਰ ਵੀਜ਼ੇ ਦੀਆਂ ਪਾਬੰਦੀਆਂ ਕਾਰਨ ਦਿੱਲੀ ਵਿੱਚ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਨਹੀਂ ਕਰ ਸਕਿਆ।

ਦੇਵਸੀ ਦੇ ਭਰਾ ਵਿਠਲ ਨੇ ਕਿਹਾ ਕਿ ਉਨ੍ਹਾਂ ਨੇ ਕਰਾਚੀ ਦੇ ਪੁਲਿਸ ਵਿਭਾਗ ਨੂੰ ਵੀ ਲਿਖਿਆ ਹੈ ਕਿ ਇਸ ਮਸਲੇ ਨੂੰ ਭਾਰਤ ਸਰਕਾਰ ਤੱਕ ਇੱਕ ਕੂਟਨੀਤਿਕ ਰਾਹ ਜ਼ਰੀਏ ਪਹੁੰਚਾਉਣ।

ਦੇਵਸੀ ਬਾਬੂ ਦੇ ਪੁੱਤਰ ਕਾਂਤੀ ਲਾਲ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਆਪਣੇ ਪਿਤਾ ਦੀ ਭਾਲ ਲਈ ਘੁੰਮਦੇ ਰਹੇ ਪਾਰ ਅਜੇ ਵੀ ਉਨ੍ਹਾਂ ਨੂੰ ਆਪਣੇ ਪਿਤਾ ਦੀ ਭਾਲ ਲਈ ਸੁਰਾਗ ਦੀ ਜ਼ਰੂਰਤ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)